Article

ਦੇਸ਼ ਦੇ ਸਮੁੱਚੇ ਦਲਿਤ ਸਮਾਜ ਦੇ ਧਿਆਨ ਹਿਤ ਸ੍ਰੀ ਅਕਾਲ ਤਖਤ ਸਾਹਿਬ ਤੋ ਬਾਬਰੀ ਮਸਜਿਦ ਅਤੇ ਰਵਿਦਾਸ ਮੰਦਰ ਢਹਿ ਢੇਰੀ ਕਰਨ ਤੱਕ /ਬਘੇਲ ਸਿੰਘ ਧਾਲੀਵਾਲ

August 13, 2019 10:09 PM
ਦੇਸ਼ ਦੇ ਸਮੁੱਚੇ ਦਲਿਤ ਸਮਾਜ ਦੇ ਧਿਆਨ ਹਿਤ
ਸ੍ਰੀ ਅਕਾਲ ਤਖਤ ਸਾਹਿਬ  ਤੋ ਬਾਬਰੀ ਮਸਜਿਦ ਅਤੇ ਰਵਿਦਾਸ ਮੰਦਰ ਢਹਿ ਢੇਰੀ ਕਰਨ ਤੱਕ
ਉੱਚ ਜਾਤੀਏ ਲੋਕਾਂ ਦੀ ਊਚ ਨੀਚਤਾ ਚ ਬੁਰੀ ਤਰਾਂ ਨਪੀੜੀ ਜਾ ਰਹੀ ਸ੍ਰੇਣੀ ਚੋ ਪੈਦਾ ਹੋਈ ਕੌਂਮ ਦਾ ਨਾਮ ਹੀ ਸਿੱਖ ਕੌਂਮ ਹੈ।ਇਸ ਸੋਚ ਦਾ ਜਨਮ 1469 ਨੂੰ ਯੁੱਗ ਪੁਰਸ਼ ਬਾਬੇ ਗੁਰੂ ਨਾਨਕ ਸਾਹਿਬ ਦੇ ਰੂਪ ਚ ਉਸ ਮੌਕੇ ਹੋਇਆ ,ਜਦੋ ਇਹ ਧੁੰਦੂਕਾਰਾ ਚਾਰੇ ਪਾਸੇ ਅਮਰ ਬੇਲ ਦੀ ਤਰਾਂ ਫੈਲਿਆ ਹੋਇਆ ਸੀ।ਇਹ ਸੋਚ ਦਾ ਜਿਵੇਂ ਜਿਵੇਂ ਪਾਸਾਰਾ ਹੋਇਆ,ਤਿਵੇਂ ਤਿਵੇਂ ਇਸ ਨਵੀਂ ਕੌਂਮ ਦੀ ਜੜ ਮਜਬੂਤ ਹੁੰਦੀ ਗਈ।ਗੁਰੂ ਨਾਨਕ ਸਾਹਿਬ ਦੇ ਛੇਵੇਂ ਜਾਮੇ ਤੱਕ ਪੁੱਜਦਿਆਂ ਇਹ ਸੋਚ ਐਨੀ ਕੁ ਪਰਪੱਕ ਹੋ ਗਈ,ਕਿ ਇਸ ਨੇ ਡੰਕੇ ਦੀ ਚੋਟ ਤੇ ਅਜਾਦ ਰੂਪ ਚ ਵਿਚਰਨ ਦਾ ਐਲਾਨ ਕਰ ਦਿੱਤਾ,ਭਾਵ ਛੇਵੇਂ ਗੁਰੂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ,ਮੀਰੀ ਤੇ ਪੀਰੀ ਦਾ ਨਵਾਂ ਸਿਧਾਂਤ ਦਿੰਦੇ ਹੋਏ ਅਪਣੇ ਸਿੱਖ ਨੂੰ ਦੁਨਿਆਵੀ ਹਕੂਮਤਾਂ ਤੋ ਅਜਾਦ ਕਰ ਦਿੱਤਾ।ਦਸਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉੱਚ ਜਾਤੀਏ ਲੋਕਾਂ ਦੀ ਭਾਸ਼ਾ ਵਿੱਚਲੇ ਨੀਚਾਂ ਨੂੰ ਅਨੰਦਪੁਰੀ ਦੇ ਖੁੱਲੇ ਮੈਦਾਨ ਚ ਇਕੱਠਿਆਂ ਕੀਤਾ ਤੇ ਉਸ ਦਿਨ ਇੱਕ ਅਜਿਹਾ ਕਰਿਸ਼ਮਾ ਹੋਇਆ ਕਿ ਨਾਨਕ ਦੀ ਸੋਚ ਨੂੰ ਸੰਪੂਰਨਤਾ ਹਾਸਲ ਹੋ ਗਈ।ਉਸ ਦਿਨ ਨਪੀੜੇ ਨਿਤਾਣੇ,ਲਿਤਾੜੇ ਲੋਕਾਂ ਦੇ ਵੱਡੇ ਇਕੱਠ ਚੋਂ ਖੂੰਨ ਦੀ ਗੁੜ੍ਹਤੀ ਦੇਕੇ ਇੱਕ ਵੱਖਰੀ ਅੱਡਰੀ ਪਛਾਣ ਵਾਲੀ ਨਵੀ ਕੌਂਮ ਦੀ ਸਿਰਜਣਾ ਕੀਤੀ  ਗਈ,ਜਿਸ ਨੂੰ ਖਾਲਸਾ ਪੰਥ ਦਾ ਨਾਮ ਦਿੱਤਾ ਗਿਆ,ਜਿਹੜੀ ਬਾਅਦ ਵਿੱਚ ਸ਼ਕਤੀਸ਼ਾਲੀ ਸਿੱਖ ਕੌਂਮ ਦੇ ਰੂਪ ਵਿੱਚ ਉੱਭਰਕੇ ਦੁਨੀਆਂ ਦੇ ਨਕਸੇ ਤੇ ਦਿਖਾਈ ਦੇਣ ਲੱਗੀ।ਗੁਰੂ ਗੋਬਿੰਦ ਸਿੰਘ ਦੀ ਕਿਰਪਾਨ ਦੀ ਧਾਰ ਚੋਂ ਪੈਦਾ ਹੋਈ ਇਹਨਾਂ ਨਪੀੜੇ ਲਿਤਾੜੇ ਤੇ ਨਿਤਾਣੇ ਲੋਕਾਂ ਦੀ ਕੌਂਮ ਨੇ ਅਜਿਹੇ ਇਤਿਹਾਸ ਸਿਰਜੇ,ਜਿਸਦੀ ਮਿਸ਼ਾਲ ਦੁਨੀਆਂ ਵਿੱਚ ਹੋਰ ਕਿਧਰੇ ਵੀ ਦੇਖਣ ਨੂੰ ਨਹੀ ਮਿਲਦੀ।ਇੱਥੇ ਇੱਕ ਸੁਆਲ ਵੀ ਉੱਠਦਾ ਹੈ ਕਿ ਅਕਸਰ ਇਹ ਕੌਂਮ ਐਨੀ ਤਾਕਤਬਰ ਰੂਪ ਚ ਕਿਵੇਂ ਪਰਗਟ ਕੀਤੀ ਗਈ ? ਇਹਦਾ ਸਿੱਧਾ ਤੇ ਸਰਲ ਜਿਹਾ ਜਵਾਬ ਇਹ ਹੈ ਕਿ ਇਹਦੇ ਸੰਸਥਾਪਕ ਦੀ ਸੋਚ ਵਿੱਚ ਕੋਈ ਪਾਪ ਜਾਂ ਚਤੁਰਾਈ ਨਹੀ,ਬਲਕਿ ਮਾਨਵਤਾ ਦੀ ਇੱਕਸੁਰਤਾ,ਬਰਾਬਰਤਾ ਅਤੇ ਊਚ ਨੀਚ ਦੇ ਪਾੜੇ ਨੂ ਸਮਾਪਤ ਕਰਨ ਦਾ ਸੰਕਲਪ ਹੈ,ਜਿਸ ਸੰਕਲਪ ਤੇ ਪਹਿਰਾ ਦਿੰਦਿਆਂ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਪਹਿਲੇ ਗੁਰੂ ਨਾਨਕ ਦੀ ਸੋਚ “ਨੀਚਾਂ ਅੰਦਰ ਨੀਚ ਜਾਤਿ”,ਅਤੇ “ਜਿੱਥੇ ਨੀਚ ਸਮਾਲਿਅਨ” ਦੇ ਸੰਕਲਪ ਤੇ ਦਿ੍ਰੜ  ਰਹਿ ਕੇ ਉਹਨਾਂ ਨੀਚਾਂ ਵਿੱਚ ਅਜਿਹੀ ਤਾਕਤ ਭਰ ਦਿੱਤੀ ਕਿ ਉਹ ਅਨੰਦਪੁਰੀ ਦੇ ਮੈਦਾਨ ਚ ਇਕੱਠੇ ਹੋਏ,ਵਾਪਸ ਆਉਣ ਵੇਲੇ ਨੀਚ ਨਹੀ ਰਹੇ,ਸਗੋੰ ਸਿਰਦਾਰ ਬਣ ਕੇ ਵਾਪਸ ਮੁੜੇ।ਅਜਿਹੇ ਸਿਰਦਾਰ,ਜਿੰਨਾਂ ਨੇ ਵੱਡੇ ਵੱਡੇ ਸਕਤਿਆਂ ਨੂੰ ਪੈਰਾਂ ਚ ਰੋਲ ਦਿੱਤਾ।ਇਹਨਾਂ ਨੀਚਾਂ ਦੀ ਕੌਂਮ ਨੇ ਹੀ ਸਰਹਿੰਦ ਦੀ ਇੱਟ ਨਾਲ ਇੱਕ ਖੜਕਾ ਕੇ ਜਿੱਥੇ ਜਾਲਮ ਦੇ ਜੁਲਮਾਂ ਦਾ ਬਦਲਾ ਲੈਕੇ ਅਪਣੇ ਗੁਰੂ ਦਾ ਰੰਚਕ ਮਾਤਰ ਰਿਣ ਚੁਕਾਉਣ ਦਾ ਉਪਰਾਲਾ ਕੀਤਾ,ਓਥੇ ਪਹਿਲੇ ਖਾਲਸਾ ਰਾਜ ਦੀ ਸਥਾਪਨਾ ਵੀ ਕਰ ਦਿੱਤੀ।ਪੰਦਰਵੀਂ ਸਦੀ ਦੀ ਇਸ ਇਨਕਲਾਬੀ ਸੋਚ ਨੇ ਅਠਾਰਵੀਂ ਸਦੀ ਤੱਕ ਦਾ ਸਫਰ ਤਹਿ ਕਰਦਿਆਂ ਖਾਲਸਾ ਰਾਜ ਸਥਾਪਤ ਕਰ ਲਿਆ ਤੇ ਉਨੀਵੀਂ ਸਦੀ ਤੱਕ ਪੁੱਜਦਿਆਂ ਅਰਬ ਦੀਆਂ ਖਾੜੀਆਂ ਤੋਂ ਚੀਨ ਦੀ ਹੱਦ ਤੱਕ ਝੰਡੇ ਝੁਲਾ ਦਿੱਤੇ। ਹੁਣ ਇੱਥੇ ਇੱਕ ਸੁਆਲ ਹੋਰ ਪੈਦਾ ਹੁੰਦਾ ਹੈ ਕਿ ਅਜਿਹੀ ਬਰਾਬਰਤਾ ਵਾਲੀ ਸੋਚ ਚੋ ਜਨਮੀ ਤੇ ਪਰਵਾਨ ਚੜ੍ਹੀ ਕੌਂਮ ਦੇ ਅਜੋਕੇ ਸਮੇ ਚ ਇਹ ਹਸਰ ਹੋਣ ਪਿੱਛੇ ਦੇ ਕੀ ਕਾਰਨ ਹਨ? ਜਵਾਬ ਇਹਦਾ ਵੀ ਸਪੱਸਟ ਹੈ ਕਿ ਸਿੱਖ ਕੌੰਮ ਦੇ ਨਾਲ ਜਨਮ ਸਮੇ ਤੋਂ ਹੀ ਇੱਕ ਵਿਰੋਧੀ ਸੋਚ ਵੀ ਨਾਲ ਨਾਲ ਹੀ ਚੱਲੀ ਆ ਰਹੀ ਹੈ,ਜਿਸਨੇ ਜਦੋ ਵੀ ਸਮਾ ਮਿਲਿਆ ਅਪਣਾ ਨਿਸਾਨਾ ਖੁੰਝਣ ਨਹੀ ਦਿੱਤਾ,ਭਾਂਵੇਂ ਉਹ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋਵੇ,ਜਾਂ ਗੁਰੂ ਸਾਹਿਬ ਦੇ ਛੋਟੇ ਸਹਿਬਜਾਦਿਆਂ ਨੂੰ ਨੀਹਾਂ ਚ ਚਿਨਾਉਣ ਦੀ ਗੱਲ ਹੋਵੇ,ਭਾਂਵੇ ਸਿੱਖ ਰਾਜ ਦੀ ਤਬਾਹੀ ਹੋਵੇ,ਇਹ ਸੋਚ ਸਮੇ ਦੇ ਨਾਲ ਨਾਲ ਚੱਲਦੀ ਸਿੱਖਾਂ ਤੇ ਮੁੜ ਭਾਰੂ ਪੈ ਗਈ।ਲਿਹਾਜਾ ਸਿੱਖ ਨੇ ਗੁਰੂ ਤੋ ਪਾਸਾ ਵੱਟ ਲਿਆ।ਸਿੱਖ ਪਦਾਰਥਵਾਦੀ ਹੋ ਗਿਆ।ਸਿੱਖ ਨੇ ਗੁਰੂ ਦੀ ਸਿੱਖਿਆ ਤੋ ਮੁੱਖ ਮੋੜ ਲਿਆ। ਓਧਰ ਗੁਰੂ ਨਾਨਕ ਸਾਹਿਬ ਵੱਲੋਂ ਦੁਰਕਾਰੀ ਹੋਈ ਵਿਰੋਧੀ ਸੋਚ ਜਿਹੜੀ ਆਪਣੀ ਹੋਂਦ ਦੀ ਲੜਾਈ ਉਸ ਸਮੇ ਤੋ ਹੀ ਲੜਦੀ ਰਹੀ,ਤੇ ਸਮਾ ਪਾਕੇ ਭਾਰੂ ਹੁੰਦੀ ਗਈ।ਦੇਸ਼ ਦੀ ਵੰਡ ਵੇਲੇ ਤੱਕ ਨਾਨਕ ਦੀ ਵਿਰੋਧੀ ਸੋਚ ਐਨੀ ਕੁ ਭਾਰੂ ਹੋ ਗਈ ਕਿ ਇਹਨੇ ਸਿੱਖ ਦੀ ਸੋਚ ਨੂੰ ਹੀ ਖੁੰਢਾ ਕਰ ਦਿੱਤਾ।ਸਿੱਖ ਅਪਣੇ ਵਿਸ਼ਾਲ ਰਾਜ ਭਾਗ,ਘਰ ਘਾਟ ਦਾ ਖਹਿੜਾ ਛੱਡ ਕੇ ਇਸ ਵਿਰੋਧੀ ਸੋਚ ਦੇ ਗੁਲਾਮ ਬਣਦੇ ਗਏ।ਨਤੀਜਾ ਇਹ ਨਿਕਲਿਆ,ਕਿ ਵਿਸ਼ਾਲ ਰਾਜ ਦੀ ਵਾਰਸ ਸਿੱਖ ਕੌਂਮ ਅਜਾਦ ਭਾਰਤ ਵਿੱਚ ਮੁੱੜ ਗੁਲਾਮ ਹੋ ਗਈ।ਗੁਰੂ ਨਾਨਕ ਵਿਰੋਧੀ ਸੋਚ ਨੇ ਤਾਕਤ ਫੜਦਿਆਂ ਹੀ ਅਪਣੇ ਵਿਰੋਧੀਆਂ ਨੂੰ ਹੋਸ ਅਤੇ ਜੋਸ਼ ਨਾਲ ਚਿੱਤ ਕਰਨਾ ਅਰੰਭ ਦਿੱਤਾ।ਦੇਸ਼ ਦੇ ਬਹੁ ਗਿਣਤੀ ਦਲਿਤ ਵਰਗ ਨੂੰ ਅਧਰਮੀ ਵੀ ਬਣਾਇਆ ਤੇ ਹਿੰਦੂ ਵੀ,ਭਾਵ ਦਲਿਤ ਵਰਗ ਨੂੰ ਘੱਟ ਗਿਣਤੀਆਂ ਦੇ ਖਿਲਾਫ ਵਰਤਣ ਅਤੇ ਰਾਜ ਦੀ ਪਰਾਪਤੀ ਲਈ ਵੋਟ ਬੈਂਕ ਵਜੋਂ ਆਪਣੇ ਨਾਲ ਰਲਾ ਲਿਆ,ਜਦੋ ਕਿ ਸਚਾਈ ਇਹ ਹੈ ਕਿ ਭਾਰਤ ਦੇ ਰਾਜ ਭਾਗ ਤੇ ਕਾਬਜ ਬਾਬਾ ਨਾਨਕ ਵਿਰੋਧੀ ਬ੍ਰਾਹਮਣਵਾਦੀ ਸੋਚ ਦਲਿਤ ਸਮਾਜ ਨੂੰ ਅੱਜ ਵੀ ਹਜਾਰਾਂ ਸਾਲ ਪੁਰਾਣੇ ਮੰਨੂਵਾਦੀ ਸਿਧਾਂਤ ਹੇਠ ਲੈ ਕੇ ਆਉਣ ਲਈ ਯਤਨਸ਼ੀਲ ਹੈ,ਜਿਸ ਦੇ ਤਹਿਤ ਭਾਰਤ ਦੇ ਦਲਿਤ ਦੀ ਹਾਲਤ ਪਛੂਆਂ ਤੋ ਵੀ ਬਦਤਰ ਹੋ ਜਵੇਗੀ।ਮੌਜੂਦਾ ਸਮੇ ਵਿੱਚ ਤਾਂ ਬ੍ਰਾਹਮਣਵਾਦੀ ਸੋਚ ਦੇ ਹੌਸਲੇ ਤੇ ਤਾਕਤ ਐਨੀ ਕੁ ਵਧ ਗਈ ਹੈ ਕਿ ਉਹ ਹਕੂਮਤ ਦੇ ਬਲਬੂਤੇ ਘੱਟ ਗਿਣਤੀਆਂ ਨੂੰ ਖਤਮ ਕਰਕੇ ਦੇਸ਼ ਵਿੱਚ ਹਿੰਦੂ ਰਾਸ਼ਟਰ ਬਨਾਉਣ ਦਾ ਟੀਚਾ ਵੀ ਮਿਥ ਚੁੱਕੀ ਹੈ,ਹਿੰਦੂ ਰਾਸ਼ਟਰ ਬਨਣ ਦਾ ਮਤਲਬ ਹੈ ਦੇਸ਼ ਦੇ ਸਵਿਧਾਂਨ ਨੂੰ ਬਦਲ ਕੇ ਮੰਨੂਵਾਦੀ ਸਵਿਧਾਂਨ ਦਾ ਥੋਪਿਆ ਜਾਣਾ,ਜਿਹੜਾ ਸਿੱਧੇ ਰੂਪ ਵਿੱਚ ਦੇਸ਼ ਦੇ 85 ਫੀਸਦੀ ਦਲਿਤ ਸਮਾਜ ਦੇ ਮਨੁੱਖੀ ਜਿੰਦਗੀ ਜਿਉਣ ਦੇ ਹੱਕ ਖਤਮ ਕਰ ਦੇਵੇਗਾ।ਪੜਾ ਦਰ ਪੜਾ ਚੱਲਦੀ ਇਹ ਹੀ ਫਿਰਕੂ ਸੋਚ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੇ ਫੌਜੀ ਹਮਲੇ ਤੋ ਵਾਇਆ ਬਾਬਰੀ ਮਸਜਿਦ ਅਯੁੱਧਿਆ ਹੁੰਦੇ ਹੋਏ ਦਿੱਲੀ ਦੇ ਤੁਗਲਕਾਵਾਦ ਰਵਿਦਾਸ ਮੰਦਰ ਤੱਕ ਪੁੱਜ ਗਈ ਹੈ।ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਸਮੇ ਕਾਂਗਰਸ ਦੀ ਇੰਦਰਾ ਗਾਂਧੀ ਸਰਕਾਰ ਨੇ ਇਹ ਭੂਮਿਕਾ ਨਿਭਾਈ ਤੇ ਉਸ ਤੋ ਬਾਅਦ ਅਯੁੱਧਿਆ ਦੀ ਬਾਬਰੀ ਮਸਜਿਦ ਨੂੰ ਕਾਂਗਰਸ ਅਤੇ ਭਾਜਪਾ ਦੋਹਾਂ ਨੇ ਸਹਿਮਤੀ ਨਾਲ ਢਾਹਿਆ,ਹੁਣ ਜਦੋ 2014 ਤੋ ਕੇਂਦਰ ਵਿੱਚ ਬਹੁ ਸੰਮਤੀ ਨਾਲ ਆਰ ਐਸ ਐਸ ਦੇ ਰਾਜਸੀ ਵਿੰਗ ਵਜੋਂ ਜਾਣੀ ਜਾਂਦੀ ਭਾਜਪਾ ਦੀ ਸਰਕਾਰ ਬਣੀ ਤਾਂ ਭਾਜਪਾ ਦੇ ਹਮਾਇਤੀਆਂ ਵੱਲੋਂ ਦੇਸ਼ ਨੂੰ ਹਿੰਦੂ ਰਾਸ਼ਟਰ ਬਨਾਉਣ ਦਾ ਐਲਾਨ ਕਰ ਦਿੱਤਾ,ਜਦੋਕਿ ਦੂਜੀ ਵਾਰ ਬਣੀ ਭਾਜਪਾ ਦੀ ਕੇਂਦਰੀ ਸਰਕਾਰ ਨੇ ਇਸ ਪਾਸੇ ਅਮਲੀ ਰੂਪ ਚ ਕੰਮ ਕਰਨਾ ਸੁਰੂ ਕਰ ਦਿੱਤਾ ਹੈ।ਜੰਮੂ ਕਸ਼ਮੀਰ ਦੇ ਲੋਕਾਂ ਦੀ ਅਜਾਦੀ ਖੋਹਣ ਤੋ ਲੈ ਕੇ ਭਗਤ ਰਵਿਦਾਸ ਦੇ ਦਿੱਲੀ ਸਥਿੱਤ ਪੁਰਾਤਨ ਮੰਦਰ ਨੂੰ ਢਾਹੁਣ ਦੀ ਕਾਰਵਾਈ ਤੱਕ ਦਾ ਵਰਤਾਰਾ  ਇਹ ਹੀ ਦਰਸਾਉਂਦਾ ਹੈ ਕਿ ਘੱਟ ਗਿਣਤੀਆਂ ਅਤੇ ਦਲਿਤਾਂ ਦਾ ਭਵਿੱਖ ਹੁਣ ਸੁਰਖਿਅਤ ਨਹੀ ਹੋਵੇਗਾ। ਭਾਵੇਂ ਪੰਦਰਵੀਂ ਸਦੀ ਹੋਵੇ ਤੇ ਭਾਵੇਂ ਇੱਕੀਵੀਂ ਸਦੀ ਦਾ ਭਾਰਤ,ਮਾਨਸਿਕਤਾ ਅੱਜ ਵੀ ਉਹ ਹੀ ਹੈ ਜਿਹੜੀ ਮੰਨੂਵਾਦ ਦੀ ਸਿੱਖਿਆ ਅਨੁਸਾਰ ਵਿਕਸਿਤ ਹੋ ਚੁੱਕੀ ਹੈ।ਆਉਣ ਵਾਲਾ ਸਮਾ ਦਲਿੱਤਾਂ,ਸਿੱਖਾਂ,ਇਸਾਈਆਂ ਅਤੇ ਮੁਸਲਮਾਨਾਂ ਲਈ ਬੇਹੱਦ ਹੀ ਖਤਰਨਾਕ ਹੋ ਸਕਦਾ ਹੈ।ਇਹ ਵੀ ਸੱਚ ਹੈ ਕਿ ਫਿਰਕੂ ਕੱਟੜਪੰਥੀ ਲੋਕਾਂ ਵਿੱਚ ਨਸਲੀ ਵਿਤਕਰਾ ਇਸ ਕਦਰ ਭਰਿਆ ਹੋਇਆ ਹੈ,ਕਿ ਉਹ ਦਲਿਤਾਂ ਨੂੰ ਸਿਰਫ ਘੱਟ ਗਿਣਤੀਆਂ ਖਿਲਾਫ ਬਰਤਣ ਵਾਲੇ ਤਿੱਖੇ ਤੇ ਮਾਰੂ ਸੰਦਾਂ ਤੋ ਵੱਧ ਕੁੱਝ ਵੀ ਨਹੀ ਸਮਝਦੇ,।ਇਸ ਵਰਤਾਰੇ ਤੋ ਦੇਸ਼ ਦੇ ਸਮੁੱਚੇ ਦਲਿਤ ਵਰਗ ਨੂੰ ਸਬਕ ਲੈਣ ਦੀ ਜਰੂਰਤ ਹੈ। ਉਪਰੋਕਤ ਵਰਤਾਰੇ ਦੇ ਮੱਦੇਨਜਰ ਕਿਹਾ ਜਾ ਸਕਦਾ ਹੈ ਕਿ ਦਲਿਤ ਸਮਾਜ ਦੇ ਹਿਤ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਤੇ ਸਿਧਾਂਤ ਅਨੁਸਾਰ ਸਿੱਖ ਧਰਮ ਨਾਲ ਹੀ ਸੁਰਖਿਅਤ ਰਹਿ ਸਕਦੇ ਹਨ,ਜਿਸ ਦੀ ਸਥਾਪਨਾ ਹੀ ਨਪੀੜੇ ਲਿਤਾੜੇ,ਨਿਤਾਣੇ ਅਤੇ ਸਮਾਜ ਦੇ ਦੁਰਕਾਰੇ ਲੋਕਾਂ ਦੀ ਬਿਹਤਰੀ ਲਈ ਕੀਤੀ ਗਈ।ਦਲਿਤ ਸਮਾਜ ਨੂੰ ਸੋਚਣਾ ਹੋਵੇਗਾ ਕਿ ਉਹਨਾਂ ਨੇ ਬ੍ਰਾਹਮਣਵਾਦ ਦੀ ਮੰਨੂਵਾਦੀ ਚੱਕੀ ਵਿੱਚ ਪਿਸਦੇ ਰਹਿਣਾ ਹੈ,ਜਾਂ ਸਿੱਖਾਂ ਸਮੇਤ ਘੱਟ ਗਿਣਤੀਆਂ ਦੇ ਨਾਲ ਮੁਕੰਮਲ ਏਕਤਾ ਕਰਕੇ ਇਸ ਨਸਲੀ ਫਿਰਕਾਪ੍ਰਸਤੀ ਦੇ ਖਿਲਾਫ ਸੁਚੇਤ ਰੂਪ ਵਿੱਚ ਡਟਣਾ ਹੈ।ਦਲਿਤ ਭਾਈਚਾਰੇ ਨੂੰ ਇਹ ਵੀ ਸਮਝਣਾ ਹੋਵੇਗਾ ਕਿ ਦੇਸ਼ ਦਾ ਉੱਚ ਜਾਤੀਆ ਹਿੰਦੂ ਦਲਿਤਾਂ ਨੂੰ ਕਦੇ ਵੀ ਬਰਾਬਰ ਦਾ ਹਿੰਦੂ ਸਵੀਕਾਰ ਨਹੀ ਕਰਦਾ,ਸਗੋ ਉਹਨਾਂ ਨੂੰ ਹਜਾਰਾਂ ਸਾਲ ਪੁਰਾਣੀ ਮਾਨਸਿਕਤਾ ਅਨੁਸਾਰ ਅਪਣੇ ਗੁਲਾਮ ਸੂਦਰ ਦੇ ਰੂਪ ਵਿੱਚ ਹੀ ਦੇਖਦਾ ਹੈ,ਜਿਹੜੇ ਸਿਰਫ ਉੱਚ ਜਾਤੀਏ ਸਮਾਜ ਦੀ ਸੇਵਾ ਲਈ ਹੀ ਪੈਦਾ ਹੋਏ ਹਨ।ਦਿੱਲੀ ਦੇ ਤੁਗਲਕਾਵਾਦ ਦੇ ਪੁਰਾਤਨ ਭਗਤ ਰਵਿਦਾਸ ਮੰਦਰ ਨੂੰ ਢਾਹੁਣ ਪਿੱਛੇ ਦੀ ਮਾਨਸਿਕਤਾ ਨੂੰ ਸਮਝਣ ਦੀ ਲੋੜ ਹੈ,ਜਿਸਨੇ  ਕਸ਼ਮੀਰ ਦੇ ਬੇਹੱਦ ਗੰਭੀਰ ਮੁੱਦੇ ਤੋ ਲੋਕਾਂ ਦਾ ਧਿਆਨ ਹੀ ਪਾਸੇ ਨਹੀ ਹਟਾਇਆ,ਬਲਕਿ ਦਲਿਤ ਸਮਾਜ ਨੂੰ ਅਪਣੀ ਭਵਿੱਖੀ ਰਣਨੀਤੀ ਬਾਰੇ ਚਿਤਾਵਨੀ ਵੀ ਦਿੱਤੀ ਹੈ।
ਬਘੇਲ ਸਿੰਘ ਧਾਲੀਵਾਲ
99142-58142
Have something to say? Post your comment