Article

ਪੰਜਾਬ ਦੀ ਕਬੱਡੀ ਦਾ ਸਿਰਾ ਹੀ ਹੋ ਨਿਬੜਿਆ ਜੋਧਾਂ ਦਾ ਕਬੱਡੀ ਕੱਪ

April 15, 2019 03:29 PM
ਪੰਜਾਬ ਦੀ ਕਬੱਡੀ ਦਾ ਸਿਰਾ ਹੀ ਹੋ ਨਿਬੜਿਆ ਜੋਧਾਂ ਦਾ ਕਬੱਡੀ ਕੱਪ
 
ਕਬੱਡੀ ਓਪਨ 'ਚ ਥਾਂਦੇਵਾਲ ਦੀ ਟੀਮ ਬਣੀ ਚੈਂਪੀਅਨ, ਸੰਦੀਪ ਲੁੱਧਰ ਤੇ ਸੁਲਤਾਨ ਵਧੀਆ ਧਾਵੀ, ਫਰਿਆਦ ਅਲੀ ਬਣਿਆ ਸਰਵੋਤਮ ਜਾਫੀ
 
ਦਰਜਨ ਦੇ ਕਰੀਬ ਗਾਇਕਾਂ ਨੇ ਆਪਣੇ ਗੀਤਾਂ ਨਾਲ ਮੇਲੇ ਦਾ ਰੰਗ ਬੰਨ੍ਹਿਆ
 
ਪੰਜਾਬ 'ਚ ਭਾਵੇਂ ਮੌਸਮੀ ਗਰਮੀ ਸ਼ੁਰੂ ਹੋ ਚੁਕੀ ਹੈ ਪਰ ਕਬੱਡੀ ਵਾਲੀ ਗਰਮੀ ਦਾ ਕਹਿਰ ਅਜੇ ਵੀ ਖੇਡ ਮੇਲਿਆਂ 'ਚ ਪੂਰੇ ਜੋਰਾਂ 'ਤੇ ਹੈ। ਬੀਤੀ 10 ਅਪ੍ਰੈਲ ਨੂੰ ਜੋਧਾਂ ਦਾ ਕਬੱਡੀ ਕੱਪ ਦੇਖਣ ਦਾ ਮੌਕਾ ਮਿਲਿਆ। ਮੈਨੂੰ ਵੱਡੇ ਵੀਰ ਮੋਹਣਾ ਜੋਧਾਂ ਦਾ ਹੁਕਮ ਸੀ ਕਿ ਕਬੱਡੀ ਕੱਪ 'ਤੇ ਆਉਣਾ। ਉਸਦੀਆਂ ਕਮੀਆਂ ਤੇ ਕਾਮਯਾਬੀਆਂ ਨੂੰ ਦੇਖ ਕੇ ਜੋ ਚੰਗਾ ਲੱਗਿਆ ਲਿਖਣਾ, ਮੈਂ ਜਗਰੂਪ ਸਿੰਘ ਜਰਖੜ ਦੇ ਨਾਲ ਜੋਧਾਂ ਕਬੱਡੀ ਕੱਪ 'ਤੇ ਪਹੁੰਚਿਆ। ਜਾਂਦਿਆਂ ਨੂੰ ਕਬੱਡੀ 65 ਕਿੱਲੋ ਦੇ ਮੈਚ ਚਲਦੇ ਸੀ। 33 ਦੇ ਕਰੀਬ ਟੀਮਾਂ ਐਂਟਰ ਹੋ ਚੁੱਕੀਆਂ ਸੀ ਅਤੇ 20 ਦੇ ਕਰੀਬ ਟੀਮਾਂ ਪ੍ਰਬੰਧਕਾਂ ਦੀਆਂ ਐਂਟਰੀ ਲਈ ਮਿੰਨਤਾਂ ਕਰਦੀਆਂ ਫਿਰਦੀਆਂ ਸੀ। ਕਬੱਡੀ ਦਾ ਪੁਰਾਣਾ ਸਟਾਰ ਖਿਡਾਰੀ ਮਾਣਕ ਜੋਧਾਂ ਕਬੱਡੀ ਮੈਚਾਂ ਦੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਅ ਰਿਹਾ ਸੀ। ਸਾਰੇ ਕਬੱਡੀ ਪ੍ਰਬੰਧਕਾਂ ਨੂੰ ਕਬੱਡੀ ਆਲ ਓਪਨ ਦੇ ਮੈਚਾਂ ਦਾ ਜ਼ਿਆਦਾ ਫਿਕਰ ਸੀ। ਇਸ ਕਰਕੇ 65 ਕਿੱਲੋ ਕਬੱਡੀ ਦੇ ਮੈਚਾਂ ਨੂੰ ਉਹ ਥੋੜ੍ਹੀਆਂ-ਥੋੜ੍ਹੀਆਂ ਕਬੱਡੀਆਂ ਦਾ ਸਮਾਂ ਦੇ ਕੇ ਹੀ ਨਿਬੇੜਾ ਕਰ ਰਹੇ ਸੀ। ਸਟੇਜ 'ਤੇ ਸਰਪੰਚ ਅਮਰਜੀਤ ਦੀ ਅਗਵਾਈ ਹੇਠ ਧਨਜੀਤ ਸਿੰਘ, ਸੁਰਜੀਤ ਸਿੰਘ ਦੀਪੀ, ਸਾਬਕਾ ਸਰਪੰਚ ਜਗਦੇਵ ਸਿੰਘ, ਗਾਇਕਾਂ 'ਚ ਆਪਣਾ ਵਧੀਆ ਬੋਲਬਾਲਾ ਰੱਖਣ ਵਾਲਾ ਕੁਲਦੀਪ ਜੋਧਾਂ ਅਤੇ ਹੋਰ ਪਿੰਡ ਵਾਸੀ ਜਿਥੇ ਆਏ ਮਹਿਮਾਨਾਂ ਦਾ ਸਵਾਗਤ ਕਰ ਰਹੇ ਸਨ ਉਥੇ ਹੀ ਸਟੇਜ ਦੇ ਹੇਠਾਂ ਮਾਣਕ ਜੋਧਾਂ, ਰਾਣਾ ਜੋਧਾਂ, ਤਰਨ ਜੋਧਾਂ ਹੁਰੀਂ ਕਬੱਡੀ ਖਿਡਾਰੀਆਂ ਤੇ ਟੀਮਾਂ ਨੂੰ ਬੜੇ ਮਾਣ ਸਤਿਕਾਰ ਨਾਲ ਮੈਦਾਨ 'ਚ ਲੈ ਕੇ ਆ ਰਹੇ ਸਨ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕਰ ਰਹੇ ਸਨ। ਸਾਰਾ ਕੰਮ ਇੱਕ ਵਧੀਆ ਅਨੁਸ਼ਾਸਨ 'ਚ ਚੱਲ ਰਿਹਾ ਸੀ। ਦੁਪਹਿਰ ਦੇ ਸਮੇਂ ਗਰਮੀ ਬੜੀ ਸੀ। ਮੇਲੇ 'ਚ ਰੌਣਕ ਥੋੜ੍ਹੀ ਘੱਟ ਸੀ। ਪਰ ਜਿਵੇਂ ਹੀ ਦਿਨ ਢਲਣਾ ਸ਼ੁਰੂ ਹੋਇਆ ਤੇ ਕਬੱਡੀ ਓਪਨ ਦੇ ਮੈਚਾਂ ਨੂੰ ਸਟੇਜ ਤੋਂ ਵਾਜਾਂ ਪੈਣੀਆਂ ਸ਼ੁਰੂ ਹੋਈਆਂ। 3 ਕੁ ਵਜੇ ਤੱਕ ਮੇਲਾ ਇੰਨਾ ਕੁ ਭਰ ਗਿਆ ਕਿ ਗ੍ਰਾਉਂਡ 'ਚ ਤਿਲ ਸੁੱਟਣ ਦੀ ਵੀ ਜਗ੍ਹਾ ਨਹੀਂ ਸੀ। ਅਸੀਂ ਸਟੇਜ ਦੇ ਖੱਬੇ ਪਾਸੇ ਬੈਠੇ। ਮੈਦਾਨ 'ਚ ਕਬੱਡੀ ਕੁਮੈਂਟੇਟਰਾਂ ਦੀ ਇੰਨੀ ਭਰਮਾਰ ਸੀ ਕਿ ਜਿੱਦਾਂ ਤਕੜੇ ਵਿਆਹ 'ਚ ਵੇਟਰ ਫਿਰਦੇ ਹੁੰਦੇ ਆ, ਉਸੇ ਤਰ੍ਹਾਂ ਕਬੱਡੀ ਕੁਮੈਂਟੇਟਰਾਂ ਨੂੰ 1-1 ਮੈਚ ਹੀ ਬੋਲਣ ਨੂੰ ਮਿਲ ਰਿਹਾ ਸੀ। ਸਟੇਜ ਦੇ ਸੱਜੇ ਪਾਸੇ ਮੰਡੌਰੀਆ ਭਲਵਾਨ ਵੀ ਆਪਣੇ ਸਹੁਰਿਆਂ ਦੀ ਧੌਂਸ 'ਚ ਜਿਊਣੇ ਮੌੜ ਵਾਂਗ ਸਟੇਜ 'ਤੇ ਆਕੜਿਆ ਬੈਠਾ ਸੀ। ਕਬੱਡੀ ਓਪਨ ਦੇ ਮੈਚ ਸ਼ੁਰੂ ਹੋਏ। ਜਿਉਂ ਹੀ. ਖੁਸ਼ੀ ਦਿੜ੍ਹਬਾ, ਦੁੱਗਿਆਂ ਵਾਲਾ ਖੁਸ਼ੀ, ਕਬੱਡੀ ਦਾ ਬੰਬ ਸੰਦੀਪ ਲੁੱਧਰ, ਸੁਲਤਾਨ ਸੌਂਸਪੁਰੀਆ, ਮਾਝੇ ਆਲਾ ਅੰਮ੍ਰਿਤ ਅਤੇ ਹੋਰ ਕਬੱਡੀ ਦੇ ਸਟਾਰ ਖਿਡਾਰੀ ਮੈਦਾਨ 'ਚ ਐਂਟਰ ਹੋਏ। ਲੋਕਾਂ ਦੀਆਂ ਤਾੜੀਆਂ ਅਤੇ ਕਿਲਕਾਰੀਆਂ ਇੰਝ ਗੂੰਝ ਉੱਠੀਆਂ ਜਿਵੇਂ ਕ੍ਰਿਕਟ ਵਾਲੇ ਵਿਰਾਟ ਕੋਹਲੀ ਜਾਂ ਧੋਨੀ ਨੂੰ ਪੈਂਦੀਆਂ ਹੁੰਦੀਆਂ ਨੇ। ਵਾਕਿਆ ਹੀ ਕਬੱਡੀ ਪ੍ਰੇਮੀਆਂ ਨੇ ਆਪਣੇ ਕਬੱਡੀ ਦੇ ਧੜੱਲੇਦਾਰ ਖਿਡਾਰੀਆਂ ਨੂੰ ਸੁਪਰ ਸਟਾਰ ਵਾਲਾ ਸਤਿਕਾਰ ਦੇਣਾ ਸ਼ੁਰੂ ਕਰ ਦਿੱਤਾ ਹੈ। ਇਹ ਕਬੱਡੀ ਖੇਡ ਲਈ ਇੱਕ ਬਹੁਤ ਹੀ ਚੰਗੀ ਗੱਲ ਹੈ। ਉਧਰ ਕਬੱਡੀ ਦੇ ਮੁੱਖ ਪ੍ਰਬੰਧਕ ਮੋਹਣਾ ਜੋਧਾਂ ਦਾ ਵਾਰ-ਵਾਰ ਅਮਰੀਕਾ ਤੋਂ ਫੋਨ ਆ ਰਿਹਾ ਸੀ ਕਿਉਂਕਿ ਜੋ ਮੇਲੇ 'ਚ ਉਸਨੂੰ ਕਮੀ ਪੇਸ਼ੀ ਦਿਸਦੀ ਤਾਂ ਉਹ ਉਸਨੂੰ ਟੈਲੀਫੋਨ 'ਤੇ ਹੀ ਠੀਕ ਕਰਵਾ ਰਿਹਾ ਸੀ। ਕਬੱਡੀ ਕੁਮੈਂਟੇਟਰ ਵਾਰ-ਵਾਰ ਰਾਜ ਸਿੰਘ ਕੈਨੇਡਾ, ਜਿੰਨ੍ਹਾਂ ਨੇ 1 ਲੱਖ ਰੁਪਏ ਦਾ ਪਹਿਲਾ ਇਨਾਮ ਦਿੱਤਾ, ਕਰਮਜੀਤ ਸਿੰਘ ਅਮਰੀਕਾ ਵਾਲੇ ਜਿੰਨ੍ਹਾਂ ਦਾ ਦੂਸਰਾ ਇਨਾਮ ਸੀ, ਆਦਿ ਹੋਰ ਦਾਨੀਆਂ ਦੀ ਹੌਸਲਾ ਅਫ਼ਜ਼ਾਈ ਕਰ ਰਹੇ ਸਨ । ਜਿੰਨ੍ਹਾਂ ਦੇ ਜ਼ਰੀਏ ਜੋਧਾਂ ਕਬੱਡੀ ਕੱਪ ਬੁਲੰਦੀਆਂ ਵੱਲ ਵਧ ਰਿਹਾ ਸੀ। ਇਸ ਤੋਂ ਇਲਾਵਾ ਜੋਧਾਂ ਕਬੱਡੀ ਕੱਪ ਦੇ ਪ੍ਰਬੰਧਕ, ਕੁਮੈਂਟਰੀ ਵਾਲੇ ਅਜੀਤ ਸਿੰਘ ਅਮਰੀਕਾ, ਗੁਰਦੇਵ ਸਿੰਘ ਅਮਰੀਕਾ, ਭਿੰਦਰਜੀਤ ਅਮਰੀਕਾ, ਗੁਰਦੀਪ ਸਿੰਘ ਅਮਰੀਕਾ , ਭਾਗ ਸਿੰਘ ਅਮਰੀਕਾ, ਬਬਲਾ ਅਮਰੀਕਾ, ਗੁਰਮੀਤ ਸਿੰਘ ਅਮਰੀਕਾ, ਰਾਜ ਕੈਨੇਡਾ, ਰਾਣਾ ਬੀਕਾਨੇਰੀਆ, ਖਡੂਰ ਵਾਲਾ ਗੋਲਡਨ ਸੰਘੇੜਾ, ਜਿਸਨੇ ਗਾਉਣ ਵਾਲਿਆਂ ਦੀ ਟੀਮ ਲਿਆਂਦੀ, ਸੋਨੀ ਯੂ.ਕੇ ਆਦਿ ਹੋਰ ਦਾਨੀ ਸੱਜਣਾਂ ਦੀਆਂ ਤਰੀਫਾਂ ਦੇ ਪੁਲ ਬੰਨ੍ਹੇ ਜਾ ਰਹੇ ਸਨ ਜਿੰਨ੍ਹਾਂ ਨੇ ਆਪਣੇ ਤਨ ਮਨ ਧਨ ਨਾਲ ਜੋਧਾਂ ਕਬੱਡੀ ਕੱਪ ਦਾ ਸਿਰਾ ਕਰਾ ਦਿੱਤਾ। 
 
ਕਬੱਡੀ ਓਪਨ ਦੇ ਸਾਰੇ ਮੈਚ ਗਜ਼ਬ ਦੇ ਹੋਏ। ਸਾਰੇ ਮੈਚਾਂ 'ਚ ਹਾਰ ਜਿੱਤ ਦਾ ਫੈਸਲਾ ਵੀ ਇੱਕ ਅੱਧੇ ਪੁਆਇੰਟ 'ਤੇ ਹੁੰਦਾ ਸੀ। ਅਖੀਰ ਫਾਈਨਲ ਮੁਕਾਬਲਾ ਸਟਾਰ ਕਬੱਡੀ ਖਿਡਾਰੀਆਂ ਦੀਆਂ ਭਰਮਾਰ ਵਾਲੀਆਂ ਟੀਮਾਂ ਥਾਂਦੇਵਾਲ ਤੇ ਭਗਵਾਨਪੁਰ ਵਿਚਕਾਰ ਹੋਇਆ। ਦਿਲਾਂ ਦੀਆਂ ਧੜਕਣਾਂ ਨੂੰ ਰੋਕ ਰੋਕ ਕੇ ਦੇਖਣ ਵਾਲੇ ਇਸ ਮੈਚ 'ਚ ਥਾਂਦੇਵਾਲ ਦੀ ਟੀਮ ਭਗਵਾਨਪੁਰ ਤੋਂ 39-38 ਨਾਲ ਜੇਤੂ ਰਹਿ ਕੇ ਚੈਂਪੀਅਨ ਬਣੀ। ਭਾਰਤ ਦੇ ਨਾਮੀ ਕੁਮੈਂਟੇਟਰ ਜਸਦੇਵ ਸਿੰਘ ਵਾਂਗ ਸਤਿਕਾਰੇ ਜਾਂਦੇ ਕਬੱਡੀ ਦੇ ਨਾਮੀ ਕੁਮੈਂਟੇਟਰ ਮੱਖਣ ਅਲੀ, ਰੁਪਿੰਦਰ ਜਲਾਲ ਨੇ ਫਾਈਨਲ ਮੁਕਾਬਲੇ ਦੀ ਲਾਜਵਾਬ ਕੁਮੈਂਟਰੀ ਕੀਤੀ। ਖਿਡਾਰੀਆਂ ਦੇ ਖੇਡ ਹੁਨਰ ਨੂੰ ਹੱਦੋਂ ਵੱਧ ਸਰਾਹਿਆ। ਇਸ ਤੋਂ ਇਲਾਵਾ ਕੁਮੈਂਟੇਟਰ ਸੰਧੂ ਭਰਾ, ਬਿੱਲਾ ਲਲਤੋਂ, ਅਮਨ ਲੋਪੋਂ, ਕਿਸ਼ਨ ਬਦੇਸ਼ਾਂ, ਬਹੁਤਿਆਂ ਦੇ ਮੈਨੂੰ ਨਾਮ ਵੀ ਨਹੀਂ ਯਾਦ, ਨੇ ਆਪਣੇ ਬੋਲਾਂ ਰਾਹੀਂ ਜੋਧਾਂ ਕਬੱਡੀ ਕੱਪ ਦੀ ਚਮਕ ਨੂੰ ਦੁਨੀਆ 'ਚ ਬਿਖੇਰਿਆ। ਪ੍ਰੀਤਮ ਭਲਵਾਨ ਦਾ ਮੁੰਡਾ ਸੁਲਤਾਨ ਸੌਂਸਪੁਰੀਆ ਤੇ ਸੰਦੀਪ ਲੁੱਧਰ ਸਰਵੋਤਮ ਧਾਵੀ ਬਣੇ ਅਤੇ ਮੋਟਰਸਾਈਕਲ ਇਨਾਮ 'ਚ ਜਿੱਤੇ। ਜਦਕਿ ਫਰਿਆਦ ਅਲੀ ਨੇ ਵਧੀਆ ਜਾਫੀ ਦਾ ਖਿਤਾਬ ਜਿੱਤਿਆ। ਜਿਉਂ ਹੀ ਫਾਈਨਲ ਮੈਚ ਖਤਮ ਹੋਇਆ, ਮੈਦਾਨ 'ਚ ਲੋਕਾਂ ਦਾ ਘਮਸਾਨ ਪੈ ਗਿਆ। ਜੇਤੂ ਟੀਮਾਂ ਨੂੰ ਚੈਂਪੀਅਨ ਕੱਪਾਂ ਨਾਲ ਸਨਮਾਨਿਆ ਗਿਆ। ਉਧਰ ਜੋਧਾਂ ਵਾਲਿਆਂ ਨੇ ਟਰਾਫੀਆਂ ਵੰਡਣ 'ਚ ਇੰਨੀ ਕਮਾਲ ਕਰ ਦਿੱਤੀ ਕਿ ਮੇਰਾ ਖਿਆਲ ਆ ਕਿ ਓਸਵਾਲ ਵਾਲਿਆਂ ਨੇ ਆਪਣੀ ਕੁੜੀ ਦੇ ਵਿਆਹ 'ਤੇ ਉੰਨੇ ਸੂਟ ਨਹੀਂ ਦਿੱਤੇ ਹੋਣੇ ਜਿੰਨੇ ਇੰਨ੍ਹਾਂ ਨੇ ਆਏ ਮਹਿਮਾਨਾਂ ਨੂੰ ਸ਼ੀਲਡਾਂ ਵੰਡ ਦਿੱਤੀਆਂ। ਜਰਖੜ ਖੇਡਾਂ ਦੇ ਚੇਅਰਮੈਨ ਸ. ਨਰਿੰਦਰਪਾਲ ਸਿੰਘ ਸਿੱਧੂ ਏਆਈਜੀ ਫਿਰੋਜ਼ਪੁਰ ਮੁੱਖ ਮਹਿਮਾਨ ਵਜੋਂ ਵਧੀਆ ਹਾਜ਼ਰੀ ਲਗਵਾ ਕੇ ਗਏ। ਉਨ੍ਹਾਂ ਨੇ ਕੁੜੀਆਂ ਦੇ ਸ਼ੋਅ ਮੈਚ ਵਾਲੀਆਂ ਦੋ ਟੀਮਾਂ ਜੋਧਾਂ ਤੇ ਮੰਡੇਰਾਂ ਨਾਲ ਜਾਣ ਪਹਿਚਾਣ ਕੀਤੀ ਤੇ ਦੋਹਾਂ ਟੀਮਾਂ ਨੂੰ ਸਨਮਾਨਤ ਕੀਤਾ। ਜਰਖੜ ਖੇਡਾਂ ਵਾਲਿਆਂ ਦਾ ਸਾਰਾ ਹੀ ਲੁੰਗਲਾਣਾ ਜੋਧਾਂ ਕਬੱਡੀ ਕੱਪ 'ਤੇ ਫਿਰਦਾ ਸੀ। ਕਿਉਂਕਿ ਜੋਧਾਂ ਵਾਲੇ ਵੀ ਜਰਖੜ ਖੇਡਾਂ 'ਤੇ ਤਿੰਨੇਂ ਦਿਨ ਆਪਣਾ ਜੁੱਲੀ ਬਿਸਤਰਾ ਚੁੱਕ ਜਰਖੜ ਸਟੇਡੀਅਮ ਹੁੰਦੇ ਨੇ। ਦੋਹੇਂ ਜਿਥੇ ਇੱਕ ਦੂਜੇ ਦੀ ਆਬ੍ਹਤ ਲਾਹੁੰਦੇ ਨੇ, ਉਥੇ ਪੰਜਾਬ ਸਪੋਰਟਸ ਕਬੱਡੀ ਕਲੱਬ ਸਿਆਟਲ ਵਾਲੇ ਸੰਦੀਪ ਗੁਰਨਾ, ਬਰੈਟੀ ਗਿੱਲ, ਦਲਜੀਤ ਦੱਲੀ, ਬਿੱਟੂ ਅੱਚਰਵਾਲ, ਖਹਿਰਾ ਬਾਈ, ਮਨਜੀਤ ਚਹਿਲ ਅਤੇ ਮੋਹਣਾ ਬਾਈ ਦੇ ਹੋਰ ਸੰਗੀ ਸਾਥੀ ਭਾਵੇਂ ਜੋਧਾਂ ਕਬੱਡੀ ਕੱਪ 'ਤੇ ਸਰੀਰਕ ਤੌਰ 'ਤੇ ਤਾਂ ਨਹੀਂ ਪਹੁੰਚੇ ਪਰ ਉਨ੍ਹਾਂ ਦੀ ਪਲ ਪਲ ਦੀ ਨਜ਼ਰ, ਪਲ ਪਲ ਦੀ ਖਬਰ ਮੇਲੇ ਦੇ ਨਾਲ ਜੁੜੀ ਹੋਈ ਸੀ। 
 
ਅਖ਼ੀਰ ਗਾਉਣ ਵਾਲਿਆਂ ਨੇ ਵੀ ਦੇਰ ਰਾਤ ਤੱਕ ਆਪਣੀ ਕਬੱਡੀ ਪਾਈ, ਕੇ.ਐਸ.ਮੱਖਣ ਤੇ ਰਵਿੰਦਰ ਗਰੇਵਾਲ ਮੁੱਖ ਮਹਿਮਾਨਾਂ ਵਜੋਂ ਆਏ ਤੇ ਗੀਤ ਦੇ ਕੁਝ ਟੱਪੇ ਗਾ ਕੇ ਚਲੇ ਗਏ ਪਰ, ਆਰ.ਨੈਤ, ਜੱਸ ਬਾਜਵਾ, ਸਿੱਪੀ ਗਿੱਲ, ਕੈਂਬੀ ਰਾਜਪੁਰੀਆ, ਡੀ.ਜੇ ਫਲੋਅ, ਗੁਲਾਬ ਸਿੱਧੂ, ਖਾਨ ਭੈਣੀ, ਪ੍ਰਿੰਸ ਜੋਧਾਂ, ਜੱਗਾ ਲਲਤੋਂ, ਦਿਲਪ੍ਰੀਤ ਢਿੱਲੋਂ, ਗੁਰਜੈਦ, ਜਸਪਾਲ ਸੰਧੂ ਆਦਿ ਹੋਰ ਗਾਇਕਾਂ ਨੇ ਆਪਣੀ ਗਾਇਕੀ ਦਾ ਅਜਿਹਾ ਰੰਗ ਬੰਨ੍ਹਿਆ ਕਿ ਜੋਧਾਂ ਪਿੰਡ ਵਾਸੀ ਮੇਲੇ ਦੀ ਕਾਮਯਾਬੀ ਤੋਂ ਬਾਗੋ ਬਾਗ ਹੋ ਨਿੱਬੜੇ। ਕਾਫੀ ਲੰਬੇ ਅਰਸੇ ਬਾਅਦ ਕਬੱਡੀ ਅਤੇ  ਗਾਇਕੀ ਦਾ ਜੋਧਾਂ ਦਾ ਵਧੀਆ ਮੇਲਾ ਵੇਖਣ ਨੂੰ ਮਿਲਿਆ ਜੋ ਚਿਰਾਂ ਤੱਕ ਯਾਦ ਰਹੇਗਾ। ਵਧਾਈ ਦੇ ਹੱਕਦਾਰ ਨੇ ਜੋਧਾਂ ਪਿੰਡ ਦੀ ਪੰਚਾਇਤ, ਪ੍ਰਵਾਸੀ ਵੀਰ ਤੇ ਹਰ ਇਲਾਕਾ ਨਿਵਾਸੀ। 
 
ਯਾਦਵਿੰਦਰ ਸਿੰਘ ਤੂਰ
9501582626
Have something to say? Post your comment