Sunday, June 16, 2019
FOLLOW US ON

Article

ਮੇਰੀ ਵੋਟ, ਮੇਰੀ ਚੋਣ // ਰੂਹੀ ਸਿੰਘ

April 10, 2019 09:00 PM
 
 
                 ਵੋਟ ਕੀਮਤੀ ਸਾਡੀ, ਕਦੇ ਨਾ ਵੇਚਾਂਗੇ। 
                 ਨਸ਼ਿਆਂ ਸਾਹਵੇਂ ਗੋਡੇ, ਮੂਲ ਨਾ ਟੇਕਾਂਗੇ।
 
          ਰਾਜਨੀਤੀ ਤੋਂ ਜਾਣੂ ਲੋਕ ਵਿਸ਼ੇਸ਼ ਕਰਕੇ ਅਤੇ ਸਾਧਾਰਨ ਲੋਕੀਂ ਆਮ ਕਰਕੇ ਇਸ ਤੱਥ ਤੋਂ ਭਲੀਭਾਂਤ ਪਰਿਚਿਤ ਹਨ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ਲੋਕਤੰਤਰ ਦਾ ਅਰਥ ਹੈ ਉਹ ਰਾਜ, ਜੋ- "ਲੋਕਾਂ ਵੱਲੋਂ, ਲੋਕਾਂ ਲਈ ਅਤੇ ਲੋਕਾਂ ਦੁਆਰਾ ਚਲਾਇਆ ਜਾਂਦਾ ਹੈ।" ਇੱਥੇ ਸਭ ਤੋਂ ਪਹਿਲੀਆਂ ਆਮ ਚੋਣਾਂ 1952 ਵਿੱਚ ਕਰਵਾਈਆਂ ਗਈਆਂ ਸਨ, ਜਿਨ੍ਹਾਂ ਵਿੱਚ ਸਧਾਰਨ ਅਤੇ ਵਿਸ਼ੇਸ਼, ਹਰ ਕਿਸਮ ਦੇ ਵਿਅਕਤੀ ਨੇ ਵੱਧ- ਚੜ੍ਹ ਕੇ ਹਿੱਸਾ ਲਿਆ ਸੀ। ਇਹ ਉਹ ਲੋਕ ਸਨ, ਜੋ ਸਦੀਆਂ ਤੋਂ ਗੁਲਾਮੀ ਦੇ ਬੰਧਨਾਂ ਵਿੱਚ ਜਕੜੇ ਹੋਏ ਸਨ। ਇਨ੍ਹਾਂ ਲੋਕਾਂ ਨੂੰ ਇੱਕ ਲੰਮੇ ਸਮੇਂ ਤੋਂ ਆਪਣੇ ਸਥਾਪਤ ਕੀਤੇ ਹੋਏ ਰਾਜ ਦੀ ਉਡੀਕ ਸੀ। 
        ਹੁਣ ਤੱਕ ਸੋਲਾਂ ਵਾਰ ਲੋਕ ਸਭਾ ਦੀ ਚੋਣ ਹੋ ਚੁੱਕੀ ਹੈ। ਇਸ ਵਾਰ ਸਤਾਰ੍ਹਵੀਂ ਲੋਕ ਸਭਾ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਵਾਰ ਇਹ ਲੋਕ ਸਭਾ ਚੋਣਾਂ ਸੱਤ ਪੜਾਵਾਂ ਵਿੱਚ ਹੋ ਰਹੀਆਂ ਹਨ। ਪਹਿਲੇ ਗੇੜ ਦੀਆਂ ਵੋਟਾਂ 11 ਅਪਰੈਲ ਨੂੰ, ਦੂਜੇ ਲਈ 18 ਅਪਰੈਲ ਨੂੰ, ਤੀਜੇ ਲਈ 23 ਅਪਰੈਲ ਨੂੰ,ਚੌਥੇ ਲਈ 29 ਅਪਰੈਲ ਨੂੰ, ਪੰਜਵੇਂ ਲਈ 6 ਮਈ ਨੂੰ, ਛੇਵੇਂ ਲਈ 12 ਮਈ ਨੂੰ ਅਤੇ ਅੰਤ ਸੱਤਵੇਂ ਲਈ 19 ਮਈ ਨੂੰ ਵੋਟਾਂ ਪੈਣਗੀਆਂ। ਪੰਜਾਬ ਵਿੱਚ ਚੋਣਾਂ ਸੱਤਵੇਂ ਗੇੜ ਵਿੱਚ, ਯਾਨੀ 19 ਮਈ ਨੂੰ ਪੈਣਗੀਆਂ ਤੇ ਇੱਕ ਹੀ ਗੇੜ ਵਿੱਚ ਸਾਰੀਆਂ ਦੀਆਂ ਸਾਰੀਆਂ ਤੇਰਾਂ ਸੀਟਾਂ ਉੱਤੇ ਪੋਲਿੰਗ ਹੋਵੇਗੀ। ਪੰਜਾਬ ਦੇ ਨਾਲ- ਨਾਲ ਚੰਡੀਗੜ੍ਹ ਵਿੱਚ ਵੀ ਇਸੇ ਦਿਨ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।
     ਸਾਡੇ ਦੇਸ਼ ਦਾ ਵੋਟਰ ਅਜੇ ਤੱਕ ਵੀ ਅੱਧ ਸੁੱਤਾ ਜਿਹਾ ਹੀ ਹੈ। ਸਾਨੂੰ ਜਾਗਰੂਕ ਅਤੇ ਚੇਤੰਨ ਹੋ ਕੇ ਆਪਣੀ ਵੋਟ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਅਸੀਂ ਸਾਰੇ ਹੀ ਆਪਣੀ ਜ਼ਿੰਦਗੀ ਵਿੱਚ ਆਪਣੀ ਇੱਛਾ ਅਨੁਸਾਰ ਹਰ ਚੀਜ਼ ਦੀ ਚੋਣ ਕਰਦੇ ਹਾਂ। ਉਦਾਹਰਨ ਵਜੋਂ ਜੇ ਅਸੀਂ ਬੱਸ ਜਾਂ ਗੱਡੀ ਦਾ ਸਫ਼ਰ ਕਰਦੇ ਹਾਂ ਤਾਂ ਪਹਿਲਾਂ ਆਪਣੀ ਮਨਪਸੰਦ ਸੀਟ ਲੱਭਦੇ ਹਾਂ। ਕਿਉਂਕਿ ਕਿਸੇ ਨੂੰ ਸ਼ੀਸ਼ੇ ਦੇ ਨਾਲ ਵਾਲੀ ਸੀਟ ਪਸੰਦ ਹੁੰਦੀ ਹੈ, ਕੋਈ ਸਭ ਤੋਂ ਮੂਹਰਲੀ ਸੀਟ ਤੇ ਬੈਠਣਾ ਪਸੰਦ ਕਰਦਾ ਹੈ ਤੇ ਕੋਈ ਨਾ ਬਹੁਤਾ ਅੱਗੇ ਤੇ ਨਾ ਬਹੁਤਾ ਪਿੱਛੇ- ਵਿਚਕਾਰ ਜਿਹੇ ਬੈਠਣਾ ਚਾਹੁੰਦਾ ਹੈ। ਇਸੇ ਪ੍ਰਕਾਰ ਕੱਪੜਾ ਖਰੀਦਦੇ ਸਮੇਂ ਰੰਗ ਤੇ ਕਿਸਮ ਦੀ ਚੋਣ, ਸਬਜ਼ੀ ਖਰੀਦਣ ਸਮੇਂ ਆਪਣੀ ਮਨ ਭਾਉਂਦੀ ਸਬਜ਼ੀ ਦੀ ਚੋਣ, ਜਾਂ ਬੱਚਿਆਂ ਲਈ ਸਕੂਲ ਬੈਗ ਖਰੀਦਣ ਦੀ ਚੋਣ। ਮੈਨੂੰ ਜਾਪਦਾ ਹੈ ਕਿ ਮੇਰੇ ਵਰਗੇ ਵਿਦਿਆਰਥੀ ਮੇਰੀਆਂ ਇਨ੍ਹਾਂ ਗੱਲਾਂ ਨਾਲ ਜ਼ਰੂਰ ਇੱਕ ਮੱਤ ਹੋਣਗੇ। 
         ਇਸੇ ਹੀ ਸਮੇਂ ਮੈਨੂੰ ਪੰਜਾਬੀ ਦੇ ਇੱਕ ਕ੍ਰਾਂਤੀਕਾਰੀ ਕਵੀ ਪਾਸ਼ ਦੀ ਇੱਕ ਕਵਿਤਾ ਚੇਤੇ ਆ ਰਹੀ ਹੈ, ਜਿਸ ਦਾ ਸਿਰਲੇਖ ਹੈ "ਸਭ ਤੋਂ ਖਤਰਨਾਕ।" ਇਸ ਕਵਿਤਾ ਦੀਆਂ ਕੁਝ ਪੰਕਤੀਆਂ ਹਨ: 
             ਸਭ ਤੋਂ ਖ਼ਤਰਨਾਕ ਉਹ ਚੰਨ ਹੁੰਦਾ ਹੈ 
             ਜੋ ਰੋਜ਼ ਸਾਡੇ ਬਨੇਰਿਆਂ ਤੇ ਚੜ੍ਹਦਾ ਹੈ 
             ਪਰ ਸਾਡੀਆਂ ਅੱਖਾਂ ਨੂੰ 
             ਮਿਰਚਾਂ ਵਾਂਗ ਨਹੀਂ ਲੜਦਾ ਹੈ। 
             ਸਭ ਤੋਂ ਖ਼ਤਰਨਾਕ ਉਹ ਅੱਖ ਹੁੰਦੀ ਹੈ 
             ਜੋ ਸਭ ਕੁਝ ਦੇਖਦੀ ਹੋਈ ਵੀ 
             ਠੰਢੀ ਯੱਖ਼ ਹੁੰਦੀ ਹੈ।
         ਇਨ੍ਹਾਂ ਪੰਕਤੀਆਂ ਦਾ ਸਿੱਧਾ- ਸਾਦਾ ਜਿਹਾ ਅਰਥ ਇਹ ਹੈ ਕਿ ਅਸੀਂ ਸਭ ਕੁਝ ਜਾਣਦੇ ਹੋਏ ਵੀ ਅਣਜਾਣ ਬਣੇ ਰਹਿੰਦੇ ਹਾਂ। 
         ਸਾਡੇ ਦੇਸ਼ ਵਿੱਚ ਨਿੱਕੀਆਂ- ਵੱਡੀਆਂ ਬਹੁਤ ਸਾਰੀਆਂ ਪਾਰਟੀਆਂ ਜਾਂ ਦਲ ਹਨ, ਜਿਨ੍ਹਾਂ ਵਿੱਚ ਕੁਝ ਰਾਸ਼ਟਰੀ ਹਨ ਅਤੇ ਕੁਝ ਖੇਤਰੀ।  ਇਹ ਪਾਰਟੀਆਂ/ ਦਲ ਲੋਕਾਂ ਨੂੰ ਵੱਖ- ਵੱਖ ਤਰ੍ਹਾਂ ਦੇ ਲਾਲਚ ਦੇ ਕੇ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਵੋਟਰ ਕੁਝ ਤਾਂ ਅਗਿਆਨਤਾ-ਵੱਸ ਅਤੇ ਕੁਝ ਲਾਲਚ-ਵੱਸ ਅੱਖਾਂ ਮੀਚ ਕੇ ਉਨ੍ਹਾਂ ਦੇ ਪਿੱਛੇ ਲੱਗ ਤੁਰਦਾ ਹੈ। ਉਹ ਆਪ ਤਾਂ ਡੁੱਬਦਾ ਹੀ ਹੈ, ਆਪਣੇ ਪਰਿਵਾਰ ਅਤੇ ਜਾਣ- ਪਛਾਣ ਵਾਲਿਆਂ ਨੂੰ ਵੀ ਆਪਣੀ ਜਾਂ ਪਾਰਟੀ ਦੀ ਗੱਲ ਮਨਵਾਉਣ ਲਈ ਜ਼ੋਰ ਦਿੰਦਾ ਹੈ। ਇੱਥੇ ਸਾਡੀ ਜਾਗਰੂਕਤਾ ਜਾਂ ਚੇਤਨਤਾ ਸਾਡੇ ਤੋਂ ਮੰਗ ਕਰਦੀ ਹੈ ਕਿ ਅਸੀਂ ਕਿਸੇ ਦੇ ਪਿਛਲੱਗ ਬਣ ਕੇ ਜਾਂ ਆਪਣੀ ਮੱਤ ਤੇ ਹੋਸ਼ ਤਿਆਗ ਕੇ ਬਿਨਾਂ ਸੋਚੇ ਵਿਚਾਰੇ ਆਪਣੀ ਕੀਮਤੀ ਵੋਟ ਨੂੰ ਨਾ ਗਵਾਈਏ ਅਤੇ ਇਸ ਦੀ ਸੁਯੋਗ ਵਰਤੋਂ ਕਰੀਏ। ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਪਾਰਟੀ ਜਾਂ ਸ਼ਖਸੀਅਤ ਨੂੰ ਤਰਜੀਹ ਨਾ ਦੇ ਕੇ ਚੰਗੇ ਅਤੇ ਇਮਾਨਦਾਰ ਵਿਅਕਤੀ ਦੀ ਚੋਣ ਕਰੀਏ। 
        ਦੁਨੀਆਂ ਦੇ ਇਸ ਸਭ ਤੋਂ ਵੱਡੇ ਲੋਕਤੰਤਰ ਵਿੱਚ ਸਾਨੂੰ ਸੁਤੰਤਰ ਹੋ ਕੇ ਜੀਣਾ ਚਾਹੀਦਾ ਹੈ, ਨਾ ਕਿ ਪਰਤੰਤਰ ਹੋ ਕੇ। ਜਗਤ- ਗੁਰੂ, ਬਾਬਾ ਨਾਨਕ ਜੀ (1469-1539) ਇਸ ਪ੍ਰਥਾਏ ਸਾਨੂੰ ਚੇਤੰਨ ਕਰਦੇ ਹੋਏ ਸਮਝਾਉਂਦੇ ਹਨ:
           ਜੇ ਜੀਵੈ ਪਤਿ ਲਥੀ ਜਾਇ॥
           ਸਭੁ ਹਰਾਮੁ ਜੇਤਾ ਕਿਛੁ ਖਾਇ॥   (142)
ਇਸੇ ਹੀ ਪ੍ਰਸੰਗ ਵਿੱਚ ਪੰਜਾਬੀ ਦੇ ਆਧੁਨਿਕ ਕਵੀ ਭਾਈ ਵੀਰ ਸਿੰਘ (1872-1957) ਨੇ ਲੋਕਤਾਂਤਰਿਕ ਪ੍ਰਕਿਰਿਆ ਦੀ ਪੁਨਰ- ਵਿਆਖਿਆ ਕਰਦਿਆਂ ਲਿਖਿਆ ਹੈ: 
            ਸਾਨੂੰ ਰੱਖ ਸੁਤੰਤਰ ਦਾਤੇ,
            ਬੰਦੀ ਸਾਥੋਂ ਦੂਰ ਰਹੇ।
            ਪਰਤੰਤਰ ਨਾ ਕਦੇ ਕਰਾਵੀਂ
            ਖੁੱਲ੍ਹ ਦਾ ਸਦਾ ਸ਼ਊਰ ਰਹੇ। 
ਇਸ ਖੁੱਲ੍ਹ ਜਾਂ ਸੁਤੰਤਰਤਾ ਨੂੰ ਅਸੀਂ ਤਾਂ ਹੀ ਚੰਗੀ ਤਰ੍ਹਾਂ ਮਾਣ ਸਕਾਂਗੇ ਜੇ ਅਸੀਂ ਆਪਣੇ ਮਨਪਸੰਦ ਅਤੇ ਚੰਗੇ/ ਇਮਾਨਦਾਰ ਉਮੀਦਵਾਰ ਦੀ ਚੋਣ ਕਰਾਂਗੇ। 
         ਪੰਜਾਬ ਵਾਸੀ ਪਹਿਲਾਂ ਹੀ ਕਈ ਤਰ੍ਹਾਂ ਦੇ ਬੰਧਨਾਂ ਵਿਚ ਜਕੜੇ ਹੋਏ ਹਨ। ਜਿਵੇਂ ਨਸ਼ਾ, ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਬੇਰੁਜ਼ਗਾਰੀ ਆਦਿ। ਇਨ੍ਹਾਂ ਤੋਂ ਨਿਜਾਤ ਪਾਉਣ ਲਈ ਸਾਨੂੰ ਇਸ ਲੋਕ ਸਭਾ ਚੋਣਾਂ ਵਿੱਚ ਬਿਨਾਂ ਕਿਸੇ ਲੋਭ- ਲਾਲਚ ਜਾਂ ਡਰ- ਭੈ ਤੋਂ ਆਪਣੀ ਜ਼ਮੀਰ ਦੀ ਆਵਾਜ਼ ਪਹਿਚਾਣਦੇ ਹੋਏ ਸੱਚੇ, ਸੁੱਚੇ ਤੇ ਇਮਾਨਦਾਰ ਵਿਅਕਤੀ ਨੂੰ ਦੇਸ਼ ਦੇ ਹਿੱਤਾਂ ਦੀ ਰਾਖੀ ਲਈ ਚੁਣਨਾ ਚਾਹੀਦਾ ਹੈ: 
          ਵੋਟਰ ਸਾਰੇ ਦੇਸ਼ ਦੇ, ਹੋ ਜਾਵਣ ਸਾਵਧਾਨ
          ਬਣੇ ਕਦੇ ਨਾ ਦੇਸ਼ ਫਿਰ, ਜੋਕਾਂ ਦਾ ਗੁਲਾਮ।
          ਯੁਵਾ ਵੋਟਰਾਂ ਨੂੰ ਮੇਰਾ, ਬੱਸ ਇਹੋ ਹੈ ਸੰਦੇਸ਼
          ਸੱਚਾ ਲੋਕਤੰਤਰ ਫਿਰ ਬਣੇ, ਭਾਰਤ ਦੇਸ਼ ਮਹਾਨ।
 
  ਬੀ. ਏ. (ਆਨਰਜ਼) ਅੰਗਰੇਜ਼ੀ, ਅਕਾਲ ਯੂਨੀਵਰਸਿਟੀ,
 ਤਲਵੰਡੀ ਸਾਬੋ-151302.(ਬਠਿੰਡਾ) 8427092318.  
Have something to say? Post your comment