Friday, February 21, 2020
FOLLOW US ON

Article

ਪਰਜਾ ਦੀਆਂ ਚੀਕਾਂ/ਹਰਪ੍ਰੀਤ ਕੌਰ ਘੁੰਨਸ

August 18, 2019 09:26 PM
ਪਰਜਾ ਦੀਆਂ ਚੀਕਾਂ
ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਜਿਓਂ ਹੀ ਦਿੱਲੀ ਵਿਖੇ ਰਵਿਦਾਸ ਮੰਦਿਰ ਢਾਹੇ ਜਾਣ ਦੀ ਗੱਲ ਸਾਹਮਣੇ ਆਈ ਤਾਂ ਲੋਕਾਂ ਅੰਦਰ ਰੋਸ ਦੀ ਲਹਿਰ ਫੈਲ ਗਈ। ਜਿਸ ਸਦਕਾ 13 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ ਕਰ ਦਿੱਤਾ ਗਿਆ।
ਰਾਜਦੀਪ ਜੋ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕਰਦੀ ਸੀ, ਨੂੰ ਸਕੂਲ ਜਾਣਾ ਪਿਆ ਕਿਉਂਕਿ ਸਕੂਲ ਵੱਲੋਂ ਛੁੱਟੀ ਸਿਰਫ਼ ਬੱਚਿਆਂ ਨੂੰ ਹੀ ਕੀਤੀ ਗਈ ਸੀ।
ਰਾਜਦੀਪ ਸਕੂਲ ਪਹੁੰਚ ਤਾਂ ਗਈ ਪਰ ਵਾਪਸ ਆਉਂਦੇ ਸਮੇਂ ਵੱਡੀ ਸਮੱਸਿਆ ਖੜ੍ਹੀ ਹੋ ਗਈ ਕਿਉਂਕਿ ਥਾਂ-ਥਾਂ ਧਰਨੇ ਲੱਗੇ ਹਨ ਕਾਰਨ ਬੱਸਾਂ ਨਹੀਂ ਆਏ ਰਹੀਆਂ ਸਨ। ਇੱਕ ਘੰਟਾ ਕਹਿਰ ਦੀ ਗਰਮੀ 'ਚ ਇੰਤਜ਼ਾਰ ਕਰਨ ਮਗਰੋਂ ਰਾਜਦੀਪ ਨੇ ਕੁੱਝ ਸਵਾਰੀਆਂ ਸਹਿਤ ਤਪੇ ਤੋਂ ਬਰਨਾਲੇ ਜਾਣ ਲਈ ਆਟੋ ਕਰਵਾ ਲਿਆ। ਆਟੋ ਵਾਲੇ ਨੇ ਵੀ ਮੌਕੇ 'ਤੇ ਚੌਕਾ ਮਾਰਦੇ ਹੋਏ ਰੇਟ ਵਧਾ ਦਿੱਤਾ। ਹੋਰ ਕੋਈ ਚਾਰਾ ਨਾ ਹੋਣ ਕਰਕੇ ਉਹ ਆਟੋ ਵਿੱਚ ਜਾਣ ਲਈ ਬੈਠ ਗਏ। 
ਆਟੋ ਚ ਬੈਠੀ ਇੱਕ ਔਰਤ ਨੇ ਕਿਹਾ," ਭਾਈ ਇਹ ਹੋ ਕੀ ਹੋ ਗਿਆ, ਭਲਾ ਕਿਉਂ ਬੰਦ ਨੇ ਬੱਸਾਂ?" ਇੱਕ ਵਿਅਕਤੀ ਨੇ ਉਸਦੀ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ,"ਸੁਣਿਆ ਕੋਈ ਮੰਦਿਰ ਢਾਹ ਦਿੱਤਾ ਗਿਆ ਦਿੱਲੀ 'ਚ।" ਇਹ ਸੁਣ ਕੇ ਇੱਕ ਬਜ਼ੁਰਗ ਨੇ ਕਿਹਾ," ਢਾਹ ਹੀ ਰਹੇ ਨੇ, ਬਣਾ ਤਾਂ ਕੁੱਝ ਰਹੇ ਨੀਂ, ਕਿਧਰੇ ਗੁਰੂ ਘਰਾਂ 'ਚ ਅੱਗਾਂ ਲਗਾ ਦਿੱਤੀਆਂ ਤੇ ਕਿਧਰੇ ਆਹ ਕੁਸ ਹੋ ਰਿਹਾ ਹੁਣ।" ਪਹਿਲਾ ਵਿਅਕਤੀ ਬੋਲਿਆ," ਧਰਨਿਆਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਆਪਣੇ ਵਰਗੇ ਆਮ ਲੋਕ ਕਰਦੇ ਨੇ,ਜਿੰਨ੍ਹਾਂ ਨੂੰ ਅਹਿਸਾਸ ਕਰਵਾਉਣ ਖ਼ਾਤਰ ਧਰਨੇ ਲੱਗੇ ਨੇ ਉਹ ਤਾਂ ਅਰਾਮ ਨਾਲ ਏ.ਸੀ. 'ਚ ਬੈਠੇ ਟੀ.ਵੀ. ਵੇਖਦੇ ਹੋਣਗੇ।
ਅਜੇ ਅੱਧ 'ਚ ਹੀ ਪਹੁੰਚੇ ਸੀ ਕਿ ਰਾਹ ਵਿੱਚ ਆਟੋ ਬੰਦ ਹੋ ਗਿਆ। ਆਟੋ ਚਾਲਕ ਦੀਆਂ ਅਨੇਕਾਂ ਕੋਸ਼ਿਸ਼ਾਂ ਬਾਅਦ ਵੀ ਨਾ ਚੱਲਿਆ। ਸ਼ਾਇਦ ਵੀਹ ਕਿੱਲੋਮੀਟਰ ਤੱਕ ਆਟੋ ਨੂੰ ਤੇਜ਼ ਦੌੜਨਾ ਰਾਸ ਨਹੀਂ ਸੀ ਆਇਆ।ਗਰਮੀ ਕਾਰਨ ਆਪਣੀ ਮਾਂ ਨਾਲ ਬੈਠਾ ਛੋਟਾ ਜਿਹਾ ਬੱਚਾ ਉੱਚੀ-ਉੱਚੀ ਰੋਣ ਲੱਗ ਗਿਆ। ਆਟੋ ਚਾਲਕ ਨੇ ਆਪਣੇ ਸਾਥੀ ਨੂੰ ਫ਼ੋਨ ਕਰਕੇ ਹੋਰ ਆਟੋ ਮੰਗਵਾਇਆ। ਸਵਾਰੀਆਂ ਦੇ ਚਿਹਰੇ 'ਤੇ ਘਰ ਪਹੁੰਚਣ ਦੀ ਕਾਹਲੀ ਅਤੇ ਬੇਬਸੀ ਦੇ ਬੱਦਲ ਸਾਫ਼ ਦਿਖਾਈ ਦੇ ਰਹੇ ਸਨ।
ਏਨੇ ਨੂੰ ਦੂਸਰਾ ਆਟੋ ਆ ਗਿਆ ਜਿਸ ਵਿੱਚ ਬੈਠ ਕੇ ਸਵਾਰੀਆਂ ਆਪਣੀ ਮਿੱਥੀ ਜਗ੍ਹਾ 'ਤੇ ਪਹੁੰਚ ਗਈਆਂ। ਰਾਜਦੀਪ ਦੇ ਮਨ 'ਚ ਸਵਾਲ ਉੱਠਿਆ," ਭਲਾ ਇਹ ਧਰਨੇ ਕਿਸ ਲਈ ਸਨ? ਜੇ ਧਰਨੇ ਕਿਸੇ ਸਮੱਸਿਆ ਦਾ ਹੱਲ ਹੁੰਦੇ ਤਾਂ ਬੇਰੋਜ਼ਗਾਰੀ, ਰਿਸ਼ਵਤਖੋਰੀ ਅਤੇ ਨਸ਼ਿਆਂ ਜਿਹੀਆਂ ਲਾਹਨਤਾਂ ਸਾਡੇ 'ਤੇ ਹਾਵੀ ਨਾ ਹੁੰਦੀਆਂ। ਉਹ ਮਨ ਹੀ ਮਨ ਇਹ ਵੀ ਸੋਚ ਰਹੀ ਸੀ ਕਿ ਫਿਰ ਅਜਿਹਾ ਕੀਤਾ ਕੀ ਜਾਵੇ ? ਜਿਸ ਨਾਲ ਪਰਜਾ ਦੀਆਂ ਚੀਕਾਂ ਗੂੜ੍ਹੀ ਨੀਂਦ ਸੁੱਤੇ ਰਾਜਿਆਂ ਦੇ ਕੰਨੀ ਪੈ ਸਕਣ। ਇਸ ਸਵਾਲ ਦਾ ਜਵਾਬ ਲੱਭਦੀ ਲੱਭਦੀ ਰਾਜਦੀਪ ਆਪਣੇ ਘਰ ਪਹੁੰਚ ਗਈ।
ਹਰਪ੍ਰੀਤ ਕੌਰ ਘੁੰਨਸ
ਮੋ:97795-20194
Have something to say? Post your comment