Poem

ਪਿਆਰ ਪਲਦਾ/ਹਰਪ੍ਰੀਤ ਕੌਰ ਘੁੰਨਸ

July 26, 2019 09:11 PM
ਘਰ ਕਿਹਦਿਆਂ ਗਵਾਇਆ ਕਿਹਦਿਆਂ ਵਧਾਇਆ,
ਚਰਚੇ ਕਿਹਦਿਆਂ ਨੇ ਅੰਬਰਾਂ 'ਤੇ ਨਾਮ ਚਮਕਾਇਆ, 
ਕਦੇ ਕਦੇ ਮੰਨਿਆ ਕਿ ਰਾਈ ਦਾ ਪਹਾੜ ਬਣਦਾ, 
ਪਰ ਵੱਡੀ ਗੱਲ ਪਿੰਡਾਂ ਵਿੱਚ ਪਿਆਰ ਪਲਦਾ।
 
ਅਪਣਾਪਨ 'ਤੇ ਖੁੱਲਦਿਲੀ ਦੇ ਡੇਰੇ ਪਿੰਡਾਂ 'ਚ, 
ਓਡਾ ਦਿਲ ਹੈ ਜਿੱਡੇ ਘਰ ਦੇ ਵਿਹੜੇ ਪਿੰਡਾਂ 'ਚ, 
ਲਾਉਂਦੇ ਟਾਹਲੀ ਸਫੈਦਾ ਖੇਤ,ਘਰ ਬੂਟਾ ਫ਼ਲ ਦਾ,
ਬੜੀ ਵੱਡੀ ਗੱਲ ਪਿੰਡਾਂ ਵਿੱਚ ਪਿਆਰ ਪਲਦਾ।
 
ਦੁੱਖ - ਸੁੱਖ 'ਚ ਸ਼ਰੀਕ ਹੁੰਦੇ ਨੇ ਸਾਰੇ ਗਿਲੇ ਭੁਲਾ ਕੇ, 
ਪੈਂਦੀਆਂ 'ਚ ਵੀ ਖੜ੍ਹ ਜਾਂਦੇ ਨੇ ਜਾਨ ਦੀ ਬਾਜੀ ਲਾ ਕੇ, 
ਤਾਹੀਂ ਕਹਿੰਦੇ ਆਪਣਾ ਤਾਂ ਖ਼ੂਨ ਖਾਲੀਂ ਪੈ ਕੇ ਰਲਦਾ, 
ਬੜੀ ਵੱਡੀ ਗੱਲ ਪਿੰਡਾਂ ਵਿੱਚ ਪਿਆਰ ਪਲਦਾ।
 
ਇਹ ਬੀਹੜੀਆਂ ਦੇ ਨਾਲ ਕੰਮ ਕਰ ਲੈਂਦੇ ਨੇ, 
ਆਪਣਿਆਂ 'ਚ ਵਾਧਾ ਘਾਟਾ ਜ਼ਰ ਲੈਂਦੇ ਨੇ, 
ਸੰਦਾਂ ਚੀਜਾਂ ਦਾ ਵੀ ਹੁੰਦਾ ਏ ਉਧਾਰ ਚਲਦਾ, 
ਬੜੀ ਵੱਡੀ ਗੱਲ ਪਿੰਡਾਂ ਵਿੱਚ ਪਿਆਰ ਪਲਦਾ। 
 
ਆਓ ਭਗਤ 'ਚ ਸਮਿਆਂ ਤੋਂ ਹੀ ਮੰਨੀ ਦੇ ਮੋਹਰੀ,
ਅਕਾਲ ਪੁਰਖ 'ਤੇ ਰੱਖਦੇ ਇਹ ਸਦਾ ਜੀਵਨ ਦੀ ਡੋਰੀ, 
ਕੰਮਾਂ - ਕਾਰਾਂ ਨਾਲ ਇਨ੍ਹਾਂ ਦਾ ਸੂਰਜ ਢਲਦਾ, 
ਬਡ਼ੀ ਵੱਡੀ ਗੱਲ ਪਿੰਡਾਂ ਵਿੱਚ ਪਿਆਰ ਪਲਦਾ।
 
ਰੱਬ ਕਰੇ ਇਉਂ ਆਪਸ ਵਿੱਚ ਥਵਾਕ ਬਣੇ ਰਹਿਣ, 
ਨਾਤੇ ਰੰਗੀਨ ਜੋ ਪੱਕੇ ਰੰਗ ਦੇ ਵਾਂਗ ਕਦੇ ਨਾ ਲਹਿਣ,
'ਹਰਪ੍ਰੀਤ' ਸੋਚਾਂ 'ਤੇ ਨਾ ਰਾਜ ਕਦੇ ਵੀ ਹੋਵੇ ਛਲ ਦਾ,
ਬਡ਼ੀ ਵੱਡੀ ਗੱਲ ਪਿੰਡਾਂ ਵਿੱਚ ਪਿਆਰ ਪਲਦਾ।
ਹਰਪ੍ਰੀਤ ਕੌਰ ਘੁੰਨਸ
Have something to say? Post your comment