Article

"ਮੈਨੂੰ ਇਉਂ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਆਂ"

April 21, 2019 09:52 PM
"ਮੈਨੂੰ ਇਉਂ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ 
ਬੋਲੀ ਆਂ" 
ਕੋਈ ਵੀ ਬੋਲੀ ਉਸ ਰਾਜ ਦੀ 'ਰਾਜ ਭਾਸ਼ਾ' ਹੋਣ ਦੇ ਨਾਲ-ਨਾਲ ਉੱਥੋਂ ਦੇ ਲੋਕਾਂ ਦੀ ਮਾਂ ਬੋਲੀ ਵੀ ਹੁੰਦੀ ਹੈ ਜਿਸ ਵਿੱਚ ਉਹਨਾਂ ਨੇ ਬੋਲਣਾ ਸਮਝਣਾ ਸਿੱਖਿਆ ਹੁੰਦਾ ਹੈ ਅਤੇ ਬੋਲਦੇ ਸਮੇਂ ਉਹ ਸਹਿਜਤਾ ਮਹਿਸੂਸ ਕਰਦੇ ਹਨ। ਅਜੋਕੇ ਸਮੇਂ ਵਿੱਚ ਜਿੱਥੇ ਅੰਗਰੇਜ਼ੀ ਭਾਸ਼ਾ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣਾ ਜਾਲ ਵਿਛਾ ਲਿਆ ਹੈ ਓਥੇ ਪੰਜਾਬ ਵਿੱਚ ਵੀ ਪੰਜਾਬੀ ਬੋਲੀ ਦਾ ਮਿਆਰ ਦਿਨ-ਬ-ਦਿਨ ਡਿੱਗਦਾ ਨਜ਼ਰ ਆ ਰਿਹਾ ਹੈ। ਬੱਸਾਂ 'ਚ ਲਿਖੇ ਵਿਚਾਰ, ਸੜਕਾਂ 'ਤੇ ਲੱਗੇ ਗਲਤ ਬੋਰਡ ਇਸ ਗੱਲ ਦਾ ਪੁਖਤਾ ਸਬੂਤ ਹਨ। ਸ਼ੋਸ਼ਲ ਮੀਡੀਆ 'ਤੇ ਵੀ ਇਹ ਗਲਤੀਆਂ ਆਮ ਵੇਖਣ ਨੂੰ ਮਿਲਦੀਆਂ ਹਨ।  ਗੁਰਮੁਖੀ ਲਿੱਪੀ ਵਿੱਚ ਅੱਖਰਾਂ ਨਾਲ ਲਗਾਈਆਂ ਜਾਂਦੀਆਂ ਮਾਤਰਾਵਾਂ ਦੀ ਤਕਰੀਬਨ ਗਲਤ ਵਰਤੋਂ ਹੁੰਦੀ ਨਜ਼ਰ ਆਉਂਦੀ ਹੈ। ਹੋੜੇ, ਕਨੌੜੇ, ਸਿਹਾਰੀ, ਬਿਹਾਰੀ ਆਦਿ ਦੇ ਪ੍ਰਯੋਗ ਸਮੇਂ ਲਾਪਰਵਾਹੀ ਆਮ ਵੇਖਣ ਨੂੰ ਮਿਲਦੀ ਹੈ। ਜਿਸ ਨਾਲ ਪੰਜਾਬੀ ਦਾ ਅਸਲੀ ਰੂਪ ਵਿਗੜਦਾ ਨਜ਼ਰ ਆ ਰਿਹਾ ਹੈ। ਅੱਜ-ਕੱਲ੍ਹ ਲੋਕ ਪੰਜਾਬੀ ਬੋਲਦੇ ਸਮੇਂ ਬਹੁਤੇ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਵਰਤਦੇ ਹਨ। ਜਿਸ ਨਾਲ ਪੰਜਾਬੀ ਦੇ ਬਹੁਤੇ ਸ਼ਬਦ ਦਿਨ-ਬ-ਦਿਨ ਅਲੋਪ ਹੋ ਰਹੇ ਹਨ। ਅੰਗਰੇਜ਼ੀ ਬੋਲਣਾ ਕਿਤੇ ਨਾ ਕਿਤੇ ਪੜ੍ਹੇ ਲਿਖੇ ਹੋਣ ਦਾ ਸਬੂਤ ਸਮਝਿਆ ਜਾਣ ਲੱਗ ਪਿਆ ਹੈ ਜਿਸ ਕਾਰਨ ਪੰਜਾਬੀ-ਅੰਗਰੇਜ਼ੀ 
ਦਾ ਰਲਵਾਂ ਰੂਪ ਸਾਹਮਣੇ ਆ ਰਿਹਾ ਹੈ। ਜਿਸਦੀ ਝਲਕ ਅੱਜ ਦੀ ਗਾਇਕੀ ਅਤੇ ਲੋਕਾਂ ਦੀ ਬੋਲੀ 'ਚੋ ਆਮ ਝਲਕਦੀ ਹੈ। ਕਈ ਸਕੂਲਾਂ ਵਿੱਚ  ਪੰਜਾਬ 'ਚ ਪੰਜਾਬੀ ਬੋਲਣ 'ਤੇ ਜੁਰਮਾਨਾ ਲਗਦਾ ਹੈ ਜੋ ਕਿ ਇੱਕ ਮੰਦਭਾਗੀ ਗੱਲ ਹੈ ਪਰ ਦੂਜੇ ਪਾਸੇ ਜੇਕਰ ਬੱਚੇ ਘਰ ਜਾ ਕੇ ਪੰਜਾਬੀ ਬੋਲਦੇ ਹਨ ਤਾਂ ਜ਼ਿਆਦਾਤਰ ਮਾਪੇ ਖੁਦ ਇਹ ਸੋਚਦੇ ਹਨ ਕਿ ਸਾਡਾ ਦੇਸ਼ੀ ਬੋਲੀ ਬੋਲਦਾ ਹੈ। ਜਿਸ ਕਾਰਨ ਉਹਨਾਂ ਦਾ ਰੁਝਾਨ ਪੰਜਾਬੀ ਬੋਲਣ 'ਤੇ 
ਜੁਰਮਾਨਾ ਲਗਾਉਣ ਵਾਲੇ ਸਕੂਲਾਂ ਵੱਲ ਵਧ ਰਿਹਾ ਹੈ। ਸ਼ਾਇਦ ਅਜਿਹੇ ਮਾਪੇ ਇਹ ਗੱਲ ਨਹੀਂ ਸਮਝਦੇ ਕਿ ਡੋਰ ਕੱਟੀ ਜਾਣ 'ਤੇ ਪਤੰਗ ਉਚਾਈਆਂ ਤੱਕ ਉੱਡਣ ਦੀ ਬਜਾਇ ਝਾੜੀਆਂ 'ਚ ਜਾ ਫਸਦਾ ਹੈ ਅਤੇ ਆਪਣਾ ਆਪ ਗਵਾ ਲੈਂਦਾ ਹੈ। ਉੱਚਾ ਉੱਡਣਾ ਚੰਗੀ ਗੱਲ ਹੈ ਪਰ ਆਪਣੇ ਘਰ ਦਾ ਰਾਹ ਭੁੱਲ ਜਾਣਾ ਲਾਹੇਵੰਦ ਨਹੀਂ ਹੁੰਦਾ। ਕੋਈ ਵੀ ਭਾਸ਼ਾ ਦਾ ਗਿਆਨ ਪ੍ਰਾਪਤ ਕਰਨਾ ਗਲਤ ਨਹੀਂ ਹੈ ਪਰ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਇੱਕ ਭਾਸ਼ਾ ਕਿਸੇ ਦੂਜੀ ਭਾਸ਼ਾ 'ਤੇ ਇਸ ਕਦਰ ਪ੍ਰਭਾਵੀ ਨਾ ਹੋਵੇ ਕਿ ਉਸ ਭਾਸ਼ਾ ਦਾ ਮੂਲ ਰੂਪ ਹੀ ਵਿਗੜਨ ਲੱਗ ਜਾਵੇ। ਪੰਜਾਬੀ ਦੇ ਕਈ ਗਲਤ ਬੋਰਡਾਂ ਨੂੰ ਪੜ੍ਹ ਕੇ ਸਹੀ ਗੱਲ ਜਾਨਣ ਲਈ ਉਸਦੇ ਹੇਠਾਂ ਅੰਗਰੇਜ਼ੀ ਪੜ੍ਹਨੀ ਪੈਂਦੀ ਹੈ। ਫਿਰ ਜਾ ਕੇ ਪੰਜਾਬੀ 'ਚ ਲਿਖੀ ਗੱਲ ਦਾ ਸਹੀ ਪਤਾ ਲੱਗਦਾ ਹੈ। ਅੱਜ ਪੰਜਾਬੀ ਦੇ ਖਰਾਬ ਹੋ ਰਹੇ ਅਕਸ਼ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੀ ਬੋਰਡਾਂ ਦਾ ਕੰਮ ਪੰਜਾਬੀ ਦੇ ਚੰਗੇ ਜਾਣਕਾਰਾਂ ਨੂੰ ਸੌਂਪੇ ਤਾਂ ਕਿ ਭਾਸ਼ਾਈ ਰੂਪ 'ਚ ਅਜਿਹੀਆਂ ਗਲਤੀਆਂ ਤੋਂ ਬਚਿਆ ਜਾ ਸਕੇ ਅਤੇ ਪੰਜਾਬੀ ਪੰਜਾਬੀਅਤ ਨੂੰ ਜਿਉਂਦਾ ਰੱਖਣਾ ਹਰ ਪੰਜਾਬੀ ਦਾ ਅਹਿਮ ਫਰਜ਼ ਹੈ। 
ਹਰਪ੍ਰੀਤ ਕੌਰ ਘੁੰਨਸ 
Have something to say? Post your comment