Article

ਪੁਸਤਕ ਸਮੀਖਿਆ- ਅੰਕਲ ਟੌਮ ਦੀ ਝੌਪੜੀ //ਬਿੱਟੂ ਖੰਗੂੜਾ

April 12, 2019 09:25 PM

ਪੁਸਤਕ ਸਮੀਖਿਆ- ਅੰਕਲ ਟੌਮ ਦੀ ਝੌਪੜੀ

'ਅੰਕਲ ਟੌਮ ਦੀ ਝੌਪੜੀ' ਸੰਸਾਰ ਪ੍ਰਸਿੱਧ ਕਲਾਸਿਕ ਨਾਵਲ 'ਅੰਕਲ ਟੌਮਜ਼ ਕੈਬਿਨ' ਦਾ ਪੰਜਾਬੀ ਉੱਲਥਾ, ਵਲਾਇਤ ਵੱਸਦੇ ਪੰਜਾਬੀ ਨਾਵਲਕਾਰ ਮਹਿੰਦਰਪਾਲ ਸਿੰਘ ਧਾਲੀਵਾਲ ਦਾ ਬਹੁਤ ਹੀ ਪ੍ਰਸੰਸ਼ਾਯੋਗ ਯਤਨ ਹੈ, ਉਸਨੇ ਪਹਿਲਾ ਵੀ ਬਹੁਤ ਹੀ ਅਲੱਗ ਅਲੱਗ ਵਿਸ਼ਿਆ ਉੱਤੇ ਕਾਫੀ ਖੋਜ ਭਰਪੂਰ ਨਾਵਲ ਲਿਖੇ ਹਨ। ਉਹ 'ਮਿੱਟੀ ਦਾ ਮੋਹ' ਤੋਂ ਸ਼ੁਰੂ ਹੋਕੇ ਪਿਛਲੇ ਪੰਦਰਾਂ ਵਰਿਆਂ ਤੋਂ ਸਾਹਿਤ ਰਚਨਾ ਤੇ ਹੱਥ ਅਜਮਾ ਰਿਹਾ ਹੈ, ਹੱਥਲਾ ਉਪਰਾਲਾ ਨਿਵੇਕਲਾ ਹੈ, ਇੱਕ ਉਲੱਥੇ ਤੇ ਇੰਨੀ ਮਿਹਨਤ ਕਰਨੀ ਹਾਰੀ ਸਾਰੀ ਦੇ ਵੱਸ ਦਾ ਰੋਗ ਨਹੀਂ, ਅੱਧ ਉਨੀਵੀ ਸਦੀ ਦੀ ਅਮਰੀਕੀ ਅੰਗਰੇਜੀ ਨੂੰ ਅੱਜਕੱਲ ਦੇ ਪੰਜਾਬੀ ਪਾਠਕਾਂ ਦੇ ਹਾਣ ਦੀ ਕਰਨਾ ਖਾਲਾ ਜੀ ਦਾ ਵਾੜਾ ਨਹੀ, ਭਾਂਵੇ ਕਈ ਜਗ੍ਹਾ ਤੇ ਵਾਕ ਬਣਤਰ ਕੁਝ ਅੱਖਰਦੀ ਹੈ ਤੇ ਇਹ ਪੰਜਾਬੀ ਪਾਠਕ ਨੂੰ ਕੁਝ ਅਜੀਬ ਜਿਹੀ ਲਗਦੀ ਹੈ, ਪਰ ਜਿਨ੍ਹਾ ਨੇ ਅੰਗਰੇਜੀ ਵਾਲਾ ਪੜਿਆ, ਉਹ ਲੇਖਕ ਦੀ ਮਿਹਨਤ ਨੂੰ ਜਰੂਰ ਸਲਾਮ ਕਰਨਗੇ।

ਲੇਖਕ ਨਾਵਲ ਦੇ ਨਾਮ ਦੇ ਪੰਜਾਬੀਕਰਨ ਵੇਲੇ ਪਤਾ ਨਹੀਂ ਕਿਉਂਂ ਕੰਜੂਸੀ ਵਰਤ ਗਿਆ। ਉਹ ਅੰਕਲ ਟੌਮ ਦੀ ਝੌਪੜੀ ਦੀ ਜਗਹ ਤੇ ਚਾਚੇ ਟੌਮ ਦੀ ਝੌਪੜੀ ਜਾਂ ਤਾਏ ਟੌਮ ਦੀ ਝੌਪੜੀ ਰੱਖਦਾ ਤਾਂ ਵਧੇਰੇ ਚੰਗੇਰਾ ਜਚਦਾ। ਝੌਪੜੀ ਦੀ ਜਗ੍ਹਾ ਖੋਖਾ ਲਫਜ ਵੀ ਵਰਤਿਆ ਜਾ ਸਕਦਾ ਸੀ।

'ਅੰਕਲ ਟੌਮਜ ਕੈਬਿਨ', ਹੈਰੀਅਟ ਬੀਚਰ ਸਟੋਅ ਵੱਲੋ 1850 ਦੇ ਫਿਊਜੀਟਵ ਸਲੇਵ ਐਕਟ ਦੀ ਹਨੇਰਗਰਦੀ ਵਿੱਚ ਇਲਿਜਾ ਨਾ ਦੀ ਗੁਲਾਮ ਕੁੜੀ ਦੇ ਬਚਕੇ ਭੱਜਣ ਦੇ ਸਾਹਸੀ ਯਤਨ, ਈਵਾ ਵਰਗੀ ਪਵਿੱਤਰ ਈਸਾਈ ਵਿਚਾਰਾਂ ਵਾਲੀ ਬਾਲੜੀ ਦੀ ਨੇਕਨੀਅਤੀ, ਇੱਕ ਦਿਆਲੂ ਮਾਲਕ ਵੱਲੋਂ ਕਰਜੇ ਦੀ ਮਜਬੂਰੀ ਕਰਕੇ ਟੌਮ ਵਰਗੇ ਚੰਗੇ ਗੁਲਾਮ ਨੂੰ ਜ਼ਾਲਮ ਮਾਲਕ ਦੇ ਹੱਥ ਵੇਚਣਾ, ਟੌਮ ਵੱਲੋਂ ਕੈਸੀ ਅਤੇ ਏਮੀਲੀਨ ਨੂੰ ਬਚਕੇ ਭੱਜਣ ਵਿੱਚ ਮੱਦਦ ਅਤੇ ਉਤਸ਼ਾਹਿਤ ਕਰਨਾ ਪਰ ਖੁਦ ਬੁਰੇ ਹਾਲਾਤਾਂ ਵਿੱਚ ਵੀ ਚੰਗਾ ਧਰਮੀ ਬਣੇ ਰਹਿਣਾ, ਮਰਕੇ ਵੀ ਬੁਰਾਈ ਉੱਤੇ ਜਿੱਤ ਪਾਂਪਤ ਕਰਨਾ, ਕੁਝ ਕਿਰਦਾਰਾ ਦਾ ਨਿੱਜੀ ਤੌਰ ਤੇ ਗੁਲਾਮ ਪ੍ਰਥਾ ਦੇ ਵਿਰੁੱਧ ਹੋਣਾ ਪਰ ਸਮਾਜਿਕ ਤੇ ਰਾਜਨੀਤਕ ਤੌਰ ਤੇ ਪ੍ਰਬੰਧ ਦਾ ਹਿੱਸਾ ਬਣੇ ਰਹਿਣਾ, ਉੱਤਰ ਤੇ ਦੱਖਣ, ਕੈਨੇਡਾ ਤੇ ਅਮਰੀਕਾ ਦੇ ਵਿਪਰੀਤ ਰਾਜਨੀਤਕ ਪ੍ਰਬੰਧਾ ਦੇ ਵਿੱਚਲੇ ਇਖਲਾਕੀ ਤੇ ਕਾਨੂੰਨੀ ਵਖਰੇਵਿਆਂ ਅਤੇ ਮਨੁੱਖਤਾ ਉਤੇ ,ਉਨ੍ਹਾ ਦੇ ਚੰਗੇ ਮਾੜੇ ਪ੍ਰਭਾਵਾ ਦੀ ਕਹਾਣੀ ਹੈ।


ਇੱਤਿਹਾਸ ਦੇ ਕਾਲੇ ਪੰਨਿਆ ਦੀ ਇਹ ਗਾਥਾ, ਜਿਸ ਵਿੱਚ ਵਿਵਸਥਾ ਵੱਲੋਂ ਰਚੇ ਸਵਾਰਥੀ ਢਾਂਚੇ ਤੇ ਕਾਬਜ਼ ਸ਼੍ਰੇਣੀ ਵੱਲੋ ਸੱਤਾਹੀਣ ਲੋਕਾਈ ਤੇ ਢਾਹੇ ਅਣਮਨੁੱਖੀ ਜ਼ੁਲਮਾ ਦੀ ਕਹਾਣੀ, ਜੋ ਸਾਬਤ ਕਰਦੀ ਹੈ ਕਿ ਕਾਨੂੰਨ ਸਿਰਫ ਇੱਕ ਸੰਦ ਹੁੰਦਾ ਹੈ ਜੋ ਸਮਕਾਲੀਨ ਵਿਵਸਥਾਵਾਂ ਵੱਲੋ ਆਪਣੇ ਸਵਾਰਥੀ ਹਿੱਤਾ ਦੀ ਖਾਤਿਰ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਬਣਾਇਆ ਜਾਂਦਾ ਹੈ ਜਿਸਦਾ ਨਿਆਂ ਨਾਲ ਬਹੁਤਾ ਸਬੰਧ ਨਹੀਂ ਹੁੰਦਾ, ਜਦੋ ਤੁਸੀ ਅਖੌਤੀ ਚਿੱਟੇ ਇਸਾਈਆ ਵੱਲੋਂ ਕਾਲਿਆ ਤੇ ਯੋਜਨਾਬੱਧ ਪ੍ਰਣਾਲੀ ਹੇਠ ਹੁੰਦੇ ਗੈਰਮਨੁੱਖੀ ਵਤੀਰੇ ਨੂੰ ਇੱਕ ਰੱਬੀ ਵਰਤਾਰੇ ਵਜੋਂ ਰੂਪਮਾਨ ਹੁੰਦਾ ਦੇਖਦੇ ਹੋ, ਤੇ ਕਾਲਿਆ ਦੇ ਸਾਹਮਣੇ ਰੱਬ ਦਾ ਭਾਣਾ ਮੰਨਣ ਤੋਂ ਬਿਨਾ ਕੋਈ ਬਦਲ ਨਾ ਹੋਣਾ, ਬੇਬੱਸੀ ਦੀ ਪਰਿਭਾਸ਼ਾ ਨੂੰ ਇੱਕ ਵੱਖਰੇ ਹੀ ਸਿਖਰ ਤੇ ਪਹੁੰਚਾ ਦਿੰਦਾ ਹੈ। ਟੌਮ ਦਾ ਆਪਣੇ ਅਸੂਲਾਂ ਤੋਂ ਨਾ ਹਿਲਣਾ ਸਿਰੜ ਦਾ ਸਿਖਰ ਹੈ, ਤੇ ਕੁਝ ਗੁਲਾਮਾਂ ਦਾ ਸੰਗਲਾਂ ਨੂੰ ਤੋੜਣ ਦੀ ਸੋਚ ਨਾਲ ਜੂਝਣਾ ਸੰਘਰਸ਼ ਦਾ ਅਜਿਹਾ ਰੂਪਕ ਹੈ ਜੋ ਮਨੁੱਖਤਾਵਾਦੀ ਸੰਭਾਵਨਾਵਾ ਨੂੰ ਲਗਾਤਾਰ ਵਿਪਰੀਤ ਸਥਿਤੀਆਂ ਵਿੱਚ ਵੀ ਜੀਵਤ ਰੱਖਦਾ ਹੈ।

ਸਾਡੀ ਕੌਮ ਨੇ ਵੀ ਬਹੁਤ ਜ਼ੁਲਮ ਹੰਢਾਇਆ ਪਰ ਜਦੋਂ ਅਸੀ ਅਫਰੀਕਨਾਂ, ਯਹੂਦੀਆ, ਅਰਮੀਨੀਅਨਾ ਤੇ ਹੋਏ ਅੱਤਿਆਚਾਰਾਂ ਦੀਆਂ ਕਹਾਣੀਆ ਪੜ੍ਹਦੇ ਹਾਂ ਤਾਂ ਰੂਹ ਕੰਬ ਜਾਂਦੀ ਹੈ। ਧਰਮ ਜਿਸਦੀ ਹੋਂਦ ਹੀ ਇਨਸਾਨੀਅਤ ਦਾ ਧੁਰਾ ਹੈ ਪਤਾ ਨਹੀਂ ਕਿੰਨੀਆ ਜ਼ਾਲਮ ਹੋਣੀਆ ਨੂੰ ਜਨਮ ਦਿੰਦਾ ਹੈ, ਤੇ ਜੋ ਉਸਦੀ ਹੋਂਦ ਨੂੰ ਨਹੀਂ ਮੰਨਦੇ ਘੱਟ ਉਹ ਵੀ ਨਹੀਂ ਕਰਦੇ, ਜੇ ਇਤਿਹਾਸ ਤੇ ਨਿਗ੍ਹਾ ਮਾਰੀਏ ਤਾ ਹਰ ਤਰ੍ਹਾਂ ਦੇ ਰਾਜ ਪ੍ਰਬੰਧ ਨੇ ਚਾਹੇ ਉਹ ਧਰਮਤੰਤਰ, ਰਾਜਾਸ਼ਾਹੀ, ਤਾਨਾਸ਼ਾਹੀ, ਸਮਾਜਵਾਦ, ਸਾਮੰਤਵਾਦ, ਬਸਤੀਵਾਦ ਕੁਝ ਵੀ ਹੋਵੇ, ਵਿਰੋਧੀਆਂ ਨੂੰ ਕੋਹ ਕੋਹਕੇ ਮਾਰਿਆ।

ਭਾਵੇਂ ਕਾਨੂੰਨਨ ਤੌਰ ਤੇ ਗੁਲਾਮੀ ਮੁੱਕ ਗਈ ਹੈ, ਪਰ ਜਦੋਂ ਤੱਕ ਸਵਾਰਥੀ ਤੇ ਲਾਲਚੀ ਸ਼ੈਤਾਨੀਅਤ ਜਿAੁਂਦੀ ਹੈ, ਕਿਸੇ ਨਾ ਕਿਸੇ ਰੂਪ ਇਹ ਕੋਹੜ ਸਮਾਜ ਨੂੰ ਚੰਬੜਿਆ ਰਹੇਗਾ, ਇਕੱਲੇ ਭਾਰਤ ਵਿੱਚ ਹੀ 2 ਕਰੋੜ ਦੇ ਲੱਗਭੱਗ ਇਨਸਾਨ ਬੰਧੂਆਂ ਮਜਦੂਰੀ, ਬਾਲ ਮਜਦੂਰੀ, ਜਬਰੀ ਵਿਆਹ, ਮਨੁੱਖੀ ਤਸਕਰੀ, ਜਬਰੀ ਮੰਗਤੇ ਦੇ ਰੂਪ ਵਿੱਚ ਗੁਲਾਮੀ ਵਾਲਾ ਜੀਵਨ ਜਿਉ ਰਹੇ ਹਨ, ਇਹ ਮਨੁੱਖੀ ਨਸਲ ਲਈ ਇੱਕ ਕਲੰਕ ਹੈ, ਸ਼ਾਇਦ ਸਰਦਾਰ ਮਹਿੰਦਰਪਾਲ ਜੀ ਦਾ ਇਹ ਉੱਲਥਾ ਇੱਕ ਚਾਨਣ ਮੁਨਾਰਾ ਬਣੇਗਾ ਲੋਕਾਈ ਵਿੱਚ ਇਨ੍ਹਾ ਸਮੱਸਿਆਵਾਂ ਪ੍ਰਤੀ ਚੇਤਨਤਾ ਪੈਦਾ ਕਰਨ ਲਈ। 

Have something to say? Post your comment