Tuesday, September 17, 2019
FOLLOW US ON

Poem

ਝੂਠ ਉਹਦਾ ਵਿਕੀ ਜਾਂਦਾ ਏ//ਬਿੱਟੂ ਖੰਗੂੜਾ

May 25, 2019 10:02 PM

ਝੂਠ ਉਹਦਾ ਵਿਕੀ ਜਾਂਦਾ ਏ

ਬੇਈਮਾਨ ਮਖੌਟਿਆ ਦਾ ਰੂਪ
ਸਮੇਂ ਦੇ ਹੱਥੀ ਟਿਕੀ ਜਾਂਦਾ ਏ
ਸੱਚ ਮੇਰਾ ਸੁਣਦਾ ਨਾ ਕੋਈ
ਤੇ ਝੂਠ ਉਹਦਾ ਵਿਕੀ ਜਾਂਦਾ ਏ

ਜਹਾਲਤ ਦੀ ਜਿੱਤ ਦਾ ਸੂਰਜ 
ਭਰ ਜੋਬਨ ਤੇ ਆਇਆ
ਅਕਲਾਂ ਦੇ ਚੰਨ ਨੇ ਖੌਰੇ
ਮੂੰਹ ਕਿਉਂ ਹੈ ਛੁਪਾਇਆ
ਨਪੁੰਸਕ ਸੋਚਾ ਦਾ ਪੱਥਰ
ਨੀਹਾਂ ਵਿੱਚ ਟਿਕੀ ਜਾਂਦਾ ਏ
ਸੱਚ ਮੇਰਾ ਸੁਣਦਾ ਨਾ ਕੋਈ
ਤੇ ਝੂਠ ਉਹਦਾ ਵਿਕੀ ਜਾਂਦਾ ਏ


ਉੱਚੀਆਂ ਬੇਸੁਰੀਆਂ ਅਵਾਜਾਂ 
ਗਲਾ ਦੱਬਿਆ ਹੈ ਸੁਰਾ ਦਾ
ਹੋਰ ਕਿੰਨੀ ਕੁ ਦੇਰ ਪੰਜਾਬ 
ਵਸਦਾ ਰਹੇਗਾ ਗੁਰਾਂ ਦਾ
ਨਕਸ਼ਾ ਖੈਬਰ ਤੋਂ ਤਿੱਬਤ ਤੱਕ 
ਟੋਟੇ ਟੋਟੇ ਹੋ ਮਿਟੀ ਜਾਂਦਾ ਏ
ਸੱਚ ਮੇਰਾ ਸੁਣਦਾ ਨਾ ਕੋਈ
ਤੇ ਝੂਠ ਉਹਦਾ ਵਿਕੀ ਜਾਂਦਾ ਏ

ਸਾਡੀ ਪੱਗ ਰੰਗੀ ਏ ਵੱਖੋ ਵੱਖਰੀ
ਉਹਨਾਂ ਦਾ ਸਾਰਾ ਲਿਬਾਸ ਇੱਕੋ 
ਜੋਸ਼ ਨਾਲ ਨਾ ਜਿੱਤ ਹੋਵਣ ਜੰਗਾ
ਕੁਝ ਤਾਂ ਤੁਸੀ ਵੀ ਹੁਣ ਹੋਸ਼ ਸਿੱਖੋ
ਲੋਕਤੰਤਰ ਵੱਧ ਸਿਰਾਂ ਦੇ ਸਿਰ ਤੇ
ਬਹੁਗਿਣਤੀ ਹੱਥੋਂ ਪਿੱਟੀ ਜਾਂਦਾ ਏ
ਸੱਚ ਮੇਰਾ ਸੁਣਦਾ ਨਾ ਕੋਈ
ਤੇ ਝੂਠ ਉਹਦਾ ਵਿਕੀ ਜਾਂਦਾ ਏ

ਟੇਕਦੇ ਮੱਥੇ ਸਾਰੀ ਉਮਰ ਗੁਜਰੀ
ਨਾ ਸਨਮੁੱਖ ਤੇ ਨਾ ਮਨਮੁੱਖ ਹੋਇਆ
ਪੂਜਾ ਕਰਦਾ ਕਰਦਾ ਬੁੱਤਾਂ ਦੀ 
ਮੈਂ ਵੀ ਬੇਜਾਨ ਇੱਕ ਬੁੱਤ ਹੋਇਆ
ਨਗਾਰਖਾਤੇ ਚ ਤੂਤੀ ਦੀ ਕੌਣ ਸੁਣਦਾ
ਬਿੱਟੂ ਐਂਵੇ ਕਵਿਤਾ ਲਿਖੀ ਜਾਂਦਾ ਏ
ਸੱਚ ਮੇਰਾ ਸੁਣਦਾ ਨਾ ਕੋਈ
ਤੇ ਝੂਠ ਉਹਦਾ ਵਿਕੀ ਜਾਂਦਾ ਏ


ਬਿੱਟੂ ਖੰਗੂੜਾ

Have something to say? Post your comment