Saturday, May 25, 2019
FOLLOW US ON

Poem

ਵਾਤਾਵਰਨ ਅੱਜ ਦੂਸ਼ਿਤ ਹੈ ਹੋ ਚੁੱਕਾ

May 15, 2019 08:13 PM

ਵਾਤਾਵਰਨ ਅੱਜ ਦੂਸ਼ਿਤ ਹੈ ਹੋ ਚੁੱਕਾ

ਹਵਾ, ਪਾਣੀ ਤੇ ਭੋਜਣ ਜੇ ਸ਼ੁੱਧ ਹੋਵਣ, ਤਾਂ ਫਿਰ ਹੁੰਦਾ ਏ ਜੀਵਨ ਖੁਸ਼ਹਾਲ ਸਾਡਾ।

ਇਹ ਤਾਂ ਤਿੰਨੇ ਹੀ ਕੁਦਰਤ ਦੀਆਂ ਨਿਹਮਤਾਂ ਨੇ, ਤਨ, ਮਨ ਕਰਨ ਨਿਹਾਲ ਨਿਹਾਲ ਸਾਡਾ।

ਅਸੀਂ ਏਹਨਾਂ ਦਾ ਜੇ, ਖਿਆਲ ਰੱਖੀਏ, ਇਹ ਵੀ ਰੱਖਣਗ਼ੇ ਸਦਾ ਖਿਆਲ ਸਾਡਾ।

ਏਹਨਾਂ ਵਿਚ ਜਦ ਜ਼ਹਿਰ ਹੈ ਘੁਲ ਜਾਂਦੀ, ਜੀਵਨ ਹੁੰਦਾ ਏ, ਹਾਲੋਂ-ਬੇਹਾਲ ਸਾਡਾ।

                ਜ਼ਹਿਰੀ ਧੂੰਏਂ ਜੋ ਨਿਕਲ ਰਹੇ ਚਿਮਨੀਆਂ ‘ਚੋਂ, ਸ਼ੁੱਧ ਹਵਾ ਨੂੰ ਦੂਸ਼ਿਤ ਬਣਾਈ ਜਾਂਦੇ।

                ਸੜਕਾਂ ਉਤੇ ਜੋ ਦੌੜ ਰਹੇ ਤੇਜ ਵਾਹਣ, ਗ਼ੰਦੇ ਧੂੰਏਂ ਨਾਲ ਜ਼ਹਿਰ ਫੈਲਾਈ ਜਾਂਦੇ।

                ਫਸਲ ਕੱਟਣ ਤੋਂ ਬਾਅਦ ਕਿਸਾਨ ਸਾਡੇ, ਅੱਗ਼ ‘ਨਾੜ’ ਨੂੰ ਹਰ ਥਾਂ ਲਾਈ ਜਾਂਦੇ।

                ਸਾਰੀ ਆਬੋ-ਹਵਾ ਹੀ ਹੋਈ ਦੂਸ਼ਿਤ, ਔਖੇ ਸਾਹ ਨੇ ਅਸਾਂ ਨੂੰ ਆਈ ਜਾਂਦੇ।

ਅਸੀਂ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੇ, ਕਰ ਰਹੇ ਅਸੀਂ ਹਾਂ ਬੜਾ ਬਰਬਾਦ ਪਾਣੀ।

ਪਾਣੀ ਧਰਤੀ ਦਾ ਥੱਲੇ ਨੂੰ ਜਾ ਰਿਹਾ ਏ, ਘਟ ਰਿਹਾ ਏ ਵਿਚ ਤਾਦਾਦ ਪਾਣੀ।

ਪਹਿਲਾਂ ਪਾਣੀ ਸੀ ਪੰਜਾਹ ਕੁ ਫੁੱਟ ਥੱਲੇ, ਮਿਲ ਰਿਹਾ, ਦੋ ਸੌ ਫੁੱਟ ਤੋਂ ਬਾਅਦ ਪਾਣੀ ।

ਲੈਣਾ ਪਉ ਜਦ ਲਾਈਨਾਂ ਦੇ ਵਿਚ ਲੱਗ਼ ਕੇ, ਓਦੋਂ ਨਾਨੀ ਕਰਵਾਊਗ਼ਾ ਯਾਦ ਪਾਣੀ ।

                ਖਾਣ ਵਾਲੀਆਂ ਫਸਲਾਂ ਵਿਚ ਪੈਣ ਖਾਦਾਂ, ਅੰਨ ਦੀ ਥਾਂ ਤੇ ਜ਼ਹਿਰ ਹੀ ਖਾ ਰਹੇ ਹਾਂ।

                ਦੁੱਧ ਜ਼ਿਆਦਾ ਤੇ ਜਲਦੀ ਲੈਣ ਦੇ ਲਈ, ਮੱਝਾਂ, ਗ਼ਾਵਾਂ ਨੂੰ ਟੀਕੇ ਲਗ਼ਾ ਰਹੇ ਹਾਂ।

                ਕੱਚੇ ਫਲ ਸਵੇਰ ਤੱਕ ਪੱਕ ਜਾਂਦੇ, ਐਸੇ ਕੈਮੀਕਲ ਉਤੇੇ ਛਿੜਕਾ ਰਹੇ ਹਾਂ।

                ਜਾ ਕੇ ਬਖਵ ਵਿਚ, ਕਰਨ ਇਹ ਜ਼ਹਿਰ ਪੈਦਾ, ਲਾ-ਇਲਾਜ ਬਿਮਾਰੀਆਂ ਲੁਆ ਰਹੇ ਹਾਂ।

ਜੀਹਨਾਂ ਦਰੱਖਤਾਂ ਤੋਂ ਮਿਲਦੀ ਹੈ ਆਕਸੀਜਨ, ਓਨ੍ਹਾ ਦਰੱਖਤਾਂ ਨੂੰ ਕੱਟੀ, ਕਟਾਈ ਜਾ ਰਹੇ।

ਇਕ ਰੁੱਖ ਤੇ ਸੌ ਸੁੱਖ ਹੁੰਦੇ, ਏਸ ਗ਼ੱਲ ਨੂੰ ਦਿਲੋਂ ਭੁਲਾਈ ਜਾ ਰਹੇ।

ਥਾਂ-ਥਾਂ ਤੋਂ ਦਰੱਖਤਾਂ ਨੂੰ ਪੁੱਟ ਪੁੱਟ ਕੇ, ਆਪਣੇ ਲਈ ਹੀ ਪੁੱਟੀ ਹਾਂ ਖਾਈ ਜਾ ਰਹੇ।

ਜੜ੍ਹਾਂ ਏਹਦੀਆਂ ਸਦਾ ਲਈ ਵੱਢ ਕੇ ਤੇ, ਤੇਲ ਆਪਣੀ ਜੜ੍ਹੀਂ ਹੀ ਪਾਈ ਜਾ ਰਹੇ।

                ਵਾਤਾਵਰਨ ਅੱਜ ਦੂਸ਼ਿਤ ਹੈ ਹੋ ਚੁੱਕਾ, ਸ਼ੁੱਧ ਕਰਨ ਲਈ ਧਿਆਨ ਲਗ਼ਾਓ ਸਾਰੇ।

                ਹਵਾ, ਪਾਣੀ ਤੇ ਭੋਜਨ ਨੂੰ ਸ਼ੁੱਧ ਰੱਖ ਕੇ, ਬਚੇ ਦਰੱਖਤਾਂ ਦੇ ਤਾਈਂ ਬਚਾਓ ਸਾਰੇ।

                ਫੁੱਲ ਬੂਟੇ ਲਗ਼ਾ ਕੇ ਥਾਂ-ਥਾਂ ਤੇ, ਹਰ ਪਾਸੇ ਸੁਗ਼ੰਧੀ ਫੈਲਾਓ ਸਾਰੇ।

                ‘ਜਾਚਕ’ ਨਿਮਰਤਾ ਸਹਿਤ ਅਰਜ਼ੋਈ ਕਰਦੈ, ਆਪੋ ਆਪਣਾ ਫਰਜ਼ ਨਿਭਾਓ ਸਾਰੇ।  

Have something to say? Post your comment