Article

ਬਾਬੇ ਨਾਨਕ ਦੀ ਬਾਣੀ ਦਾ ਫਲਸਫਾ ਅਤੇ ਸਿਧਾਂਤ

April 09, 2019 09:04 PM
ਬਾਬੇ ਨਾਨਕ ਦੀ ਬਾਣੀ ਦਾ ਫਲਸਫਾ ਅਤੇ ਸਿਧਾਂਤ
(ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਵਰ੍ਹੇ ਨੂੰ ਸਮਰਪਿਤ)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਾਬ ਦੀ ਧਰਤੀ ਤੇ ਸਿੱਖ ਧਰਮ ਦਾ ਮੁੱਢ ਬੰਨ੍ਹਿਆ।ਜਿਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ,ਉਸ ਸਮੇਂ ਭਾਰਤ ਵਿਚ ਚਾਰੇ ਪਾਸੇ ਘੋਰ ਅੱਤਿਆਚਾਰ,ਜੁਲਮ, ਬੇਇਨਸਾਫ਼ੀ, ਰਿਸ਼ਵਤਖੋਰੀ, ਬੇਈਮਾਨੀ, ਝੂਠ,ਵਹਿਮ ਭਰਮ,ਪਾਖੰਡ, ਕਰਮ ਕਾਂਡ,ਅੰਧ ਵਿਸ਼ਵਾਸ,ਬੇਯਕੀਨੀ ਅਤੇ ਅਗਿਆਨਤਾ ਦਾ ਕੂੜ ਹਨੇਰਾ ਫੈਲਿਆ ਹੋਇਆ ਸੀ।
ਉਸ ਸਮੇਂ ਦੇ ਬਾਕੀ ਧਰਮਾਂ ਅਤੇ ਸਮਾਜ ਵਿੱਚ ਅਸਥਿਰਤਾ ਅਤੇ ਅਰਾਜਕਤਾ ਫੈਲੀ ਹੋਈ ਸੀ।ਲੋਕ ਦੁੱਖਾਂ ਦਰਦਾਂ ਚ ਨਪੀੜੇ ਕਰ੍ਹਾਉਂਦੇ ਤਰ੍ਹਾ ਤਰ੍ਹਾ ਕਰਦੇ ਸਨ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਕੁਰਲਾਹਟ ਅਤੇ ਦਰਦ ਨੂੰ ਮਹਿਸੂਸਦਿਆਂ ਆਕਾਲ ਪੁਰਖ ਨੂੰ ਸੰਬੋਧਿਤ ਲਿਖਿਆ ਹੈ:-
"ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ।।
ਆਪੈ ਦੋਸ਼ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ।।
ਏਤੀ ਮਾਰ ਪਈ ਕਰਲਾਣੈ ਤੈਂ ਕੀ ਦਰਦ ਨਾ ਆਇਆ।।"
ਸਮਾਜ ਚ ਪ੍ਰਚੱਲਿਤ ਬੁਰਾਈਆਂ,ਝੂਠੇ ਆਡੰਬਰਾਂ,ਗੈਰ ਇਖਲਾਕੀ ਕਾਰਵਾਈਆਂ, ਅੰਧ-ਵਿਸ਼ਵਾਸ਼,ਸਮਾਜਿਕ ਨਾਬਰਾਬਰੀ, ਛੂਆ-ਛਾਤ,ਜਾਤ-ਪਾਤ, ਔਰਤਾਂ 'ਤੇ ਅੱਤਿਆਚਾਰ,ਜਬਰ ਜੁਲਮਾਂ ਦਾ ਸ਼ਿਕਾਰ ਲਤਾੜੇ ਲੋਕਾਂ ਦੀ ਆਹ ਨੂੰ ਬਿਆਨਦਿਆਂ ਗੁਰੂ ਸਾਹਿਬ ਨੇ ਬਾਬਰ ਬਾਣੀ ਚ ਲਿਖਿਆ ਹੈ:-
"“ਪਾਪ ਕੀ ਜੰਞ ਲੈ ਕਾਬਲਹੁ ਧਾਇਆ, ਜੋਰੀ ਮੰਗੈ ਦਾਨੁ ਵੇ ਲਾਲੋ॥ ਸਰਮੁ ਧਰਮੁ ਦੁਇ ਛਪਿ ਖਲੋਏ, ਕੂੜੁ ਫਿਰੈ ਪਰਧਾਨੁ ਵੇ ਲਾਲੋ॥ ਕਾਜੀਆ ਬਾਮਣਾ ਕੀ ਗਲ ਥਕੀ, ਅਗਦੁ ਪੜੈ ਸੈਤਾਨੁ ਵੇ ਲਾਲੋ” (ਪੰ: 722)। ਉਹਨਾਂ ਅਜਿਹੀਆਂ ਕੁਰੀਤੀਆਂ ਨੂੰ ਤਿਲਾਂਜਲੀ ਦੇ ਕੇ ਜੜ੍ਹੋਂ ਖਤਮ ਕਰਨ ਲਈ ਇਨਕਲਾਬੀ, ਮਾਨਵਵਾਦੀ, ਅਧਿਆਤਮਵਾਦੀ,ਕਰਮ ਕਾਂਡ ਮੁਕਤ, ਰੂਹਾਨੀਅਤਵਾਦੀ ਅਤੇ ਸਮਾਜਵਾਦੀ ਸੋਚ ਲਈ ਜ਼ੋਰਦਾਰ ਆਵਾਜ਼ ਬੁਲੰਦ ਕੀਤੀ।ਧਰਮਾਂਂ ਅਤੇ ਜਾਤਾਂਂ ਦੀ ਚੱਕੀ ਚ ਪਿਸ ਰਹੇ ਸਮਾਜ ਨੂੰ "ਮਾਨਸੁ ਕੀ ਜਾਤ ਸਬੈ ਏਕੈ ਪਹਿਚਾਣਬੋ" ਦਾ ਸੰਦੇਸ਼ ਦਿੱੱਤਾ।
ਉਹਨਾਂ ਸਮਾਜਿਕ ਬੁਰਾਈਆਂ ਦੇ ਖਾਤਮੇ ਦਾ ਜਿੱਥੇ ਜੋਰਦਾਰ ਵਿਰੋਧ ਅਤੇ ਖੰਡਨ ਕੀਤਾ, ਉੱਥੇ ਆਤਮਿਕ ਅਤੇ ਰੂਹਾਨੀਅਤ ਪਵਿੱਤਰਤਾ ਅਤੇ ਸ਼ੁੱਧਤਾ ਉੱਪਰ ਵੀ ਜ਼ੋਰ ਦਿੱਤਾ।ਉਹਨਾ "ਕਿਰਤ ਕਰੋ,ਨਾਮ ਜਪੋ,ਵੰਡ ਕੇ ਛਕੋ' ਦੇ ਸੰਦੇਸ਼ ਨੂੰ 
"ਘਾਲਿ ਖਾਇ ਕੁਛ ਹਥਹੁ ਦੇਇ
ਨਾਨਕ ਰਾਹੁ ਪਛਾਣਹਿ ਸੇਇ।।" ਰਾਹੀਂ ਜੀਵਣ ਚ ਪਰਮ ਅਗੇਤ ਦੇਣ ਅਤੇ ਮਨ ਨੂੰ ਨਾਮ ਦੀ  ਮੂਲਵਾਦੀ ਧਾਰਨਾ ਨਾਲ ਜੋੜਨ ਦੀ ਜੀਵਨ ਸੇਧ ਦਾ ਸੱਦਾ ਦਿੰਦਿਆਂ ਗੁਰਬਾਣੀ ਚ ਲਿਖਿਆ ਹੈ:-
"ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ।।
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ।।"
ਗੁਰੂ ਸਾਹਿਬ ਨੇ ਸਿੱਖ ਧਰਮ ਨੂੰ ਨਵੀਂ ਫਿਲਾਸਫੀ ਅਤੇ ਸਿਧਾਂਂਤਾਂ ਦੇ ਆਧਾਰਿਤ ਖੜ੍ਹਾ ਕਰਕੇ ਇੱਕ ਮਾਨਵਵਾਦੀ, ਨਿਵੇਕਲੀ ਅਤੇ ਵਿਲੱਖਣ ਸੋਚ ਨੂੰ ਜੀਵਣ ਜਾਂਚ ਬਣਾਉਣ ਦਾ ਸੱਦਾ ਦਿੱਤਾ ਹੈ।ਉਹਨਾਂ ਸਮਾਜਿਕ ਨਾਬਰਾਬਰੀ ਅਤੇ ਜਾਤੀ ਵੰਡ  ਨੂੰ ਭੰਡਿਆ,ਇਸ ਵਿਰੁੱਧ ਕ੍ਰਾਂਤੀਕਾਰੀ  ਅਤੇ ਦਲੇਰਾਨਾ ਆਵਾਜ਼ ਬੁਲੰਦ ਕਰਦਿਆਂ ਡਟਵਾਂ ਵਿਰੋਧ ਕੀਤਾ ਅਤੇ ਆਕਾਲ ਬਾਣੀ ਚ ਜ਼ਿਕਰ ਕੀਤਾ ਹੈ:-
"ਤੂੰ ਸਾਹਿਬ ਮੇਰਾ ਹਉ ਸਾਂਗੀ ਤੇਰਾ
ਪ੍ਰਣਵੈ ਨਾਨਕੁ ਜਾਤ ਕੈਸੀ।।"ਅੰਗ ੩੫੮
ਅਤੇ 
"ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚੁ॥ਨਾਨਕ ਤਿਨ ਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸੁ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸ਼ੀਸ਼॥(੧੫) "
ਗੁਰੂ ਸਾਹਿਬ ਨੇ ਇਸ ਬਾਬਤ ਜਾਤਾਂ -ਪਾਤਾਂ ਅਤੇ ਵਰਣਾਂ ਚ ਵੰਡੇ ਸਮਾਜ ਪ੍ਰਤੀ ਪਹਿਲ ਕਦਮੀ ਕਰਦੇ ਨੀਚ ਜਾਤ ਮੰਨੇ ਗਏ ਭਾਈ ਮਰਦਾਨਾ ਅਤੇ ਬਾਲਾ ਨੂੰ ਆਪਣਾ ਭਾਈ ਬਣਾ ਕੇ ਆਪਣੀ ਸੰਗਤ ਕਰਨ ਲਈ ਨਿਵਾਜਿਆ ਅਤੇ ਭਾਈ ਲਾਲੋ ਕਿਰਤੀ ਤਰਖਾਣ ਦੀ ਕੋਧਰੇ ਦੀ ਰੋਟੀ ਅੰਮ੍ਰਿਤ ਕਹਿ ਖਾਧੀ ਅਤੇ ਉੱਚ ਜਾਤੀ ਮਲਕ ਭਾਗੋ ਦੇ ਮਾਲ ਪੂੜੇ ਪਕਵਾਨ ਭਰੀ ਸਭਾ ਵਿੱਚ ਠੁਕਰਾ ਕੇ ਅਮੀਰੀ ਦੀ ਧੌਂਸ ਅਤੇ ਹੰਕਾਰ ਤੋੜਿਆ।ਗੁਰਬਾਣੀ 'ਚ ਫ਼ੁਰਮਾਨ ਕੀਤਾ ਹੈ:-
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ||
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ||1||ਰਹਾਉ||  ਪੰਨਾ-1127-28)
ਗੁਰੂ ਸਾਹਿਬ ਨੇ ਸਮਾਜ ਦੇ ਨੀਚ,ਦੱਬੇ ਕੁਚਲੇ,ਸਮਾਜ ਦੇ ਦੁਰਕਾਰੇ ਲੋਕਾਂ ਨੂੰ ਇਕੱਠਾ ਕਰਕੇ ਇਕ ਸ਼ਕਤੀਸ਼ਾਲੀ ਸਿੱਖ-ਕੌਮ ਦੀ ਸਿਰਜਣਾ ਕੀਤੀ,ਜਿਸਦੀ ਅੱੱਗੇ ਸਿੱਖ ਗੁਰੂ ਸਾਹਿਬਾਨਾਂ ਨੇ ਅਗਵਾਈ ਕੀਤੀ ਅਤੇ ਰੂਹ ਫੂਕੀ ।ਇਸ ਨਿਡਰ,ਅਤੇ ਬੇਖੌਫ਼ ਕੌਮ ਨੇ ਅੱਗੇ ਜਾ ਕੇ,  ਮੁਗ਼ਲ ਹਕੂਮਤ ਦੇ ਸਦੀਆਂ ਪੁਰਾਣੇ ਰਾਜ ਤਖਤੇ ਨੂੰ ਉਲਟਾ ਕੇਇਹ ਸਾਬਤ ਕਰ ਦਿੱਤਾ ਸੀ ਕਿ ਭਾਰਤ ਵਿਚ ਇਕ ਗੁਰੂ ਨਾਨਕ ਦੀ ਸ਼ਕਤੀਸ਼ਾਲੀ ਅਤੇ ਬਹਾਦਰ ਕੌਮ ਵੀ ਹੈ।ਉਹਨਾਂ ਇਸਤਰੀ ਜਾਤ ਨੂੰ ਸਮਾਜਿਕ ਬਰਾਬਰੀ ਦੇਣ ਜੋਰਦਾਰ ਆਵਾਜ਼ ਬੁਲੰਦ ਕੀਤੀ "ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।ਪੰਨਾ-੪੭੩"
ਅਤੇ ਕਿਹਾ,
"ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ।।" ਨਾਲ ਇੱਜਤ ਅਤੇ ਸਮਾਜਿਕ ਰੁਤਬਾ ਬਹਾਲ ਕਰਨ ਦੀ ਨਸੀਹਤ ਦਿੱਤੀ।ਉਹਨਾਂ ਸਮਾਜਿਕ ਬੁਰਾਈਆਂ ਵਿਰੁੱਧ ਸਿਧਾਂਤਕ ਇਨਕਲਾਬੀ ਲਹਿਰ ਖੜੀ ਕਰ ਦਿੱਤੀ।ਇਸ ਲੋਕ ਲਹਿਰ ਨਾਲ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੋਣ ਲੱਗੀ ਅਤੇ ਹਿੰਦੁਸਤਾਨ ਦੇ ਦੱਬੇ ਕੁਚਲੇ ਲੋਕਾਂ ਦੀ ਇੱਜਤ ਅਤੇ ਸਮਾਜ ਸੁਧਾਰ ਦੀ ਮਜਬੂਤ ਹੋਈ।ਉਹਨਾਂ ਝੂਠੇ ਕਰਮ ਕਾਂਡਾਂ ਅਤੇ ਅੰਧ ਵਿਸ਼ਵਾਸ਼ੀ ਰਵਾਇਤਾਂ ਦਾ ਡਟਵਾਂ ਵਿਰੋਧ ਕੀਤਾ ਅਤੇ ਮਨ ਨੂੰ ਪ੍ਰਮਾਤਮਾ ਨਾਲ ਜੋੜਨ ਦੀ ਪ੍ਰੇਰਨਾ ਦਿੱਤੀ।ਉਹਨਾਂ ਮੂਰਤੀ ਪੂਜਾ, ਤੀਰਥ ਇਸ਼ਨਾਨ ਅਤੇ ਬ੍ਰਾਹਮਣਵਾਦੀ ਰਵਾਇਤਾਂ ਤਿਲਕ ਅਤੇ  ਜੰਝੂ ਦੀ ਵਿਚਾਰਧਾਰਾ ਦਾ ਪਰਦਾਫਾਸ਼ ਕੀਤਾ।ਇਹ ਜੰਝੂ ਦੰਭੀ, ਫਰੇਬੀ,ਕਸਾਈ,ਬੇਹੱਕੀ ਦਾ ਮਾਲਕ ਸੀ ।ਗੁਰੂ ਸਾਹਿਬ ਨੇ ਝੂਠ ਜੰਝੂ ਦੀ ਥਾਂ ਅਸਲੀਅਤ ਵਾਲਾ ਜੰਝੂ ਪਾਉਣ ਲਈ ਸਮਝਾਉਂਦੇ ਹੋਏ ਫੁਰਮਾਇਆ:-
"ਦਇਆ ਕਪਾਹ ਸੰਤੋਖ ਸੂਤ
ਜਤ ਗੰਢੀ ਸਤ ਵੱਟ।
ਇਹ ਜਨੇਉ ਜੀਅ ਕਾ ,
ਹਈ ਤਾਂ ਪਾਂਡੇ ਘੱਤ।"
ਗੁਰੂ ਸਾਹਿਬ ਸੱਚ ਦਾ ਰਸਤਾ ਅਪਣਾਉਣ ਦੀ ਨਸੀਹਤ ਦਿੰਦੇ ਹਨ।ਉਹ ਝੂਠੇ ਕਰਮ ਕਾਂਡਾਂ ਦੀ ਉਪਾਸਨਾ ਦੀ ਬਜਾਇ ਸੱਚਾਈ ਜਾਣਨ ਅਤੇ ਇਸਦੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ।ਗੁਰੂ ਸਾਹਿਬ ਗੁਰਬਾਣੀ ਦਾ ਹਵਾਲਾ ਦਿੰਦਿਆਂ ਸਮਝਾਉਂਦੇ ਹਨ ਕਿ ਦੰਭੀ,ਫਰੇਬੀ ਅਤੇ ਖੋਟੇ ਮਨ ਨਾਲ ਤੀਰਥਾਂ ਜਾਣ ਦਾ ਕੋਈ ਫਾਇਦਾ ਨਹੀਂ।ਮਨ ਦੀ ਮੈਲ ਨੂੰ ਗਿਆਨ ਦੇ ਨੀਰ ਨਾਲ ਸਾਫ ਕਰਨ ਸਿੱਖਿਆ ਦਿੰਦਿਆਂ  ਗੁਰੂ ਸਾਹਿਬ ਲਿਖਦੇ ਹਨ:-
"ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥" 
 
ਗੁਰੂ ਜੀ ਨੇ ਬਾਣੀ ਚ "ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥
ਫਿਕਾ ਦਰਗਹ ਸਟੀਐ ਮੁਹ ਥੁਕਾ ਫਿਕੇ ਪਾਇ ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥੧॥”
(ਗੁਰੂ ਗ੍ਰੰਥ ਸਾਹਿਬ, ਪੰਨਾ ੪੭੩)
ਗੁਰੂ ਨਾਨਕ ਪਾਤਿਸਾਹ ਦੇ ਇਸ ਸਲੋਕ ਦੇ ਅਰਥ ਸਿੱੱਖ ਨੂੰ ਤਾਂ ਕੀ ਹਰ ਮਨੁੱਖ ਨੂੰ ਫਿਕਾ ਬੋਲਣ ਤੋਂ ਗੁਰੇਜ ਕਰਣ ਚਾਹੀਦਾ ਦੀ ਪ੍ਰੇਰਨਾ ਦਿੰਦੇ ਹਨ।ਗੁਰੂ ਸਾਹਿਬ ਗਿਆਨ ਦੀ ਪ੍ਰਾਪਤੀ ਹਿੱਤ ਸੁਚੇਤ ਕਰਦਿਆਂ ਗੁਰੂ ਦੀ ਮਹਾਨਤਾ ਸਮਝਾਉਂਦੇ ਬਾਣੀ ਚ ਲਿਖਦੇ ਹਨ:-
" ਕੁੰਭੇ ਬਧਾ ਜਲ ਰਹੇ, 
ਜਲ ਬਿਨੁ ਕੁੰਭ ਨਾ ਹੋਇ । 
ਗਿਆਨ ਕਾ ਬੱਧਾ ਮਨੁ ਰਹੇ, 
ਗੁਰ ਬਿਨ ਗਿਆਨ ਨ ਹੋਇ ॥ (ਪੰਨਾ 80)
ਸੱਚੇ,ਗਿਆਨੀ,ਸੂਝਵਾਨ, ਪ੍ਰਭੂ ਪ੍ਰੇਮੀ ਅਤੇ ਸਾਧ ਲੋਕ ਤੀਰਥਾਂ ਤੇ ਨਹਾਤੇ ਬਿਨਾਂ ਹੀ ਭਲੇ ਹਨ।ਗੁਰੂ ਸਾਹਿਬ ਦੀ ਬਾਣੀ ਪਿਆਰ,ਨਿਮਰਤਾ, ਸਹਿਜਤਾ,ਗਿਆਨਤਾ ਦਾ ਸੁਨੇਹਾ "ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤੱਤੁ" ਜਾਂ "ਨਾਨਕ ਨੀਵਾਂ ਜੋ ਚਲੇ ਲਾਗੇ ਨ ਤਾਤੀ ਵਾਓ" ਰਾਹੀਂ ਦਿੰਦਿਆਂ "ਮਨ ਜੀਤੇ ਜਗ ਜੀਤ " ਦੀ ਪ੍ਰੋੜ੍ਹਤਾ ਕਰਦੀ ਹਨ।ਉਹਨਾਂ ਮਨੁੱਖੀ ਜੀਵਣ ਦੀ ਮੁੱਢਲੀ ਲੋੜ ਪਾਣੀ,ਹਵਾ ਅਤੇ ਧਰਤੀ ਦੀ ਅਹਿਮੀਅਤ ਨੂੰ ਉਜਾਗਰ ਕਰਦਿਆਂ ਗੁਰਬਾਣੀ ਚ ਲਿਖਿਆ ਹੈ:-
"ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ।।" ਅਤੇ " ਪਹਿਲਾਂ ਪਾਣੀ ਜੀਉ ਹੈ ਜਿਤੁ ਹਰਿਆ ਸਭ ਕੋਇ।।" ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਿਆਵਾਂ ਨੂੰ ਸਿਧਾਂਤਕ ਅਤੇ ਅਸਲੀਅਤ ਜਾਮਾ ਪਹਿਨਾ ਕੇ ਸਿੱਖ ਫਲਸਫੇ ਅਨੁਕੂਲ ਜੀਵਣ ਜਾਂਚ ਸਿਖਾਈ ਹੈ।ਗੁਰੂ ਸਾਹਿਬ ਨੇ ਰੂਹਾਨੀਅਤ ਗਿਆਨ ਨੂੰ ਸੰਸਾਰ ਚ ਫੈਲਾਉਣ ,ਝੂਠੇ ਆਡੰਬਰਾਂ ਅਤੇ ਕਰਮ ਕਾਂਡਾਂ ਦਾ ਭਾਂਡਾ ਭੰਨਣ ਲਈ ਉਦਾਸੀਆਂ ਕੀਤੀਆਂ ਸਨ।ਸਿੱਧਾਂਂ,ਗੋਰਖ-ਮੱਤੀਆਂ,ਸੱਜਣ ਠੱਗ,ਕੌਡੇ ਰਾਕਸ਼ ਵਰਗਿਆ ਨੂੰ ਸੱਚ ਦੇ ਰਸਤੇ ਤੋਰ ਕੇ ਸਮਾਜ ਸੁਧਾਰਕ ਬਣਾਇਆ।
ਉਹਨਾਂ ਗੁਰਬਾਣੀ ਦੇ ਪ੍ਰਸਾਰ ਲਈ ਮੱਕੇ-ਮਦੀਨੇ, ਢਾਕਾ, ਤਿੱਬਤ,ਕਾਠਮਾਂਡੂ ਤੱਕ ਯਾਤਰਾਵਾਂ ਕਰਕੇ ਸਿੱਖੀ ਦਾ ਸੁਨੇਹਾ ਦਿੱਤਾ।
ਸਮਾਜਿਕ ਬਰਾਰਤਾ ਨੂੰ ਬੜਾਵਾ ਦੇਣ ਅਤੇ ਛੂਆ-ਛਾਤ ਨੂੰ ਚੁਣੌਤੀ ਦੇਣ ਲਈ ਉਹਨਾਂ ਕੋਲ ਚੂਹੜਕਾਣਾ (ਪਾਕਿਸਤਾਨ)ਦੇ ਸਥਾਨ ਤੇ ਵਿਚਾਰਾਂ ਕਰਨ ਆਏ ਭਗਤਾਂ ਅਤੇ ਸੂਝਵਾਨ ਸਾਧੂਆਂ ਇੱਕੋ ਪੰਕਤ ਚ ਬਿਠਾ ਕੇ ਭੋਜਨ ਛਕਾ ਦਿੱਤੀ।ਉਹਨਾਂ ਪਰਮ ਪ੍ਰਮਾਤਮਾ ਨਾਲ ਸੱਚੀ ਰੂਹ ਨਾਲ ਜੁੜਨ ਦਾ ਸੁਨੇਹਾ ਦੇਣ ਲਈ ਬੇਬੇ ਨਾਨਕੀ ਦੇ ਫੁਲਕਾ ਫੁੱਲਣ ਤੇ ਯਾਦ ਆਉਣ ਤੇ ਤੁਰੰਤ ਹਾਜਰ ਹੋ ਗਏ। ਇਸੇ ਕਰਕੇ ਉਹ ਗੁਰੂ,ਪੀਰ,ਸੰਤ ਅਤੇ ਲਾਮੇ ਕਹਿਲਾਏ।ਆਪ ਹੱਥੀਂ ਖੇਤੀ ਕਰਕੇ ਕਰਮ ਕਰਨ ਦਾ ਸਾਰਥਿਕ ਸੁਨੇਹਾ ਦਿੱਤਾ।
ਉਹਨਾਂ ਸਾਰੀਆਂ ਬਾਣੀਆਂ ਚ ਮਨੁੱਖਤਾ ਦੀ ਭਲਾਈ ਅਤੇ ਅਨਾਦਿ ਸੱਚਾਈ ਨੂੰ ਜੀਵਨ ਆਧਾਰ ਅਧਿਆਤਮਵਾਦ ਅਤੇ ਸਮਾਜਵਾਦੀ ਬਣਨ 'ਤੇ ਜੋਰ ਦਿੱਤਾ ਹੈ।ਉਹਨਾਂ ਪ੍ਰਤੀ ਸ਼ਾਇਰ ਦੀਆਂ ਸਤਰਾਂ 
"ਬੇਬੇ ਨਾਨਕੀ ਦਾ ਵੀਰ ਬਣ ਆਇਆ ਜੱਗ ਤੇ,
ਪਿਤਾ ਕਾਲੂ ਦਾ ਵੀ ਨਾਮ ਰੁਸ਼ਨਾਇਆ ਜੱਗ ਤੇ,
ਮਾਂ ਤ੍ਰਿਪਤਾ ਦੀ ਗੋਦ ਦਾ ਸ਼ਿੰਗਾਰ ਬਣਿਆ,
ਉਹਨੂੰ ਜਿਹਨੇ ਵੀ ਪੁਕਾਰਿਆ ਉਹ ਆਣ ਖੜਿਆ,
ਕੋਈ ਉਹਨੂੰ ਲਾਮਾ ਕੋਈ ਪੀਰ ਆਖਦਾ
ਪਰ ਸਿੱਖੀ ਵਾਲਾ ਬੂਟਾ ਪੱਕਾ ਉਹ ਲਗਾ ਗਿਆ...
ਜੰਗਲਾਂ ਚ ਮੰਗਲ ਹੈ ਪਿਆ ਬਣਿਆ
ਪੈਰ ਜਿੱਥੇ ਜਿੱਥੇ ਬਾਬਾ ਨਾਨਕ ਟਿਕਾ ਗਿਆ..."
ਆਉ ਸਾਰੇ ਰਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਉਹਨਾਂ ਦੀ ਸਿੱਖਿਆਵਾਂ ਨੂੰ ਜੀਵਣ ਧਾਰਨ ਕਰਕੇ ਸੱਚੇ ਸੁੱਚੇ ਅਧਿਆਤਮਵਾਦੀ,ਸਮਾਜਵਾਦੀ  ਸਿੱਖ ਦਾ ਜੀਵਨ ਜਿਉਣ ਦਾ ਸੰਕਲਪ ਅਤੇ ਪ੍ਰਣ ਕਰੀਏ।
ਇੰਜੀ. ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।
9779708257
Have something to say? Post your comment