Article

'ਮੁਕਲਾਵਾ' ਵਿੱਚ ਨਜ਼ਰ ਆਵੇਗੀ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਸਫ਼ਲ ਜੋੜੀ

April 11, 2019 09:42 PM

'ਮੁਕਲਾਵਾ' ਵਿੱਚ ਨਜ਼ਰ ਆਵੇਗੀ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਸਫ਼ਲ ਜੋੜੀ


ਪੰਜਾਬ ਦੀ ਨਾਮਵਰ ਫ਼ਿਲਮ ਨਿਰਮਾਣ ਤੇ ਡਿਸਟੀਬਿਊਸ਼ਨ ਕੰਪਨੀ 'ਵਾਈਟ ਹਿੱਲ ਸਟੂਡੀਓ' ਵੱਲੋਂ 'ਗ੍ਰੇ ਸਲੇਟ ਪਿਕਚਰਸ' ਦੇ ਸਹਿਯੋਗ ਨਾਲ ਬਣਾਈ ਗਈ ਪੰਜਾਬੀ ਫ਼ਿਲਮ 'ਮੁਕਲਾਵਾ' ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਸਫ਼ਲ ਜੋੜੀ ਨਜ਼ਰ ਆਵੇਗੀ। ਦੋਵੇਂ ਜਣੇ ਇਸ ਤੋਂ ਪਹਿਲਾਂ ਦੋ ਪੰਜਾਬੀ ਫ਼ਿਲਮਾਂ ਵਿੱਚ ਇੱਕਠੇ ਨਜ਼ਰ ਆ ਚੁੱਕੇ ਹਨ।  

24 ਮਈ ਨੂੰ 'ਵਾਈਟ ਹਿੱਲ' ਵੱਲੋਂ ਹੀ ਦੁਨੀਆਂ ਭਰ 'ਚ ਰਿਲੀਜ਼ ਕੀਤੀ ਜਾ ਰਹੀ ਇਹ ਫ਼ਿਲਮ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਰਿਸ਼ਤਿਆਂ ਦੀ ਖੂਬਸੂਰਤ ਕਹਾਣੀ ਹੈ। ਰਾਜੂ ਵਰਮਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਦੀ ਨਿਰਦੇਸ਼ਤ ਕੀਤੀ ਇਸ ਫ਼ਿਲਮ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਦੇ ਨਾਲ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਅਨੀਤਾ ਸ਼ਬਦੀਸ਼, ਸਰਬਜੀਤ ਚੀਮਾ ਅਤੇ ਦ੍ਰਿਸ਼ਟੀ ਗਰੇਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬ ਦੇ ਨਾਲ ਨਾਲ ਰਾਜਸਥਾਨ ਦੀਆਂ ਵੱਖ ਵੱਖ ਲੋਕੇਸ਼ਨਾਂ 'ਤੇ ਫ਼ਿਲਮਾਈ ਗਈ ਇਹ ਫ਼ਿਲਮ ਇਕ ਖੂਬਸੂਰਤ ਪਰਿਵਾਰਕ ਪੀਰੀਅਡ ਡਰਾਮਾ ਫ਼ਿਲਮ ਹੈ। ਫ਼ਿਲਮ ਦਾ ਟਾਈਟਲ ਦੱਸ ਰਿਹਾ ਹੈ ਕਿ ਇਹ ਫ਼ਿਲਮ ਇਕ ਕੁੜੀ, ਮੁੰਡੇ ਦੇ ਵਿਆਹ ਅਤੇ ਵਿਆਹ ਤੋਂ ਬਾਅਦ ਮੁਕਲਾਵੇ ਦੀ ਕਹਾਣੀ ਹੈ। ਇਕ ਦੌਰ ਸੀ ਜਦੋਂ ਵਿਆਹ ਮਾਂ ਬਾਪ ਦੀ ਰਜ਼ਾਮੰਦੀ ਨਾਲ ਛੋਟੀ ਉਮਰ ਵਿੱਚ ਹੀ ਹੋ ਜਾਂਦੇ ਸਨ ਪਰ ਮੁਕਲਾਵਾ ਕਈ ਸਾਲਾਂ ਬਾਅਦ ਦੋਵਾਂ ਦੇ ਜਵਾਨ ਹੋਣ 'ਤੇ ਹੀ ਦਿੱਤਾ ਜਾਂਦਾ ਸੀ।

 

ਇਹ ਫ਼ਿਲਮ ਕੁਝ ਇਸ ਤਰਾਂ ਦੇ ਵਿਸ਼ੇ 'ਤੇ ਹੀ ਅਧਾਰਿਤ ਹੈ। ਇਸ ਫ਼ਿਲਮ ਸਾਂਝੇ ਪਰਿਵਾਰਾਂ ਦੀ ਅਹਿਮੀਅਤ ਵੀ ਦਰਸਾਏਗੀ। ਫ਼ਿਲਮ ਦੀ ਟੀਮ ਮੁਤਾਬਕ ਇਸ ਫ਼ਿਲਮ ਵਿੱਚ ਜਿਥੇ ਦਰਸ਼ਕਾਂ ਨੂੰ ਇਕ ਖੂਬਸੂਰਤ ਪ੍ਰੇਮ ਕਹਾਣੀ ਨਜ਼ਰ ਆਵੇਗੀ, ਉਥੇ ਹੀ ਰਿਸ਼ਤਿਆਂ ਦੀ ਮਹਿਕ ਅਤੇ ਅਹਿਮੀਅਤ ਦੇ ਨਾਲ ਨਾਲ ਕਾਮੇਡੀ ਅਤੇ ਪਰਿਵਾਰਕ ਡਰਾਮਾ ਵੀ ਦੇਖਣ ਨੂੰ ਮਿਲੇਗਾ। ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਐਮੀ ਵਿਰਕ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਫ਼ਿਲਮ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਨਾਲ ਇਹ ਉਨਾਂ ਦੀ ਤੀਜੀ ਫ਼ਿਲਮ ਹੈ। ਉਹ ਇਸ ਵਿੱਚ ਇਕ ਅਜਿਹੇ ਨੌਜਵਾਨ ਦਾ ਕਿਰਦਾਰ ਨਿਭਾ ਰਹੇ ਹਨ, ਜਿਸ ਦਾ ਵਿਆਹ ਹੋ ਗਿਆ ਪਰ ਅਜੇ ਉਸਦੀ ਘਰਵਾਲੀ ਨਹੀਂ ਆਈ। ਮੁਕਲਾਵਾ ਲੈਣ ਨੂੰ ਕਾਹਲਾ ਇਹ ਨੌਜਵਾਨ ਆਪਣੀ ਪਤਨੀ ਨੂੰ ਦੇਖਣਾ ਚਾਹੁੰਦਾ ਪਰ ਪਰਿਵਾਰ ਮੁਕਲਾਵੇ ਤੋਂ ਪਹਿਲਾਂ ਇਸ ਦੀ ਇਜ਼ਾਜਤ ਨਹੀਂ ਦਿੰਦਾ।

 

ਪਰ ਉਹ ਚੋਰੀ ਛੁਪੇ ਉਸਦੇ ਪਿੰਡ ਜਾਂਦਾ ਉਸ ਨੂੰ ਮਿਲਣ ਦੀ ਕੋਸ਼ਿਸ਼ ਕਰਦੇ। ਇਹ ਫ਼ਿਲਮ ਆਪਣੀ ਹੀ ਪਤਨੀ ਦੇ ਪਿਆਰ ਅਤੇ ਦੀਦਾਰ ਨੂੰ ਤਰਸ ਰਹੇ ਨੌਜਵਾਨ ਦੀ ਕਹਾਣੀ ਹੈ। ਇਸ ਫ਼ਿਲਮ ਵਿੱਚ ਪੰਜਾਬੀ ਗਾਇਕ ਸਰਬਜੀਤ ਚੀਮਾ ਐਮੀ ਵਿਰਕ ਦੇ ਵੱਡੇ ਭਰਾ ਅਤੇ ਦ੍ਰਿਸ਼ਟੀ ਗਰੇਵਾਲ ਭਰਜਾਈ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ।  ਨਿਰਮਾਤਾ  ਗੁਨਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੰਘ ਸਿੱਧੂ ਦੀ ਇਸ ਫ਼ਿਲਮ ਦਾ ਸੰਗੀਤ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਜਗਾ ਬਣਾਵੇਗਾ। ਗੁਰਮੀਤ ਸਿੰਘ ਦੇ ਸੰਗੀਤ ਵਿੱਚ ਸਜੀ ਇਸ ਫ਼ਿਲਮ ਦੇ ਗੀਤ ਹਰਮਨਜੀਤ, ਹੈਪੀ ਰਾਏਕੋਟੀ, ਵਿੰਦਰ ਨੱਥੂਮਾਜਰਾ ਅਤੇ ਵੀਤ ਬਲਜੀਤ ਨੇ ਲਿਖੇ ਹਨ, ਜਿਨਾਂ ਨੂੰ ਐਮੀ ਵਿਰਕ ਸਮੇਤ ਪੰਜਾਬ ਦੇ ਕਈ ਨਾਮੀਂ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ। ਫ਼ਿਲਮ ਦੇ ਐਸੋਸੀਏਟ ਨਿਰਦੇਸ਼ਕ ਗਦਰ ਅਤੇ ਹਰੀਸ਼ ਗਾਗਰੀ ਹਨ। ਪ੍ਰੋਡਕਸ਼ਨ ਡਿਜ਼ਾਈਨ ਰਾਸ਼ਿਤ ਰੰਗਰੇਜ ਨੇ ਕੀਤੀ ਹੈ। 
ਬਲਜਿੰਦਰ ਉਪਲ
99141 89080

Have something to say? Post your comment