Poem

ਨਸ਼ਿਆਂ ਦੇ ਖਾਤਮੇਂ ਦਾ ਸੱਚ -- ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ

July 11, 2019 01:13 AM
ਨਸ਼ਿਆਂ  ਦੇ ਖਾਤਮੇਂ ਦਾ ਸੱਚ
ਜਦੋਂ ਅਖ਼ਬਾਰ ਚੁੱਕ ਪੜ੍ਹਨ ਲਈ ਖੋਲੋ ਤਾਂ ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲੇ ਨੌਜਵਾਨਾਂ ਦੀਆਂ ਖ਼ਬਰਾਂ ਸਾਹਮਣੇ ਆ ਜਾਂਦੀਆਂ ਹਨ।ਹੈਰਾਨੀ ਹੁੰਦੀ ਹੈ ਕਿ ਨਾ ਪ੍ਰਸ਼ਾਸਨ ਨੂੰ ਅਤੇ ਨਾ ਸਰਕਾਰ ਨੂੰ ਇਹ ਮੌਤਾਂ ਕੁਝ ਕਹਿ ਸਕੀਆਂ ਹਨ।ਕਿੰਨੇ ਵੱਡੇ ਛੋਟੇ ਸਿਆਸੀ ਲੀਡਰ ਹਨ ਪਰ ਸਾਰੇ ਹੀ ਅੱਖਾਂ ਅਤੇ ਕੰਨ ਬੰਦ ਕਰੀ ਬੈਠੇ ਹਨ।ਜ਼ੁਬਾਨ ਸਿਆਸੀ ਬਿਆਨ ਦੇਣ ਲਈ ਆਪਣਾ ਕੰਮ ਬਥੇਰਾ ਕਰਦੀ ਹੈ ਪਰ ਲੋਕਾਂ ਦੇ ਦਰਦ ਨਾ ਵਿਖਾਈ ਦਿੰਦੇ ਹਨ,ਨਾ ਪੜ੍ਹੇ ਜਾਂਦੇ ਹਨ ਅਤੇ ਨਾ ਸੁਣਦੇ ਹਨ ਇਨ੍ਹਾਂ ਸਾਰਿਆਂ ਨੂੰ,ਇਸ ਕਰਕੇ ਬੋਲਣ ਤੱਕ ਤਾਂ ਗੱਲ ਹੀ ਨਹੀਂ ਜਾਂਦੀ।ਲੋਕ ਦੁਹਾਈ ਪਾ ਰਹੇ ਹਨ ਕਿ ਨਸ਼ੇ ਨੇ ਘਰ ਤਬਾਹ ਕਰ ਦਿੱਤੇ ਹਨ ਪਰ ਸਰਕਾਰ ਦਾਅਵਾ ਕਰਦੀ ਹੈ ਕਿ ਨਸ਼ੇ ਦਾ ਲੱਕ ਤੋੜ ਦਿੱਤਾ ਹੈ।ਸਿਆਸਤਦਾਨ ਗਲਤਫਹਿਮੀ ਵਿੱਚ ਹਨ ਨਸ਼ੇ ਦਾ ਲੱਕ ਨਹੀਂ ਟੁੱਟਿਆ, ਲੋਕਾਂ ਦਾ ਲੱਕ ਟੁੱਟਿਆ ਹੈ।ਮਾਪਿਆਂ ਦਾ ਲੱਕ ਟੁੱਟਿਆ ਹੈ।ਹਰ ਰੋਜ਼ ਓਵਰਡੋਜ਼ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ।ਕਿਧਰੇ ਮਾਪਿਆਂ ਦੀ ਕੁੱਟਮਾਰ ਕਰਦੇ ਨੇ ਪੁੱਤ ਕਿਉਂਕਿ ਮਾਪੇ ਨਸ਼ੇ ਲਈ ਪੈਸੇ ਨਹੀਂ ਦਿੰਦੇ।ਕਿਧਰੇ ਮਾਂ ਦਾ ਕਤਲ ਪੁੱਤ ਕਰ ਰਿਹਾ ਹੈ ਅਤੇ ਕਿਧਰੇ ਬਾਪ ਦਾ ਕਤਲ ਕਰ ਰਿਹਾ ਹੈ।ਅਸਲ ਵਿੱਚ ਨਸ਼ਾ ਕਰਨ ਵਾਲੇ ਨੂੰ ਸਿਰਫ਼ ਨਸ਼ਾ ਚਾਹੀਦਾ ਹੈ,ਉਹ ਰਿਸ਼ਤਿਆਂ ਬਾਰੇ ਸੋਚਣ ਯੋਗ ਹੀ ਨਹੀਂ ਰਹਿੰਦੇ।ਅੱਜ ਇੱਕ ਬਾਪ ਬਾਪ ਨੇ ਜਦੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁੱਤ ਦੇ ਨਾਲ ਕੁਝ ਅਜਿਹਾ ਵਾਪਰ ਗਿਆ ਕਿ ਪੁੱਤ ਦੀ ਮੌਤ ਹੋ ਗਈ।ਮਾਂ ਨੇ ਦੱਸਿਆ ਕਿ ਪੁੱਤ ਬਹੁਤ ਤੰਗ ਪ੍ਰੇਸ਼ਾਨ ਕਰਦਾ ਸੀ,ਕੁੱਟਮਾਰ ਕਰਦਾ ਸੀ।ਘਰਦਾ ਸਮਾਨ ਵੇਚ ਦਿੱਤਾ।ਇਹ ਬੇਹੱਦ ਦਰਦਨਾਕ ਘਟਨਾ ਹੈ।ਪੁੱਤ ਦੀ ਸਾਹਮਣੇ ਮੌਤ ਅਤੇ ਉਹ ਵੀ ਬਾਪ ਦੇ ਹੱਥੋਂ।
ਅੱਜ ਜੇਕਰ ਲੜਕੀਆਂ ਵੀ ਨਸ਼ਾ ਕਰਨ ਲੱਗ ਗਈਆਂ ਹਨ ਤਾਂ ਗੰਭੀਰ ਹੋਣਾ ਬੇਹੱਦ ਜ਼ਰੂਰੀ ਹੈ।ਕੁਝ ਦਿਨ ਪਹਿਲਾਂ ਇੱਕ ਲੜਕੀ ਦੀ ਵੀ ਮੌਤ ਹੋ ਗਈ ਸੀ ਨਸ਼ੇ ਕਰਕੇ।ਕਿਧਰ ਨੂੰ ਸਮਾਜ ਜਾ ਰਿਹਾ ਹੈ,ਇਹ ਨਾ ਵੇਖਣਾ ਸਮਾਜ ਲਈ ਬਹੁਤ ਘਾਤਕ ਸਿਧ ਹੋਏਗਾ ਅਤੇ ਹੋ ਰਿਹਾ ਹੈ।ਹੁਣ ਪਿੰਡਾਂ ਦੇ ਲੋਕ ਕਮੇਟੀਆਂ ਬਣਾ ਰਹੇ ਹਨ।ਲੋਕ ਇਕੱਠੇ ਹੋਕੇ ਪ੍ਰਸ਼ਾਸਨ ਕੋਲ ਜਾ ਰਹੇ ਹਨ।ਜ਼ਮੀਨੀ ਹਕੀਕਤ ਬੇਹੱਦ ਗੰਭੀਰ ਹੈ।ਦਫ਼ਤਰਾਂ ਵਿੱਚ ਬੈਠਕੇ ਇਹ ਕਹਿ ਦੇਣਾਂ ਕਿ ਸੱਭ ਠੀਕ ਚੱਲ ਰਿਹਾ, ਸਰਾਸਰ ਗਲਤ ਹੈ।ਨਸ਼ੇ ਨੇ ਅਜਿਹੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ ਜਿੰਨਾ ਦੀ ਜ਼ੁਮੇਵਾਰੀ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ।ਲੋਕ ਦੁਹਾਈ ਪਾ ਰਹੇ ਹਨ ਕਿ ਸਬਜ਼ੀ ਔਖੀ ਮਿਲਦੀ ਹੈ ਪਰ ਨਸ਼ਾ ਆਰਾਮ ਨਾਲ ਮਿਲ ਰਿਹਾ ਹੈ।
ਪਿੱਛਲੇ ਦਿਨੀਂ ਇੱਕ ਮੰਤਰੀ ਨੂੰ ਮਿਲ ਰਹੀ ਤਨਖਾਹ, ਭੱਤੇ ਅਤੇ ਹੋਰ ਸਹੂਲਤਾਂ ਬੰਦ ਕਰਨ ਲਈ ਵੱਖ ਵੱਖ ਸਿਆਸਤਦਾਨ ਬਿਆਨ ਦੇ ਰਹੇ ਹਨ।ਕਾਰਨ ਦੱਸ ਰਹੇ ਸੀ ਕਿ ਉਹ ਕੰਮ ਨਹੀਂ ਕਰ ਰਿਹਾ।ਜੋ ਪੰਜਾਬ ਦੀ ਹਾਲਤ ਹੈ ਅਤੇ ਹੋ ਗਈ ਹੈ,ਲੱਗਦਾ ਹੈ ਕਿ ਕੋਈ ਵੀ ਵਿਧਾਇਕ ਅਤੇ ਮੰਤਰੀ ਕੰਮ ਨਹੀਂ ਕਰ ਰਹੇ।ਜੇਕਰ ਸੱਭ ਆਪਣੀ ਜ਼ੁਮੇਵਾਰੀ ਇਮਾਨਦਾਰੀ ਨਾਲ ਨਿਭਾਅ ਰਹੇ ਹੁੰਦੇ ਤਾਂ ਪੰਜਾਬ ਦੀ ਇਹ ਹਾਲਤ ਨਾ ਹੁੰਦੀ।ਪੰਜਾਬ ਵਿੱਚ ਨਸ਼ੇ ਦਾ ਛੇਵਾਂ ਦਰਿਆ ਨਾ ਵਹਿੰਦਾ।ਲੋਕਾਂ ਦੇ ਘਰ ਸੱਥਰ ਨਾ ਵਿੱਛਦੇ,ਮਾਵਾਂ ਦੀਆਂ ਝੋਲੀਆਂ ਖਾਲੀ ਨਾ ਹੁੰਦੀਆਂ ਅਤੇ ਬੁੱਢੇ ਬਾਪ ਆਪਣੇ ਪੁੱਤਾਂ ਦੀਆਂ ਅਰਥੀਆਂ ਮੋਢਿਆਂ ਤੇ ਨਾ ਚੁੱਕਣ।

ਹਰ ਮੋੜ ਤੇ ਸ਼ਰਾਬ ਦੇ ਠੇਕੇ ਖੋਖਿਆਂ ਵਿੱਚ ਖੁੱਲੇ ਹੋਏ ਹਨ।ਸੰਥੈੈੈਟਿਕ ਨਸ਼ੇ ਅਜਿਹੇ ਹਨ ਕਿ ਇਹ ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੰੰਦੀ ਹੈ ਅਤੇ ਮੌਤ ਪੱਕੀ ਹੈੈ।ਏਮਜ਼ ਦੀ ਨਵੀਂਂ ਆਈ ਰਿਪੋਰਟ ਬਹੁਤ ਚਿੰਤਾ ਕਰਨ ਵਾਲੀ ਹੈ ਪਰ ਸਿਆਸਤਦਾਨਾਂ,ਸਰਕਾਰਾਂ ਅਤੇ ਜ਼ੁੁਮੇਵਾਰ ਲੋਕਾਂ ਨੂੰ ਇਹ ਰਿਪੋਰਟ ਕਦੋਂ ਹਿਲਾਏਗੀ ਪਤਾ ਨਹੀਂਂ।ਨਸ਼ੇ ਇਸ ਵਕਤ ਵੀ ਮੌਤ ਬਣਕੇ ਲੋਕਾਂ ਦੇ ਦਰਵਾਜ਼ੇ ਤੇ ਖੜ੍ਹੀ ਹੈ।ਬਿਆਨਾਂ ਅਤੇ ਭਾਸ਼ਣਾਂ ਨਾਲ 

ਨਸ਼ੇ ਖਤਮ ਨਾ ਹੋਏ ਹਨ ਅਤੇ ਨਾ ਹੋਣੇ ਹਨ।ਮਾਵਾਂ ਦੇ ਵੈਣ ਸੁਣੋ ਅਤੇ ਮਹਿਸੂਸ ਕਰੋਗੇ ਤਾਂ ਹੀ ਕੋਈ ਸੁਧਾਰ ਲਈ ਕਦਮ ਚੁੱਕੇ ਜਾਣਗੇ।ਨੌਜਵਾਨ ਧੀਆਂ ਭੈਣਾਂ ਜੋ ਵਿਧਵਾ ਹੋ ਰਹੀਆਂ ਹਨ ਉਨ੍ਹਾਂ ਦਾ ਦਰਦ ਮਹਿਸੂਸ ਕਰੋ।ਲੋਕਾਂ ਦੀ ਆਵਾਜ਼ ਸੁਣੋ ਜੋ ਨਸ਼ੇ ਦੇ ਖ਼ਤਮ ਹੋਣ ਦੇ ਸੱਚ ਨੂੰ ਰੋ ਰੋਕੇ ਦੱਸ ਰਹੇ ਹਨ। ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ
From Prabhjot Kaur Dillon Contact No. 9815030221
Have something to say? Post your comment