Article

ਅੱਖੀਂ ਦੇਖਿਆ ਗ੍ਰਿਫ਼ਿਥ ਦਾ ਸ਼ਹੀਦੀ ਖੇਡ ਮੇਲਾ//ਜਗਰੂਪ ਸਿੰਘ ਜਰਖੜ

June 11, 2019 06:16 PM

ਅੱਖੀਂ ਦੇਖਿਆ ਗ੍ਰਿਫ਼ਿਥ ਦਾ ਸ਼ਹੀਦੀ ਖੇਡ ਮੇਲਾ
ਮੇਰੀ ਆਸਟ੍ਰੇਲੀਆ ਯਾਤਰਾ

ਬਿਤੇ ਦਿਨੀਂ ਆਸਟ੍ਰੇਲੀਆ ਦੇ ਓਲੰਪਿਕ ਸ਼ਹਿਰ ਸਿਡਨੀ ਆਉਣ ਤੋਂ ਬਾਅਦ ਸਿਡਨੀ ਦਾ ਮਾਰਟਨ ਪਲੇਸ, ਓਪੇਰਾ ਹਾਊਸ, ਹਾਰਬਰ ਬ੍ਰਿਜ ਅਤੇ ਵਿਵਿਡ ਕੰਪਨੀ ਵੱਲੋਂ ਆਸਟ੍ਰੇਲੀਆ ਸੱਭਿਆਚਾਰ ਨੂੰ ਦਰਸਾਉਂਦਾ ਰੰਗਾਂ ਦਾ ਮੇਲਾ ਦੇਖਣ ਤੋਂ ਬਾਅਦ ਦੂਜੇ ਦਿਨ ਭਾਰਤ ਦੀ ਪੋਹ ਮਾਘ ਵਰਗੀ ਠੰਢ 'ਚ ਮੈਂ ਆਪਣੇ ਪਰਮ ਮਿੱਤਰ ਪ੍ਰਭਜੋਤ ਸਿੰਘ ਸੰਧੂ, ਚਰਨਜੀਤ ਸਿੰਘ ਅਟਵਾਲ, ਬਲਰਾਜ ਸਿੰਘ ਸਿੰਘਾ ਅਤੇ 17 ਸਾਲ ਬਾਅਦ ਮੈਨੂੰ ਮਿਲਿਆ ਮੇਰਾ ਯਾਰ ਸਰਵਰਿੰਦਰ ਸਿੰਘ ਰੂਮੀ ਨਾਲ ਸਿਡਨੀ ਤੋਂ 600 ਕਿਲੋਮੀਟਰ ਦੂਰ ਪਿੰਡ  ਗ੍ਰਿਫ਼ਿਥ , ਜਿਥੇ  ਪੰਜਾਬੀ ਸਿੱਖ ਭਾਈਚਾਰੇ ਦੀ 2500 ਦੇ ਕਰੀਬ ਵਸੋਂ ਵਸਦੀ ਹੈ, ਉਥੋਂ ਦੇ 23ਵੇਂ ਸ਼ਹੀਦੀ ਖੇਡ ਮੇਲੇ ਨੂੰ ਵੇਖਣ ਦਾ ਮੌਕਾ ਮਿਲਿਆ। ਸਿਡਨੀ ਤੋਂ ਦੱਖਣ ਵਾਲੇ ਪਾਸੇ ਇਸ ਪਿੰਡ ਵਿਚ ਪੰਜਾਬੀਆਂ ਦਾ ਆਪਣਾ ਵੱਖਰਾ ਬੋਲਬਾਲਾ ਹੈ। ਪੰਜਾਬੀਆਂ ਦੇ ਵੱਡੇ-ਵੱਡੇ ਫਾਰਮ ਹਾਊਸ ਜਿਥੇ ਅੰਗੂਰਾਂ ਸੰਤਰਿਆਂ ਆਦਿ ਫਲਾਂ ਵਾਲੀ ਖੇਤੀ ਹੁੰਦੀ ਹੈ। ਇਹ ਖੇਡ ਮੇਲਾ ਕਈ ਵਰ੍ਹੇ ਪਹਿਲਾਂ ਰਣਜੀਤ ਸਿੰਘ ਸ਼ੇਰਗਿੱਲ ਨੇ ਆਪਣੇ ਸਾਥੀਆਂ ਦੀ ਮਦਦ ਅਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਆਪਣੇ ਸ਼ਹੀਦ ਭਰਾ ਅਜਮੇਰ ਸਿੰਘ ਦੀ ਯਾਦ 'ਚ ਕਰਾਇਆ ਸੀ। ਹੌਲੀ ਹੌਲੀ ਸਮੁੱਚੇ ਪੰਜਾਬੀ ਭਾਈਚਾਰੇ ਵੱਲੋਂ ਇਹ ਖੇਡ ਮੇਲਾ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇੱਕ ਖੇਡ ਮੇਲਾ ਨਹੀਂ ਸਗੋਂ ਆਸਟ੍ਰੇਲੀਆ ਦਾ ਤੇ ਪੂਰੇ ਪੰਜਾਬੀਆਂ ਦਾ ਇੱਕ ਵਿਰਾਸਤੀ ਖੇਡ ਮੇਲਾ ਬਣ ਗਿਆ ਹੈ। ਇਹ ਖੇਡ ਮੇਲਾ ਹਰ ਸਾਲ ਜੂਨ ਮਹੀਨੇ ਦੇ ਦੂਜੇ ਹਫਤੇ ਹੁੰਦਾ ਹੈ। ਜਿੱਥੇ ਲੋਕ ਮੈਲਬੌਰਨ, ਐਡੀਲੇਡ, ਸਿਡਨੀ, ਬ੍ਰਿਸਬੇਨ, ਪਰਥ ਆਦਿ ਜਿਥੇ-ਜਿਥੇ ਵੀ ਪੰਜਾਬੀ ਵੱਸਦੇ ਹਨ, ਇਸ ਤਰ੍ਹਾਂ ਪਰਿਵਾਰਾਂ ਸਮੇਤ ਸ਼ਹੀਦੀ ਖੇਡ ਮੇਲਾ ਦੇਖਣ ਆਉਂਦੇ ਹਨ ਜਿਵੇਂ ਪੰਜਾਬ 'ਚ ਪੰਜਾਬ ਦੇ ਲੋਕ ਹੋਲਾ ਮੁਹੱਲਾ ਦੇਖਣ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ ਇੱਕ ਹਫਤਾ ਪਹਿਲਾਂ ਹੀ ਡੇੇਰੇ ਲਾ ਲੈਂਦੇ ਹਨ। ਉਸੇ ਤਰ੍ਹਾਂ ਗ੍ਰਿਫਥ ਦੇ ਖੇਡ ਮੇਲੇ ਲਈ ੧ ਸਾਲ ਪਹਿਲਾਂ ਹੀ ਹੋਟਲਾਂ ਦੀ ਬੁੱਕਿੰਗ ਅਤੇ ਹੋਰ ਰਿਹਾਇਸ਼ੀ ਸਥਾਨ, 1 ਹਫਤਾ ਪਹਿਲਾਂ ਲੱਡੂ, ਪਿੰਨੀਆਂ ਤੇ ਹੋਰ ਲੰਗਰ ਬਣਨ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ। ਅਸੀਂ 8 ਜੂਨ ਨੂੰ 12 ਵਜੇ ਦੇ ਕਰੀਬ ਗ੍ਰਿਫਥ ਪੁੱਜੇ। ਖੇਡ ਮੇਲਾ ਪੂਰੇ ਜੋਬਨ 'ਤੇ ਸੀ। ਕਿਸੇ ਪਾਸੇ ਫੁਟਬਾਲ ਦੇ ਮੈਚ, ਕਿਧਰੇ ਵਾਲੀਬਾਲ, ਕਿਧਰੇ ਖੋਹ-ਖੋਹ, ਕਿਤੇ ਕਬੱਡੀ ਹੋ ਰਹੀ ਸੀ। ਇਸ ਤੋਂ ਇਲਾਵਾ ਬੀਬੀਆਂ ਲਈ ਮਿਊਜ਼ੀਕਲ ਚੇਅਰ ਰੇਸ, ਚਾਟੀ ਰੇਸ, ਸਪੂਨ ਰੇਸ, ਖੋਹ-ਖੋਹ ਆਦਿ ਦੇ ਮੁਕਾਬਲੇ ਹੋ ਰਹੇ ਸਨ। ਅਥਲੈਟਿਕਸ 'ਚ ਨਿੱਕੇ ਬੱਚੇ ਤੋਂ ਲੈ ਕੇ ਨੌਜਵਾਨ ਮੁੰਡੇ ਕੁੜੀਆਂ ਆਪਣੇ ਜੌਹਰ ਵਿਖਾ ਰਹੇ ਸਨ। ਗੱਤਕੇ ਵਾਲੇ ਸਿੰਘਾਂ ਦਾ ਤਾਂ ਕੋਈ ਜਵਾਬ ਹੀ ਨਹੀਂ ਸੀ। ਕੌਮੀ ਅਵਾਜ਼ ਵਾਲਿਆਂ ਵੱਲੋਂ ਸਿੱਖ ਇਤਿਹਾਸ ਦੀ ਜਾਣਕਾਰੀ ਸਬੰਧੀ ਕਿਉਜ਼ ਮੁਕਾਬਲੇ ਕਰਾਏ ਜਾ ਰਹੇ ਸਨ। ਗੁਰਦੁਆਰਾ ਮੀਰੀ ਪੀਰੀ ਵਾਲਿਆਂ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀਆਂ ਤੇ ਕਈ ਹੋਰ ਸੰਸਥਾਵਾਂ ਵੱਲੋਂ ਵੱਖਰੇ-ਵੱਖਰੇ ਸਟਾਲ, ਲੰਗਰ ਦਾ ਪ੍ਰਬੰਧ ਬਾਬਾ ਵਿਧੀ ਚੰਦ ਸੰਸਥਾ ਮੈਲਬੌਰਨ ਵੱਲੋਂ, ਮਹਾਨ ਸ਼ਹੀਦਾਂ ਦੀਆਂ ਵੱਡੀਆਂ ਵੱਡੀਆਂ ਤਸਵੀਰਾਂ, ਗੱਲ ਕੀ ਜੇ ਸਾਰੇ ਮੇਲੇ ਦੀ ਗੱਲ ਕਰੀਏ ਤਾਂ ਮੇਲੇ ਦਾ ਨਜ਼ਾਰਾ ਓਲੰਪਿਕ ਖੇਡਾਂ ਨਾਲੋਂ ਘੱਟ ਨਹੀਂ ਸੀ ਆ ਰਿਹਾ। ਮੈਨੂੰ ਮੇਲੇ ਪੁੱਜਦਿਆਂ ਹੀ ਆਪਣੇ ਪੁਰਾਣੇ ਕਈ ਵਿਛੜੇ ਹੋਏ ਪਰਮ ਮਿੱਤਰ ਵੀ ਮਿਲੇ। ਬੌਬੀ ਗਿੱਲ, ਕੁਲਵੰਤ ਬੁਢਲਾਡਾ, ਉੱਘੇ ਲੇਖਕ ਅਜੀਤ ਸਿੰਘ ਰਾਹੀ ਅਤੇ ਅਮਰਜੀਤ ਹੁਰਾਂ ਨਾਲ ਵੀ ਮੇਲ ਮਿਲਾਪ ਹੋਇਆ। ਨਾਮੀ ਕੁਮੈਂਟੇਟਰ ਰਣਜੀਤ ਸਿੰਘ ਖੇੜਾ, ਰੌਸ਼ਨ ਖੇੜਾ, ਚਰਨਾਮਕ ਸਿੰਘ, ਰੋਜ਼ੀ ਖਹਿਰਾ ਅਤੇ ਹੋਰ ਨਾਮੀ ਕੁਮੈਂਟੇਟਰ ਆਪਣੇ ਹੁਨਰ ਦਾ ਵਧੀਆ ਰੰਗ ਬੰਨ੍ਹ ਰਹੇ ਸਨ। ਇਸ ਮੇਲੇ ਨੁੰ ਵੇਖਣ ਲਈ ਮੇਰੇ ਨਾਲ ਸਤਿਕਾਰਯੋਗ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਹੇਰਾਂ ਤੇ ਯਾਦਵਿੰਦਰ ਤੂਰ ਹੁਰਾਂ ਨੇ ਵੀ ਆਉਣਾ ਸੀ। ਹੇਰਾਂ ਸਾਹਿਬ ਆਪਣੀ ਸਿਹਤ ਢਿੱਲੀ ਹੋਣ ਕਾਰਨ ਨਹੀਂ ਆ ਸਕੇ ਜਦਕਿ ਯਾਦਵਿੰਦਰ ਤੂਰ ਨੂੰ ਅਚਨਚੇਤ ਕੁਆਲਾਲੰਪੁਰ ਜਾਣਾ ਪੈ ਗਿਆ। ਨਹੀਂ ਤਾਂ ਮੇਲੇ ਦਾ ਨਜ਼ਾਰਾ ਹੋਰ ਵੀ ਬੱਝਣਾ ਸੀ। 

ਗ੍ਰਿਫਿਥ ਦੇ ਸ਼ਹੀਦੀ ਖੇਡ ਮੇਲੇ ਦਾ ਵੱਡਾ ਜ਼ਿੰਮਾ ਰਣਜੀਤ ਸਿੰਘ ਸ਼ੇਰਗਿੱਲ ਹੁਰਾਂ ਦੇ ਸਿਰ ਹੁੰਦਾ ਸੀ ਪਰ ਉਹ ਇਸੇ ਸਾਲ ਇਸ ਦੁਨੀਆ ਤੋਂ ਚੜ੍ਹਾਈ ਕਰ ਗਏ। ਇਸ ਵਾਰ ਇਹ ਮੇਲਾ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਸੀ। ਇਸ ਵਾਰ ਮੁੱਖ ਪ੍ਰਬੰਧਕਾਂ 'ਚ ਤੀਰਥ ਸਿੰਘ ਨਿੱਝਰ, ਜਸਵਿੰਦਰ ਸਿੰਘ ਮਾਵੀ, ਹਰਨੇਕ ਸਿੰਘ ਧਨੋਆ, ਬਾਪੂ ਪ੍ਰਸ਼ੋਤਮ ਸਿੰਘ, ਅਮਰਜੀਤ ਸਿੰਘ, ਅਨੂਪ ਸਿੰਘ ਨਾਗਰਾ, ਮਨਜੀਤ ਸਿੰਘ ਲਾਲੀ, ਅਜੀਤ ਸਿੰਘ ਨਿੱਝਰ ਤੇ ਹੋਰ ਕਈ ਨਾਮੀ ਪ੍ਰਬੰਧਕ ਜਿੰਨ੍ਹਾਂ ਦੇ ਮੈਂ ਨਾਮ ਨਹੀਂ ਜਾਣਦਾ, ਆਪਣੇ ਤਨ-ਮਨ-ਧਨ ਨਾਲ ਮੇਲੇ ' ਚ ਸੇਵਾ ਨਿਭਾਅ ਰਹੇ ਸਨ। ਤੀਰਥ ਸਿੰਘ ਨਿੱਝਰ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਮੇਲੇ ਦੌਰਾਨ ਗੁਰੂ ਦੇ ਅਤੁੱਟ ਲੰਗਰ ਲਈ ਕੁਇੰਟਲਾਂ 'ਚ ਆਟਾ, ਚੌਲ, ਕਈ ਟਨ ਤੇਲ, ਘਿਉ ਆਦਿ ਲੱਗ ਜਾਂਦਾ ਹੈ। ਪਰ ਸਾਨੂੰ ਇਹ ਪਤਾ ਹੀ ਨਹੀਂ ਚੱਲਦਾ ਕਿ ਕਿੱਥੋਂ ਇੰਨਾ ਸੌਦਾ, ਪੱਤਾ ਆਉਂਦਾ ਹੈ, ਇਹ ਸਭ ਵਾਹਿਗੁਰੂ ਦੀ ਰਹਿਮਤ ਹੈ। ਖੇਡ ਮੇਲੇ ' ਚ ਕੈਨੇਡਾ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਖੇਡ ਵਰਗਾਂ ਦੀਆਂ ਟੀਮਾਂ ਖੇਡ ਰਹੀਆਂ ਸਨ। ਫੁਟਬਾਲ, ਵਾਲੀਬਾਲ, ਖੋਹ-ਖੋਹ ਦੇ ਮੁਕਾਬਲੇ ਤਾਂ ਬਹੁਤ ਦਿਲ ਖਿੱਚਵੇਂ ਹੋਏ, ਪਰ ਕਬੱਡੀ ਦੇ ਮੈਚਾਂ ਨੇ ਦਰਸ਼ਕਾਂ ਦਾ ਸਵਾਦ ਜਰੂਰ ਕਿਰਕਿਰਾ ਕੀਤਾ। ਕਬੱਡੀ ਦੀ ਗੱਲ ਕਰੀਏ ਤਾਂ ਮਰਾਸੀਆਂ ਦੇ ਸਾਢੂਆਂ ਵਾਂਗ ਜੇ ਇੱਕ ਮੰਨ ਜਾਂਦਾ ਤਾਂ ਦੂਜਾ ਰੁੱਸ ਜਾਂਦਾ। ਇਸ ਵਾਰ ਵੀ ਇੱਥੇ ਕਬੱਡੀ ਦੀਆਂ ਦੋ ਫੈਡਰੇਸ਼ਨਾਂ ਨੇ ਇਹੋ ਜਿਹਾ ਹੀ ਚੰਦ ਚਾੜ੍ਹਿਆ। ਦੋਨੇਂ ਫੈਡਰੇਸ਼ਨਾਂ 'ਚ ਇੱਕ ਬਾਸੀ ਮਾੜਾ, ਇੱਕ ਬਾਸੀ ਚੰਗਾ ਹੋਈ ਜਾਂਦੀ ਸੀ ਕਿਉਂਕਿ ਇੱਕ ਕਬੱਡੀ ਫੈਡਰੇਸ਼ਨ ਦੀ ਵਾਗਡੋਰ ਬਲਜਿੰਦਰ ਬਾਸੀ ਕੋਲ ਸੀ, ਦੂਜੇ ਦੀ ਵਾਗਡੋਰ ਕੁਲਦੀਪ ਬਾਸੀ ਕੋਲ ਸੀ। ਕੁਲਦੀਪ ਬਾਸੀ ਵਾਲੀ ਫੈਡਰੇਸ਼ਨ ਦੀਆਂ ਟੀਮਾਂ ਖੇਡ ਗਈਆਂ ਤੇ ਦੂਜੇ ਬਾਸੀ ਦੀ ਫੇਡਰੇਸ਼ਨ ਦੀਆਂ ਟੀਮਾਂ ਬਾਈਕਾਟ ਕਰ ਗਈਆਂ। ਰਾਮ ਰੌਲਾ ਸਾਰਾ ਪੈਸੇ ਦੇ ਲੈਣ ਦੇਣ ਦਾ ਸੀ ਕਿ ਜੇ ਇੰਨੇ ਦਿੰਦੇ ਹੋ ਤਾਂ ਖੇਡਾਂਗੇ ਨਹੀਂ ਤਾਂ ਨਹੀਂ ਖੇਡਾਂਗੇ। ਇਹ ਕੋਈ ਕਬੱਡੀ 'ਚ ਨਵੀਂ ਗੱਲ ਨਹੀਂ ਕਿਉਂਕਿ ਜਦ ਖੇਡ ਦੇ ਕੋਈ ਨਿਯਮ ਸਿਧਾਂਤ ਨਹੀਂ ਨੇ ਤਾਂ ਕਬੱਡੀ ਵਾਲਿਆਂ ਦੇ ਵੀ ਕੀ ਹੋਣੇ ਨੇ। ਕਿਸੇ ਨੇ ਸ਼ਹੀਦਾਂ ਦੀ ਯਾਦ ਦਾ ਖਿਆਲ ਨਹੀਂ ਰੱਖਿਆ ਤੇ ਕੋਈ ਸ਼ਹੀਦਾਂ ਨੂੰ ਸਮਰਪਿਤ ਹੋਣ ਦੀ ਹਾਮ੍ਹੀ ਭਰ ਰਿਹਾ ਸੀ। ਪਰ ਆਮ ਪਬਲਿਕ ਟੂਰਨਾਮੈਂਟਾਂ ਦੇ ਕਬੱਡੀ ਦੇ ਬਾਈਕਾਟ ਕਰਨ ਵਾਲਿਆਂ ਨੂੰ ਲਾਹਨਤਾਂ ਦੇ ਰਹੇ ਸਨ। ਕੌਣ ਕਸੂਰਵਾਰ ਤੇ ਕੌਣ ਨਹੀਂ, ਇਹ ਰੱਬ ਜਾਣਦਾ ਹੈ। ਪਰ ਪ੍ਰਬੰਧਕਾਂ ਨੇ ਕਬੱਡੀ ਦੇ ਫਾਈਨਲ ਮੈਚ ਦੌਰਾਨ ਬੜੀ ਹਲੀਮੀ ਵਾਲਾ ਵਰਤਾਰਾ ਕਰਦਿਆਂ ਬਾਈਕਾਟ ਵਾਲਿਆਂ ਤੋਂ ਵੀ ਮਾਫੀ ਮੰਗੀ ਤੇ ਕਬੱਡੀ ਖੇਡਣ ਵਾਲਿਆਂ ਦਾ ਵੀ ਧੰਨਵਾਦ ਕੀਤਾ। ਕੁੱਲ ਮਿਲਾ ਕੇ ਫੈਸਲਾ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਦਾ ਕਰਨਾ ਬਣਦਾ ਹੈ। ਜੇਕਰ ਕੋਈ ਚੰਗਾ ਕਰਦਾ ਹੈ ਤਾਂ ਉਸਦਾ ਸਾਥ ਦੇਣਾ ਬਣਦਾ ਹੈ। ਸ਼ਹੀਦਾਂ ਨੂੰ ਸਮਰਪਿਤ ਮੇਲਾ ਹੈ। ਜਿਵੇਂ ਕਹਿੰਦੇ ਨੇ ਕਿ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ। ਜੇਕਰ ਬਾਈਕਾਟ ਨਾ ਕਰਦੇ ਤਾਂ ਚੰਗਾ ਸੀ ਕਿਉਕਿ ਪੂਰੇ ਭਾਈਚਾਰੇ ਦੀ ਇੱਜ਼ਤ ਦਾ ਸਵਾਲ ਸੀ। ਕੋਈ ਗੱਲ ਨਹੀਂ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਅਗਲੀ ਵਾਰ ਖੇਡ ਮੇਲੇ ਵਿਚ ਸਭ ਨੂੰ ਆਪਣਾ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ ਕਿਉਂਕਿ ਲੋਕ ਦਿਲੋਂ ਚਾਹੁੰਦੇ ਨੇ ਕਿ ਇਹ ਗ੍ਰਿਫਥ ਸ਼ਹਿਰ 'ਚ ਪੰਜਾਬੀ ਭਾਈਚਾਰੇ ਨੂੰ ਇਕੱਠਾ ਕਰਨ ਵਾਲਾ ਖੇਡ ਮਹਾਂਕੁੰਭ ਕਦੇ ਵੀ ਗਿਰਾਵਟ ਵੱਲ੍ਹ ਨਹੀਂ ਜਾਣਾ ਚਾਹੀਦਾ। ਆਸ ਹੈ ਕਿ ਸਾਰੇ ਅਗਲੀ ਵਾਰ ਸਿਆਣੇ ਬਣਨਗੇ। ਕੁੱਲ ਮਿਲਾ ਕੇ ਗ੍ਰਿਫਥ ਦਾ ਸ਼ਹੀਦੀ ਖੇਡ ਮੇਲਾ ਆਸਟ੍ਰੇਲੀਆ 'ਚ ਵੱਸਦੇ ਪੰਜਾਬੀ ਭਾਈਚਾਰਾ ਖਾਸ ਕਰਕੇ ਸਿੱਖਾਂ ਲਈ ਆਸਟ੍ਰੇਲੀਆਈ ਸਿੱਖ ਖੇਡਾਂ ਤੋਂ ਬਾਅਦ ਦੂਸਰਾ ਵੱਡਾ ਉਹ ਮੀਲ ਪੱਥਰ ਸਾਬਿਤ ਹੋਰ ਰਿਹਾ ਹੈ ਜਿਸਨੂੰ ਆਸਟ੍ਰੇਲੀਆਈ ਮੂਲ ਦੇ ਲੋਕ ਅਤੇ ਆਸਟ੍ਰੇਲੀਆਈ ਸਰਕਾਰਾਂ ਵੀ ਸਲੂਟ ਕਰਦੀਆਂ ਹਨ। ਗ੍ਰਿਫਥ ਸ਼ਹੀਦੀ ਖੇਡ ਮੇਲੇ ਦੀ ਕਮੇਟੀ ਵਧਾਈ ਦੀ ਪਾਤਰ ਹੈ ਇਸ ਖੇਡ ਮੇਲੇ ਦੀ ਕਾਮਯਾਬੀ ਬਦਲੇ। ਪ੍ਰਮਾਤਮਾ ਇਸ ਖੇਡ ਮੇਲੇ ਨੂੰ ਹਰ ਸਾਲ ਦਿਨ ਦੁੱਗਣੀ , ਰਾਤ ਚੌਗਣੀ ਤਰੱਕੀ ਬਖਸ਼ੇ। ਇਸ ਖੇਡ ਮੇਲੇ ਦੀਆਂ ਕਈ ਯਾਦਾਂ ਮੇਰੀ ਜ਼ਿੰਦਗੀ ਦਾ ਇੱਕ ਨਵਾਂ ਤਜ਼ਰਬਾ ਬਣ ਕੇ ਆਈਆਂ ਹਨ। ਯਤਨ ਕਰਾਂਗੇ ਕਿ ਅਗਲੇ ਵਰ੍ਹੇ ਫੇਰ ਇਸ ਖੇਡ ਮੇਲੇ ਦਾ ਹਿੱਸਾ ਬਣਾਂਗੇ। ਪ੍ਰਮਾਤਮਾ ਹਮੇਸ਼ਾਂ ਗ੍ਰਿਫਥ ਖੇਡ ਮੇਲੇ ਦੇ ਪ੍ਰਬੰਧਕਾਂ ਨੂੰ ਚੜ੍ਹਦੀ ਕਲਾ 'ਚ ਰੱਖੇ। 

ਜਗਰੂਪ ਸਿੰਘ ਜਰਖੜ

Have something to say? Post your comment