Poem

ਸ਼ੁਕਰ ਕਰੋ//ਕਮਲ ਸਰਾਵਾਂ

April 21, 2019 09:56 PM

     ਸ਼ੁਕਰ ਕਰੋ

 

ਸਾਨੂੰ ਗੁਨਹਾਗਾਰਾਂ ਨੂੰ ਉਹ ਦਿੰਦਾ ਸ਼ੁਕਰ ਕਰੋ,

ਰੋਟੀ ਲਈ ਫਰਿਸ਼ਤੇ ਵੀ ਭੱਜ ਦੌੜ ਕਰੇਂਦੇ ਨੇ।

ਓਹ ਲੋਕੀ ਦਰਗਾਹਾਂ ਵਿੱਚ ਸ਼ਰਮਿੰਦਾ ਹੋਵਣਗੇ,

ਵਿਲਕਦਿਆਂ ਨੂੰ ਜਿਹੜੇ ਪਾਸੇ ਖੜ੍ਹ-ਖੜ੍ਹ ਵੇਂਹਦੇ ਨੇ।

 

ਮਾਫ ਕਰੋ ਦੂਜੇ ਨੂੰ ਜਦ ਗੁਸਤਾਖੀ ਹੋ ਜਾਵੇ,

ਹੋ ਸਕਦਾ ਏ ਰੱਬ ਅਸਾਂ ਨੂੰ ਮਾਫੀ ਦੇ ਦੇਵੇ।

ਜਿਉਂਦੇ ਜੀਅ ਜੋ ਕਰਦੇ ਚੰਗੇ ਕਰਮ ਐ ਸੱਜਣ ਜੀ,

ਮਰਨ ਪਿੱਛੋਂ ਵੀ ਲੋਕਾਂ ਦੇ ਉਹ ਦਿਲ ਵਿੱਚ ਰਹਿੰਦੇ ਨੇ।

 

ਰੋਂਦਾ ਚਿਹਰਾ ਹਸਾਅ ਦੇਣਾ ਜੇ ਰੱਬ ਘਰ ਦੂਰ ਹੋਵੇ,

ਏਦਾਂ ਵੀ ਪਰਵਾਨ ਓਹੋ ਕਰ ਲੈਂਦਾ ਹਾਜ਼ਰੀਆਂ।

ਜੋ ਦੂਜਿਆਂ ਦੇ ਖ਼ਾਬਾਂ ਵਾਲਾ ਮਹਿਲ ਨੇ ਢਾਹ ਦਿੰਦੇ,

ਓਹਨਾ ਦੇ ਵੀ ਸੱਧਰਾਂ ਵਾਲੇ ਚੁਬਾਰੇ ਢਹਿੰਦੇ ਨੇ।

 

ਕਰਨੀ ਕਿਰਤ,ਵੰਡ ਕੇ ਖਾਣਾ,ਨਾਮ ਨੂੰ ਜਪਣਾ ਏਂ,

ਐਸਾ ਕਰਨੇ ਵਾਲੇ ਨਾਲ ਸਕੂਨ ਜਿਉਂਦੇ ਐ।

ਕੁਦਰਤ ਦੇ ਵੀ ਆਪਣੇ ਸੁਰ ਤੇ ਤਾਲ ਦੋਸਤਾ ਓਏ,

ਪਾਣੀ ਆਪਣੀ ਸੁਰ ਦੇ ਵਿੱਚ ਬੇਬਾਕ ਹੀ ਵਹਿੰਦੇ ਨੇ।

 

ਰਹਿ ਜਾਵਣੀਆਂ ਯਾਦਾਂ ਮਿੱਟੀ ਵਿੱਚ ਤਨ ਮਿਲਜੇਗਾ,

ਕਿਉਂ ਨਾ ਫਿਰ ਕੁਝ ਐਸਾ ਕਰੀਏ ਚੇਤੇ ਰਹਿ ਜਾਈਏ।

ਇਸ਼ਕ ਕਰੋਗੇ ਵਫ਼ਾ ਮਿਲੇਗੀ ਹਰ ਸ਼ੈਅ ਕੋਲੋਂ ਹੀ,

ਬੀਜਿਆ ਪੈਂਦਾ ਵੱਢਣਾ 'ਕਮਲ' ਸਿਆਣੇ ਕਹਿੰਦੇ ਨੇ।

 

ਕਮਲ ਸਰਾਵਾਂ

ਪੰਜਾਬੀ ਯੂਨੀਵਰਸਿਟੀ ਪਟਿਆਲਾ

Have something to say? Post your comment