Article

70 ਦੇ ਦਹਾਕੇ ਦੀਆਂ ਕਾਰਾਂ ਮੋਟਰਾਂ ਨਜ਼ਰ ਆਉਣਗੀਆਂ 'ਬਲੈਕੀਆ' ਵਿੱਚ

April 20, 2019 06:51 PM

 70 ਦੇ ਦਹਾਕੇ  ਦੀਆਂ ਕਾਰਾਂ ਮੋਟਰਾਂ ਨਜ਼ਰ ਆਉਣਗੀਆਂ 'ਬਲੈਕੀਆ' ਵਿੱਚ
ਫ਼ਿਲਮਾਂ ਸਿਰਫ਼ ਮਨੋਰੰਜਨ ਤੱਕ ਹੀ ਸੀਮਤ ਨਹੀਂ ਹੁੰਦੀਆਂ ਬਲਕਿ ਬੀਤੇ ਸਮੇਂ ਦਾ ਇਤਿਹਾਸ ਵੀ ਹੁੰਦੀਆਂ ਹਨ। ਇੰਨੀਂ ਦਿਨੀਂ ਫ਼ਿਲਮ 'ਬਲੈਕੀਆ' ਦੀ ਚਰਚਾ ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਹੈ ਜਿਸ ਦੇ ਟਰੇਲਰ ਅਤੇ ਗੀਤਾਂ ਨੂੰ ਦਰਸ਼ਕਾਂ ਦਾ ਵੱਡਾ ਹੁੰਗਾਰਾਂ ਦਿੱੱਤਾ ਹੈ। ਇਹ ਫ਼ਿਲਮ ਜਿੱਥੇ ਦੇਵ ਖਰੋੜ ਦੀ ਐਕਸ਼ਨ ਫ਼ਿਲਮ ਹੋਣ ਕਰਕੇ ਚਰਚਾ ਵਿੱਚ ਹੈ ਉੱਥੇ ਇਸ ਫ਼ਿਲਮ 'ਚ ਵਰਤੋ ਕੀਤੀਆਂ 70 ਦੇ ਦਹਾਕੇ ਦੀਆਂ ਕਾਰਾਂ ਮੋਟਰਾਂ, ਜੀਪਾਂ ਆਦਿ ਕਰਕੇ ਵੀ ਖਿੱਚ ਦਾ ਕੇਂਦਰ ਬਣੀ ਹੋਈ ਹੈ। 
ਓਹਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਵਿਵੇਕ ਓਹਰੀ ਅਤੇ ਨਿਰਦੇਸ਼ਕ ਸੁਖਮੰਦਰ ਧੰਜਲ ਨੇ ਕਿਹਾ ਕਿ ਇਹ ਫ਼ਿਲਮ 70 ਦੇ ਦਹਾਕੇ ਨਾਲ ਜੁੜੀ ਹੋਣ ਕਰਕੇ ਇਸ ਫ਼ਿਲਮ ਵਿੱਚ ਕਲਾਕਾਰਾਂ ਦਾ ਪਹਿਰਾਵਾ, ਲੋਕਾਂ ਦਾ ਰਹਿਣ ਸਹਿਣ,ਮੋਟਰ ਸਾਇਕਲ, ਕਾਰਾਂ ਜੀਪਾਂ ਟਰੈਕਟਰ ਆਦਿ ਹਰੇਕ ਚੀਜ਼ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਪੀਰਿਅਡ ਫ਼ਿਲਮ ਹੋਣ ਕਰਕੇ ਇਹ ਸੱਭ ਵਿਖਾਉਣਾ ਜਰੂਰੀ ਸੀ, ਜਿਸ ਲਈ ਬਹੁਤ ਮੇਹਨਤ ਨਾਲ ਸਾਰਾ ਕੁਝ ਮਹੁੱਈਆਂ ਕਰਵਾÀਣਾ ਪਿਆ। ਫਿਲਮ ਦੀ ਕਹਾਣੀ 70 ਦੇ ਦਹਾਕੇ ਦੀ ਹੈ ਜਦੋਂ ਪਾਕਿਸਤਾਨ ਤੇ ਪੰਜਾਬ ਦੀ ਸਰਹੱਦ 'ਤੇ  ਸੋਨਾ ਚਾਂਦੀ ਅਤੇ ਨਸ਼ਿਆਂ ਦੀ ਸਮੱਗਲਿੰਗ ਹੋਇਆ ਕਰਦੀ ਸੀ। ਅਜਿਹਾ ਦੋ ਨੰਬਰ ਦਾ ਵਪਾਰ ਕਰਨ ਵਾਲੇ ਨੂੰ ਬਲੈਕੀਆ ਕਹਿੰਦੇ ਸੀ। ਇਸ ਫ਼ਿਲਮ ਰਾਹੀਂ ਇਸ ਗੈਰ ਕਾਨੂੰਨੀ ਧੰਦੇ 'ਚ ਪਏ ਬੰਦੇ ਦੀ ਜਿੰਦਗੀ ਵਿਖਾ ਕੇ ਅੱਜ ਦੀ ਨੌਜਵਾਨੀ ਨੂੰ ਸੁਨੇਹਾ ਦਿੱਤਾ ਹੈ ਕਿ ਗ਼ਲਤ ਰਾਹ ਤੁਰਿਆ ਬੰਦਾ ਕਦੇ ਵਾਪਸ ਨਹੀਂ ਮੁੜਦਾ। ਉਸਦਾ ਪੁੱਟਿਆ ਗ਼ਲਤ ਕਦਮ ਉਸਦੇ ਪਰਿਵਾਰ, ਸਮਾਜ ਅਤੇ ਦੇਸ਼ ਦੇ ਹਾਲਾਤਾਂ 'ਤੇ ਕੀ ਕੀ ਅਸਰ ਪਾਉਂਦਾ ਹੈ। ਇਹ ਉਸ ਵੇਲੇ ਦੀਆਂ ਸੱਚੀਆਂ ਘਟਨਾਵਾਂ ਅਧਾਰਤ ਕਹਾਣੀ ਹੈ ਕਿਸੇ ਇੱਕ ਅਸਲ ਬੰਦੇ ਅਧਾਰਤ ਨਹੀਂ। ਇਸ ਫ਼ਿਲਮ 'ਚ ਦੇਵ ਖਰੋੜ ਨੇ ਮੁੱਖ ਕਿਰਦਾਰ ਨਿਭਾਇਆ ਹੈ ਜਿਸਦੀ ਹੀਰੋਇਨ ਇਹਾਨਾ ਢਿੱਲੋਂ ਹੈ। ਇਹ ਇੱਕ ਐਕਸ਼ਨ ਫ਼ਿਲਮ ਹੈ ਪਰ ਰੁਮਾਂਸ ਅਤੇ ਇਮੋਸ਼ਨਲ ਵੀ ਦਰਸ਼ਕਾਂ ਨੂੰ ਪ੍ਰਭਾਵਤ ਕਰੇਗਾ। 
ਨਿਰਦੇਸ਼ਕ ਸੁਖਮਿੰਦਰ ਧੰਜਲ ਦੀ ਇਸ ਫ਼ਿਲਮ ਵਿੱਚ ਦੇਵ ਖਰੌੜ,ਇਹਾਨਾ ਢਿੱਲੋਂ,ਆਸ਼ੀਸ ਦੁੱਗਲ, ਏਕਤਾ ਬੀ ਪੀ ਸਿੰਘ,  ਰਾਣਾ ਜੰਗ ਬਹਾਦਰ, ਰੂਬੀ ਅਟਵਾਲ, ਸੰਜੂ ਸੰਲੌਕੀ,ਅਰਸ਼ ਹੁੰਦਲ,ਤਰਸੇਮ ਪੌਲ, ਕੁਮਾਰ ਜੌਹਨ, ਰਵਿੰਦਰ ਮੰਡ, ਪ੍ਰਮੋਦ ਬੱਬੀ, ਨਗਿੰਦਰ ਗੱਖੜ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ, ਡਾਇਲਾਗ,ਅਤੇ ਸਕਰੀਨ ਪਲੇਅ ਇੰਦਰਪਾਲ ਸਿੰਘ ਨੇ ਲਿਖਿਆ ਹੈ। ਨਿਰਦੇਸ਼ਕ ਸੁਖਮੰਦਰ ਧੰਜਲ ਨੈ ਦਿੱਤਾ ਹੈ।  ਫ਼ਿਲਮ ਦਾ ਸਹਾਇਕ ਨਿਰਦੇਸ਼ਕ ਜੱਸੀ ਮਾਨ ਹੈ। ਪੀ ਟੀ ਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵਲੋਂ 3 ਮਈ ਨੂੰ ਰਿਲੀਜ਼ ਕੀਤੀ ਜਾ ਰਹੀ  ਇਹ ਫ਼ਿਲਮ ਪੰਜਾਬੀ ਸਿਨਮੇ ਲਈ ਮੀਲ ਪੱਥਰ ਸਾਬਿਤ ਹੋਵੇਗੀ।  

ਸੁਰਜੀਤ ਜੱਸਲ 

Have something to say? Post your comment