Article

ਕਹਾਣੀ:- ਬੱਕਰੀਆਂ ਵਾਲਾ ਮੁੰਡਾ

April 09, 2019 09:22 PM

ਲਗਪਗ ਪੂਰਾ ਸਾਲ ਹੀ ਹੋ ਚੱਲਿਆ ਸੀ ਪਰ ਉਸ ਨੇ ਸਕੂਲ ਵਿੱਚ ਪੈਰ ਨਹੀਂ ਪਾਇਆ ਸੀ। ਸਿੱਖਿਆ ਅਧਿਕਾਰ ਐਕਟ ਲਾਗੂ ਹੋਣ ਕਰਕੇ ਅਸੀਂ ਉਸ ਦਾ ਸਕੂਲ ਵਿੱਚੋਂ ਨਾਮ ਵੀ ਨਹੀਂ ਕੱਟ ਸਕਦੇ ਸੀ।ਗੁਜਰੇ ਸਾਲ ਦੇ ਦੌਰਾਨ ਅਸੀਂ ਕਿੰਨੇ ਹੀ ਵਾਰ ਉਸਦੇ ਘਰ ਜਾ ਕੇ ਆਏ ਸੀ ਪਰ ਉਹ ਇੱਕ ਦੋ ਵਾਰ ਨੂੰ ਛੱਡ ਕੇ ਕਦੇ ਵੀ ਸਾਨੂੰ ਆਪਣੇ ਘਰ ਨਹੀਂ ਮਿਲਿਆ ਸੀ। ਕਦੇ ਉਹ ਦਿਹਾੜੀ ਤੇ ਗਿਆ ਹੁੰਦਾ, ਕਦੇ ਰਿਸ਼ਤੇਦਾਰੀ ਵਿੱਚ ਗਿਆ ਹੁੰਦਾ ਸੀ।ਪਰ ਪਿਛਲੇ ਕੁਝ ਮਹੀਨਿਆਂ ਤੋਂ ਦੂਜੇ ਬੱਚਿਆਂ ਦੇ ਦੱਸਣ ਮੁਤਾਬਕ ਉਹ ਬੱਕਰੀਆਂ ਚਾਰਨ ਜਾਣ ਲੱਗ ਪਿਆ ਸੀ। ਜਿਸ ਕਾਰਨ ਉਹ ਸਵੇਰੇ ਹੀ ਘਰੋਂ ਬੱਕਰੀਆਂ ਲੈ ਕੇ ਨਿਕਲ ਜਾਂਦਾ ਸੀ।ਘਰ ਵਿੱਚ ਪਿੱਛੇ ਉਸਦੀ ਮਾਂ ਰਹਿ ਜਾਂਦੀ ਸੀ ਜੋ ਕਾਬੀਲਦਾਰੀ ਦੇ ਨਾਲ ਨਾਲ ਕਿੰਨੀਆਂ ਹੀ ਨਿੱਕੀਆਂ ਨਿੱਕੀਆਂ ਬਿਮਾਰੀਆਂ ਨੂੰ ਆਪਣੇ ਪਿੰਡੇ ਤੇ ਢੋਅ ਰਹੀ ਸੀ। ਸਾਡੇ ਵਿੱਚੋਂ ਜਦ ਵੀ ਕੋਈ ਅਧਿਆਪਕ ਉਸਦੇ ਘਰ ਜਾਂਦਾ ਸੀ ਤਾਂ ਆਪਣੇ ਮੁੰਡੇ ਨੂੰ ਛੱਡ ਆਪਣੇ ਕਿੰਨੇ ਹੀ ਦੁਖੜੇ ਸੁਣਾ ਦਿੰਦੀ ਸੀ।ਉਸ ਨੂੰ ਵੇਖ ਕੇ ਇੰਜ ਲੱਗਦਾ ਸੀ ਕਿ ਜਿਵੇਂ ਸਾਰੇ ਸੰਸਾਰ ਦੇ ਦੁਖ ਦਰਦ ਪਰਮਾਤਮਾ ਨੇ ਇਸ ਦੀ ਝੋਲੀ ਵਿੱਚ ਹੀ ਪਾ ਦਿੱਤੇ ਹਨ। ਫਿਰ ਅਸੀਂ ਚਾਹੁੰਦੇ ਹੋਏ ਵੀ ਉਸ ਨੂੰ ਕਹਿ ਨਾ ਪਾਉਂਦੇ ਕਿ ਤੁਸੀਂ ਆਪਣੇ ਮੁੰਡੇ ਨੂੰ ਸਕੂਲ ਭੇਜਿਆ ਕਰੋ।ਉਹ ਮੁੰਡਾ ਪਹਿਲਾਂ ਬਿਲਕੁਲ ਇਸ ਤਰ੍ਹਾਂ ਦਾ ਨਹੀਂ ਸੀ ਜਦੋਂ ਉਹ ਛੇਵੀਂ ਜਮਾਤ ਵਿੱਚ ਸਾਡੇ ਕੋਲ ਆਇਆ ਸੀ ਤਾਂ ਉਹ ਲਗਾਤਾਰ ਸਕੂਲ ਆਉਂਦਾ ਸੀ ਤੇ ਪੜ੍ਹਾਈ ਵਿੱਚ ਵੀ ਵਧੀਆ ਸੀ। ਪਰ ਫਿਰ ਜਦੋਂ ਉਹ ਸੱਤਵੀਂ ਜਮਾਤ ਵਿੱਚ ਹੋਇਆ ਤਾਂ ਅਚਾਨਕ ਉਸ ਦੇ ਪਿਤਾ ਜੀ ਦੀ ਮੌਤ ਹੋ ਗਈ ਸੀ। ਜਿਸ ਕਾਰਨ ਉਸ ਦੀ ਮਾਂ ਵੀ ਸਦਮੇ ਵਿੱਚ ਚਲੀ ਗਈ ਸੀ। ਸਾਰੇ ਘਰ ਦੀ ਕਬੀਲਦਾਰੀ ਉਸ ਉੱਪਰ ਆ ਪਈ ਸੀ। ਜਿਸ ਕਾਰਨ ਉਹ ਪਹਿਲਾਂ ਥੋੜ੍ਹਾ ਥੋੜ੍ਹਾ ਗੈਰ ਹਾਜ਼ਰ ਹੁੰਦਾ ਗਿਆ ਸੀ। ਪਰ ਅੱਠਵੀਂ ਜਮਾਤ ਵਿੱਚ ਆ ਕੇ ਤਾਂ ਉਹ ਲਗਾਤਾਰ ਗੈਰ ਹਾਜ਼ਰ ਹੀ ਰਹਿਣ ਲੱਗ ਪਿਆ ਸੀ। ਅਸੀਂ ਦੋ ਚਾਰ ਵਾਰ ਮਿਲ ਕੇ ਉਸਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਕਿ, "ਤੂੰ ਭਾਈ ਸਕੂਲ ਆਇਆ ਕਰ ,ਪੜ੍ਹ ਲਿਖ ਕੇ ਕਿਸੇ ਕਿੱਤੇ ਲੱਗ ਜਾਵੇਗਾ। ਉਹ ਅੱਗੋਂ ਕੁਝ ਨਾ ਬੋਲਦਾ ਤੇ ਹਾਂ ਵਿੱਚ ਸਿਰ ਹਿਲਾਈ ਜਾਂਦਾ ਰਹਿੰਦਾ ਸੀ। ਪਰ ਪਿਛਲੇ ਕੁਝ ਸਮੇਂ ਤੋਂ ਹੁਣ ਤਾਂ ਉਸ ਦਾ ਇੱਕੋ ਹੀ ਜਵਾਬ ਹੁੰਦਾ ਕਿ,"ਸਰ ਜੀ ਮੈਂ ਨਹੀਂ ਸਕੂਲੇ ਆਉਣਾ ਮੈਂ ਤਾਂ ਹੁਣ ਬੱਕਰੀਆਂ ਚਾਰਿਆ ਕਰਾਂਗਾ"। ਅਸੀਂ ਉਸ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕਰਦੇ ਪਰ ਉਹ ਟੱਸ ਤੋਂ ਮੱਸ ਨਾ ਹੁੰਦਾ ਤੇ ਹਮੇਸ਼ਾ ਸਾਡੇ ਤੋਂ ਘੇਸਲ ਵੱਟ ਜਾਂਦਾ ਸੀ। ਸਗੋਂ ਹੁਣ ਤਾਂ ਉਹ ਸਾਨੂੰ ਵੇਖ ਕੇ ਲੁਕਣ ਹੀ ਲੱਗ ਪਿਆ ਸੀ। ਸਾਡੇ ਕੋਲੋਂ ਹੁਣ ਜਦ ਕਦੇ ਵੀ ਉੱਪਰੋਂ ਵਿਭਾਗ ਨੇ ਬੱਚਿਆਂ ਦੀ ਗਿਣਤੀ ਸੰਬੰਧੀ ਕਿਸੇ ਪ੍ਰਕਾਰ ਦਾ ਰਿਕਾਰਡ ਮੰਗਿਆ ਜਾਂਦਾ ਸੀ ਤਾਂ ਅਸੀਂ ਉਸਨੂੰ ਲੰਬੇ ਸਮੇਂ ਤੋਂ ਗ਼ੈਰ ਹਾਜ਼ਰ ਲਿਖ ਕੇ ਭੇਜ ਦਿੰਦੇ ਸੀ। ਪਰ ਅੱਠਵੀਂ ਦੇ ਸਲਾਨਾ ਪੇਪਰ ਨੇੜੇ ਆਉਣ ਕਰਕੇ ਸਾਡੇ ਲਈ ਇੱਕ ਵਾਰ ਫਿਰ ਤੋਂ ਸੰਕਟ ਖੜ੍ਹਾ ਹੋ ਗਿਆ ਸੀ ਕਿਉਂਕਿ ਬੋਰਡ ਦੇ ਪੇਪਰ ਹੋਣ ਕਾਰਨ ਇਹ ਲਾਗਲੇ ਪਿੰਡ ਦੇ ਸਕੂਲ ਵਿੱਚ ਹੋਣੇ ਸਨ। ਅਸੀਂ ਨਹੀਂ ਚਾਹੁੰਦੇ ਸੀ ਕਿ ਕੋਈ ਵੀ ਬੱਚਾ ਇਹਨਾਂ ਪੇਪਰਾਂ ਵਿੱਚ ਗ਼ੈਰ ਹਾਜ਼ਰ ਹੋਵੇ ਕਿਉਂਕਿ ਫਿਰ ਵਿਭਾਗ ਵੱਲੋਂ ਸੌ ਤਰ੍ਹਾਂ ਦੀ ਜਵਾਬ ਤਲਬੀ ਕੀਤੀ ਜਾਂਦੀ ਹੈ ਕਿ ਬੱਚਾ ਗੈਰ ਹਾਜ਼ਰ ਕਿਉਂ ਹੈ? ਇਸ ਤਰ੍ਹਾਂ ਅਸੀਂ ਇੱਕ ਵਾਰ ਫਿਰ ਉਸ ਦੇ ਘਰ ਵੱਲ ਚੱਲ ਪਏ ਸੀ ਤੇ ਦੋ ਚਾਰ ਗੇੜਿਆਂ ਮਗਰੋਂ ਅਸੀਂ ਉਸਨੂੰ ਮਿਲਣ ਵਿੱਚ ਕਾਮਯਾਬ ਵੀ ਹੋ ਗਏ ਸੀ। ਲੰਬੀ ਜਦੋਜਹਿਦ ਮਗਰੋਂ ਅਸੀਂ ਉਸਨੂੰ ਪੇਪਰ ਦੇਣ ਲਈ ਰਾਜ਼ੀ ਕਰ ਲਿਆ ਸੀ। ਅਸੀਂ ਉਸਨੂੰ ਇਹ ਵੀ ਕਹਿ ਦਿੱਤਾ ਸੀ ਕਿ ਅਸੀਂ ਆਪੇ ਤੈਨੂੰ ਲੈ ਕੇ ਜਾਇਆ ਕਰਾਂਗੇ ਤੇ ਲੈ ਕੇ ਆਇਆ ਕਰਾਂਗੇ। ਤੈਨੂੰ ਜਿੰਨਾ ਕੁ ਪੇਪਰ ਆਉਂਦਾ ਹੋਇਆ ਕਰੇਗਾ ਬੱਸ ਤੂੰ ਕਰ ਦਿਆ ਕਰੀਂ।ਇਸ ਤਰ੍ਹਾਂ ਕਰਦੇ ਕਰਾਉਂਦੇ ਪਹਿਲੇ ਪੇਪਰ ਦਾ ਦਿਨ ਵੀ ਆ ਗਿਆ ਸੀ।ਸਵੇਰ ਦੇ ਲਗਾਏ ਦੋ ਗੇੜਿਆਂ ਤੋਂ ਬਾਅਦ ਆਖ਼ਰ ਅਸੀਂ ਉਸ ਨੂੰ ਸਕੂਲ ਵਿੱਚ ਲੈ ਆਏ ਸੀ। ਤੇ ਫਿਰ ਜਲਦੀ ਨਾਲ ਸਾਰੀ ਜਮਾਤ ਸਮੇਤ ਉਸਨੂੰ ਲਾਗਲੇ ਪਿੰਡ ਪੇਪਰ ਦਿਵਾਉਣ ਲਈ ਚਲੇ ਗਏ ਸੀ। ਜਦੋਂ ਉਹ ਪਹਿਲੇ ਪੇਪਰ ਵਿੱਚ ਬੈਠਿਆਂ ਸੀ ਤਾਂ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਸੀ। ਅਸੀਂ ਇੰਝ ਮਹਿਸੂਸ ਕਰ ਰਹੇ ਸੀ ਕਿ ਜਿਵੇਂ ਸਾਨੂੰ ਸੰਜੀਵਨੀ ਬੂਟੀ ਮਿਲ ਗਈ ਹੋਵੇ। ਉਸਨੂੰ ਪੇਪਰ ਵਿੱਚ ਬਿਠਾਉਣ ਮਗਰੋਂ ਅਸੀਂ ਸਕੂਲ ਵਿੱਚ ਆ ਕੇ ਕਿੰਨਾ ਚਿਰ ਉਸ ਦੀਆਂ ਤੇ ਉਸਦੇ ਪਰਿਵਾਰ ਦੀਆਂ ਗੱਲਾਂ ਕਰਦੇ ਰਹੇ ਸੀ। ਫਿਰ ਜਦ ਪੇਪਰ ਖ਼ਤਮ ਹੋਣ ਦਾ ਟਾਈਮ ਹੋਇਆ ਤਾਂ ਮੈਂ ਬੱਚਿਆਂ ਨੂੰ ਲੈਣ ਚਲਾ ਗਿਆ ਸੀ। ਪੇਪਰ ਖ਼ਤਮ ਹੋਇਆ ਤਾਂ ਸਾਰੇ ਬੱਚੇ ਸਕੂਲ ਵਿੱਚੋਂ ਬਾਹਰ ਆ ਰਹੇ ਸਨ ਤੇ ਉਹ ਵੀ ਉਹਨਾਂ ਵਿਚਕਾਰ ਤੁਰਿਆ ਆ ਰਿਹਾ ਸੀ। ਮੈਂ ਸਕੂਲ ਦੇ ਗੇਟ ਤੇ ਖੜ੍ਹਾ ਉਹਨਾਂ ਦੀ ਹੀ ਉਡੀਕ ਕਰ ਰਿਹਾ ਸੀ। ਸਾਰੇ ਬੱਚੇ ਮੈਨੂੰ ਵੇਖ ਕੇ ਭੱਜ ਕੇ ਮੇਰੇ ਕੋਲ ਆ ਗੲੇ ਸਨ। ਮੇਰੀ ਉਤਸੁਕਤਾ ਤਾਂ ਉਸ ਬੱਚੇ ਵਿੱਚ ਬਣੀ ਹੋਈ ਸੀ ਤੇ ਜਲਦੀ ਜਲਦੀ ਉਸ ਤੋਂ ਪੁੱਛਣਾ ਚਾਹੁੰਦਾ ਸੀ ਕਿ ਤੇਰਾ ਪੇਪਰ ਕਿਹੋ ਜਿਹਾ ਹੋਇਆ? ਮੈਂ ਸਾਰਿਆਂ ਬੱਚਿਆਂ ਨੂੰ ਲੈ ਕੇ ਪਿੰਡ ਦੇ ਬੱਸ ਅੱਡੇ ਵੱਲ ਨੂੰ ਤੁਰ ਪਿਆ ਸੀ। ਸਕੂਲ ਦੇ ਨਾਲ ਹੀ ਖੁੱਲ੍ਹਾ ਮੈਦਾਨ ਪਿਆ ਸੀ ਤੇ ਜਿੱਥੇ ਕੁਝ ਦਿਨ ਪਹਿਲਾਂ ਹੋਈ ਬਾਰਿਸ਼ ਕਰਕੇ ਹਰਾ ਹਰਾ ਘਾਹ ਲਹਿ ਲਹਾ ਰਿਹਾ ਸੀ।ਪਰ ਮੇਰੇ ਪੇਪਰ ਬਾਰੇ ਪੁੱਛਣ ਤੋਂ ਪਹਿਲਾਂ ਹੀ ਉਸ ਨੇ ਆਪਣੇ ਨਾਲ ਵਾਲੇ  ਮੁੰਡੇ ਦੇ ਕੂਹਣੀ ਮਾਰ ਕੇ ਕਿਹਾ,"ਵੇਖ ਉਏ ਕਿੰਨਾ ਹਰਾ ਹਰਾ ਘਾਹ ਹੈ ਇੱਥੇ,ਜੇ ਕਿਤੇ ਇੱਥੇ ਬੱਕਰੀਆਂ ਚਾਰਨੀਆਂ ਹੋਣ ਤਾਂ ਨਜ਼ਾਰਾ ਆ ਜਾਵੇ"।ਉਸ ਮੂੰਹੋਂ ਇਹ ਸ਼ਬਦ ਸੁਣ ਕੇ ਮੈਂ ਡੌਰ ਭੋਰ ਜਿਹਾ ਹੋ ਗਿਆ ਸੀ। ਮੇਰੀ ਹਿੰਮਤ ਨਾ ਪਈ ਕਿ ਮੈਂ ਉਸ ਕੋਲੋਂ ਉਸ ਦੇ ਪੇਪਰ ਬਾਰੇ ਪੁੱਛ ਸਕਾ। ਇਸ ਤੋਂ ਇਲਾਵਾ ਕਿੰਨੇ ਹੋਰ ਸਵਾਲ ਸਨ ਜੋ ਮੇਰੇ ਸੰਘ ਵਿੱਚ ਅੜ ਕੇ ਰਹਿ ਗਏ ਸਨ ਤੇ ਮੈਂ ਚਾਹੁੰਦਾ ਹੋਇਆ ਵੀ ਕੁਝ ਬੋਲ ਨਹੀਂ ਸਕਿਆ ਸੀ। ਮੈਂ ਚੁੱਪ ਚਾਪ ਸਾਰੇ ਬੱਚਿਆਂ ਨੂੰ ਲੈ ਕੇ ਬੱਸ ਅੱਡੇ ਵੱਲ ਵਧ ਰਿਹਾ ਸੀ।

                  ਮਨਜੀਤ ਮਾਨ

            ਪਿੰਡ ਸਾਹਨੇਵਾਲੀ (ਮਾਨਸਾ)

Have something to say? Post your comment