Article

'ਬਲੈਕੀਆਂ' ਬੀਤੇ ਸਮੇਂ ਦੇ ਸੱਚ ਦੀ ਕਹਾਣੀ ਹੈ- 'ਵਿਵੇਕ ਓਹਰੀ'

April 10, 2019 09:19 PM

'ਬਲੈਕੀਆਂ' ਬੀਤੇ ਸਮੇਂ ਦੇ ਸੱਚ ਦੀ ਕਹਾਣੀ ਹੈ- 'ਵਿਵੇਕ ਓਹਰੀ'
ਵਿਵੇਕ ਓਹਰੀ ਪੰਜਾਬੀ ਫ਼ਿਲਮ ਸਨੱਅਤ ਨਾਲ ਜੁੜਿਆ ਇੱਕ ਤਜੱਰਬੇਕਾਰ ਵਿਤਰਕ ਹੀ ਨਹੀਂ ਬਲਕਿ ਪੰਜਾਬੀ ਸਿਨਮੇ ਦੀ ਝੋਲੀ ਮਨੋਰੰਜਨ ਅਤੇ ਅਰਥ ਭਰਪੂਰ ਫਿਲਮਾਂ ਪਾਉਣ ਵਾਲਾ ਇੱਕ ਸਫ਼ਲ ਨਿਰਮਾਤਾ ਵੀ ਹੈ। ਆਟੋਮੋਬਾਇਲ ਦੇ ਖੇਤਰ ਦਾ ਇਹ ਨਾਮੀਂ ਬਿਜਨਸਮੈਨ ਦਾ ਪੰਜਾਬੀ ਫਿਲਮਾਂ ਪ੍ਰਤੀ ਦਿਲੋਂ ਪਿਆਰ ਹੀ ਸੀ ਕਿ ਉਹ ਇਸ ਮਨੋਰਜਨ ਦੀ ਦੁਨੀਆਂ ਵੱਲ ਆ ਗਿਆ ਤੇ ਪਿਛਲੇ 10 ਸਾਲਾਂ ਤੋਂ ਉਹ ਬਤੌਰ ਨਿਰਮਾਤਾ ਅਤੇ ਫਿਲਮ ਡਿਸਟਰੀਬਿਊਟਰ ਇਸ ਖੇਤਰ ਵਿੱਚ ਸਰਗਰਮ ਹੈ। ਦਰਸ਼ਕਾ ਦੀ ਨਬਜ਼ ਟੋਹ ਕੇ ਫ਼ਿਲਮਾਂ ਬਣਾਉਣ ਵਾਲੇ ਵਿਵੇਕ ਓੁਹਰੀ ਨੂੰ ਮਾਣ ਹੈ ਕਿ ਉਸਨੇ ਪੰਜਾਬੀ ਫ਼ਿਲਮਾਂ ਦੇ ਨਾਮੀਂ ਕਲਾਕਾਰਾਂ ਨੂੰ ਲੈ ਕੇ 'ਮੇਲ ਕਰਾਦੇ ਰੱਬਾ, ਜੀਂਹਨੇ ਮੇਰਾ ਦਿਲ ਲੁੱਟਿਆ, ਯਾਰ ਅਨਮੁੱਲੇ, ਵਿਆਹ 70 ਕਿਲੋਮੀਟਰ, ਮੁਖਤਿਆਰ ਚੱਡਾ, ਸ਼ਰੀਕ, ਜਿੰਦੂਆ, ਡੰਗਰ ਡਾਕਟਰ', ਆਦਿ ਫ਼ਿਲਮਾਂ ਦਾ ਨਿਰਮਾਣ ਕੀਤਾ। ਅੱਜਕਲ ਵਿਵੇਕ ਆਪਣੀ ਓਹਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਮੌਜੂਦਾ ਸਿਨਮੇ ਦੇ ਐਕਸ਼ਨ ਹੀਰੋ ਦੇਵ ਖਰੋੜ ਤੇ ਇਹਾਨਾ ਢਿੱਲੋਂ ਦੀ ਰੁਮਾਂਟਿਕ ਜੋੜੀ ਵਾਲੀ ਐਕਸ਼ਨ ਫ਼ਿਲਮ 'ਬਲੈਕੀਆ' ਲੈ ਕੇ ਆ ਰਿਹਾ ਹੈ। 'ਬਲੈਕੀਆ' ਫ਼ਿਲਮ ਦਾ ਨਿਰਦੇਸ਼ਨ ਪੰਜਾਬੀ ਫ਼ਿਲਮਾਂ ਦੇ ਨਾਮੀਂ ਲੇਖਕ ਤੇ ਨਿਰਦੇਸ਼ਕ ਸੁਖਮੰਦਰ ਧੰਜਲ ਨੇ ਕੀਤਾ ਹੈ। 
ਵਿਵੇਕ ਓਹਰੀ ਨੇ ਦੱਸਿਆ ਕਿ ਇਹ ਫ਼ਿਲਮ 1970-75 ਦੇ ਜ਼ਮਾਨੇ ਦੀ ਫ਼ਿਲਮ ਹੈ ਪਰੰਤੂ ਇਸਦਾ ਵਿਸ਼ਾ ਪੰਜਾਬ ਦਾ ਪੁਰਾਤਨ ਕਲਚਰ, ਕੱਚੇ ਘਰ, ਜਾਂ ਬਲਦਾਂ ਦੇ ਗਲ਼ ਵੱਜਦੀਆਂ ਟੱਲੀਆਂ ਵਿਖਾਉਣਾ ਨਹੀਂ ਬਲਕਿ ਉਸ ਦੌਰ ਵਿੱਚ ਸਰਗਰਮ ਕੁਝ ਅਜਿਹੇ ਲੋਕਾ ਦੀ ਕਹਾਣੀ ਪੇਸ਼ ਕਰਨਾ ਹੈ ਜਿੰਨਾਂ ਦੇ ਖੌਫ਼ ਤੋਂ ਖਾਕੀ ਵਰਦੀਆਂ ਵਾਲੇ ਵੀ ਥਰ ਥਰ ਕੰਬਦੇ ਸੀ। ਨਵੀਂ ਜਨਰੇਸ਼ਨ ਬਲੈਕੀਆ ਦੇ ਅਰਥ ਨਹੀਂ ਜਾਣਦੀ ਹੋਵੇਗੀ ਕਿ ਇਹ ਕੌਣ ਹੁੰਦੇ ਸੀ ? ਜੋ ਇਸ ਫ਼ਿਲਮ ਦੀ ਕਹਾਣੀ ਦੱਸੇਗੀ । ਦੇਵ ਖਰੌੜ ਦਾ ਕੰਮ ਇਸ ਫ਼ਿਲਮ ਵਿੱਚ ਉਸਦੀਆਂ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹੀ ਅਲੱਗ ਨਜ਼ਰ ਆਵੇਗਾ। ਫਿਲਮ ਦੇ ਟਰੇਲਰ ਜ਼ਰੀਏ ਉਸਦੇ ਪ੍ਰਸ਼ੰਸਕਾਂ ਨੇ ਦੇਵ ਦੇ  ਇਸ ਨਵੇਂ ਅੰਦਾਜ਼ ਨੂੰ ਪਸੰਦ ਵੀ ਕੀਤਾ ਹੈ। ਇੱਕ ਗੱਲ ਹੋਰ ਇੱਕ ਪੀਰੀਅਡ ਫ਼ਿਲਮ ਹੋਣ ਕਰਕੇ ਸਮੇਂ ਦੀ ਹਰੇਕ ਗੱਲ ਨੂੰ ਧਿਆਨ 'ਚ ਰੱਖਦਿਆਂ ਉਸ ਵੇਲੇ ਦੀਆਂ ਕਾਰਾਂ, ਜੀਪਾਂ ਮੋਟਰਸਾਇਕਲ ਅਤੇ ਉਸ ਵੇਲੇ ਦੇ ਪਹਿਰਾਵੇ ਵੱਲ ਵਿਸ਼ੇਸ ਧਿਆਨ ਦਿੱਤਾ ਗਿਆ ਹੈ। ਫ਼ਿਲਮ ਦੀ ਕਹਾਣੀ ਐਕਸ਼ਨ ਦੇ ਨਾਲ ਨਾਲ ਕਾਮੇਡੀ ਅਤੇ ਰੁਮਾਂਸ ਦਾ ਹੀ ਹਿੱਸਾ ਹੈ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਫ਼ਿਲਮ ਦੀ ਨਾਇਕਾ ਇਹਾਨਾ ਢਿੱਲੋਂ ਹੈ। 'ਬਲੈਕੀਆ' 1975 ਦੇ ਸਮਿਆਂ ਦੀ ਕਹਾਣੀ ਹੈ ਜਦ ਸਰਹੱਦੀ ਖੇਤਰਾਂ ਵਿੱਚ ਸੋਨੇ, ਚਾਂਦੀ ਅਤੇ ਹੋਰ ਗੈਰ ਕਾਨੂੰਨੀ ਵਸਤਾਂ ਦੀ ਸਮੱਗਲਿੰਗ ਜ਼ੋਰਾਂ 'ਤੇ ਸੀ। ਇਸ ਫ਼ਿਲਮ ਦਾ ਨਾਇਕ ਵੀ ਇਸ ਧੰਦੇ ਦੀ ਦਲਦਲ ਵਿੱਚ ਧਸਿਆ ਹੋਇਆ ਹੈ, ਜਿੱਥੋ ਉਹ ਨਿੱਕਲਣਾ ਚਾਹੁੰਦਾ ਹੈ। ਫ਼ਿਲਮ ਦੀ ਕਹਾਣੀ ਦੇ ਵੱਖ ਵੱਖ ਪਹਿਲੂ ਹਨ ਜੋ ਕਾਮੇਡੀ,ਰੁਮਾਂਸ ਅਤੇ ਐਕਸ਼ਨ ਦੇ ਨਾਲ ਜੁੜੇ ਹੋਏ ਹਨ। 
ਇੰਦਰਪਾਲ ਸਿੰਘ ਦੀ ਲਿਖੀ ਕਹਾਣੀ ਡਾਇਲਾਗ ਤੇ ਪਟਕਥਾ ਅਧਾਰਤ ਇਸ ਫ਼ਿਲਮ ਵਿੱਚ ਦੇਵ ਖਰੌੜ, ਇਹਾਨਾ ਢਿੱਲੋਂ, ਆਸੀਸ ਦੁੱਗਲ, ਪ੍ਰਮੋਦ ਬੱਬੀ, ਰਾਣਾ ਜੰਗ ਬਹਾਦਰ, ਨਗਿੰਦਰ ਗੱਖੜ, ਸੰਜੂ ਸੰਲੌਕੀ,ਅਰਸ਼ ਹੁੰਦਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਜੈਦੇਵ ਕੁਮਾਰ, ਗੁਰਮੀਤ ਸਿੰਘ, ਦੇਸ਼ੀ ਕਰਿਊ, ਤੇ ਕੇ ਵੀ ਸਿੰਘ ਨੇ ਦਿੱਤਾ ਹੈ ਜੋ 'ਯੈਲੋ ਮਿਊਜਿਕ' ਵਲੋਂ ਰਿਲੀਜ਼ ਕੀਤਾ ਜਾਵੇਗਾ। ਫਿਲਮ ਦੇ ਗੀਤ ਗਿੱਲ ਰੌਤਾਂ, ਗੁਰਬਿੰਦਰ ਮਾਨ ਤੇ ਜੱਗੀ ਜੌੜਕੀਆਂ ਨੇ ਲਿਖੇ ਹਨ ਜਿੰਨਾ ਨੂੰ ਕਰਮਜੀਤ ਅਨਮੋਲ, ਮੰਨਤ ਨੂਰ,ਗੁਰਲੇਜ਼ ਅਖਤਰ ਤੇ ਹੇਮੰਤ ਸੰਧੂ ਨੇ ਆਵਾਜ਼ਾਂ ਦਿੱਤੀਆਂ ਹਨ।  ਪੀ ਟੀ ਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵਲੋਂ ਇਹ ਫ਼ਿਲਮ 3 ਮਈ ਨੂੰ ਰਿਲੀਜ਼ ਕੀਤਾ ਜਾਵੇਗਾ।      

 ਸੁਰਜੀਤ ਜੱਸਲ

Have something to say? Post your comment