Wednesday, November 20, 2019
FOLLOW US ON

Poem

ਧੀਆਂ/ਸੁਖਪਾਲ ਕੌਰ ਬਾਠ

June 25, 2019 08:17 PM
 
ਧੀਆਂ ਤਾਂ ਘਰ ਦੀ ਰੌਣਕ ਹੁੰਦੀਆਂ ਨੇ ,
 
ਜਿਨ੍ਹਾਂ ਦੇ ਨਿੱਕੇ ਨਿੱਕੇ ਕਦਮਾਂ ਦੀ ਆਹਟ ਨਾਲ ਘਰ ਦੇ ਸੁੰਨੇ ਕੋਨੇ ਵੀ ਗਾਉਂਦੇ ਪ੍ਰਤੀਤ ਹੁੰਦੇ ਨੇ ।
 
ਧੀਆਂ ਤਾਂ ਵਿਹੜੇ ਦੀ ਬਰਕਤ ਹੁੰਦੀਆਂ ਨੇ  ,
 
ਜਿੰਨ੍ਹਾਂ ਦੇ ਤੋਤਲੇ ਬੋਲਾਂ ਨਾਲ ਘਰ ਦੀਆਂ ਰੁੱਖੀਆਂ ਤੇ ਬੇਜਾਨ ਕੰਧਾਂ ਹੱਸ ਹੱਸ ਗੱਲਾਂ ਕਰਦੀਆਂ ਨੇ ।
 
ਧੀਆਂ ਤਾਂ ਕੰਧੋਲੀ ਉੱਤੇ ਚਿਤਰੀਆਂ ਮੋਰਨੀਆਂ ਹੁੰਦੀਆਂ ਨੇ ,
 
ਪਤਾ ਨਹੀਂ ਕਦੋਂ ਅਛੋਪਲੇ ਜਿਹੇ ਆ ਕੇ ਮਾਂ ਦੇ ਮੋਢੇ ਲੱਗਦੀਆਂ ,ਗੱਲਾਂ ਕਰਦੀਆਂ ਨੇ।
 
 ਧੀਆਂ ਤਾਂ ਧਰੇਕਾਂ ਤੇ ਬੈਠੀਆਂ ਚਿੜੀਆਂ ਹੁੰਦੀਆਂ ਨੇ,   
 ਆਪਣੇ ਬਣੇ ਸੁਆਰੇ ਆਲ੍ਹਣੇ ਨੂੰ ਛੱਡ ਕਦੋਂ ਦੂਜੇ ਘਰ ਜਾ ਆਲ੍ਹਣਾ ਸਜਾਉਂਦੀਆਂ ਨੇ।   
ਧੀਆਂ ਤਾਂ ਮਾਂ ਦੇ ਸੀਨੇ ਵਿੱਚ ਦੱਬੀਆਂ ਕੁੱਝ ਕੁ ਸੱਧਰਾਂ ਹੁੰਦੀਆਂ ਨੇ ,
ਜਿਨ੍ਹਾਂ ਨੂੰ ਜ਼ਮਾਨੇ ਤੋਂ ਲੁਕਾ ਕੇ ਮਾਂ ਪਤਾ ਨਹੀਂ ਕਦੋਂ ਪੂਰੀਆਂ ਕਰਦੀ ਏ।   
                 
    ਧੀਆਂ ਤਾਂ ਮਾਂ ਦੀਆਂ ਅੱਖਾਂ ਦੇ ਅੱਥਰੂ ਹੁੰਦੀਆਂ ਨੇ ,   
     ਜਦੋਂ ਗੱਲ ਲੱਗ ਬਹਿੰਦੀਆਂ ਨੇ ਤਾਂ ਸਾਰੀ ਕਾਇਨਾਤ ਨੂੰ ਡੋਬ ਦਿੰਦੀਆਂ ਨੇ ।   
                        
  ਧੀਆਂ ਤਾਂ ਬਾਬਲੇ ਦੀ ਪੱਗ ਦੀ ਸ਼ਾਨ ਹੁੰਦੀਆਂ ਨੇ । 
      ਧੀਆਂ ਤਾਂ ਵੀਰੇ ਦੀ ਰੱਖੜੀ ਦੀ ਆਨ ਹੁੰਦੀਆਂ ਨੇ ।       
  ਕਦੇ ਮਸ਼ਾਲ ਬਣ ਜਗਦੀਆਂ ਨੇ ।
ਕਦੇ ਜੁਗਨੂੰਆਂ ਵਾਂਗ ਟਹਿਕਦੀਆਂ ਨੇ ।                               
  ਕਦੇ ਜੁਗਨੂੰਆਂ ਵਾਂਗ ਟਹਿਕਦੀਆਂ ਨੇ ।    
     ਜੁਗਨੂੰਆਂ ਵਾਂਗ ਟਹਿਕਦੀਆਂ ਨੇ।
                ਸੁਖਪਾਲ ਕੌਰ ਬਾਠ ,
Have something to say? Post your comment