Thursday, February 20, 2020
FOLLOW US ON

Article

ਮਾਂ ਤਾਂ ਪੁੱਤ ਲਈ---ਪ੍ਰਭਜੋਤ ਕੌਰ ਢਿੱਲੋਂ

August 16, 2019 07:18 PM
ਮਾਂ ਤਾਂ ਪੁੱਤ ਲਈ---
ਮਾਂ ਦਾ ਰਿਸ਼ਤਾ ਬੱਚਿਆਂ ਨਾਲ ਅਜਿਹਾ ਹੁੰਦਾ ਹੈ ਕਿ ਇਸਨੂੰ ਬਿਆਨ ਕਰਨਾ ਉਨਾ ਹੀ ਔਖਾ ਹੁੰਦਾ ਹੈ ਜਿੰਨਾ ਗੁੜ ਖਾਣ ਪਿੱਛੋਂ ਗੂੰਗੇ ਲਈ ਉਸਦਾ ਸਵਾਦ ਬਿਆਨ ਕਰਨਾ।ਸਾਡੇ ਸਮਾਜ ਵਿੱਚ ਧੀਆਂ ਨਾਲੋਂ ਪੁੱੱਤਰਾਂ ਨੂੰ ਵਧੇਰੇ ਮਹੱਤਵ ਦਿੱਤਾ ਜਾਂਦਾ ਹੈ।ਹਾਂ, ਇਸ ਵਕਤ ਹਰ ਕੋਈ ਇਹ ਕਹਿੰਦਾ ਹੈ ਕਿ ਸਾਡੀਆਂ ਧੀਆਂ ਪੁੱਤ ਨਾਲੋਂ ਵਧੇਰੇ ਸਾਡੀ ਦੇਖ ਭਾਲ ਕਰਦੀ ਹੈ।ਪਰ ਇੱੱਕ ਚੀਸ ਜ਼ਰੂਰ ਹਰੇਕ ਦੇ ਦਿਲ ਵਿੱਚ ਹੁੰਦੀ ਹੈ ਕਿ ਪੁੱਤ ਨੇ ਸਾਨੂੰ ਬੇਗਾਨਾ ਸਮਝ ਲਿਆ ਹੈ।ਮਾਵਾਂ ਨੇ ਆਪਣੇ ਸਾਹਾਂ ਵਿੱਚੋਂ ਸਾਹ ਦਿੱਤੇ, ਆਪਣੇ ਖੂਨ ਵਿੱਚੋਂ ਖੂਨ ਦਿੱਤਾ ਅਤੇ ਅੱਜ ਪੁੱਤ ਮਾਂ ਦੀ ਗੱਲ ਸੁਣਨੀ ਤਾਂ ਇੱਕ ਪਾਸੇ ਰਹੀ ਕੋਲ ਬੈਠਣਾ ਵੀ ਠੀਕ ਨਹੀਂ ਸਮਝਦਾ।ਹਾਂ, ਜਿਹੜੇ ਆਪਣੇ ਮਾਪਿਆਂ ਕੋਲ ਬੈਠਦੇ ਹਨ ਉਹ ਤੰਦਰੁਸਤ ਅਤੇ ਖੁਸ਼ ਰਹਿੰਦੇ ਹਨ।
ਮਾਵਾਂ ਦਾ ਕਰਜ਼ ਦੁਨੀਆ ਦਾ ਸੱਭ ਤੋਂ ਅਮੀਰ ਬੰਦਾ ਵੀ ਨਹੀਂ ਚੁੱਕਾ ਸਕਦਾ।ਕਦੇ ਯਾਦ ਕਰੋ ਬਚਪਨ,ਤੁਹਾਡੇ ਰੋਣ ਦੀ ਆਵਾਜ਼ ਸੁਣਦੇ ਹੀ ਰੋਟੀ ਛੱਡਕੇ ਭੱਜ ਕੇ ਆ ਜਾਂਦੀ ਸੀ।ਉਸਨੂੰ ਰੋਟੀ ਦੀ ਕੋਈ ਸੁੱਧ ਬੁੱਧ ਨਹੀਂ ਸੀ ਰਹਿੰਦੀ।ਘੁੱਟ ਕੇ ਆਪਣੇ ਨਾਲ ਲਗਾ ਲੈਂਦੀ ਸੀ।ਇੱਕ ਨਿੱਘ ਦਾ ਅਤੇ ਸੁਰੱਖਿਆ ਦਾ ਮਹਿਸੂਸ ਹੋਣਾ, ਮਾਂ ਦੇ ਪਿਆਰ ਕਰਕੇ ਸੀ।ਪਰ ਅੱਜ ਉਸ ਮਾਂ ਨੂੰ ਪੁੱਤ ਰੋਟੀ ਦੇਣ ਲਈ ਵੀ ਤਿਆਰ ਨਹੀਂ।ਪਤਨੀ ਹੋਵੇ ਜਾਂ ਕੋਈ ਹੋਰ ਰਿਸ਼ਤਾ,ਸਾਰੇ ਤੁਹਾਡੀ ਕਮਾਈ ਪੁੱਛਣਗੇ ਅਤੇ ਉਸ ਪੇਸੈ ਕਰਕੇ ਰਿਸ਼ਤਾ ਬਣਾਉਂਦੇ ਜਾਂ ਤੋੜਦੇ ਹਨ ਪਰ ਸਿਰਫ਼ ਮਾਂ ਹੀ ਹੈ ਜੋ ਹਰ ਹਾਲਤ ਵਿੱਚ ਰਿਸ਼ਤਾ ਨਿਭਾਉਂਦੀ ਹੈ।ਯਾਦ ਰੱਖੋ ਸਿਰਫ਼ ਮਾਂ ਹੀ ਹੈ ਜੋ ਪੁੱਛਦੀ ਹੈ ਪੁੱਤ ਰੋਟੀ ਖਾਧੀ ਹੈ ਕਿ ਨਹੀਂ,ਬਾਕੀ ਸੱਭ ਕਿੰਨੇ ਡਾਲਰ ਜਾਂ ਰੁਪਏ ਕਮਾਏ ਪੁੱਛਦੇ ਹਨ।
ਅੱਜ ਮਾਪਿਆਂ ਨੂੰ ਘਰਾਂ ਵਿੱਚ ਵੀ ਨਹੀਂ ਪੁੱਛਦੇ।ਕੁਝ ਅਜਿਹੀਆਂ ਸੁਲੱਖਣੀਆ ਨੂੰਹਾਂ ਆਉਂਦੀਆਂ ਹਨ ਜੋ ਪੁੱਤ ਦੇ ਕੰਨਾਂ ਵਿੱਚ ਜ਼ਹਿਰ ਘੋਲਦੀਆਂਂ ਰਹਿੰਦੀਆਂ ਹਨ ਅਤੇ ਅਖੀਰ ਵਿੱਚ ਉਨ੍ਹਾਂ ਨੂੰ ਘਰੋਂ ਕੱਢਵਾ ਕੇ ਬ੍ਰਿਧ ਆਸ਼ਰਮ ਵਿੱਚ ਪਹੁੰਚਾ ਕੇ ਸਾਹ ਲੈਂਦੀਆਂ ਹਨ।ਲੜਕੇ ਨੂੰ ਇਹ ਜ਼ਰੂਰ ਯਾਦ ਕਰ ਲੈਣਾ ਚਾਹੀਦਾ ਹੈ ਕਿ ਮੇਰੀ ਮਾਂ ਨੇ ਮੇਰੀ ਪੜ੍ਹਾਈ ਵੇਲੇ ਰਾਤਾਂ ਨੂੰ ਨਾਲ ਜਾਗਦੀ ਸੀ।ਕਿੰਨੀ ਵਾਰ ਮੇਰੀਆਂ ਜ਼ਰੂਰਤਾਂ ਕਰਕੇ ਬਾਪੂ ਨਾਲ ਲੜ ਪੈਂਦੀ ਸੀ।ਕੀ ਅੱਜ ਤੂੰ ਆਪਣੀ ਮਾਂ ਲਈ ਉਵੇਂ ਨਹੀਂ ਖੜਾ ਹੋ ਸਕਦਾ।ਅੱਜ ਤੇਰੀ ਮਾਂ ਬੀਮਰੀ ਨਾਲ ਪ੍ਰੇਸ਼ਾਨ ਹੈ ਤਾਂ ਉਸਦੀ ਆਵਾਜ਼ ਤੈਨੂੰ ਭੈੜੀ ਲੱਗਦੀ ਹੈ।ਅੱਜ ਤੂੰ ਮਾਂ ਨੂੰ ਉਵੇਂ ਘੁੱਟਕੇ ਸੀਨੇ ਨਾਲ ਲਗਾ ਜਿਵੇਂ ਮਾਂ ਲਗਾਉਂਦੀ ਸੀ,ਉਸਦੀ ਬੀਮਾਰੀ ਦਾ ਦਰਦ ਘੱਟ ਜਾਵੇਗਾ ਜਾਂ ਉਸਨੂੰ ਬਰਦਾਸ਼ਤ ਕਰਨ ਦੀ ਹਿੰਮਤ ਆ ਜਾਵੇਗੀ।ਮਾਂ ਦਾ ਕਰਜ਼ ਉਤਾਰਨ ਦੀ ਜੋ ਕੋਸ਼ਿਸ਼ ਕਰਦੇ ਹਨ,ਉਨ੍ਹਾਂ ਵਰਗਾ ਮੂਰਖ ਕੋਈ ਨਹੀਂ ਅਤੇ ਜੋ ਮਾਂ ਦੀ ਬੇਇਜ਼ਤੀ ਕਰਦਾ ਹੈ ਉਸ ਵਰਗਾ ਬੇਅਕਲ ਕੋਈ ਨਹੀਂ।ਮਾਂ ਤਾਂ ਪੁੱਤ ਲਈ ਬਹੁਤ ਕੁਝ ਬਰਦਾਸ਼ਤ ਕਰਦੀ ਹੈ ਪਰ ਬਦਕਿਸਮਤੀ ਇਹ ਹੈ ਕਿਹਾ ਸੱਭ ਤੋਂ ਵੱਧ ਪੁੱਤ ਹੀ ਮਾਂ ਦੀ ਦੁਰਦਸ਼ਾ ਕਰ ਰਿਹਾ ਹੈ।ਮਾਂ ਦੇ ਰਿਸ਼ਤੇ ਵਰਗਾ ਕੋਈ ਰਿਸ਼ਤਾ ਨਹੀਂ ਅਤੇ ਮਾਂ ਦੇ ਪਿਆਰ ਵਰਗਾ ਕੋਈ ਪਿਆਰ ਨਹੀਂ।
 
ਪ੍ਰਭਜੋਤ ਕੌਰ ਢਿੱਲੋਂ,
ਮੁਹਾਲੀ
Have something to say? Post your comment