Article

(18 ਜੁਲਾਈ - ਬਰਸੀ ਤੇ) ਮੁਬਾਰਕ ਬੇਗ਼ਮ : ਹਮਾਰੀ ਯਾਦ ਆਏਗੀ... ਪ੍ਰੋ.ਨਵ ਸੰਗੀਤ ਸਿੰਘ

July 11, 2019 11:54 PM
 (18 ਜੁਲਾਈ - ਬਰਸੀ ਤੇ)        
             ਮੁਬਾਰਕ ਬੇਗ਼ਮ : ਹਮਾਰੀ ਯਾਦ ਆਏਗੀ...
             ******************************
                                   ~  ਪ੍ਰੋ.ਨਵ ਸੰਗੀਤ ਸਿੰਘ
 
       ਮੁਬਾਰਕ ਬੇਗ਼ਮ ਭਾਰਤੀ ਹਿੰਦੀ ਫ਼ਿਲਮਾਂ ਵਿੱਚ ਇੱਕ ਪ੍ਰਸਿੱਧ ਪਿੱਠਵਰਤੀ ਗਾਇਕਾ ਹੋ ਗੁਜ਼ਰੀ ਹੈ। ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਉਹਨੇ ਆਕਾਸ਼ਵਾਣੀ ਵਿੱਚ ਵੀ ਕੰਮ ਕੀਤਾ। ਉਹਦਾ ਜਨਮ ਰਾਜਸਥਾਨ ਦੇ ਸੁਜਾਨਗੜ ਕਸਬੇ (ਜ਼ਿਲਾ ਚੁਰੂ)ਵਿੱਚ1935/36 ਵਿੱਚ ਹੋਇਆ। ਉਸ ਨੇ ਮੁੱਖ ਤੌਰ ਤੇ ਸਾਲ 1950-70 ਵਿਚਕਾਰ ਬਾਲੀਵੁੱਡ ਲਈ ਸੈਂਕੜੇ ਗੀਤ ਤੇ ਗ਼ਜ਼ਲਾਂ ਨੂੰ ਆਵਾਜ਼ ਦਿੱਤੀ। ਉਸਨੇ  1961 ਵਿੱਚ ਆਈ ਹਿੰਦੀ ਫ਼ਿਲਮ 'ਹਮਾਰੀ ਯਾਦ ਆਏਗੀ' ਦਾ ਸਦਾਬਹਾਰ ਗੀਤ 'ਕਭੀ ਤਨਹਾਈਓਂ ਮੇਂ ਯੂੰ ਹਮਾਰੀ ਯਾਦ ਆਏਗੀ' ਨੂੰ ਆਪਣੀ ਆਵਾਜ਼ ਦਿੱਤੀ। ਸਾਲ 1950-60 ਦੇ ਦਹਾਕੇ ਦੌਰਾਨ ਉਸਨੇ ਐੱਸ ਡੀ ਬਰਮਨ, ਸ਼ੰਕਰ ਜੈ ਕਿਸ਼ਨ ਤੇ ਖ਼ੱਯਾਮ ਜਿਹੇ ਸੁਪ੍ਰਸਿੱਧ ਸੰਗੀਤਕਾਰਾਂ ਨਾਲ ਕੰਮ ਕੀਤਾ।  
     
 1968 ਵਿੱਚ ਬਣੀ ਫ਼ਿਲਮ 'ਜੁਆਰੀ' ਦਾ ਇੱਕ ਗੀਤ ਹੈ- 'ਨੀਂਦ ਉੜ ਜਾਏ ਤੇਰੀ ਚੈਨ ਸੇ ਸੋਨੇ ਵਾਲੇ'। ਇਸ ਗੀਤ ਨੂੰ ਆਵਾਜ਼ ਦੇਣ ਵਾਲੀ ਮੁਬਾਰਕ ਬੇਗ਼ਮ 18 ਜੁਲਾਈ 2016 ਨੂੰ ਸਦਾ ਲਈ ਸੌਂ ਗਈ। ਉਹ ਮੁਬਾਰਕ, ਜਿਸਦੀ ਆਵਾਜ਼ ਨੂੰ ਸੁਣ ਕੇ ਬਿਜਲੀਆਂ ਕੌਂਧ ਜਾਂਦੀਆਂ ਸਨ, ਦਿਲ ਥੰਮ ਜਾਂਦਾ ਸੀ। ਉਹਦੀ ਆਵਾਜ਼ ਨਾਲ ਹਿੰਦੀ ਸਿਨੇਮਾ ਦੀਆਂ ਗਲੀਆਂ ਰੌਸ਼ਨ ਸਨ। ਬੇਗ਼ਮ ਨੇ ਫ਼ਿਲਮਾਂ ਵਿੱਚ ਉਦੋਂ ਗਾਉਣਾ ਸ਼ੁਰੂ ਕੀਤਾ, ਜਦੋਂ ਲਤਾ ਮੰਗੇਸ਼ਕਰ ਵੀ ਆਪਣੇ ਪੈਰ ਜਮਾਉਣ ਲਈ ਸੰਘਰਸ਼ ਕਰ ਰਹੀ ਸੀ। 
 
        ਸੁਜਾਨਗੜ੍ਹ ਤੋਂ ਉਸਦਾ ਪਰਿਵਾਰ ਅਹਿਮਦਾਬਾਦ ਗਿਆ ਤੇ ਫਿਰ ਮੁੰਬਈ। ਮੁੰਬਈ ਵਿਖੇ ਉਸ ਨੇ ਸੰਗੀਤ ਦੀ ਵਿੱਦਿਆ ਰਿਆਜ਼ੂਦੀਨ ਖ਼ਾਨ ਤੋਂ ਪ੍ਰਾਪਤ ਕੀਤੀ। ਰਿਆਜ਼ੂਦੀਨ ਖ਼ਾਨ ਉਸਤਾਦ ਅਬਦੁਲ ਕਰੀਮ ਖਾਨ ਦਾ ਭਤੀਜਾ ਹੈ। ਅਬਦੁਲ ਕਰੀਮ ਖ਼ਾਨ ਸੰਗੀਤ ਦੇ ਕਿਰਾਨਾ ਘਰਾਣੇ ਨਾਲ ਸਬੰਧਿਤ ਹੈ, ਜਿਸਨੂੰ 'ਕਿਰਾਨਾ ਘਰਾਣੇ' ਦਾ ਅਸਲੀ ਸੰਸਥਾਪਕ ਵੀ ਮੰਨਿਆ ਜਾਂਦਾ ਹੈ। 
 
        ਮੁਬਾਰਕ ਬੇਗ਼ਮ ਨੂੰ ਸੁਰੱਈਆ, ਨੂਰ ਜਹਾਂ ਦੇ ਗਾਣੇ ਬਹੁਤ ਪਸੰਦ ਸਨ ਤੇ ਉਹ ਇਨ੍ਹਾਂ ਨੂੰ ਅਕਸਰ ਗੁਣਗੁਣਾਇਆ ਕਰਦੀ ਸੀ। ਗ਼ਰੀਬੀ ਕਰਕੇ ਉਹ ਸਕੂਲ ਦੀ ਵਿੱਦਿਆ ਹਾਸਲ ਨਹੀਂ ਕਰ ਸਕੀ। ਅਨਪੜ੍ਹ ਹੋਣ ਦੇ ਬਾਵਜੂਦ ਉਹ ਪਿੱਠਵਰਤੀ ਗਾਇਕਾਂ ਦੇ ਖੇਤਰ ਵਿੱਚ ਚੋਟੀ ਤੇ ਪਹੁੰਚੀ। 
 
        ਪਿੱਛੋਂ ਮੁਮਤਾਜ ਬੇਗ਼ਮ ਨੇ ਆਲ ਇੰਡੀਆ ਰੇਡੀਓ ਤੇ ਗਾਉਣ ਲਈ ਆਡੀਸ਼ਨ ਦਿੱਤਾ। ਸੰਗੀਤਕਾਰ ਅਜਿਤ ਮਰਚੈਂਟ ਨੇ ਉਸਦਾ ਟੈਸਟ ਲਿਆ ਤੇ ਉਹ ਇਸ ਵਿੱਚੋਂ ਪਾਸ ਹੋ ਗਈ। ਇਸ ਤਰ੍ਹਾਂ ਉਸਨੇ ਆਲ ਇੰਡੀਆ ਰੇਡੀਓ ਤੇ ਗਾਉਣਾ ਸ਼ੁਰੂ ਕੀਤਾ। ਉਹਦੀ ਆਵਾਜ਼ ਉਦੋਂ ਦੇ ਪ੍ਰਸਿੱਧ ਸੰਗੀਤਕਾਰ ਰਫ਼ੀਕ ਗਜ਼ਨਵੀ ਨੇ ਸੁਣੀ, ਤਾਂ ਉਹਨੇ ਉਸਨੂੰ ਆਪਣੀ ਫ਼ਿਲਮ ਲਈ ਗਾਉਣ ਦੀ ਆਫਰ ਦਿੱਤੀ। ਜਦੋਂ ਮੁਬਾਰਕ ਗਾਉਣ ਲੱਗੀ ਤਾਂ ਘਬਰਾਹਟ ਕਰਕੇ ਉਹਦੇ ਮੂੰਹੋਂ ਆਵਾਜ਼ ਹੀ ਨਹੀਂ ਨਿਕਲੀ। ਦੂਜੀ ਵਾਰੀ ਸ਼ਾਮ ਸੁੰਦਰ ਨੇ ਉਹ ਨੂੰ ਮੌਕਾ ਦਿੱਤਾ, ਪਰ ਇੱਥੇ ਵੀ ਘਬਰਾਹਟ ਵਿੱਚ ਉਹ ਗਾ ਨਾ ਸਕੀ। ਉਸਨੇ ਪਹਿਲਾ ਗਾਣਾ ਵਿੱਚ 13 ਸਾਲ ਦੀ ਉਮਰ ਵਿੱਚ ਗਾਇਆ। ਫ਼ਿਲਮ ਸੀ- 'ਆਈਏ'। ਇਸ ਫ਼ਿਲਮ ਲਈ ਉਸਨੇ ਦੋ ਗੀਤ ਗਾਏ। ਇੱਕ ਸੀ 'ਮੋਹੇ ਆਨੇ ਲਗੀ ਅੰਗੜਾਈ' ਤੇ ਦੂਜਾ ਲਤਾ ਮੰਗੇਸ਼ਕਰ ਨਾਲ ਮਿਲ ਕੇ 'ਆਓ ਚਲੋ ਚਲੇਂ ਵਹਾਂ'। 
 
       ਜਿਸ ਫਿਲਮ ਨਾਲ ਮੁਬਾਰਕ ਦੀ ਗਾਇਕੀ ਨੇ ਉਡਾਣ ਭਰੀ ਉਹ ਸੀ -'ਦਾਇਰਾ'। ਫਿਲਮ ਦੇ ਸੰਗੀਤਕਾਰ ਵੀ ਰਾਜਸਥਾਨ ਦੇ ਹੀ ਸਨ- ਜਮਾਲ ਸੇਨ। ਫ਼ਿਲਮ ਵਿੱਚ ਮੁਬਾਰਕ ਬੇਗ਼ਮ ਨੇ 'ਦੇਵਤਾ ਤੁਮ ਹੋ ਮੇਰਾ ਸਹਾਰਾ' ਗਾਣਾ ਗਾਇਆ ਸੀ। ਬੜਾ ਹੀ ਪਿਆਰਾ ਗੀਤ, ਜਿਵੇਂ ਰੇਗਿਸਤਾਨ ਦੀ ਕਿਸੇ ਸ਼ਾਂਤ ਹਨੇਰੀ ਰਾਤ ਵਿੱਚ ਕਿਸੇ ਟਿੱਲੇ ਤੋਂ ਕੋਈ ਆਵਾਜ਼ ਆ ਰਹੀ ਹੋਵੇ, ਹੌਲੀ- ਹੌਲੀ। ਇਸ ਗੀਤ ਵਿੱਚ ਉਸਦੇ ਨਾਲ ਮੁਹੰਮਦ ਰਫ਼ੀ ਵੀ ਸਨ। 
 
        ਮੁਬਾਰਕ ਬੇਗ਼ਮ ਦੇ ਅਨਪੜ੍ਹ ਹੋਣ ਬਾਰੇ ਸਾਰੇ ਹੀ ਜਾਣਦੇ ਹਨ। ਕਾਫ਼ੀ ਸਾਲ ਪੁਰਾਣਾ ਕਿੱਸਾ ਹੈ ਉਹਦਾ, ਕਿ ਇੱਕ ਵਾਰ ਭੱਪੀ ਲਹਿਰੀ ਨੇ ਉਹਨੂੰ ਗਾਣੇ ਲਈ ਸੱਦਿਆ। ਜਦੋਂ ਮੁਬਾਰਕ ਆਈ ਤਾਂ ਪਹਿਲਾਂ ਉਸਨੇ ਧੁਨ ਸੁਣਾਈ ਅਤੇ ਫਿਰ ਗਾਣੇ ਦੇ ਬੋਲ ਲਿਖਿਆ ਕਾਗਜ਼ ਉਹਨੂੰ ਫੜਾਇਆ। ਮੁਬਾਰਕ ਬੋਲੀ: ਮੈਨੂੰ ਤਾਂ ਪੜ੍ਹਨਾ ਆਉਂਦਾ ਹੀ ਨਹੀਂ। ਭੱਪੀ ਹੈਰਾਨ ਰਹਿ ਗਿਆ ਤੇ ਪੁੱਛਿਆ: ਬਿਨਾਂ ਪੜ੍ਹੇ ਕਿਵੇਂ ਗਾ ਲੈਂਦੀ ਹੈਂ ਤੂੰ! ਮੁਬਾਰਕ ਨੇ ਕਿਹਾ: ਦਿਲ ਨਾਲ ਯਾਦ ਕਰਕੇ। ਇਹ ਦਿਲ ਤੇ ਉਕੇਰ ਕੇ ਗਾਉਣ ਵਾਲੀਆਂ ਆਵਾਜ਼ਾਂ ਸਨ, ਜੋ ਦਿਲ ਵਿੱਚ ਲਹਿ ਜਾਂਦੀਆਂ ਹਨ। 
 
        ਆਪਣੀ ਪ੍ਰਸਿੱਧੀ ਦੇ ਦਿਨਾਂ ਵਿੱਚ ਉਹ ਇੰਡਸਟਰੀ ਦੀ ਰਾਜਨੀਤੀ ਦਾ ਸ਼ਿਕਾਰ ਹੋ ਗਈ। ਉਹਦੇ ਗਾਣੇ ਕਿਸੇ ਹੋਰ ਤੋਂ ਗਵਾ ਲਏ ਗਏ। ਉਹ ਕਹਿੰਦੀ ਸੀ ਕਿ ਫ਼ਿਲਮ "ਜਬ ਜਬ ਫੂਲ ਖਿਲੇ" ਦਾ ਗਾਣਾ 'ਪਰਦੇਸੀਓਂ ਸੇ ਨ ਅੱਖੀਆਂ ਮਿਲਾਨਾ' ਉਹਦੀ ਆਵਾਜ਼ ਵਿੱਚ ਰਿਕਾਰਡ ਹੋਇਆ ਸੀ। ਪਰ ਜਦੋਂ ਫਿਲਮ ਰੀਲੀਜ਼ ਹੋਈ ਤਾਂ ਉਹਦੀ ਥਾਂ ਲਤਾ ਦੀ ਆਵਾਜ਼ ਸੀ...।  
 
       ਪੰਜਾਹਵਿਆਂ ਵਿੱਚ ਮੁਬਾਰਕ ਨੇ ਕਈ ਪ੍ਰਸਿੱਧ ਸੰਗੀਤਕਾਰਾਂ ਦੀਆਂ ਧੁਨਾਂ ਤੇ ਗੀਤ ਗਾਏ ਜਿਨ੍ਹਾਂ ਵਿੱਚ ਗ਼ੁਲਾਮ ਮੁਹੰਮਦ, ਜਮਾਲ ਸੇਨ, ਨੌਸ਼ਾਦ, ਸਰਦਾਰ ਮਲਿਕ ਅਤੇ ਸਲਿਲ ਚੌਧਰੀ ਆਦਿ ਦੇ ਨਾਂ ਪ੍ਰਮੁੱਖ ਹਨ। ਪੰਜਾਹ ਅਤੇ ਸੱਠ ਦੇ ਦਹਾਕੇ ਦੌਰਾਨ ਮੁਬਾਰਕ ਦੇ ਕਈ ਗੀਤ ਅਮਰ ਹੋਏ-ਇਨ੍ਹਾਂ ਵਿੱਚ 'ਦੇਵਤਾ ਤੁਮ ਮੇਰਾ ਸਹਾਰਾ'(ਦਾਇਰਾ) ਵੀ ਸ਼ਾਮਿਲ ਹੈ। ਰਫ਼ੀ ਨਾਲ ਗਾਇਆ ਇਹ ਗੀਤ ਅੱਜ ਵੀ ਦਿਲਾਂ ਨੂੰ ਹਲੂਣਦਾ ਹੈ। ਇਹ ਫਿਲਮ ਬਾਕਸ ਆਫਿਸ ਤੇ ਤਾਂ ਕੋਈ ਖਾਸ ਨਹੀਂ ਕਰ ਸਕੀ। ਇਸੇ ਲਈ ਮੁਬਾਰਕ ਨੂੰ ਕੋਈ ਪ੍ਰਸਿੱਧੀ ਨਹੀਂ ਮਿਲੀ। 
 
        1961 ਵਿੱਚ ਕੇਦਾਰ ਸ਼ਰਮਾ ਦੀ ਫ਼ਿਲਮ 'ਹਮਾਰੀ ਯਾਦ ਆਏਗੀ' ਪ੍ਰਦਰਸ਼ਿਤ ਹੋਈ। ਇਹਦੇ ਸ਼ੀਰਸ਼ਕ ਗੀਤ 'ਕਭੀ ਤਨਹਾਈਓਂ ਮੇਂ ਯੂੰ ਹਮਾਰੀ ਯਾਦ ਆਏਗੀ' ਨੇ ਲੋਕਪ੍ਰਿਅਤਾ ਵਿੱਚ ਨਵੇਂ ਕੀਰਤੀਮਾਨ ਸਥਾਪਤ ਕੀਤੇ। ਇਹਦਾ ਸੰਗੀਤ ਸਨੇਹਲ ਭਾਟਕਰ ਨੇ ਦਿੱਤਾ ਸੀ। ਲੋਕਪ੍ਰਿਅਤਾ ਦੇ ਕ੍ਰਮ ਵਿੱਚ ਹੀ ਫ਼ਿਲਮ 'ਹਮਰਾਹੀ' ਦਾ ਗੀਤ ਆਉਂਦਾ ਹੈ- 'ਮੁਝਕੋ ਅਪਨੇ ਗਲੇ ਲਗਾ ਲੋ', ਜਿਸ ਦਾ ਸੰਗੀਤ ਸ਼ੰਕਰ ਜੈ ਕਿਸ਼ਨ ਨੇ ਦਿੱਤਾ ਸੀ। 
 
       ਇਹ ਸਮਾਂ ਮੁਬਾਰਕ ਬੇਗ਼ਮ ਦਾ ਸੁਨਹਿਰੀ ਕਾਲ ਸੀ। ਉਦੋਂ ਉਹ ਲੈਮਿੰਗਟਨ ਰੋਡ ਦੀ ਬਿਲਡਿੰਗ ਤੇ ਵੱਡੇ ਫਲੈਟ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਵੱਡਾ ਪਰਿਵਾਰ ਸੀ, ਪਰ ਭਵਿੱਖ ਲਈ ਬੱਚਤ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਸੀ ਪਤਾ। 
 
      ਉਹ ਅਨਪੜ੍ਹ ਤਾਂ ਸੀ ਹੀ, ਨਾਲ ਹੀ ਦੁਨੀਆਂ ਦੇ ਦਸਤੂਰ ਨੂੰ ਵੀ ਨਹੀਂ ਸਮਝ ਸਕੀ। ਇਸੇ ਲਈ ਇੰਡਸਟਰੀ ਵਿੱਚ ਪਕੜ ਨਹੀਂ ਬਣਾ ਸਕੀ। ਜਿਸ ਦੇ ਨਤੀਜੇ ਵਜੋਂ ਹੌਲੀ-ਹੌਲੀ ਉਸਨੂੰ ਕੰਮ ਮਿਲਣਾ ਬੰਦ ਹੋ ਗਿਆ। ਉਸ ਦੇ ਯਾਦਗਾਰੀ ਗੀਤਾਂ ਵਿੱਚ 'ਨੀਂਦ ਉੜ ਜਾਏ ਤੇਰੀ' (ਜੁਆਰੀ- ਕਲਿਆਣ ਜੀ ਆਨੰਦ ਜੀ), ਹਮੇਂ ਦਈਕੇ ਸੌਤਨ ਘਰ ਜਾਨਾ' (ਯੇ ਦਿਲ ਕਿਸ ਕੋ ਦੂੰ- ਇਕਬਾਲ ਕੁਰੈਸ਼ੀ) ਵਾਅਦਾ ਹਮਸੇ ਕੀਆ( ਸਰਸਵਤੀਚੰਦ੍ਰ- ਕਲਿਆਣ ਜੀ ਆਨੰਦ ਜੀ) ਆਦਿ ਪ੍ਰਮੁੱਖ ਹਨ। 
 
         '70 ਦਾ ਦਹਾਕਾ ਆਉਂਦੇ- ਆਉਂਦੇ ਉਹਨੂੰ ਕੰਮ ਮਿਲਣਾ ਲਗਪਗ ਬੰਦ ਹੋ ਗਿਆ। ਇਹੀ ਨਹੀਂ, ਜੋ ਗੀਤ ਉਹਦੀ ਆਵਾਜ਼ ਵਿੱਚ ਰਿਕਾਰਡ ਹੋਏ ਸਨ, ਉਹ ਵੀ ਰਿਲੀਜ਼ ਹੋਣ ਪਿੱਛੋਂ ਕਿਸੇ ਹੋਰ ਦੀ ਆਵਾਜ਼ ਵਿੱਚ ਆਏ। ਇਸ ਤੱਥ ਨੂੰ ਉਜਾਗਰ ਕਰਦਿਆਂ ਉਹਨੇ ਇੱਕ ਇੰਟਰਵਿਊ ਵਿੱਚ ਇਸ ਬਾਰੇ ਬੇਬਾਕ ਟਿੱਪਣੀ ਕੀਤੀ ਸੀ।
 
       ਬੇਕਾਰੀ ਅਤੇ ਗਰੀਬੀ ਕਰਕੇ ਉਹਦਾ ਆਖਰੀ ਸਮਾਂ ਬੜੀ ਮੁਸ਼ਕਿਲ ਵਿੱਚ ਬੀਤਿਆ। ਸੁਨੀਲ ਦੱਤ ਨੇ ਆਪਣੇ ਪ੍ਰਭਾਵ ਨਾਲ ਜੋਗੇਸ਼ਵਰੀ ਵਿਖੇ ਇੱਕ ਬਿਲਡਿੰਗ ਵਿੱਚ ਛੋਟਾ ਫਲੈਟ ਸਰਕਾਰੀ ਕੋਟੇ ਵਿੱਚੋਂ ਦਿਵਾਇਆ। ਉਸਨੂੰ ਮਹਾਰਾਸ਼ਟਰ ਸਰਕਾਰ ਵੱਲੋਂ 700 ਰੁਪਏ ਮਾਸਿਕ ਪੈਨਸ਼ਨ ਵੀ ਮਿਲਣੀ ਸ਼ੁਰੂ ਹੋਈ। ਉਹਦੇ ਪ੍ਰਸੰਸਕ ਵੀ ਉਹਦੀ ਮਦਦ ਕਰਦੇ ਰਹੇ। ਗੁਆਂਢੀਆਂ ਨੂੰ ਤਾਂ ਯਕੀਨ ਹੀ ਨਹੀਂ ਸੀ ਕਿ ਇਹ ਬੁੱਢੀ, ਬਿਮਾਰ ਤੇ ਬੇਬੱਸ ਔਰਤ ਉਹੀ ਗਾਇਕਾ ਹੈ,ਜੀਹਦੇ ਗੀਤ ਕਦੇ ਕਾਰਗਿਲ ਤੋਂ ਕੰਨਿਆ ਕੁਮਾਰੀ ਤੱਕ ਗੂੰਜਦੇ ਹੁੰਦੇ ਸਨ।  
 
       ਉਸਨੇ ਆਪਣੀ ਜ਼ਿੰਦਗੀ ਦੇ ਅਖੀਰਲੇ ਦਿਨ ਬਹੁਤ ਮਾੜੇ ਹਾਲਾਤਾਂ ਵਿੱਚ ਬਿਤਾਏ। ਬੇਟੀ ਤੇ ਪਤੀ ਦੀ ਮੌਤ ਹੋ ਚੁੱਕੀ ਸੀ। ਉਹ ਮੁੰਬਈ ਦੇ ਜੋਗੇਸ਼ਵਰੀ ਦੇ ਇੱਕ ਬੈਡਰੂਮ ਵਾਲੇ ਘਰ ਵਿੱਚ ਰਹਿੰਦੀ ਸੀ। ਉਹ ਘਰ ਵੀ ਇੰਡਸਟਰੀ ਦੇ ਕੁਝ ਲੋਕਾਂ ਨੇ ਮਦਦ ਕਰਕੇ ਦੁਆਇਆ ਸੀ, ਜੀਹਦਾ ਪੈਸਾ ਅਦਾ ਕਰਨ ਲਈ ਉਸਨੇ ਬਹੁਤ ਮੁਸ਼ਕਿਲਾਂ ਸਹਾਰੀਆਂ। ਉਹਦਾ ਬੇਟਾ ਟੈਕਸੀ ਡਰਾਈਵਰ ਹੈ।ਉਹਨੇ ਆਖ਼ਰੀ ਗੀਤ 1980 ਵਿੱਚ 'ਰਾਮੂ ਹੈ ਦੀਵਾਨਾ' ਲਈ ਗਾਇਆ, ਜਿਸ ਦੇ ਦੋ ਗੀਤਾਂ ਵਿੱਚ 'ਸਾਂਵਰੀਆ ਤੇਰੀ ਯਾਦ ਮੇਂ' ਅਤੇ ਆਓ ਤੁਝੇ ਮੈਂ ਪਿਆਰ ਕਰੂੰ ' ਸ਼ਾਮਲ ਹਨ। 
 
        ਉਸਦੇ ਇਲਾਜ ਵਿੱਚ ਮਦਦ ਲਈ ਸਰਕਾਰੀ ਚਿੱਠੀ ਕਈ ਦਿਨਾਂ ਤੱਕ ਮੰਤਰਾਲਿਆਂ ਵਿੱਚ ਹੀ ਘੁੰਮਦੀ ਰਹੀ। ਕੁਝ ਲੋਕਾਂ ਨੇ ਮਦਦ ਵੀ ਕੀਤੀ, ਪਰ ਜਿਸਨੇ ਇੰਨੇ ਪਿਆਰੇ ਗੀਤ ਦਿੱਤੇ, ਉਹਦੇ ਨਾਲ ਕਦੇ ਵੀ ਜ਼ਿੰਦਗੀ ਨੇ ਇਨਸਾਫ ਨਹੀਂ ਕੀਤਾ। ਉਹਨੇ ਕਦੇ ਗਾਇਆ ਸੀ- 'ਕਭੀ ਤਨਹਾਈਓਂ ਮੇਂ ਯੂੰ...' ਪਰ ਹਨੇਰੇ ਅਤੇ ਤਨਹਾਈਆਂ ਵਿੱਚ ਜੀਂਦਿਆਂ 80 ਸਾਲ ਦੀ ਉਮਰ ਵਿੱਚ ਉਹ ਸਦਾ ਲਈ ਅਲਵਿਦਾ ਕਹਿ ਗਈ। 
 
        ਉਸਦੇ ਕੁਝ ਇੱਕ ਹੋਰ ਪ੍ਰਸਿੱਧ ਗੀਤਾਂ ਵਿੱਚ 'ਵੋ ਨ ਆਏਂਗੇ ਪਲਟ ਕੇ' (ਦੇਵਦਾਸ), 'ਮੁਝਕੋ ਅਪਨੇ ਗਲੇ ਲਗਾ ਲੋ' (ਹਮਰਾਹੀ), 'ਹਮ ਹਾਲੇ ਦਿਲ ਸੁਨਾਏਂਗੇ' (ਮਧੂਮਤੀ), 'ਬੇਮੁਰੱਵਤ ਬੇਵਫਾ' (ਸੁਸ਼ੀਲਾ), 'ਇਤਨੇ ਕਰੀਬ ਆ ਕੇ ਭੀ ਕਿਆ ਜਾਨੇ ਕਿਸ ਲੀਏ'(ਸ਼ਗੁਨ), 'ਏ ਜੀ ਏ ਜੀ ਯਾਦ ਰਖਨਾ ਸਨਮ' (ਡਾਕ ਮੰਸੂਰ), 'ਵਾਅਦਾ ਹਮਸੇ ਕੀਆ ਦਿਲ ਕਿਸੀ ਕੋ ਦੀਆ' (ਸਰਸਵਤੀਚੰਦ੍ਰ),'ਕੁਛ ਅਜਨਬੀ ਸੇ ਆਪ ਹੈੰ' (ਸ਼ਗੁਨ), ਅੈ ਦਿਲ ਬਤਾਨਾ ਹਮ ਕਹਾਂ ਆ ਗਏ'(ਖ਼ੂਨੀ ਖਜ਼ਾਨਾ), 'ਸ਼ਮਾ ਗੁਲ ਕਰਕੇ ਨ ਜਾਓ ਯੂੰ '(ਅਰਬ ਕਾ ਸਿਤਾਰਾ) ਆਦਿ ਪ੍ਰਮੁੱਖ ਹਨ। 
 
       ਇਸ ਬੇਨਜ਼ੀਰ ਗਾਇਕਾ 'ਤੇ 2008 ਵਿੱਚ ਫ਼ਿਲਮਜ਼ ਡਿਵੀਜ਼ਨ ਨੇ ਇੱਕ ਡਾਕੂਮੈਂਟਰੀ ਬਣਾਈ ਸੀ, ਜਿਸਨੂੰ ਗੋਆ ਵਿੱਚ ਹੋਏ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ। ਪੁਰਾਤਨ ਗੀਤ- ਸੰਗੀਤ ਨਾਲ ਮੁਹੱਬਤ ਕਰਨ ਵਾਲੇ ਲੋਕ ਚਿਰਾਂ ਤੱਕ ਮੁਬਾਰਕ ਬੇਗ਼ਮ ਨੂੰ ਯਾਦ ਰੱਖਣਗੇ ਤੇ ਉਸਦੇ ਗੀਤ ਹਮੇਸ਼ਾ ਅਮਰ ਰਹਿਣਗੇ!
 
=================================
# ਨੇੜੇ ਗਿੱਲਾਂ ਵਾਲਾ ਖੂਹ, ਤਲਵੰਡੀ ਸਾਬੋ-151302
    (ਬਠਿੰਡਾ)   9417692015. 
 
 
Have something to say? Post your comment

More Article News

ਜੀਵਨੀ ਭਾਈ ਦਲਜੀਤ ਸਿੰਘ ( ਭਾਈ ਰਾਏ ਸਿੰਘ)ਕਾਮਾਗਾਟਾਮਾਰੂ ਸਹਿ- ਨਾਇਕ ਪੁੰਨਿਆਂ ਦੇ ਚੰਨ ਵਰਗੀ ਸੋਹਣੀ ਸੁਨੱਖੀ ਖੂਬਸੂਰਤ ਗਾਇਕਾਂ ਜਸ ਮਾਨ ਪੁਸਤਕ ਰੀਵਿਊ “ਅਹਿਸਾਸ ਦੇ ਪਰਿੰਦੇ“ (ਗ਼ਜ਼ਲ+ਰੁਬਾਈ ਸੰਗ੍ਰਹਿ) ਲੇਖਕ: ਬਿਕਰ ਮਾਣਕ ਗਾਇਕੀ ਖੇਤਰ ਵਿੱਚ ਨਾਮਣਾ ਖੱਟਣ ਲਈ ਸੰਘਰਸ਼ ਜਾਰੀ - ਗੈਰੀ ਤਪਾ/ ਬਿਕਰਮ ਸਿੰਘ ਵਿੱਕੀ ਮਾਨਸਾ ਚਿੱਟ-ਕੱਪੜੀਆਂ ਜੋਕਾਂ/ਮੱਖਣ ਸ਼ੇਰੋਂ ਵਾਲਾ ਮਿੰਨੀ ਕਹਾਣੀ " ਅਲਸੀ ਤੇ ਲਾਚਾਰ " ਹਾਕਮ ਸਿੰਘ ਮੀਤ ਬੌਂਦਲੀ ਸੀ ਬੀ ਆਈ ਦੇ ਫੈਸਲੇ ਦੇ ਸੰਦਰਭ ਚ ਸੰਘਰਸ਼ੀ ਸਿੱਖਾਂ ਦੇ ਧਿਆਨ ਹਿਤ .....ਬਘੇਲ ਸਿੰਘ ਧਾਲੀਵਾਲ ਬਾਲ ਸਾਹਿਤ ਦੇ ਨਾਮ ਤੇ ਗਰਾਂਟਾਂ ਤੇ ਕੂੜਾ ....... ਜਨਮੇਜਾ ਸਿੰਘ ਜੌਹਲ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ:ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ/ਉਜਾਗਰ ਸਿੰਘ ਡਾ.ਰਾਬਿੰਦਰਨਾਥ ਟੈਗੋਰ ਨੂੰ ਯਾਦ ਕਰਦਿਆਂ
-
-
-