Article

ਵਿਰਾਸਤੀ ਰੰਗਾਂ 'ਚ ਰੰਗੀ ਕਾਮੇਡੀ ਭਰਪੂਰ ਪਰਿਵਾਰਕ ਫ਼ਿਲਮ -ਮੁਕਲਾਵਾ// -ਸੁਰਜੀਤ ਜੱਸਲ

April 14, 2019 10:01 PM

                                                  
   ਵਿਰਾਸਤੀ ਰੰਗਾਂ 'ਚ ਰੰਗੀ ਕਾਮੇਡੀ ਭਰਪੂਰ ਪਰਿਵਾਰਕ ਫ਼ਿਲਮ -ਮੁਕਲਾਵਾ


ਪੰਜਾਬੀ ਫ਼ਿਲਮ ਅਤੇ ਸੰਗੀਤ  ਖੇਤਰ ਵਿੱਚ 'ਵਾਈਟ ਹਿੱਲ ਸਟੂਡੀਓਜ਼' ਇੱਕ ਵੱਡਾ ਨਾਂ ਹੈ ਜੋ ਪੰਜਾਬੀ ਫ਼ਿਲਮਾਂ ਦੇ ਨਿਰਮਾਣ, ਡਿਸਟੀਬਿਊਸ਼ਨ ਅਤੇ ਮਿਊਜ਼ਿਕ ਵਜੋਂ ਜਾਣਿਆ ਜਾਂਦਾ ਹੈ। ਇਸ ਦੇ ਕਰਤਾ ਧਰਤਾ ਸਰਦਾਰ ਗੁਣਬੀਰ ਸਿੰਘ ਸਿੱਧੂ ਤੇ ਮਨਮੋਰਡ ਸਿੱਧੂ ਨੇ ਹਮੇਸਾਂ ਹੀ ਚੰਗੀਆਂ ਤੇ ਅਰਥਭਰਪੂਰ ਮਨੋਰੰਜਕ ਫ਼ਿਲਮਾਂ ਦਿੱਤੀਆਂ ਹਨ। ਇੰਨੀਂ ਦਿਨੀਂ 'ਵਾਈਟਹਿੱਲ ਸਟੂਡੀਓਜ਼ ਵਲੋਂ ਪੁਰਾਤਨ ਕਲਚਰ ਅਧਾਰਤ ਕਾਮੇਡੀ ਅਤੇ ਪਰਿਵਾਰਕ ਰਿਸ਼ਤਿਆਂ ਦੀ ਸਾਂਝ ਦਰਸਾਉਂਦੀ ਇੱਕ ਨਵੀਂ ਫ਼ਿਲਮ 'ਮੁਕਲਾਵਾ' ਦਾ ਨਿਰਮਾਣ ਕੀਤਾ ਗਿਆ ਹੈ। 24 ਮਈ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ। ਇਸ ਫ਼ਿਲਮ ਸਬੰਧੀ ਗੱਲ ਕਰਦਿਆ ਸ੍ਰ ਗੁਣਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬੀ ਸਿਨਮੇ ਦੀ ਹਿੱਟ ਜੋੜੀ ਐਮੀ ਵਿਰਕ ਤੇ ਸੋਨਮ ਬਾਜਵਾ ਵਾਲੀ ਇਹ ਫ਼ਿਲਮ 1960-65 ਦੇ ਸੱਭਿਆਚਾਰ ਅਤੇ ਰਿਸ਼ਤਿਆਂ ਅਧਾਰਤ ਇੱਕ ਮਨੋਰੰਜਨ ਭਰਪੂਰ ਫ਼ਿਲਮ ਹੈ। 'ਮੁਕਲਾਵਾ' ਵਿਆਹ ਨਾਲ ਸਬੰਧਤ ਇੱਕ ਰਸਮ ਹੁੰਦੀ ਸੀ ਜੋ ਅੱਜ ਦੇ ਸਮੇਂ 'ਚ ਖਤਮ ਹੋ ਚੁੱਕੀ ਹੈ।

ਪਹਿਲੇ ਸਮਿਆਂ ਵਿੱਚ ਮਾਂ-ਬਾਪ ਆਪਣੇ ਬੱਚਿਆ ਦਾ ਵਿਆਹ ਨਿੱਕੀ ਉਮਰੇ ਹੀ ਕਰ ਦਿੰਦੇ ਸੀ ਤੇ ਕਈ ਸਾਲਾਂ ਬਾਅਦ ਬੱਚਿਆਂ ਦੇ ਜਵਾਨ ਹੋਣ 'ਤੇ ਮੁਕਲਾਵਾ ਦਿੱਤਾ ਜਾਂਦਾ ਸੀ। ਮੁਕਲਾਵੇ ਤੋਂ ਪਹਿਲਾਂ ਮੁੰਡੇ ਕੁੜੀ ਨੂੰ ਮਿਲਣ 'ਤੇ ਇਤਰਾਜ ਹੁੰਦਾ ਸੀ। ਜੇਕਰ ਕੋਈ ਮਿਲਣ ਦੀ ਕੋਸ਼ਿਸ ਕਰਦਾ ਸੀ ਤਾਂ ਗੱਲ ਰਿਸ਼ਤਾ ਟੁੱਟਣ ਤੱਕ ਆ ਜਾਂਦੀ ਸੀ । ਫ਼ਿਲਮ ਦਾ ਨਾਇਕ ਛਿੰਦਾ ( ਐਮੀ ਵਿਰਕ) ਆਪਣੀ ਵਹੁਟੀ ਦਾ ਮੂੰਹ ਵੇਖਣ ਦੇ ਸੁਪਨੇ ਲੈਂਦਾ ਹੈ ਤੇ ਆਪਣੇ ਯਾਰਾਂ-ਦੋਸਤਾਂ ਦੇ ਕਹਿਣ 'ਤੇ ਕਈ ਢੰਗ ਤਰੀਕੇ ਵਰਤਦਾ ਹੈ ਜੋ ਫ਼ਿਲਮ ਨੂੰ  ਕਾਮੇਡੀ ਤੇ ਰੌਚਕਮਈ ਬਣਾਉਂਦੇ ਹਨ। ਹਾਲਾਂਕਿ ਇਸ ਫਿਲਮ ਦੇ ਨਾਇਕ ਐਮੀ ਵਿਰਕ ਦਾ ਮੁਕਲਾਵਾ ਵੀ ਰੱਖਿਆ ਹੋਇਆ ਹੁੰਦਾ ਹੈ ਪਰ ਅਜਿਹਾ ਕਿਊਂ ਹੁੰਦਾ ਹੈ ਇਹ ਸੱਭ ਫ਼ਿਲਮ ਵੇਖਦਿਆਂ ਹੀ ਪਤਾ ਲੱਗੇਗਾ। ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ ਵਾਲੀ ਇਹ ਤੀਜੀ ਫ਼ਿਲਮ ਹੈ। ਇਸ ਫ਼ਿਲਮੀ ਜੋੜੀ ਪ੍ਰਤੀ ਪੰਜਾਬੀ ਦਰਸ਼ਕਾਂ ਵਿੱਚ ਇੱਕ ਵਿਸ਼ੇਸ ਖਿੱਚ ਹੈ। 'ਮੁਕਲਾਵਾ' ਵਿੱਚ ਇਸ ਜੋੜੀ ਦਾ ਕੰਮ ਹੋਰ ਵੀ ਪ੍ਰਭਾਵਸ਼ਾਲੀ ਹੋਵੇਗਾ। ਫ਼ਿਲਮ ਦੀ ਬਹੁਤੀ ਸੂਟਿੰਗ  ਰਾਜਸਥਾਨ ਦੇ ਵਿਰਾਸਤੀ ਪਿੰਡਾਂ ਵਿੱਚ ਕੀਤੀ ਗਈ ਹੈ।


ਇਹ ਫ਼ਿਲਮ ਸਾਂਝੇ ਪਰਿਵਾਰਾਂ ਦੀ ਅਹਿਮੀਅਤ ਅਤੇ ਸਮਾਜਿਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀ ਸਾਰਥਕ ਕਾਮੇਡੀ ਅਧਾਰਤ ਇੱਕ ਪਰਿਵਾਰਕ ਕਹਾਣੀ ਦੀ ਪੇਸ਼ਕਾਰੀ ਹੈ। ਫ਼ਿਲਮ ਵਿੱਚ ਐਮੀ ਵਿਰਕ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ,ਬੀ ਐਨ ਸ਼ਰਮਾ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਪਰਮਿੰਦਰ ਕੌਰ ਗਿੱਲ, ਰਾਖੀ ਹੁੰਦਲ, ਸੁਖਬੀਰ ਸਿੰਘ, ਸਰਬਜੀਤ ਚੀਮਾ,ਦ੍ਰਿਸ਼ਟੀ ਗਰੇਵਾਲ,  ਤਰਸੇਮ ਪੌਲ, ਅਨੀਤਾ ਸਬਦੀਸ਼, ਵੰਦਨਾ ਕਪੂਰ, ਸੁਖਵਿੰਦਰ ਚਹਿਲ, ਦਿਲਾਵਰ ਸਿੱਧੁ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੈਣੀ ਨੇ ਲਿਖਿਆ ਹੈ। ਡਾਇਲਾਗ ਰਾਜੂ ਵਰਮਾ ਨੇ ਲਿਖੇ ਹਨ।  ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ  ਨੇ ਦਿੱਤਾ ਹੈ। ਫ਼ਿਲਮ ਦੇ ਗੀਤ ਹੈਪੀ ਰਾਏਕੋਟੀ, ਹਰਮਨਜੀਤ , ਵਿੰਦਰ ਨੱਥੂਮਾਜਰਾ, ਅਤੇ ਵੀਤ ਬਲਜੀਤ ਨੇ ਲਿਖੇ ਹਨ।  24 ਮਈ ਨੂੰ ਇਹ ਫ਼ਿਲਮ ਵਾਈਟਹਿੱਲ ਸਟੂਡੀਓਜ਼ ਵਲੋਂ ਪੰਜਾਬ, ਹਰਿਆਣਾ, ਮੁੰਬਈ, ਦਿੱਲੀ, ਅਤੇ ਅਮੇਰਿਕਾ, ਕਾਨੈਡਾ, ਇੰਗਲੈਂਡ, ਨਿਊਜੀਲੈਂਡ, ਆਸਟਰੇਲੀਆ ਸਮੇਤ 20 ਮੁਲਕਾਂ ਵਿੱਚ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾਵੇਗੀ।  
                                                                          ਸੁਰਜੀਤ ਜੱਸਲ 

Have something to say? Post your comment