Poem

ਜਾਗੋ ਜਾਗੋ! ਨਸ਼ੇ ਤਿਆਗੋ/ਪ੍ਰੋ. ਨਵ ਸੰਗੀਤ ਸਿੰਘ

June 21, 2019 11:16 PM
      
 
ਛੱਡੋ ਬੋਤਲ ਗੋਲੀਆਂ ਤੇ ਨਸ਼ੇ ਤਿਆਗੋ 
ਹੋਸ਼ 'ਚ ਆਓ ਸੁੱਤਿਓ,  ਤੁਸੀਂ ਨੀਂਦ 'ਚੋਂ ਜਾਗੋ।
 
ਪਾਓ ਨਾ ਤੁਸੀਂ ਮੌਤ ਦੀ, ਆਪਣੇ ਗਲ਼ ਰੱਸੀ 
ਸੱਚੇ ਦਿਲੋਂ ਵਿਚਾਰ ਕੇ, ਗੱਲ 'ਰੂਹੀ' ਦੱਸੀ।
 
'ਫੀਮ, ਸਮੈਕਾਂ ਵਰਤ ਕੇ, ਨਾ ਦੇਹ ਨੂੰ ਗਾਲ਼ੋ
ਭਗਤ ਸਿੰਘ ਦੇ ਵਾਰਸੋ! ਤੁਸੀਂ ਹੋਸ਼ ਸੰਭਾਲ਼ੋ।
 
ਨਸ਼ਿਆਂ ਦੀ ਦਲਦਲ 'ਚੋਂ, ਸਾਨੂੰ ਕੁਝ ਨਹੀਂ ਲੱਭਣਾ 
ਮਨ ਵਿੱਚ ਪੱਕੀ ਧਾਰ ਲਓ, ਇਹਨੂੰ  ਦੇਸ਼ੋਂ ਕੱਢਣਾ।
 
ਹੀਰੇ ਹਾਂ ਅਨਮੋਲ ਅਸੀਂ, ਇਸ ਧਰਤ ਦੇ ਜਾਏ 
ਆਪਣੇ ਘਰ ਵਿੱਚ ਰਹਿੰਦਿਆਂ, ਹੋ ਗਏ ਪਰਾਏ।
 
ਸੱਚੀਆਂ- ਸੁੱਚੀਆਂ ਕਦਰਾਂ ਨੂੰ, ਸਾਰੇ ਅਪਣਾਈਏ
ਜੀਵਨ- ਭੇਤ ਨੂੰ ਜਾਣੀਏ, ਸਭ ਨੂੰ ਸਮਝਾਈਏ।
 
ਗੁਰੂਆਂ ਤੇ ਭਗਤਾਂ ਨੇ, ਸਾਨੂੰ ਸਿੱਖਿਆ ਦਿੱਤੀ 
ਕਾਬੂ ਪਾ ਕੇ ਨਸ਼ਿਆਂ ਤੇ, ਜੰਗ ਜਾਣੀ ਦਿੱਤੀ।
 
ਬਚ ਜਾਈਏ ਬਰਬਾਦੀ ਤੋਂ, ਨਾ ਪੀਓ ਸ਼ਰਾਬਾਂ 
ਹੱਥਾਂ ਵਿੱਚ ਹੁਣ ਸਾਡੇ, ਚੰਗੀਆਂ ਹੋਣ ਕਿਤਾਬਾਂ।
 
ਅੱਜ ਨਹੀਂ ਬਸ ਹੁਣੇ ਤੋਂ, ਇਹ ਖਾਈਏ ਕਸਮਾਂ 
ਬਿਨਾਂ ਨਸ਼ੇ ਤੋੰ ਕਰਾਂਗੇ, ਸਭ ਰੀਤਾਂ- ਰਸਮਾਂ।
 
ਇੱਕਜੁਟ ਹੋ ਕੇ ਮਾਰੀਏ, ਜੇ ਆਪਾਂ ਹੰਭਲਾ 
ਮੁੜ ਕੇ ਦੇਸ਼ ਪੰਜਾਬ ਇਹ, ਬਣ ਜਾਏ ਰੰਗਲਾ।
 
ਗਲੀਆਂ, ਨਗਰਾਂ, ਕਸਬਿਆਂ ਤੇ ਸਭ ਪਿੰਡਾਂ, ਸ਼ਹਿਰਾਂ 
ਨਸ਼ਾ- ਮੁਕਤ ਪੰਜਾਬ 'ਚ ਹੋਵਣ, ਲਹਿਰਾਂ ਬਹਿਰਾਂ। 
 
Have something to say? Post your comment