Saturday, January 25, 2020
FOLLOW US ON

Article

ਬਰਨਾਲਾ ਵਾਸੀਆਂ ਦਾ ਲਾਡਲਾ - ਐਮ. ਐਲ. ਏ. ਮੀਤ ਹੇਅਰ / ਜਸਪ੍ਰੀਤ ਕੌਰ ਸੰਘਾ

August 09, 2019 05:56 PM

  ਬਰਨਾਲਾ ਵਾਸੀਆਂ ਦਾ ਲਾਡਲਾ -  ਐਮ. ਐਲ. ਏ. ਮੀਤ ਹੇਅਰ
              ਬਰਨਾਲੇ ਦੀ ਧਰਤੀ ਨੂੰ ਜਿੱਥੇ ਸਾਹਿਤਕਾਰਾ ਦਾ ਗੜ੍ਹ ਮੰਨਿਆ ਜਾਂਦਾ ਹੈ ਉਥੇ ਹੀ ਬਰਨਾਲੇ ਦੀ ਦੇਣ ਰਾਜਨੀਤੀ ਖੇਤਰ ਵਿੱਚ ਵੀ ਅਦੁੱਤੀ ਹੈ । ਬਰਨਾਲੇ ਦੀ ਧਰਤੀ ਤੇ ਜਿੱਥੇ ਸੰਤ ਰਾਮ ਉਦਾਸੀ ਜਿਹੇ ਜੁਝਾਰੂ ਕਵੀ ਨੇ ਜਨਮ ਲਿਆ ਉਥੇ ਹੀ ਸੁਰਜੀਤ ਸਿੰਘ ਬਰਨਾਲਾ ਜਿਹਾ ਰਾਜਨੀਤੀਵਾਨ ਵੀ ਇਸੇ ਧਰਤੀ ਤੇ ਜੰਮਿਆ । ਇਸੇ ਧਰਤੀ ਨੇ ਮੀਤ ਹੇਅਰ ਜਿਹਾ ਹੀਰਾ ਪੁੱਤਰ ਪੰਜਾਬ ਦੀ ਝੋਲੀ ਪਾਇਆ । ਮੀਤ ਹੇਅਰ ਕਿਸੇ ਰਸਮੀ ਜਾਣ – ਪਹਿਚਾਣ ਦੇ ਮੁਹਤਾਜ ਨਹੀ ਹਨ ਕਿਉਂਕਿ ਬਰਨਾਲੇ ਦਾ ਬੱਚਾ – ਬੱਚਾ ਉਨ੍ਹਾ ਨੂੰ ਜਾਣਦਾ ਹੈ ।ਇਹ ਪਹਿਚਾਣ ਉਨ੍ਹਾ ਨੂੰ ਵਿਰਾਸਤ ਵਿੱਚ ਨਹੀ ਮਿਲੀ ਸਗੋ ਆਪਣੀ ਅਣਥੱਕ ਮਿਹਨਤ ਅਤੇ ਮਿਲਾਪੜੇ ਸੁਭਾਅ ਨਾਲ ਉਨ੍ਹਾ ਇਹ ਪਹਿਚਾਣ ਖੁਦ ਬਣਾਈ ਹੈ । 
                ਮੀਤ ਹੇਅਰ ਦਾ ਜਨਮ ਸਰਦਾਰ ਚਮਕੌਰ ਸਿੰਘ ਦੇ ਘਰ ਸਰਦਾਰਨੀ ਸਰਬਜੀਤ ਕੌਰ ਦੀ ਕੁੱਖੋ ੨੧ ਅਪ੍ਰੈਲ ੧੯੮੯ ਨੂੰ ਬਰਨਾਲੇ ਵਿਖੇ ਹੋਇਆ । ਇਕ ਸਧਾਰਨ ਪਰਿਵਾਰ ਤੋਂ ਹੁੰਦੇ ਹੋਏ ਵੀ ਪੰਜਾਬ ਦੀ ਵਿਧਾਨ ਸਭਾ ਤੱਕ ਦਾ ਸਫਰ ਉਨ੍ਹਾ ਆਪਣੀ ਸੂਝ – ਬੂਝ ਅਤੇ ਮਿਹਨਤ ਸਦਕਾ ਤੈਅ ਕੀਤਾ । ਆਪਣੀ ਬੀ. ਟੈਕ. ਦੀ ਪੜ੍ਹਾਈ ਪੂਰੀ ਕਰਨ ਤੋ ਬਾਅਦ ੨੦੧੨ ਵਿੱਚ ਮੀਤ ਹੇਅਰ ਆਮ ਆਦਮੀ ਪਾਰਟੀ ਦੇ ਸੰਪਰਕ ਵਿੱਚ ਆਏ । ਪਾਰਟੀ ਵਰਕਰ ਦੇ ਤੌਰ ਤੇ ਮੀਤ ਹੇਅਰ ਨੇ ਪੂਰਾ ਜੀਅ – ਜਾਨ ਲਗਾ ਕੇ ਪਾਰਟੀ ਲਈ ਕੰਮ ਕੀਤਾ ਤੇ ਪਾਰਟੀ ਦੀ ਵਿਚਾਰਧਾਰਾ ਨੂੰ ਘਰ – ਘਰ ਲੈ ਕੇ ਗਏ । ੨੦੧੬  ਵਿੱਚ ਉਨ੍ਹਾ ਨੂੰ ਪਾਰਟੀ ਵਲੋਂ ਯੂਥ ਵਿੰਗ ਦੇ ਮੀਤ ਪ੍ਰਧਾਨ ਦੀ ਜਿੰਮੇਵਾਰੀ ਸੌਪੀ ਗਈ ਜੋ ਉਨ੍ਹਾ ਨੇ ਪੂਰੀ ਤਨਦੇਹੀ ਨਾਲ ਨਿਭਾਈ , ਜਿਸ ਕਾਰਣ ਪਾਰਟੀ ਨੇ ੨੦੧੭ ਦੀਆਂ ਪੰਜਾਬ ਵਿਧਾਨ ਸਭਾ ਚੋਣਾ ਲਈ ਉਨ੍ਹਾ ਨੂੰ ਬਰਨਾਲੇ ਤੋਂ ਟਿਕਟ ਦਿੱਤੀ ।
                   ਇਹ ਮੀਤ ਹੇਅਰ ਦੀ ਮਿਹਨਤ ਦਾ ਹੀ ਨਤੀਜਾ ਸੀ ਕਿ ਇਨ੍ਹਾ ਚੋਣਾ ਦੌਰਾਨ ਉਨ੍ਹਾ ਨੇ ਕਾਂਗਰਸ ਦੇ ਸਭ ਤੋਂ ਮਜਬੂਤ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ੨੪੩੨ ਵੋਟਾਂ ਨਾਲ ਹਰਾਇਆ । ਜੋ ਕਿ ਉਮਰ , ਧੰਨ , ਤਜੁਰਬੇ ਪੱਖੋ ਮੀਤ ਹੇਅਰ ਤੋ ਕਿਤੇ ਅੱਗੇ ਸਨ । ਮੀਤ ਹੇਅਰ ਜੀ ਦੇ ਇਸ ਰਾਜਨੀਤਿਕ ਸਫਰ ਦੌਰਾਨ ਉਨ੍ਹਾ ਦੇ ਭਰਾਵਾਂ ਵਰਗੇ ਦੋਸਤ ਪਰਮਿੰਦਰ ਸਿੰਘ ਭੰਗੂ ਅਤੇ ਹਰਿੰਦਰ ਸਿੰਘ ਧਾਲੀਵਾਲ ਜੀ ਦਾ ਵੀ ਅਹਿਮ ਯੋਗਦਾਨ ਰਿਹਾ ਹੈ। ਇਹ ਮੀਤ ਹੇਅਰ ਜੀ ਦੀ ਜਮੀਨ ਨਾਲ ਜੁੜੇ ਰਹਿਣ ਦੀ ਸੋਚ ਅਤੇ ਅਨੇਕਾਂ ਦੁਆਵਾਂ ਦਾ ਹੀ ਨਤੀਜਾ ਸੀ ਕਿ ਇਕ ਸਧਾਰਨ ਪਰਿਵਾਰ ਦਾ ੨੭ ਸਾਲ ਦਾ ਨੌਜਵਾਨ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਬਰਾਬਰ ਵਿਧਾਨ ਸਭਾ ਵਿੱਚ ਜਾ ਬੈਠਾ । ਉਨ੍ਹਾ ਦੀ ਸਭ ਤੋਂ ਵੱਡੀ ਖੂਬੀ ਹੀ ਇਹ ਹੈ ਕਿ ਉਹ ਹਮੇਸ਼ਾ ਆਪਣੇ ਲੋਕਾਂ ਨਾਲ ਖੜ੍ਹਦੇ ਹਨ । ਪੰਜਾਬ ਵਿਧਾਨ ਸਭਾ ਅੰਦਰ ਵੀ ਪੰਜਾਬ ਦੇ ਸਭ ਤੋਂ ਵੱਧ ਮੁੱਦੇ ਉਠਾਉਣ ਵਾਲੇ ਵਿਧਾਇਕਾਂ ਵਿੱਚੋਂ ਉਹ ਸਭ ਤੋਂ ਮੋਹਰੀ ਹਨ । ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਬਰਨਾਲਾ ਵਿਖੇ ਪੰਜ ਮਰਲੇ ਤੱਕ ਦੇ ਮਕਾਨ ਵਾਲਿਆਂ ਦੇ ਪਾਣੀ ਅਤੇ ਸੀਵਰੇਜ ਦੇ ਬਿੱਲ ਮੁਆਫ ਹੋ ਸਕੇ । 
                      ਮੀਤ ਹੇਅਰ ਜੀ ਨੇ ਹਮੇਸ਼ਾ ਆਮ ਲੋਕਾਂ ਦੀ ਆਵਾਜ ਨੂੰ ਬੁਲੰਦ ਕੀਤਾ ਹੈ ਅਤੇ ਆਮ ਲੋਕਾਂ ਦੀ ਹੁੰਦੀ ਲੁੱਟ ਦਾ ਵਿਰੋਧ ਕੀਤਾ ਹੈ ਫਿਰ ਉਹ ਚਾਹੇ ਟੋਲ ਪਲਾਜਿਆਂ ਦੇ ਨਾਮ ਤੇ ਹੁੰਦੀ ਹੋਵੇ ਜਾਂ ਫਿਰ ਮਹਿੰਗੀ ਬਿਜਲੀ ਦੇ ਨਾਮ ਤੇ । ਪੰਜਾਬ ਅੰਦਰ ਮਹਿੰਗੀ ਬਿਜਲੀ ਦੇ ਵਿਰੋਧ ਵਿੱਚ ਚਲਾਏ ਜਾ ਰਹੇ 'ਬਿਜਲੀ ਅੰਦੋਲਨ' ਦੀ ਪੂਰੀ ਵਾਂਗਡੋਰ ਮੀਤ ਹੇਅਰ ਸੰਭਾਲ ਰਹੇ ਹਨ ਜੋ ਕਿ ਉਨ੍ਹਾ ਦਾ ਸ਼ਲਾਘਾਯੋਗ ਕਦਮ ਹੈ ।  ੨੦੧੯ ਦੀਆਂ ੧੭ ਵੀਂ ਲੋਕ ਸਭਾ ਚੋਣਾ ਦੌਰਾਨ ਵੀ ਸਰਦਾਰ ਭਗਵੰਤ ਸਿੰਘ ਮਾਨ ਦੀ ਜਿੱਤ ਵਿੱਚ ਮੀਤ ਹੇਅਰ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ । ਅੱਜ ਪੰਜਾਬ ਦੇ ਜਿਸ ਤਰ੍ਹਾਂ ਦੇ ਹਾਲਾਤ ਹਨ ਪੰਜਾਬ ਦੀ ਰਾਜਨੀਤੀ ਨੂੰ ਮੀਤ ਹੇਅਰ ਜਿਹੇ ਇਮਾਨਦਾਰ , ਨਿਧੱੜਕ ਨੌਜਵਾਨ ਆਗੂਆਂ ਦੀ ਬਹੁਤ ਜਰੂਰਤ ਹੈ । ਪ੍ਰਮਾਤਮਾ ਕਰੇ ਕਿ ਪੰਜਾਬ ਦਾ ਇਹ ਹੀਰਾ ਪੁੱਤਰ ਇਸੇ ਤਰ੍ਹਾ ਸਫਲਤਾ ਦੀਆਂ ਬੁਲੰਦੀਆਂ ਛੂੰਹਦਾ ਰਹੇ ਅਤੇ ਪੰਜਾਬੀਅਤ ਦੀ ਸੇਵਾ ਕਰਦਾ ਰਹੇ ।
                                                         ਜਸਪ੍ਰੀਤ ਕੌਰ ਸੰਘਾ 
                                                         ਪਿੰਡ – ਤਨੂੰਲ਼ੀ ।

Have something to say? Post your comment