Article

ਡੁੱਲ੍ਹੇ ਬੇਰ / ਮਿੰਨੀ ਕਹਾਣੀ

April 18, 2019 04:06 PM

     ਬਲਵਿੰਦਰ ਦੀਆਂ ਤਿੰਨ ਵੱਡੀਆਂ ਭੈਣਾਂ ਸਨ।ਉਨ੍ਹਾਂ ਤਿੰਨਾਂ ਦੇ ਵਿਆਹ ਉਸ ਦੇ ਮੰਮੀ-ਡੈਡੀ ਨੇ ਸਮੇਂ ਸਿਰ ਕਰ ਦਿੱਤੇ ਸਨ।ਉਹ ਆਪਣੇ ਸਹੁਰੇ ਘਰ ਖ਼ੁਸ਼ੀ ਖ਼ੁਸ਼ੀ ਰਹਿ ਰਹੀਆਂ ਸਨ।ਉਸ ਦਾ ਆਪਣਾ ਵਿਆਹ ਕਈ ਸਾਲ ਲੇਟ ਹੋਇਆ ਸੀ,ਕਿਉਂ ਕਿ ਉਹ ਕਿਸੇ ਸੋਹਣੇ, ਸੁਨੱਖੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ।ਉਸ ਦੀ ਇਹ ਇੱਛਾ ਤਾਂ ਪੂਰੀ ਹੋ ਗਈ ਪਰ ਉਸ ਦਾ ਪਤੀ ਹਰਬੰਸ ਉਸ ਨੂੰ ਖਰਚਣ ਲਈ ਕੋਈ ਪੈਸਾ ਨਹੀਂ ਸੀ ਦਿੰਦਾ ਅਤੇ ਨਾ ਹੀ ਉਹ ਬੀਮਾਰ ਹੋਣ ਤੇ ਉਸ ਨੂੰ ਕਿਸੇ ਡਾਕਟਰ ਕੋਲੋਂ ਦਵਾਈ ਲਿਆ ਕੇ ਦਿੰਦਾ ਸੀ।ਉਹ ਆਪਣੇ ਦੋ ਭਰਾਵਾਂ ਨਾਲ ਰਲ ਕੇ ਕੰਮ ਕਰਦਾ ਸੀ।ਤਿੰਨਾਂ ਭਰਾਵਾਂ ਨੂੰ ਜੋ ਕੁਝ ਮਿਲਦਾ ਸੀ,ਉਹ ਵੱਡਾ ਭਰਾ ਰੱਖ ਲੈਂਦਾ ਸੀ। ਅੱਗੇ ਉਹ ਆਪਣੀ ਪਤਨੀ ਨੂੰ ਦੇ ਦਿੰਦਾ ਸੀ।ਵੱਡੇ ਭਰਾ ਦੀ ਪਤਨੀ ਰੱਜ ਕੇ ਕੰਜੂਸ ਸੀ।ਉਹ ਨਿੱਤ ਵਰਤੋਂ ਦੀਆਂ ਚੀਜ਼ਾਂ ਲੈਣ ਲਈ ਪੈਸੇ ਵੀ ਰੋ ਪਿੱਟ ਕੇ ਕੱਢਦੀ ਸੀ।ਇਹ ਸੱਭ ਕੁਝ ਦੇਖ ਕੇ ਬਲਵਿੰਦਰ ਆਪਣੇ ਮੰਮੀ –ਡੈਡੀ ਕੋਲ ਆ ਕੇ ਰਹਿਣ ਲੱਗ ਪਈ।ਕੁਝ ਦਿਨਾਂ ਬਾਅਦ ਉਸ ਦੇ ਡੈਡੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਇਸ ਕਰਕੇ ਘਰ ਦਾ ਗੁਜ਼ਾਰਾ ਚੱਲਣਾ ਔਖਾ ਹੋ ਗਿਆ।ਬਲਵਿੰਦਰ ਤੇ ਉਸ ਦੀ ਮੰਮੀ ਨੇ ਔਖੇ, ਸੌਖੇ ਚਾਰ ਸਾਲ ਕੱਟ ਲਏ।ਬਲਵਿੰਦਰ ਦਾ ਪਤੀ ਹਰਬੰਸ ਉਸ ਨੂੰ ਲੈਣ ਲਈ ਕਈ ਵਾਰ ਆਇਆ ਸੀ ਪਰ ਉਸ ਵਲੋਂ ਕੋਈ ਅਸ਼ਵਾਸਨ ਨਾ ਮਿਲਣ ਕਰਕੇ ਉਹ ਉਸ ਨਾਲ ਨਾ ਗਈ।
ਅੱਜ ਸਵੇਰੇ ਉਹ ਉੱਠ ਕੇ ਆਪਣੀ ਮੰਮੀ ਨੂੰ ਆਖਣ ਲੱਗੀ, "ਦੇਖ ਮੰਮੀ, ਜੇ ਮੈਂ ਤਲਾਕ ਲੈਂਨੀ ਆਂ,ਤਾਂ ਮੈਨੂੰ ਨਾ ਚੰਗਾ ਮੁੰਡਾ ਮਿਲਣਾ ,ਨਾ ਚੰਗਾ ਘਰ ਮਿਲਣਾ।ਜੋ ਕੁਝ ਇਸ ਵੇਲੇ ਹੈ,ਕਿਤੇ ਉਸ ਤੋਂ ਵੀ ਜਾਂਦੀ ਨਾ ਲੱਗਾਂ ਮੈਂ।ਤੂੰ ਹਰਬੰਸ ਨੂੰ ਫੋਨ ਕਰ ਦੇ,ਉਹ ਆ ਕੇ ਮੈਨੂੰ ਲੈ ਜਾਵੇ।ਮੈਂ ਉੱਥੇ ਜਾ ਕੇ ਸੰਘਰਸ਼ ਕਰਕੇ ਉਸ ਨੂੰ ਆਪੇ ਸਿੱਧੇ ਰਾਹ ਪਾ ਲਵਾਂਗੀ।"
ਬਲਵਿੰਦਰ ਦੀਆਂ ਇਹ ਗੱਲਾਂ ਸੁਣ ਕੇ ਉਸ ਦੀ ਮੰਮੀ ਦੇ ਮੂੰਹੋਂ ਆਪ ਮੁਹਾਰੇ ਇਹ ਬੋਲ ਨਿਕਲ ਪਏ, "ਧੀਏ,ਕਿੰਨਾ ਚੰਗਾ ਹੁੰਦਾ, ਜੇ ਤੂੰ ਏਹੋ ਕੁਛ ਪਹਿਲਾਂ ਸੋਚ ਲੈਂਦੀ।ਤੇਰੇ ਚਾਰ ਸਾਲ ਖਰਾਬ ਹੋਣ ਤੋਂ ਬਚ ਜਾਣੇ ਸੀ।ਚੱਲ ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁਛ ਨ੍ਹੀ ਵਿਗੜਿਆ।ਮੈਂ ਹੁਣੇ ਹਰਬੰਸ ਨੂੰ ਫੋਨ ਕਰਕੇ ਸੱਦ ਲੈਂਨੀ ਆਂ।"
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ

Have something to say? Post your comment