Poem

ਦੋ ਸ਼ਬਦ ਫਤਿਹਵੀਰ ਲਈ - ਸਤਵੰਤ ਕੌਰ ਸੁੱਖੀ,

June 11, 2019 05:49 PM

ਦੋ ਸ਼ਬਦ ਫਤਿਹਵੀਰ ਲਈ -

ਅੱਜ ਫੇਰ ਸਿਆਸਤ ਦੀ ਭੇਟ ਚੜ੍ਹ ਗਿਆ

                             

ਕੈਸੀ ਆਫ਼ਤ ਬਣ ਕੇ ਆਈ
ਹੋਣੀ ਤੈਨੂੰ ਖਿੱਚ ਲਿਆਈ
ਮਾਂ ਦੀ ਗੋਦ ਵੀ ਸੁੰਨੀ ਕਰ ਗਿਓ
ਕੌਣ ਬਣੂ ਸਹਾਰਾ ਵੇ
ਅੱਜ ਫੇਰ ਸਿਆਸਤ ਦੀ ਭੇਟ ਚੜ੍ਹ ਗਿਆ , 
ਫਤਿਹਵੀਰ ਪਿਆਰਾ ਵੇ।

ਸੁੱਖਾਂ ਸੁੱਖ ਕੇ ਲਿਆ ਸੀ ਜਿਸਨੂੰ
ਇੰਝ ਹੋਵੇਗੀ ਪਤਾ ਸੀ ਕਿਸਨੂੰ
ਅੱਖਾਂ ਅੱਗੇ ਘੁੰਮੀ ਜਾਵੇ ਚੇਹਰਾ ਨਿਆਰਾ ਵੇ
ਅੱਜ ਫੇਰ ਸਿਆਸਤ ਦੀ ਭੇਟ ਚੜ੍ਹ ਗਿਆ ,
ਫਤਿਹਵੀਰ ਪਿਆਰਾ ਵੇ।

ਸਭ ਨੇ ਸੀ ਅਰਦਾਸਾਂ ਕਰੀਆਂ
ਅੱਜ ਸਭਨਾ ਦੀਆਂ ਅੱਖਾਂ ਭਰੀਆਂ
ਹੋਣੀ ਜਿੱਤਕੇ ਫੇਰ ਕਰ ਗਈ ਇੱਕ ਕਾਰਾ ਵੇ
ਅੱਜ ਫੇਰ ਸਿਆਸਤ ਦੀ ਭੇਟ ਚੜ੍ਹ ਗਿਆ , 
ਫਤਿਹਵੀਰ ਪਿਆਰਾ ਵੇ।

ਹੁੰਦਾ ਜੇ ਤੂੰ ਪੁੱਤ ਲੀਡਰ ਦਾ
ਸ਼ਾਇਦ ਫੇਰ ਇੰਝ ਨਾ ਹੋਣਾ ਸੀ
ਏਨੇ ਦਿਨ ਤੋਂ ਭੁੱਖ ਨਾ ਸਹਿੰਦਾ
ਫੇਰ ਨਾ ਹੀ ਤੂੰ ਇੰਝ ਰੋਣਾ ਸੀ
ਪਰ ਸੀ ਆਮ ਪਿਤਾ ਦੀ ਤੂੰ ਅੱਖ ਦਾ ਤਾਰਾ ਵੇ
ਅੱਜ ਫੇਰ ਸਿਆਸਤ ਦੀ ਭੇਟ ਚੜ੍ਹ ਗਿਆ , 
ਫਤਿਹਵੀਰ ਪਿਆਰਾ ਵੇ।

ਪਲ ਪਲ ਵਿੱਚ ਸੀ ਖਬਰਾਂ ਆਉਂਦੀਆਂ
ਸਭ ਨੂੰ ਸੀ ਉਮੀਦ ਜਿਤਾਉਂਦੀਆਂ
ਇਹ ਕੀ ਅੰਤ ਨੂੰ ਹੋ ਗਿਆ ਬੱਚੇ
ਡਿੱਗ ਗਿਆ ਪੱਥਰ ਭਾਰਾ ਵੇ
ਅੱਜ ਫੇਰ ਸਿਆਸਤ ਦੀ ਭੇਟ ਚੜ੍ਹ ਗਿਆ , 
ਫਤਿਹਵੀਰ ਪਿਆਰਾ ਵੇ।

ਸਭ ਨੇ ਰੋ ਕੇ ਚੁੱਪ ਕਰ ਜਾਣਾ
ਪਰ ਤੂੰ ਹੀ ਨਹੀਂ ਮੁੜ ਕੇ ਆਉਣਾ
ਸੁੱਖੀ"ਭੁੱਲ ਨਹੀਂ ਸਕਦੀ ਮਾਂ ਕਦੇ
ਭਾਵੇਂ ਭੁੱਲ ਜਾਵੇ ਜੱਗ ਸਾਰਾ ਵੇ
ਅੱਜ ਫੇਰ ਸਿਆਸਤ ਦੀ ਭੇਟ ਚੜ੍ਹ ਗਿਆ , 
ਫਤਿਹਵੀਰ ਪਿਆਰਾ ਵੇ।

Have something to say? Post your comment