Article

ਕੁਝ ਗੱਲਾਂ 'ਬਲੈਕੀਆ' ਫ਼ਿਲਮ ਦੇ ਨਿਰਦੇਸ਼ਕ ਸੁਖਮਿੰਦਰ ਧੰਜਲ ਨਾਲ //ਸੁਰਜੀਤ ਜੱਸਲ

April 18, 2019 03:47 PM

ਕੁਝ ਗੱਲਾਂ 'ਬਲੈਕੀਆ' ਫ਼ਿਲਮ ਦੇ ਨਿਰਦੇਸ਼ਕ ਸੁਖਮਿੰਦਰ ਧੰਜਲ ਨਾਲ 
ਸੁਖਮਿੰਦਰ ਧੰਜਲ ਪੰਜਾਬੀ ਸਿਨਮੇ ਨਾਲ ਚਿਰਾਂ ਤੋਂ ਜੁੜਿਆ ਇੱਕ ਨਾਮੀਂ ਲੇਖਕ ਨਿਰਦੇਸ਼ਕ ਹੈ। ਭੀੜ ਤੋਂ ਹਟਕੇ ਤੁਰਨ ਵਾਲੇ ਇਸ ਨਿਰਦੇਸ਼ਕ ਨੇ ਨੈਸ਼ਨਲ ਐਵਾਰਡ ਜੇਤੂ ਫਿਲਮ 'ਬਾਗੀ' ਤੋਂ ਆਪਣਾ ਫਿਲਮੀ  ਸਫ਼ਰ ਸੁਰੂ ਕੀਤਾ ਜੋ ਅੱਜ ਵੀ ਨਿਰੰਤਰ ਜਾਰੀ ਹੈ। ਸੁਖਮਿੰਦਰ ਧੰਜਲ ਧੜਾਧੜ ਫ਼ਿਲਮਾਂ ਕਰਕੇ ਗਿਣਤੀ ਵਧਾਉਣ ਵਾਲੇ ਨਿਰਦੇਸ਼ਕਾਂ ਵਿੱਚ ਨਹੀਂ ਬਲਕਿ ਚੰਗੇ ਵਿਸ਼ਿਆਂ ਅਧਾਰਤ ਲੋਕ ਹਿਤਾਂ ਨਾਲ ਜੁੜੀਆਂ ਅਰਥ ਭਰਪੂਰ ਫ਼ਿਲਮਾਂ ਕਰਕੇ ਜਾÎਣਿਆਂ ਜਾਂਦਾ ਹੈ। 'ਬਾਗੀ, ਮੇਲਾ, ਲੱਗਦਾ ਇਸ਼ਕ ਹੋ ਗਿਆ, ਕਬੱਡੀ ਵੰਨਸ ਅਗੇਨ' ਫ਼ਿਲਮਾਂ ਤੋਂ ਬਾਅਦ ਸੁਖਮਿੰਦਰ ਧੰਜਲ ਇੰਨੀਂ ਦਿਨੀਂ ਓਹਰੀ ਪ੍ਰੋਡਕਸ਼ਨ ਦੇ ਬੈਨਰ ਹੇਠ 3 ਮਈ ਨੂੰ ਰਿਲੀਜ਼ ਹੋ ਰਹੀ ਫ਼ਿਲਮ 'ਬਲੈਕੀਆ' ਨਾਲ ਇੱਕ ਵਾਰ ਫਿਰ ਚਰਚਾ ਵਿੱਚ ਹੈ। ਨਿਰਦੇਸ਼ਕ ਸੁਖਮਿੰਦਰ ਧੰਜਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਫਿਲਮ 1970 ਦੇ ਸਮੇਂ ਦੀ ਹੈ ਜਦੋਂ ਪਾਕਿਸਤਾਨ ਤੇ ਪੰਜਾਬ ਦੀ ਸਰਹੱਦ 'ਤੇ  ਸੋਨਾ ਚਾਂਦੀ ਅਤੇ ਨਸ਼ਿਆਂ ਦੀ ਸਮੱਗਲਿੰਗ ਹੋਇਆ ਕਰਦੀ ਸੀ। ਅਜਿਹਾ ਦੋ ਨੰਬਰ ਦਾ ਵਪਾਰ ਕਰਨ ਵਾਲੇ ਨੂੰ ਬਲੈਕੀਆ ਕਹਿੰਦੇ ਸੀ। ਇਸ ਫ਼ਿਲਮ ਰਾਹੀਂ ਇਸ ਗੈਰ ਕਾਨੂੰਨੀ ਧੰਦੇ 'ਚ ਪਏ ਬੰਦੇ ਦੀ ਜਿੰਦਗੀ ਵਿਖਾ ਕੇ ਅੱਜ ਦੀ ਨੌਜਵਾਨੀ ਨੂੰ ਸੁਨੇਹਾ ਦਿੱਤਾ ਹੈ ਕਿ ਗ਼ਲਤ ਰਾਹ ਤੁਰਿਆ ਬੰਦਾ ਕਦੇ ਵਾਪਸ ਨਹੀਂ ਮੁੜਦਾ। ਉਸਦਾ ਪੁੱਟਿਆ ਗ਼ਲਤ ਕਦਮ ਉਸਦੇ ਪਰਿਵਾਰ, ਸਮਾਜ ਅਤੇ ਦੇਸ਼ ਦੇ ਹਾਲਾਤਾਂ 'ਤੇ ਕੀ ਕੀ ਅਸਰ ਪਾਉਂਦਾ ਹੈ। ਇਸ ਫ਼ਿਲਮ 'ਚ ਦੇਵ ਖਰੋੜ ਨੇ ਮੁੱਖ ਕਿਰਦਾਰ ਨਿਭਾਇਆ ਹੈ ਜਿਸਦੀ ਹੀਰੋਇਨ ਇਹਾਨਾ ਢਿੱਲੋਂ ਹੈ। ਇਹ ਇੱਕ ਐਕਸ਼ਨ ਫ਼ਿਲਮ ਹੈ ਪਰ ਰੁਮਾਂਸ ਅਤੇ ਇਮੋਸ਼ਨਲ ਵੀ ਦਰਸ਼ਕਾਂ ਨੂੰ ਪ੍ਰਭਾਵਤ ਕਰੇਗਾ।
ਬਰਨਾਲਾ ਜਿਲਾ ਦੇ ਪਿੰਡ ਚੱਕ ਭਾਈ ਕਾ 'ਚ ਜਨਮੇਂ ਸੁਖਮਿੰਦਰ ਧੰਜਲ ਨੇ ਭਾਵੇਂਕਿ ਇਲੈਕਟਰੀਕਲ ਇੰਜਨੀਅਰਿੰਗ ਕੀਤੀ ਪਰ ਉਸਦਾ ਥੀਏਟਰ ਕਰਨ ਦਾ ਸ਼ੌਕ ਉਸਨੂੰ ਮੁੰਬਈ ਲੈ ਗਿਆ, ਜਿੱਥੇ ਦਿਨ ਰਾਤ ਮੇਹਨਤ ਕਰਦਿਆਂ ਆਪਣਾ ਫ਼ਿਲਮੀ ਡਾਇਰੈਕਟਰ ਬਣਨ ਦਾ ਸੁਪਨਾ ਪੂਰਾ ਕੀਤਾ। Ñਫ਼ਿਲਮ ਇੰਡਸਟਰੀ 'ਚੋਂ ਲੰਮਾ ਸਮਾਂ ਗਾਇਬ ਰਹਿਣ ਬਾਰੇ ਉਨਾਂ ਕਿਹਾ ਕਿ ਮੈਂ ਆਮ ਫ਼ਿਲਮਾਂ ਤੋਂ ਹਟਕੇ ਕੁਝ ਵੱਖਰਾ ਕਰਨ ਦੀ ਤਾਂਘ ਵਿੱਚ ਸੀ ਜੋ ਕਾਮੇਡੀ ਤੇ ਵਿਆਹਾਂ ਵਾਲੇ ਸਿਨਮੇ ਤੋਂ ਹਟਕੇ ਹੋਵੇ। ਨੈਸ਼ਨਲ ਐਵਾਰਡ  ਜੇਤੂ ਹੋਣ ਕਰਕੇ ਫ਼ਰਜ ਬਣਦਾ ਕਿ ਮਨੋਰੰਜਨ ਦੇ ਨਾਲ ਨਾਲ ਸਮਾਜ ਨੂੰ ਵੀ ਕੋਈ ਚੰਗਾ ਮੈਸ਼ਜ ਦਿੰਦੀ ਫ਼ਿਲਮ ਬਣਾਵਾਂ। ਮੌਜੂਦਾ ਸਿਨਮੇ ਬਾਰੇ ਉਸਦਾ ਕਹਿਣਾ ਹੈ ਕਿ ਅੱਜ ਸਿਨਮਾ 'ਟਾਕੀਜ਼  ਤੋਂ ਮਲਟੀਪਲੈਕਸ਼ ਦਾ ਰੂਪ ਲੈ ਚੁੱਕਾ ਹੈ ਪ੍ਰੰਤੂ ਅਫ਼ਸੋਸ ਕਿ ਚੰਗੇ ਵਿਸ਼ਿਆਂ ਤੋਂ ਸਾਡਾ ਪੰਜਾਬੀ ਸਿਨਮਾ ਅਜੇ ਸੱਖਣਾ ਹੈ। 
'ਬਲੈਕੀਆ'ਫ਼ਿਲਮ ਬਾਰੇ ਹੋਰ ਜਾਣਕਾਰੀ ਦਿੰਦੇ ਉਨਾਂ ਕਿਹਾ ਕਿ ਇਸ ਫ਼ਿਲਮ ਵਿੱਚ ਜਿਆਦਾਤਰ ਥੀਏਟਰ ਦੇ ਕਲਾਕਾਰ ਹਨ ਜਿੰਨਾਂ ਨੇ ਪੰਜਾਬੀ ਫ਼ਿਲਮਾਂ ਵਿੱਚ ਵੀ ਚੰਗਾ ਨਾਂ ਕਮਾਇਆ ਹੈ। ਓਹਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਨਿਰਮਾਤਾ ਵਿਵੇਕ ਓਹਰੀ ਤੇ ਅਤੁੱਲ ਓਹਰੀ ਦੀ ਇਸ ਫ਼ਿਲਮ ਵਿੱਚ ਦੇਵ ਖਰੌੜ, ਇਹਾਨਾ ਢਿੱਲੋਂ, ਆਸੀਸ ਦੁੱਗਲ, ਏਕਤਾ ਬੀ ਪੀ ਸਿੰਘ,  ਰਾਣਾ ਜੰਗ ਬਹਾਦਰ,ਰੂਬੀ ਅਟਵਾਲ, ਸੰਜੂ ਸੰਲੌਕੀ,ਅਰਸ਼ ਹੁੰਦਲ,ਤਰਸੇਮ ਪੌਲ, ਕੁਮਾਰ ਜੌਹਨ, ਰਵਿੰਦਰ ਮੰਡ, ਪ੍ਰਮੋਦ ਬੱਬੀ, ਨਗਿੰਦਰ ਗੱਖੜ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ , ਡਾਇਲਾਗ ਤੇ ਸਕਰੀਨ ਪਲੇਅ ਇੰਦਰਪਾਲ ਸਿੰਘ ਨੇ ਲਿਖਿਆ ਹੈ। ਫ਼ਿਲਮ ਦਾ ਸਹਾਇਕ ਨਿਰਦੇਸ਼ਕ ਜੱਸੀ ਮਾਨ ਹੈ। ਪੀ ਟੀ ਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵਲੋਂ 3 ਮਈ ਨੂੰ ਦੁਨੀਆਂ ਭਰ 'ਚ ਰਿਲੀਜ਼ ਕੀਤੀ ਜਾ ਰਹੀ ਹੈ।  

ਸੁਰਜੀਤ ਜੱਸਲ

Have something to say? Post your comment