Tuesday, September 17, 2019
FOLLOW US ON

Article

ਬਦਲੇ ਫੇਰੀ ਵਾਲੇ//ਜਸਕਰਨ ਲੰਡੇ

June 11, 2019 06:32 PM

 
    ਪਿੰਡਾਂ ਸ਼ਹਿਰਾਂ ਵਿੱਚ ਸਾਰਾ ਦਿਨ ਤੁਰ ਫਿਰ ਕੇ ਸਾਮਾਨ ਵੇਚਣ ਵਾਲੇ ਗਲੀ ਮੁਹੱਲੇ ਹੋਕਾ ਦਿੰਦੇ ਫਿਰਦੇ ਹਨ । ਆਮ ਭਾਸ਼ਾ 'ਚ ਉਹਨਾਂ ਨੂੰ ਫੇਰੀ ਵਾਲੇ ਕਿਹਾ ਜਾਂਦਾ ਹੈ । ਇਹ ਸਮੇਂ 2 ਤੇ ਬਦਲਦੇ ਰਹਿੰਦੇ ਹਨ , ਕਦੇ ਭਾਂਡੇ ਕਲੀ ਕਰਾ ਲੋ ਦੇ ਗੀਤ ਵੀ ਰਿਕਾਰਡ ਹੋ ਚੁੱਕੇ ਹਨ । ਹਰੇਕ ਘਰੇਲੂ ਔਰਤਾਂ ਦੀ ਰਸੋਈ ਦਾ ਸ਼ਿੰਗਾਰ ਪਿੱਤਲ ਦੇ ਬਰਤਨ ਪਤੀਲਾ, ਪਰਾਂਤ, ਕੜਾਹੀ,ਡੋਲੇ,ਗਡਵੀ,  ਕੜਛੀ, ਵਲਟੋਹੀ ਤੇ ਬਾਲਟੀ ਸਨ । ਜੋ ਸੁਆਣੀਆਂ ਫਟਾ ਫਟ ਲਿਆ ਕੇ ਕਾਰੀਗਰ ਕੋਲ ਰੱਖ ਕੇ ਆਪਸ ਵਿੱਚ ਗੱਲਾਂ ਬਾਤਾਂ ਕਰਨ 'ਚ ਰੁੱਝ ਜਾਂਦੀਆਂ ਪਤਾ ਹੀ ਨਾ ਲੱਗਦਾ, ਕਦੋਂ ਸਾਰਾ ਕੰਮ ਮੁਕੰਮਲ ਹੋ ਜਾਂਦਾ ।
   ਹੁਣ ਗੱਲ ਕਰਦੇ ਹਾਂ ਹੁਣ ਗੱਲ ਕਰਦੇ ਹਾਂ ਲੱਛੇ ਵੇਚਣ ਵਾਲੇ ਦੀ ਜੋ ਖੰਡ ਦੇ ਗੋਹਲੇ ਜਿਹੇ ਬਣਾ ਕੇ ਵੇਚਿਆ ਕਰਦੇ ਸਨ, ਮੂੰਹ 'ਚ ਪਾਉਣ ਸਮੇਂ ਜੀਭ ਦਾ ਸਵਾਦ ਮਿੱਠਾ ਹੋ ਜਾਇਆ ਕਰਦਾ ਸੀ ।ਕਿਸੇ ਸਮੇਂ ਪਿੰਡਾ ਵਿੱਚ ਤਕਰੀਬਨ ਹਰ ਘਰ ਮੁਰਗੀਆਂ ਰੱਖੀਆਂ ਹੁੰਦੀਆਂ ਸਨ। ਉਹਨਾਂ ਦੇ ਆਂਡੇ ਖਰੀਦਣ ਲਈ ਵੀ ਭਾਈ ਪਿੰਡਾਂ ਵਿੱਚ ਫੇਰੀ ਪਾਉਂਦੇ ਸਨ। ਉਹ ਇੱਕ ਹਾਰਨ ਵਰਗਾ ਪਾਂ ਪੂੰ ਦੀ ਆਵਾਜ਼ ਵਾਲਾ ਯੰਤਰ ਵਜਾਉਦੇ ਸਨ। ਬੱਚੇ ਆਪੋ ਆਪਣੇ ਘਰਾਂ 'ਚ ਆਂਡੇ ਲੈ ਉਹਦੇ ਦੁਆਲੇ ਹੋ ਜਾਂਦੇ ਸਨ।ਮੁਰਗੀਆਂ ਇੱਕ ਤਰ੍ਹਾਂ ਨਾਲ ਬੱਚਿਆਂ ਦੀ ਕਮਾਈ ਦਾ ਸਾਧਨ ਸਨ। ਜੋ ਹੁਣ ਬੱਚਿਆ ਦੇ ਖਰਚੇ ਤਾਂ ਵਧ ਗਏ ਪਰ ਉਹਨਾਂ ਦੀ ਕਮਾਈ ਦਾ ਸਾਧਨ ਵੀ ਜਾਂਦੇ ਰਹੇ। ਉਹ ਹੁਣ ਕੰਮਾਂ ਤੋਂ ਵੀ ਪਾਸੇ ਹੋ ਗਏ ਤੇ ਪੂਰੀ ਤਰ੍ਹਾਂ ਆਪਣੇ ਮਾਂ ਬਾਪ ਤੇ ਨਿਰਭਰ ਹੋਣਾ ਕਰਕੇ ਪਿੰਡਾਂ ਦੇ ਲੋਕਾਂ ਦਾ ਆਰਥਿਕ ਸੰਕਟ ਵਿੱਚ ਚਲੇ ਜਾਣਾ ਤਹਿ ਹੋਇਆ।
ਕਿਸੇ ਸਮੇਂ ਪਿੰਡਾਂ ਕੁਲਫ਼ੀ ਖਾਣ ਦੀ ਆਦਤ ਸੀ ਉਸ ਸਮੇਂ ਪਿੰਡਾਂ ਵਿੱਚ ਫਰਿੰਜ ਨਹੀਂ ਸੀ ਆਈ। ਬੱਚਿਆ ਲਈ ਗਰਮੀਂ  ਦਾ ਸਭ ਤੋਂ ਵਧੀਆ ਤੌਫਾ ਕੁਲਫ਼ੀ ਹੀ ਸੀ। ਜਦੋਂ ਗਲੀ 'ਚ ਸਾਈਕਲ ਵਾਲੇ ਨੇ ਪਾਂ ਪੂੰ ਕਰਨਾ ਤੇ ਹੋਕਾ ਦੇਣਾ ਕਿ ਠੰਡੀ ਠਾਰ ਕੁਲਫ਼ੀ , ਪੰਜੀ ਦੀਆਂ ਦੋ, ਨਾ ਲੜੇ ਮਾਂ ਨਾ ਲੜੇ ਪਿਓ । ਤਾਂ ਬੱਚਿਆ ਨੇ ਸਿਰਪਟ ਦੋੜਨਾਂ ਕੁਲਫ਼ੀ ਲੈਣ ਲਈ ਕਈ ਬੱਚੇ ਕੁਲਫ਼ੀ ਲਈ ਕਣਕ ਲੈ ਜਾਂਦੇ ਪਰ ਜਿਆਦਾ ਤਰ ਬੱਚਿਆਂ ਕੋਲ ਆਂਡੇ ਵੇਚ ਕੇ ਇਕੱਠੇ ਕੀਤੇ ਆਪਣੀ ਕਮਾਈ ਦੇ ਪੈਸੇ ਹੁੰਦੇ।
    ਜਦ ਵਣਜਾਰੇ ਨੇ ਬੀਹੀ 'ਚ ਚੂੜੀਆਂ ਦਾ ਹੋਕਾ ਦੇਣਾ ਤਾਂ ਨਣਦ ਨੇ ਭਰਜਾਈ ਨੂੰ ਕਹਿਣਾ ਕਿ ਭਾਬੋ ਰਾਣੀਏ ਵੰਗਾਂ ਵਾਲਾ ਆ ਨੀ ਗਿਆ , ਸੌਂਹ ਭਾਬੀ ਨੀ ਵੰਗਾਂ ਵਾਲਾ ਆ ਗਿਆ ,ਝੜਾ ਲੈ ਭਾਬੀ ਚੂੜੀਆਂ, ਗਲੀ ਗਲੀ ਵਣਜਾਰਾ ਫਿਰਦਾ ।
   ਪਿੰਡ ਆਪਣੇ ਆਪ 'ਤੇ ਨਿਰਭਰ ਸਨ ਉਦੋਂ ਲੋਕਾਂ ਦੀਆਂ ਮੰਗਾਂ ਵੀ ਸੀਮਤ ਸਨ । ਹਰ ਘਰ ਆਪਣੇ ਲਈ  ਘਰੇਲੂ ਪੈਦਾਵਾਰ ਜਿਵੇਂ ਸ਼ਬਜੀ, ਦੁੱਧ, ਆਂਡੇ, ਗੁੜ ,ਸ਼ੱਕਰ ਘਿਓ ਆਦਿ ਪੈਦਾ ਕਰਨਾ ਸ਼ੌਕ ਵੀ ਸੀ ਤੇ ਮਿਹਨਤੀ ਲੋਕਾਂ ਦਾ ਰੁਜ਼ਗਾਰ ਵੀ ਸੀ,ਤੰਦਰੁਸਤੀ ਦਾ ਰਾਜ ਵੀ ਸੀ।
       ਪਹਿਲਾਂ ਗਰਮੀ ਸ਼ੁਰੂ ਹੁੰਦੇ ਹੀ ਹੋਕਾ ਸੁਣਦੇ ਸੀ ਕਿ ਘੜੇ ਤੌੜੇ, ਚਾਟੀਆਂ, ਗਾਗਰਾਂ ( ਝੱਜਰ ), ਫਿਰ ਸਰਦੀਆਂ 'ਚ ਬੱਠਲੀ, ਤੌੜੀ, ਕੁੱਜਾ, ਝਾਵਾਂ ਆਦਿ ਕੰਨੀਂ ਗੂੰਜਦੇ ਸਨ । ਇਹਨਾਂ ਦਾ ਪਾਣੀ ਤੇ ਇਹਨਾਂ ਵਿੱਚ ਤਿਆਰ ਕੀਤੀ ਗਈ ਵਸਤ ਸਿਹਤ ਲਈ ਬਹੁਤ ਚੰਗੀ ਸੀ।ਹੁਣ ਡਾਕਟਰ ਲੋਕਾਂ ਨੂੰ ਸਲਾਹ ਦਿੰਦੇ ਹਨ ਕਿ ਘੜੇ ਦਾ ਪਾਣੀ, ਤੌੜੀ ਵਿੱਚ ਰਿੱਜੀ ਦਾਲ ਖਾਓ।
   ਕਦੇ ਆਹ ਸ੍ਰੀ ਗੁਰਦੁਆਰਾ ਸਾਹਿਬਦੇ ਸਪੀਕਰ ਤੋਂ ਆਵਾਜ਼ ਸੁਣਾਈ ਨਹੀਂ ਸੀ ਦਿੱਤੀ ਕਿ ਆਲੂ, ਪਿਆਜ਼, ਮਿਰਚਾਂ ਅਦਰਕ,  ਰਾਜਸਥਾਨ ਤੋਂ ਮੂੰਗੀ, ਮਸਰ, ਹਰਹਰ, ਛੋਲਿਆਂ ਦੀ ਦਾਲ ਤੇ ਮੂੰਗਫਲੀ ਵੀ ਮਿਲਦੀ ਹੈ । ਯੂ ਪੀ  ਤੋਂ ਲਿਆਂਦਾ ਗੁੜ,ਸ਼ੱਕਰ ਵੀ ਮਿਲਦੀ ਹੈ । ਉਹ ਫੇਰੀ ਵਾਲੇ ਕਦੇ ਵੀ ਉੱਚੀ ਆਵਾਜ਼ ਵਿੱਚ ਸਪੀਕਰ ਲਾ ਕਿ ਸ਼ੋਰ ਪਰਦੂਸ਼ਣ ਨਹੀਂ ਸੀ ਕਰਦੇ ਉਹਨਾਂ ਦੀ ਆਵਾਜ਼ ਵਿੱਚ ਤਾਂ ਜਿਵੇ ਸੰਗੀਤਕ ਧੁਨਾਂ ਹੁੰਦੀਆਂ ਸਨ ਜੋ ਦਿਲ ਨੂੰ ਸਕੂਨ ਦਿੰਦੀਆ ਸਨ। ਹੁਣ ਜਿੰਨਾਂ ਸ਼ੋਰ ਸਮਾਨ ਵੇਚਣ ਵਾਲੇ ਪਾ ਰਹੇ ਹਨ ਇਹਨਾਂ ਸ਼ੋਰ ਸਾਇਦ ਹੀ ਕਿਸੇ ਹੋਰ ਸਾਧਨ ਰਹੀ ਪਿੰਡਾ ਵਿੱਚ ਪੈਂਦਾ ਹੋਵੇ।
       ਮੈਂ ਅੱਜ ਬੈਠਾ ਸੋਚ ਰਿਹਾ ਸੀ ਕਿ ਜਿਹੜੇ ਧਾਰਮਿਕ ਸਥਾਨ ਤੋਂ ਗੁਰਬਾਣੀ ਤੇ ਸ਼ਬਦ ਕੀਰਤਨ ਸਰਵਣ ਕੀਤਾ ਜਾਂਦਾ ਸੀ।  ਹੁਣ ਵਪਾਰਕ ਕਿਉਂ ਹੋ ਗਏ ।
 ਜਸਕਰਨ ਲੰਡੇ ਪਿੰਡ ਤੇ ਡਾਕ ਲੰਡੇ
ਜਿਲ੍ਹਾ ਮੋਗਾ ਫੋਨ 94171-03413

Have something to say? Post your comment