Thursday, February 20, 2020
FOLLOW US ON

Article

ਸ਼ਰੀਫ ਬੰਦਾ/ਜਸਕਰਨ ਲੰਡੇ

August 17, 2019 10:26 PM

       ਸ਼ਰੀਫ ਬੰਦਾ
ਮੇਰੇ ਦੋਸਤ ਦਾ ਰਿਸਤੇਦਾਰ ਸੀ ਸੁੱਖਾ। ਮੈਂ ਉਹਨੂੰ ਕਈ ਵਾਰ ਮਿਲ ਚੁੱਕਾ ਸੀ ਦੇਖਣ ਨੂੰ ਬੜਾ ਸਾਊ ਤੇ ਸ਼ਰੀਫ ਤੇ ਅਮੀਰ ਆਦਮੀ ਸੀ। ਉਹ ਜਦੋਂ ਵੀ ਮਿਲਿਆ ਉਹਦੇ ਨਾਲ ਇੱਕ ਦੋ ਜਾਣੇ ਹੁੰਦੇ ਹੀ ਸੀ। ਇੱਕ ਦਿਨ ਅਚਾਨਕ ਖ਼ਬਰ ਮਿਲੀ ਕਿ ਸੁੱਖੇ ਬਾਈ ਦਾ ਐਕਸੀਡੈਟ ਹੋ ਗਿਆ ਜਿਸ ਨਾਲ ਉਹਦੀ ਮੌਕੇ ਤੇ ਹੀ ਮੌਤ ਹੋ ਗਈ। ਮੇਰੇ ਦੋਸਤ ਨੇ ਮੈਨੂੰ ਫੋਨ ਕੀਤਾ ਕਿ ਸੁੱਖੇ ਦੀ ਮੌਤ ਹੋ ਗਈ। ਬਾਰਾ ਵਜੇ ਸੰਸਕਾਰ ਐ ਆਪਾ ਜਾਣਾ ਹੈ।
ਮੈਂ ਤਿਆਰ ਹੋ ਕਿ ਜਾਂਦਾ ਸੀ ਤਾਂ ਰਸਤੇ ਵਿੱਚ ਸੋਚਦਾ ਜਾਂਦਾ ਸੀ ਕਿ ਸੁੱਖੇ ਦਾ ਸੰਸਕਾਰ ਤਾਂ ਲੇਟ ਹੀ ਹੋਉ ਕਿਉਕਿ ਸੁੱਖੇ ਦੀ ਜਾਣ ਪਹਿਚਾਣ ਬਹੁਤ ਸੀ ਉਹ ਤਾਂ ਇਲਾਕੇ ਦੇ ਮੰਤਰੀ ਨੂੰ ਵੀ ਜਾਣਦਾ ਸੀ। ਪਰ ਜਦੋਂ ਮੈਂ ਤੇ ਮੇਰਾ ਦੋਸਤ ਸੁੱਖੇ ਕਿ ਘਰ ਗਏ ਤਾਂ ਕੁਝ ਕੁ ਰਿਸ਼ਤੇਦਾਰ ਤੇ ਦੋ ਚਾਰ ਸ਼ਰੀਕੇ ਕਬੀਲੇ ਦੇ ਬੰਦੇ ਹੀ ਦਿਸੇ।ਅਸੀਂ ਸੱਥਰ ਤੇ ਬੈਠ ਗਏ। ਥੋੜੇ ਟਾਈਮ ਬਾਅਦ ਹੀ ਅਰਥੀ ਚੁੱਕੀ ਗਈ ਤੇ ਉਹ ਸੰਸਕਾਰ ਕਰਨ ਲਈ ਚੱਲ ਪਏ। ਮੈਨੂੰ ਇਹ ਗੱਲ ਤੰਗ ਪ੍ਰੇਸ਼ਾਨ ਕਰਨ ਲੱਗੀ ਕਿ ਇਹਦੇ ਸੰਸਕਾਰ ਤੇ ਪਿੰਡ ਦੇ ਲੋਕ ਕਿਉ ਨਹੀ ਆਏ। ਸੰਸਕਾਰ ਤੋਂ ਬਾਅਦ ਸਾਰੇ ਲੋਕ ਗੁਰਦੁਆਰੇ ਚਲੇ ਗਏ ਪਰ ਮੈਂ ਸਿਰ ਦਰਦ ਦਾ ਬਹਾਨਾ ਬਣਾ ਕੇ ਰਸਤੇ ਵਿੱਚ ਇੱਕ ਡਾਕਟਰ ਦੀ ਦੁਕਾਨ ਤੇ ਰੁੱਕ ਗਿਆ। ਉਥੇ ਬੈਠੇ ਕੁਝ ਲੋਕ ਮੇਰੇ ਵੱਲ ਓਪਰੀਆ ਨਜ਼ਰਾਂ ਨਾਲ ਦੇਖਣ ਲੱਗੇ। ਮੈਂ ਦਵਾਈ ਲਈ ਤੇ ਉਹਨਾਂ ਨਾਲ ਗੱਲ ਕਰਨ ਲੱਗਾ। ਮੈਂ ਡਾਕਟਰ ਨੂੰ ਕਿਹਾ ,"ਵੀਰ ਇਹ ਮਰਨ ਵਾਲਾ ਇਥੇ ਨੀ ਸੀ ਰਹਿੰਦਾ।"
ਉਹਨੇ ਮੈਨੂੰ ਜਵਾਬ ਦੇਣ ਤੋਂ ਪਹਿਲਾਂ ਇਹ ਸਵਾਲ ਕੀਤਾ," ਕਿ ਤੇਰਾ ਇਹ ਕੀ ਲੱਗਦਾ ਸੀ ?"
ਮੈਂ ਕਿਹਾ," ਮੈਂ ਤਾਂ ਇਹਨੂੰ ਜਾਣਦਾ ਤੱਕ ਨਹੀਂ ਇਹ ਤਾਂ ਮੇਰੇ ਦੋਸਤ ਦਾ ਦੂਰ ਦਾ ਰਿਸ਼ਤੇਦਾਰ ਸੀ ਮੈਂ ਉਹਨਾਂ ਨਾਲ ਆਇਆ ਸੀ।"
ਡਾਕਟਰ ਦੇ ਬੋਲਣ ਤੋਂ ਪਹਿਲਾਂ ਹੀ ਉਥੇ ਬੈਠਾ ਇੱਕ ਆਦਮੀ ਨੇ ਕਿਹਾ ,"ਤੂੰ ਕਿਉ ਪੁੱਛਦਾ ਐ ਕਿ ਇਹ ਇਥੇ ਨਹੀਂ ਸੀ ਰਹਿੰਦਾ।"
ਮੈਂ ਕਿਹਾ, "ਵੀਰ ਇਹਦੀ ਅਰਥੀ ਮਗਰ ਮੈਨੂੰ ਪਿੰਡ ਦਾ ਕੋਈ ਵੀ ਆਦਮੀ ਦਿਖਾਈ ਨਹੀਂ ਸੀ ਦਿੰਦਾ ਤਾਂ ਪੁੱਛਿਆ ਸੀ।"
ਉਹੀ ਆਦਮੀ ਕਹਿਣ ਲੱਗਾ,"ਵੀਰ ਇਹਦਾ ਸਾਰੇ ਪਿੰਡ ਨੇ ਬਾਈਕਾਟ ਕੀਤਾ ਹੋਇਆ ਸੀ ਕਿਉਕਿ ਇਹ ਨਸ਼ੇ ਵੇਚਦਾ ਸੀ। ਇਹਦੇ ਮਰਨ ਦਾ ਕਾਰਨ ਵੀ ਇਹੋ ਹੀ ਸੀ ਜੇ ਇਹ, ਇਹ ਕੰਮ ਨਾ ਕਰਦਾ ਤਾਂ ਹੋ ਸਕਦਾ ਇਹਦਾ ਐਕਸੀਡੈਂਟ ਹੋਣ ਤੇ ਕੋਈ ਇਹਨੂੰ ਚੁੱਕ ਕੇ ਹਸਪਤਾਲ ਵਿੱਚ ਲੈ ਜਾਂਦਾ। ਇਹਦੀਆ ਕਰਤੂਤਾਂ ਕਰਕੇ ਕੋਈ ਇਹਦੇ ਨੇੜੇ ਨਹੀਂ ਹੋਇਆ। ਇਹਦੇ ਵਿੱਚ ਫੇਟ ਮਾਰਨ ਵਾਲਾ ਵੀ ਭੱਜਣ 'ਚ ਕਾਮਜਾਬ ਹੋ ਗਿਆ ਤੇ ਇਹ ਦੋ ਘੰਟੇ ਤੜਫ਼ ਤੜਫ਼ ਕੇ ਮਰ ਗਿਆ ਇਹਦੀ ਮੌਤ ਤੇ ਲੋਕ ਖੁਸ਼ ਹਨ।"
ਜਸਕਰਨ ਲੰਡੇ
ਪਿੰਡ ਦੇ ਡਾਕ ਲੰਡੇ
ਜਿਲ੍ਹਾ ਮੋਗਾ
ਫੋਨ 94171-03413

Have something to say? Post your comment