Poem

ਆਧੁਨਿਕਤਾ

April 20, 2019 06:53 PM


ਘੁੱਪ ਹਨੇਰੀ ਗੁਫਾ
ਬੜੀ ਲੰਮੇਰੀ ਵਾਟ 
ਜ਼ਿੰਦਗੀ ਜਿਉਣ ਦਾ ਚੱਜ
ਸਿੱਖਦਿਆਂ-ਸਿੱਖਦਿਆਂ
ਗਹਿਰਾਈ ਨਾਪਣ ਦੀ ਕੋਸ਼ਿਸ਼ ਚ
ਪਤਾ ਹੀ ਨਹੀਂ ਲੱਗਿਆ
ਕਿੰਨੀ ਦੂਰ ਨਿੱਕਲ ਗਏ
ਕਿੰਨੇ ਹੀ ਬਸੰਤ ਰੁੱਤ ਜਿਹੇ ਮੌਸਮਾਂ ਨੂੰ
ਖੁਸ਼ਆਮਦੀਦ ਕਿਹਾ
ਤੇ,
ਜ਼ਰਦ ਹਵਾਵਾਂ ਨਾਲ ਝੂਲ ਕੇ ਡਿੱਗੇ
ਸੁੱਕੇ ਪੱਤਿਆਂ ਨੂੰ ਅਲਵਿਦਾ ਕਹਿੰਦਿਆਂ
ਕਿੰਨੇ ਹੀ ਸਾਵਣ-ਭਾਦੋਂ ਵਰਸੇ
ਹਾਂ ਸੱਚ,
ਕੱਲ ਰਾਤ ਬੱਚਿਆਂ ਨੂੰ
ਕੰਪਿਊਟਰ ਦੀ ਸਕਰੀਨ ਤੇ
ਗੇਮ ਖੇਡਦਿਆਂ
ਮੰਜਿਲ ਤੇ ਪਹੁੰਚਣ ਦੀ ਕਾਹਲ ਚ
ਰਾਸਤੇ ਚ ਆਏ ਸਟਾਰ 
ਨਾ ਲੈਣ ਕਾਰਨ
ਪ੍ਰੇਸ਼ਾਨ ਦੇਖ.......
ਇਉਂ ਲੱਗਿਆ__
ਜਿਵੇਂ ਸੱਚਮੁੱਚ ਹੀ ਬਹੁਤੇ ਸਟਾਰ ਤਾਂ
ਅਸੀਂ ਪਿੱਛੇ ਹੀ ਛੱਡ ਆਏ ਹੋਈਏ
ਜਿਵੇਂ ਆਧੁਨਿਕਤਾ ਨੇ ਸਾਨੂੰ 
ਨਿਗਲ ਲਿਆ ਹੋਵੇ
ਅਸੀਂ ਕਿੰਨੇ ਡਿਜ਼ੀਟਲ ਹੋ ਗਏ ਹਾਂ
ਸੱਚਮੁੱਚ।
ਕਿੰਨੇ ਡਿਜ਼ੀਟਲ!!!


ਕਰਮਜੀਤ ਕੌਰ (ਅੰਜੂ)
 ਮਾਨਸਾ 

Have something to say? Post your comment