Poem

ਦੋ ਭਰਜਾਈਆਂ/ਹਰਪ੍ਰੀਤ ਕੌਰ ਘੁੰਨਸ

July 26, 2019 09:17 PM
ਦੋ ਭਰਜਾਈਆਂ
ਮਲੂਕ ਦਿਲ 'ਤੇ ਆਈ ਜਦੋਂ ਦੁੱਖਾਂ ਦੀ ਘੜੀ,
ਰਿਸਤੇਦਾਰਾਂ ਨੇ ਲਗਾ ਦਿੱਤੀ ਫ਼ੋਨਾਂ ਦੀ ਝੜੀ।
 
ਭਾਬੀਆਂ ਕੋਲੋਂ ਪੀੜ ਨਣਦ ਦੀ ਝੱਲੀ ਜਾਵੇ ਨਾ,
ਵਹਿੰਦੀ ਰਾਵੀ ਦਿਲਾਸੇ ਦੇ ਨਾਲ ਠੱਲੀ ਜਾਵੇ ਨਾ।
 
ਇੱਕ ਬੋਲ 'ਤੇ ਦੋ ਭਰਜਾਈਆਂ ਝੱਟ ਹਿਮਾਚਲੋਂ ਆਈਆਂ,
ਰਸਮੀ ਚੀਜ਼ਾਂ ਸੰਗ ਉਹ ਆਪਣਾਪਣ ਵੀ ਲਿਆਈਆਂ।
 
ਵੇਖ - ਵੇਖ ਕੇ ਉਹਨਾਂ ਨੂੰ 'ਗੁਰੂ ਜੀ' ਅੱਧੇ ਠੀਕ ਗਏ ਹੋ,
ਦਿਲਾ ਬੜੇ ਦੁੱਖਾਂ ਤੋਂ ਵੱਡੀ ਹੁੰਦੀ ਆਪਣਿਆਂ ਦੀ ਛੋਹ।
 
ਘਰ ਦੀ ਰੌਣਕ ਵਿੱਚ ਪਲਾਂ ਦੇ ਦੂਣ ਸਵਾਈ ਹੋ ਗਈ, 
ਫਿਰ ਹਾਸੇ ਠੱਠਿਆਂ ਦੇ ਵਿੱਚ ਤਕਲੀਫ਼ ਕਿਧਰੇ ਖੋ ਗਈ। 
 
ਨੀਤੂ ਵੀ ਨਾ ਘੜੀ ਮੁੜੀ ਤੋਂ ਮਾਮੀ ਜੀ ਕਹਿ ਕਹਿ ਥੱਕਦੀ, 
ਆਪਣੇ ਤੋਂ ਵੱਧ ਕੇ ਉਹ ਖਿਆਲ ਆਪਣਿਆਂ ਦਾ ਰੱਖਦੀ।
 
ਸਾਲੇਹਾਰਾਂ ਤਾਂ ਨਾਉਂ ਦਾ ਰਿਸ਼ਤਾ ਇਹ ਉਂਞ ਤਾਂ ਮੇਰੀਆਂ ਭੈਣਾਂ, 
ਉੱਤਰ ਅੰਦਰ ਉੱਤਰ ਗਿਆ ਇਹ ਸੁਣ ਕੇ 'ਸਰ' ਦਾ ਕਹਿਣਾਂ।
 
ਬੋਲ ਪਿਆਰੇ, ਪਹਾੜੀ ਭਾਵੇਂ ਸਮਝ ਰਤਾ ਨਾ ਲਗਦੀ ਸੀ,
ਸਮਝ ਸਮਝ ਕੇ ਸੋਚ ਸ਼ਬਦਾਂ ਦੇ ਅਰਥ ਜਿਹੇ ਲੱਭਦੀ ਸੀ।
 
ਲੈ ਕੇ ਦਮ ਫਿਰ ਮੁੜ ਤੋਂ ਮਹਿਫ਼ਲ ਲੱਗ ਗਈ ਰਾਤੀ ਬਈ,
ਕੰਮ ਦੇ ਨਾਲ ਦੁੱਖ - ਸੁੱਖ ਸਾਂਝੇ ਹੁੰਦੇ ਗੱਲੀਂ ਬਾਤੀਂ ਬਈ।
 
ਭੋਰਜ,ਚੰਦੋਅ ਦਾ ਚਾਅ ਜਿਓਂ ਕੋਈ ਮਿਲ ਗਈ ਵਿਛੜੀ ਰੂਹ,
ਰਹਿੰਦੀ ਉਹਦੇ ਅਕਸ਼ 'ਚੋ ਲਿਸ਼ਕਦੀ ਚਿੱਤ ਨੂੰ ਲੱਗੀ ਜੂਹ।
 
ਸਮਝ ,ਸਿਆਣਪ ਸੁਣ - ਸੁਣ ਕੇ ਜਾਵਣ ਬੋਲ ਵਿਚਾਰੀ, 
ਦੰਦ ਅਨਾਰ ਦੇ ਦਾਣੇ ਖਿੜ - ਖਿੜ ਹਾਸੇ ਜਾਣ ਖਿਲਾਰੀ।
 
ਹਿਮਾਚਲੀ ਸਬਜ਼ੀ ਪੱਤਰੋੜੁ ਉਹਨਾਂ ਚਾਵਾਂ ਨਾਲ ਬਣਾਈ,
ਇਸ ਬਰਸਾਤੀ ਸਬਜ਼ੀ 'ਚੋ ਸੀ ਮਹਿਕ ਸਾਗ ਦੀ ਆਈ। 
 
ਇਸ ਤੋਂ ਮਗਰੋਂ ਲੰਮੀਆਂ ਛਿੜੀਆਂ ਹਿਮਾਚਲ-ਪੰਜਾਬ ਦੀਆਂ,
ਅਮਨ -  ਸ਼ਾਂਤੀ ਨਾਲ ਜਿਓੰਦੇ ਲੋਕ, ਨਸ਼ੇ ਤੇ ਦਾਜ ਦੀਆਂ।
 
ਸੁਣ ਕੇ ਹਾਲ ਪੰਜਾਬ ਦੇ ਉਹ ਬੜੀ ਹੈਰਾਨੀ ਜਿਤਾਉਂਦੇ ਸੀ,
'ਹਮਾਰੇ ਐਸਾ ਨਹੀਂ ਹੋਤਾ' ਮੈਨੂੰ ਵਾਰ ਵਾਰ ਸਮਝਾਉਂਦੇ ਸੀ।
 
ਸਵਰਗ ਦੇ ਵਿੱਚ ਰਹਿੰਦੇ ਹਿਮਾਚਲੀ ਕੁਦਰਤ ਦੇ ਨੇ ਨੇੜੇ,
ਨਾ ਵੈਲ ਦਾ ਬੂਟਾ ਲੱਗਿਆ ਕੋਈ ਜਾਪੇ ਉਹਨਾਂ ਦੇ ਵਿਹੜੇ।
 
ਸੂਹੇ ਹਾਸੇ, ਬੋਲ ਸ਼ਹਿਦ ਜਿਹੇ ਮਨ ਮੇਰੇ ਨੂੰ ਖ਼ਾਸੇ ਭਾ ਗਏ,
ਸੰਘਣੇ ਦਿਲ ਦੀ ਟਾਹਣੀ ਉੱਤੇ ਆਹਲਣਾ ਇੱਕ ਬਣਾ ਗਏ।
 
ਭਾਬੀਆਂ ਨੂੰ ਨਣਦ ਕੁੰਜ ਪਿਆਰੀ ਜਿਓਂ ਹੁੰਦੇ ਪੁੱਤਰ ਧੀਆਂ,
ਨਣਦ ਨੂੰ ਵੀਰਾਂ ਤੋਂ ਵੱਧ ਕੇ ਇਹ ਜਾਪਣ ਘਰ ਦੀਆਂ ਨੀਂਹਾਂ।
 
ਕਦੇ ਨਾ ਕੋਈ ਰਿਸ਼ਤਾ ਆਪਣਿਆਂ ਤੋਂ ਬੂਹੇ ਕਦੇ ਵੀ ਢੋਵੇ,
ਰੱਬ ਕਰਕੇ ਇਹਨਾਂ ਨਾਤਿਆਂ ਦੀ ਉਮਰ ਅਸੀਮਿਤ ਹੋਵੇ।
ਹਰਪ੍ਰੀਤ ਕੌਰ ਘੁੰਨਸ
Have something to say? Post your comment