Article

ਪੁਸਤਕ ਰੀਵਿਊ ਇੱਕ ਤੁਪਕਾ ਸਮੁੰਦਰ (ਕਾਵਿ-ਸੰਗ੍ਰਹਿ)

April 09, 2019 08:36 PM

ਪੁਸਤਕ ਰੀਵਿਊ         ਇੱਕ ਤੁਪਕਾ ਸਮੁੰਦਰ (ਕਾਵਿ-ਸੰਗ੍ਰਹਿ) 

 ਲੇਖਕ: ਜਗੀਰ ਸੱਧਰ  ਪ੍ਰਕਾਸ਼ਨ: ਸੰਗਮ ਪਬਲੀਕੇਸ਼ਨਜ਼ ਸਮਾਣਾ    ਪੇਜ: 120


ਜਗੀਰ ਸੱਧਰ ਇੱਕ ਬਹੁਤ ਹੀ ਪ੍ਰੋੜ ਗ਼ਜ਼ਲਗੋ ਸ਼ਾਇਰ ਹੈ ਇਸ ਹਥਲੀ ਪੁਸਤਕ ਤੋਂ ਪਹਿਲਾਂ ਸੱਧਰ ਸਾਹਿਬ ਦੀਆਂ“ਧਰਤੀ ਤਾਂਬਾ ਹੋ ਗਈ ਕਾਵਿ ਸੰਗ੍ਰਹਿ, ਸੱਚ ਦੇ ਸਾਹਵੇਂ ਕਹਾਣੀ ਸੰਗ੍ਰਹਿ,ਕਲਪ ਬਿਰਛ ਕਾਵਿ ਸੰਗ੍ਰਹਿ, ਬੋਲਾਂ ਦੀ ਮਹਿਕ ਗੀਤ ਸੰਗ੍ਰਹਿ, ਗੰਗੋਤਰੀ ਤੋਂ ਸਾਗਰ ਵੱਲ ਗ਼ਜ਼ਲ ਸੰਗ੍ਰਹਿ ਭਾਵ ਪੰਜ ਪੁਸਤਕਾਂ ਆ ਚੁੱਕੀਆਂ ਨੇ ਤੇ ਇਹ ਛੇਵੀਂ ਪੁਸਤਕ ਇੱਕ ਕਾਵਿ ਸੰਗ੍ਰਹਿ ਦੇ ਰੂਪ ਵਿੱਚ ਪਾਠਕਾਂ ਦੇ ਸਨਮੁੱਖ ਕੀਤੀ ਹੈ। ਜੇਕਰ ਪਹਿਲੀਆਂ ਪੁਸਤਕਾਂ ਦੀ ਗੱਲ ਕਰੀਏ ਤਾਂ ਪਾਠਕਾਂ/ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ।
ਜਿਥੇ ਜਗੀਰ ਸੱਧਰ ਇੱਕ ਸਮਰੱਥ ਲੇਖਕ ਹੈ ਓਥੇ ਇਸ ਕਥਨ ਵਿੱਚ ਵੀ ਕੋਈ ਦੋ ਰਾਇ ਨਹੀਂ ਕਿ ਉਸ ਨੂੰ ਅਣਗੌਲਿਆ ਹੀ ਸਮਝ ਰੱਖਿਆ ਹੈ ਜੋਂ ਕਿ ਓਹ ਖੁਦ ਵੀ ਇਸ ਪੁਸਤਕ ਵਿਚ ਲਿਖ ਚੁੱਕੇ ਨੇ। ਜੇਕਰ ਇਸ ਪੁਸਤਕ ਦੀਆਂ ਰਚਨਾਵਾਂ ਦੀ ਗੱਲ ਕਰੀਏ ਤਾਂ ਬਹੁਤ ਹੀ ਗੁਰਬੱਤ ਭਰੀਆਂ ਗੱਲਾਂ ਜ਼ਿੰਦਗੀ ਦੇ ਇਰਦ ਗਿਰਦ ਘੁੰਮਦੀਆਂ ਕਵਿਤਾਵਾਂ ਨੇ, ਜਿਸ ਵਿੱਚ ਅਜੋਕੇ ਸਿਆਸੀ ਸਿਸਟਮ ਤੇ ਕਟਾਖਸ਼ ਕਰਦੀਆਂ ਨੇ ਸਮੇਂ ਦੀਆਂ ਸਰਕਾਰਾਂ, ਅਤੇ ਵਿਗੜੇ ਹੋਏ ਹਾਲਾਤਾਂ ਦੀ ਬਾਤ ਪਾਉਂਦੀਆਂ ਨੇ, ਬੇਸ਼ੱਕ ਬਿੰਬਾਂ ਅਲੰਕਾਰਾਂ ਦੇ ਦ੍ਰਿਸ਼ਾਂ ਨਾਲ ਇੱਕ ਮਿੱਕ ਹੁੰਦੀਆਂ ਨੇ,ਪਰ ਸਾਰੀ ਪੁਸਤਕ ਵਿਚ ਵੀ ਕੋਈ ਹਾਸੇ ਠੱਠੇ ਭਰਪੂਰ ਜਾਣਕਾਰੀ ਸਾਹਮਣੇ ਨਹੀਂ ਆਉਂਦੀ। ਜੇਕਰ ਆਪਣੇ ਗੁਰਬੱਤ ਭਰੇ ਜੀਵਨ ਤੇ ਹੀ ਸਾਰੀ ਇਹ ਪੁਸਤਕ ਸੱਧਰ ਸਾਹਿਬ ਨੇ ਲਿਖੀ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।


ਬਵੰਜਾ ਛੋਟੀਆਂ ਛੋਟੀਆਂ ਦਿਲ ਨੂੰ ਧੂਹ ਪਾਉਣ ਵਾਲੀਆਂ ਕਵਿਤਾਵਾਂ,ਬਾਈ ਗ਼ਜ਼ਲਾਂ, ਤੇ ਤੇਰਾਂ ਲਘੂ ਨਜ਼ਮਾਂ ਨਾਲ ਸ਼ਿੰਗਾਰੀ ਇਹ ਪੁਸਤਕ ਦੁੱਖਾਂ ਦੀ ਕਹਾਣੀ ਪਾਉਂਦੀ ਪ੍ਰਤੀਤ ਹੁੰਦੀ ਹੈ, ਪਿੱਛੇ ਜਿਹੇ ਕੋਟਕਪੂਰਾ ਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਇਸ ਪੁਸਤਕ ਰਲੀਜ਼ ਸਮਾਰੋਹ ਸਮੇਂ ਸੱਧਰ ਸਾਹਿਬ ਨੇ ਆਪਣੀ ਇਕ ਰਚਨਾ ਸਾਂਝੀ ਕਰਦਿਆਂ ਖੁਦ ਦੱਸਿਆ ਵੀ ਸੀ ਕਿ ਮੇਰੀ ਇਸ ਪੁਸਤਕ ਵਿਚ ਕੋਈ ਹਾਸੇ ਮਜ਼ਾਕ ਵਾਲੀ ਰਚਨਾ ਨਹੀਂ ਸਗੋਂ ਯਥਾਰਥ ਦੇ ਬਹੁਤ ਨੇੜੇ ਤੇ ਆਪਣੀ ਜ਼ਿੰਦਗੀ ਦੇ ਉਤਰਾਅ ਚੜਾਵਾਂ ਦਾ ਵੇਰਵਾ ਹੀ ਲਿਖਿਆ ਹੈ,ਸੋ ਸਾਰੀ ਕਿਤਾਬ ਪੜਨ ਤੋਂ ਬਾਅਦ ਬਿਲਕੁਲ ਉਨਾਂ ਦੇ ਕਹੇ ਸ਼ਬਦ ਬਿਲਕੁਲ ਸੱਚ ਨੇ।ਮੈਂ ਨਹੀਂ ਰਹਿਣਾ, ਸਮਿਆਂ ਦਾ ਚੱਕਰ,ਚੰਗੇ ਦਿਨਾਂ ਦੀ ਆਸ, ਮੰਦਿਰ ਤੇ ਮਸਜਿਦ ਦਾ ਝਗੜਾ, ਤੇ ਜੋ ਉਨਾਂ ਨੇ ਰਲੀਜ਼ ਸਮਾਰੋਹ ਤੇ ਖੁਦ ਬੋਲੀ ਰਚਨਾ ਮੇਰਾ ਕਮਰਾ ਹੂ ਬੂ ਹੂ ਉਪਰੋਕਤ ਗੱਲਾਂ ਦੀ ਹਾਮੀ ਭਰਦੀਆਂ ਰਚਨਾਵਾਂ ਨੇ।ਸੱਧਰ ਸਾਹਿਬ ਕੋਲ ਛੋਟੀ ਰਚਨਾ ਵਿੱਚ ਵੱਡੀ ਗੱਲ ਕਹਿਣ ਦੀ ਪੂਰਨ ਸਮਰੱਥਾ ਹੈ, ਇਸ ਕਿਤਾਬ ਵਿੱਚ ਉਨਾਂ ਖੁਦ ਲਿਖਿਆ ਹੈ ਕਿ ਮੈਂ ਕੋਈ ਵੱਡਾ ਲੇਖਕ ਨਹੀਂ ਹਾਂ,ਬੱਸ ਇਹ ਕਹਿਣਾ ਹੀ ਉਨਾਂ ਦਾ ਆਪਣਾ ਵੱਡਾਪਨ ਹੈ।ਆਪਣੇ ਰਾਹੀਂ ਚਲਦੇ ਸੱਧਰ ਸਾਹਿਬ ਕਿਤੇ ਆਪਣੇ ਆਪ ਨੂੰ ਉੱਖੜੇ ਮਹਿਸੂਸ ਨਹੀਂ ਕਰਦੇ। ਇਸ ਫੱਕਰ ਸੁਭਾਅ ਦੇ ਲੇਖਕ ਸਾਹਿਬ ਦੇ ਬਹੁਤ ਸਾਰੇ ਗੀਤ ਵੀ ਨਾਮੀਂ ਗਾਇਕਾਂ ਨੇ ਗਾਏ ਨੇ, ਇਨਾਂ ਨੇ ਕਦੇ ਕੋਈ ਫ਼ਖ਼ਰ ਮਹਿਸੂਸ ਨਹੀਂ ਕੀਤਾ ਤੇ ਕੲੀ ਮਿੱਤਰਾਂ ਨੇ ਰਚਨਾਵਾਂ ਚੋਰੀ ਵੀ ਕੀਤੀਆਂ ਨੇ ਉਨਾਂ ਨਾਲ ਕਦੇ ਗਿਲਾ ਵੀ ਨਹੀਂ ਕੀਤਾ। ਕਿਸੇ ਕਿਸੇ ਰਚਨਾ ਦੇ ਵਿੱਚ ਮਾਮੂਲੀ ਜਿਹੀ ਕਿਸਮ ਦੇ ਗਿਲੇ ਤੋਂ ਬਿਨਾਂ ਕੋਈ ਤਲਖ਼ ਜਵਾਬੀ ਦੀ ਕੋਈ ਵੀ ਗੱਲ ਨਹੀਂ ਕੀਤੀ।
ਇਸੇ ਹੀ ਕਿਤਾਬ ਦੇ ਇਕ ਸੌ ਅਠਾਰਾਂ ਨੰਬਰ ਪੇਜ ਤੇ ਬੁਢਾਪਾ ਲਘੂ ਨਜ਼ਮ ਬਹੁਤ ਹੀ ਪ੍ਰਭਾਵਿਤ ਕਰਨ ਵਾਲੀ ਕਾਵਿ ਹੈ।


ਗ਼ਜ਼ਲਾਂ ਦਾ ਇਹ ਬਾਦਸ਼ਾਹ ਗ਼ਜ਼ਲਗੋ ਹੈ। ਇੱਕ ਸੌ ਚੌਦਾਂ ਪੇਜ ਤੇ ਇਕ ਗ਼ਜ਼ਲ ਹੈ ਦਾਸ ਉਸ ਦਾ ਇਕ ਸ਼ੇਅਰ ਜਰੂਰ ਸਾਂਝੇ ਕਰੇਗਾ ਤੇ ਆਮ ਪਾਠਕ ਸਰੋਤਾਜਨ ਇੱਕੋਂ ਸ਼ੇਅਰ ਚੋਂ ਸੱਭ ਕੁਝ ਜਾਣ ਜਾਣਗੇ
ਔਖਾ ਬੜਾ ਹੈ ਰਹਿਣਾ ਦੁਨੀਆਂ ਚ ਖਾਸ ਹੋਕੇ।
ਰਹਿੰਦੇ ਹਾਂ ਅਸੀਂ ਫਿਰ ਵੀ, ਭਾਵੇਂ ਉਦਾਸ ਹੋ ਕੇ।।


ਮੇਰੇ ਖਿਆਲ ਮੁਤਾਬਕ ਸਮਰੱਥ ਲੇਖਕ/ਪਾਠਕ/ਸਰੋਤੇ ਇਸੇ ਇੱਕੋ ਹੀ ਸ਼ੇਅਰ ਤੋਂ ਲੇਖਕ ਦੀ ਸਾਰੀ ਕਿਤਾਬ ਦਾ ਅੰਦਾਜ਼ਾ ਲਗਾ ਸਕਦੇ ਨੇ,ਕਿ ਸ਼ਾਇਰ ਨੇ ਪੂਰੀ ਇਕ ਸੌ ਵੀਹ ਪੇਜ ਦੀ ਪੁਸਤਕ ਵਿੱਚ ਆਪਣੇ ਦਿਲ ਦੇ ਵਲਵਲੇ ਕਿਸ ਤਾਕੀਦ ਨਾਲ ਸਾਂਝੇ ਕੀਤੇ ਹੋਣਗੇ।ਸੋ ਦਾਸ ਵੱਲੋਂ ਪਾਠਕਾਂ ਨੂੰ ਜਿਥੇ ਇਹ ਕਿਤਾਬ ਪੜਨ ਦਾ ਅਨੁਰੋਧ ਹੈ, ਓਥੇ ਇਸ ਕਿਤਾਬ ਨੂੰ ਸਾਹਿਤਕ ਹਲਕਿਆਂ ਵਿਚ ਆਉਣ ਤੇ ਸੱਧਰ ਸਾਹਿਬ ਨੂੰ ਢੇਰ ਸਾਰੀਆਂ ਮੁਬਾਰਕਾਂ ।ਤੇ ਅੱਗੇ ਤੋਂ ਵੀ ਇਹ ਕਲਮ ਇਸੇ ਤਰਾਂ ਸਾਹਿਤ ਦੀ ਸੇਵਾ ਕਰਦੀ ਰਹੇ ਇਹ ਵਾਹਿਗੁਰੂ ਅੱਗੇ ਦੁਆ ਅਰਦਾਸ ਜੋਦੜੀ ਹੈ ਜੀ।
ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ

Have something to say? Post your comment