Poem

ਰਾਤ ਦੀਏ ਰਾਣੀਏ --- ਸਾਗਰਪ੍ਰੀਤ

June 21, 2019 03:33 PM

ਰਾਤ ਦੀਏ ਰਾਣੀਏ 
ਨੀ ਕੇਸੂ ਦੀ ਟਾਹਣੀਏ
ਇਸ਼ਕੇ ਨੂੰ ਸਾਹਾਂ 'ਚ 
ਵਸਾ ਲੈ ਨੀ 

ਕੇਸੂ ਦਿਆਂ ਫੁੱਲਾਂ ਤਾਈਂ 
ਮੜ੍ਹ ਕੇ ਤਵੀਤੜੀ 'ਚ
ਗੋਰੀ-ਚਿੱਟੀ ਧੌਣ 
ਵਿੱਚ ਪਾ ਲੈ ਨੀ
ਜਾਂ ਤੂੰ ਇਹਨਾਂ ਕੇਸੂਆਂ ਦੀ 
ਰੱਤ ਨੂੰ ਨਿਚੋੜ ਕੇ
ਹੱਥਾਂ ਦੀਆਂ ਤਲੀਆਂ ਤੇ
ਲਾ ਲੈ ਨੀ। 

ਇਹੀ ਰੰਗ ਫੇਰ ਕੇਸੂ 
ਬਣ-ਬਣ ਖਿੱੜ ਜਾਣ 
ਤਲੀਆਂ ਨੂੰ ਹੋਠਾਂ ਨਾ
ਛੂਹਾ ਲੈ ਨੀ

ਉੱਚੀਆਂ ਪਹਾੜੀਆਂ ਉੱਤੇ 
ਇੱਤਰਾਂ ਦਾ ਮੇਘ ਵਰ੍ਹੇ
ਫੁੱਲਾਂ ਜਿਹੀਏ 
ਇੱਤਰੀ ਨਹਾ ਲੈ ਨੀ
ਖਿੱੜੀਆਂ ਬਹਾਰਾਂ ਕੁੱੜੇ 
ਤਲੀਆਂ ਨਾਲ ਪੀਸ-ਪੀਸ
ਪਿੰਡੇ ਉੱਤੇ ਲੇਪ ਨੂੰ 
ਲਗਾ ਲੈ ਨੀ

ਤੇਰੇ ਲਈ ਹੀ ਸੂਰਜੇ ਨੇ
ਚਾਨਣ ਦੁਆਰ ਖੋਲ੍ਹੇ 
ਘਟਾ ਜਿਹੇ ਕੇਸਾਂ ਨੂੰ 
ਸੁਕਾ ਲੈ ਨੀ
ਜਾਂ ਤੂੰ ਇਹਨਾਂ ਧੁੱਪਾਂ ਦੀ 
ਕੋਈ ਸੁਰਮ-ਸਲਾਈ
ਲੈ ਕੇ ਨੀਲੇ-ਨੀਲੇ 
ਨੇਤਰਾਂ ਚ ਪਾ ਲੈ ਨੀਂ ।

ਰਾਤ ਦੀਏ ਰਾਣੀਏ ਨੀ
ਸੁਘੜ ਸਿਆਣੀਏ ਨੀ
ਚੁੰਨੀ ਵਿੱਚ ਚੰਨ ਨੂੰ 
ਛੁਪਾ ਲੈ ਨੀਂ
ਇੱਕ ਫੁੱਲ ਖਿੱੜਿਆ ਕੋਈ 
ਤੇਰੇ ਨੀ ਸ਼ਬਾਬ ਰੰਗਾ 
ਗਜ਼ ਲੰਮੀ ਗੁੱਤ 'ਚ 
ਸਜ਼ਾ ਲੈ ਨੀਂ 

ਪੱਤਰ ਸੁਨਹਿਰੀ ਕੋਈ
ਗਾਨੀ 'ਚ ਪਰੋਕੇ 
ਹਾਰ ਕੋਈ ਦਾਜ ਦਾ
ਬਣਾ ਲੈ ਨੀਂ 
ਜਾਂ ਕੋਈ ਪੱਤ ਸੁੱਚੀਆਂ
ਮੁਹੱਬਤਾਂ ਦਾ ਤੋੜ 
ਚਿੱਟੇ ਮੋਤੀਆਂ ਜਿਹੇ
ਦੰਦਾਂ ਨਾ ਚਬਾ ਲੈ ਨੀਂ 

ਧਰਤੀ ਦੀ ਜਿਹੜੀ ਹਿੱਕ
ਉਮਰਾਂ ਤੋਂ ਪਿਆਸੀ
ਅੱਜ ਕੁੜੇ ਝੜੀਆਂ
ਲਗਾ ਲੈ ਨੀਂ 
ਬੱਦਲੀਏ ਤੈਨੂੰ ਕੋਈ 
ਅੰਬਰ ਉਡੀਕੇ 
ਚਾਹੇ ਕਾਲੀ-ਬੋਲੀ 
ਘਟਾ ਬਣ ਛਾ ਲੈ ਨੀਂ

ਚੱਲ ਕੋਈ ਪੰਛੀਆਂ ਤੋਂ
ਖੰਭ ਨੀ ਉਧਾਰੇ ਲੈ ਕੇ 
ਇੱਕ ਡਾਰੀ ਅੰਬਰੀ ਵੀ
ਲਾ ਲੈ ਨੀਂ
ਜਾਂ ਤੂੰ ਫੇਰ ਆਪਣੀਆਂ 
ਬਾਹਵਾਂ ਨੂੰ ਫੈਲਾ ਕੇ 
ਸਾਰਾ ਅੰਬਰ ਹੀ ਗੋਦੀ 'ਚ
ਸਮਾ ਲੈ ਨੀਂ ।

ਸਾਗਰਪ੍ਰੀਤ 
98150-81473

 
Have something to say? Post your comment