Sunday, June 16, 2019
FOLLOW US ON

Poem

ਤਲਵੰਡੀ ਸਾਬੋ ਦੀ ਵਿਸਾਖੀ ~ ਪ੍ਰੋ. ਨਵ ਸੰਗੀਤ ਸਿੰਘ

April 10, 2019 09:01 PM
 
 
ਆਈ ਹੈ ਵਿਸਾਖੀ ਤਲਵੰਡੀ ਚੱਲੀਏ 
ਦੋਸਤਾਂ, ਯਾਰਾਂ ਨੂੰ ਵੀ ਸੁਨੇਹੇ ਘੱਲੀਏ।
 
ਏਥੇ ਆਏ ਸਨ ਸਾਡੇ ਦਸਮ ਪਿਤਾ 
ਗੁਰੂ ਗ੍ਰੰਥ ਸਾਰਾ ਉਨ੍ਹਾਂ ਦਿੱਤਾ ਸੀ ਲਿਖਾ।
 
ਬਚੀ ਹੋਈ ਸਿਆਹੀ ਨਾਲ਼ੇ ਸਭ ਕਲਮਾਂ
ਪਾਣੀ ਵਿੱਚ ਸਾਰਾ ਕੁਝ ਦਿੱਤਾ ਸੀ ਵਹਾਅ।
 
'ਗੁਰੂ ਕਾਸ਼ੀ' ਬਣੂੰ ਇਹ ਦਿੱਤਾ ਵਰਦਾਨ 
ਬਣਨਗੇ ਕਵੀ ਨਾਲ਼ੇ ਲੇਖਕ ਮਹਾਨ।
 
ਸ਼ਰਧਾ ਦੇ ਨਾਲ਼ ਜਿਹੜਾ ਗੁਰੂ ਨੂੰ ਧਿਆਵੇ
ਮਨ- ਮੰਗੀਆਂ ਮੁਰਾਦਾਂ ਸਾਰੀਆਂ ਉਹ ਪਾਵੇ।
 
ਹਰ ਸਾਲ ਏਥੇ ਮੇਲਾ ਲੱਗਦਾ ਹੈ ਭਾਰੀ
ਦੂਰੋਂ ਦੂਰੋਂ ਆਉਣ ਲੋਕੀਂ ਖਿੱਚ ਕੇ ਤਿਆਰੀ।
 
ਮੇਲੇ ਵਿੱਚ ਛੋਟੇ- ਵੱਡੇ ਝੂਟਦੇ ਚੰਡੋਲਾਂ 
ਹੱਸਦੇ ਤੇ ਗਾਉਂਦੇ ਨਾਲ਼ੇ ਕਰਦੇ ਕਲੋਲਾਂ।
 
ਕਈ ਥਾੲੀਂ ਮੇਲੇ ਵਿੱਚ ਲੱਗਣ ਨੁਮਾਇਸ਼ਾਂ
ਬੱਚੇ ਕਰਦੇ ਨੇ ਅੱਡ-ਅੱਡ ਫ਼ਰਮਾਇਸ਼ਾਂ।
 
ਅੱਡੋ- ਅੱਡ 'ਕੱਠ ਕਰੇ ਹਰ ਪਾਰਟੀ 
ਕਹਿਣ ਦੂਜੇ ਤਾਈਂ ਥੋਨੂੰ ਜਾਣਦੇ ਅਸੀਂ।
 
ਦੂਰ ਪਰ੍ਹੇ ਇੱਕ ਪਾਸੇ ਢੋਲ ਵੱਜਿਆ
ਜਾਪਦਾ ਹੈ ਸਾਰਾ ਮੇਲਾ ਉੱਥੇ ਲੱਗਿਆ।
 
ਵਿਕਦੇ ਪਕੌੜੇ ਵਿੱਚ ਬਣੇ ਤੇਲ ਦੇ 
'ਰੂਹੀ' ਖਾਵੇ ਮਜ਼ੇ ਨਾਲ ਕਈ ਮੇਲ ਦੇ।
 
ਆਖਦਾ 'ਸ਼ਗਨ': ਮੈਂ ਲੰਗਰ ਛਕਣਾ 
ਭੁੱਖੇ ਢਿੱਡ ਰਹਿ ਕੇ ਨਹੀਂਓਂ ਮੇਲਾ ਵੇਖਣਾ।
 
ਹੁਣ ਹਰ ਸਾਲ ਤਲਵੰਡੀ ਜਾਵਾਂਗੇ 
'ਨਵ-ਦੀਪ' ਨਾਲ਼ ਹੀ ਮੇਲਾ ਮਨਾਵਾਂਗੇ।
 
ਹਰ ਵੇਲੇ ਪ੍ਰਭੂ ਆਪਣਾ ਧਿਆਈਏ ਜੀ
ਮੇਲਿਆਂ ਨੂੰ ਨਾਲ਼ ਸ਼ਰਧਾ ਮਨਾਈਏ ਜੀ। 
 
Have something to say? Post your comment