Poem

ਉਸਦੇ ਕੋਲ ਅਸਲਾ ਹੈ// ਕਮਲ ਸਰਾਵਾਂ,

May 19, 2019 10:34 PM

ਉਸਦੇ ਕੋਲ ਅਸਲਾ ਹੈ

 

ਬਹੁਤ ਪੇਚੀਦਾ ਮਸਲਾ ਹੈ,ਕਿ ਉਸਦੇ ਕੋਲ ਅਸਲਾ ਹੈ,

ਕੋਲ ਹਥਿਆਰ ਰੱਖਦਾ ਏ,ਤੇਜ਼ ਉਹ ਧਾਰ ਰੱਖਦਾ ਏ,

 

ਬੁਰਾ ਹੈ ਲੋਕ ਕਹਿੰਦੇ ਨੇ,ਬਹੁਤ ਪਰ ਡਰ ਕੇ ਰਹਿੰਦੇ ਨੇ,

ਕਦੇ ਐਸਾ ਜ਼ਮਾਨਾ ਸੀ,ਕਿ ਐਸਾ ਨਾ ਫਸਾਨਾ ਸੀ,

 

ਉਹੋ ਬੇਅਸਲਾ ਹੁੰਦਾ ਸੀ,ਕਿ ਕੋਈ ਮਸਲਾ ਹੁੰਦਾ ਸੀ,

ਓਸੇ 'ਤੇ ਦੋਸ਼ ਲੱਗਦੇ ਸੀ,ਤੇ ਉਸਨੂੰ ਘਰ 'ਚੋਂ ਕੱਢਦੇ ਸੀ,

 

ਕਾਰਵਾਈ ਪਵਾਅ ਕੇ ਫਿਰ,ਓਸਨੂੰ ਘਰ ਉਹ ਛੱਡਦੇ ਸੀ,

ਜ਼ਮਾਨਾ ਜੀਣ ਨਹੀਂ ਦਿੰਦਾ,ਜ਼ਖਮ ਵੀ ਸੀਣ ਨਹੀਂ ਦਿੰਦਾ,

 

ਲੂਣ ਜ਼ਖਮਾਂ 'ਤੇ ਪਾਉਂਦਾ ਏ,ਡਰੇ ਨੂੰ ਫਿਰ ਡਰਾਉਂਦਾ ਏ,

ਫੁੱਲਾਂ ਨੂੰ ਪੈਰਾਂ ਵਿੱਚ ਰੋਲੇ,ਸੂਲਾਂ ਨੂੰ ਕੁਝ ਵੀ ਨਾ ਬੋਲੇ,

 

ਜਦੋਂ ਕੋਈ ਜਾਗ ਜਾਂਦਾ ਏ,ਹੋ ਜੱਗ ਨਾਰਾਜ਼ ਜਾਂਦਾ ਏ,

ਇਹਨਾ ਨੂੰ ਗੁੰਗੇ ਫੱਬਦੇ ਨੇ,ਤੇ ਅੰਨ੍ਹੇ ਚੰਗੇ ਲੱਗਦੇ ਨੇ,

 

ਓਹੋ ਹਥਿਆਰਬੰਦ ਬੰਦਾ,ਹੋਵੇ ਧੱਕਾ ਕਰੇ ਦੰਗਾ,

ਤਰੀਕਾ ਜਿਓਣ ਦਾ ਉਸਦਾ,ਸਹੀ ਹੈ,ਉਹ ਨਹੀ ਰੁਕਦਾ,

 

ਕੋਲ ਤਾਂ ਕੁਝ ਨਹੀਂ ਕਹਿੰਦੇ,ਲੋਕ ਉਂਝ ਬੋਲਦੇ ਰਹਿੰਦੇ,

ਬਹੁਤ ਪੇਚੀਦਾ ਮਸਲਾ ਹੈ,ਉਸਦੇ ਕੋਲ ਅਸਲਾ ਹੈ।

 

 ਕਮਲ ਸਰਾਵਾਂ,

ਪੰਜਾਬੀ ਯੂਨੀਵਰਸਿਟੀ ਪਟਿਆਲਾ,

Have something to say? Post your comment