Thursday, February 20, 2020
FOLLOW US ON

Article

ਮਿੰਨੀ ਕਹਾਣੀ:- ਵਖਰੇਵੇਂ ਦੀ ਕੈਦ/ਹਰਪ੍ਰੀਤ ਕੌਰ ਘੁੰਨਸ

August 18, 2019 09:30 PM
 
ਇੱਕ ਨਾਮਵਰ ਸਕੂਲ ਵਿੱਚ ਇੱਕ ਪ੍ਰੋਗਰਾਮ ਦੇ ਉਦਘਾਟਨ 'ਤੇ ਮੁੱਖ ਮਹਿਮਾਨ ਵਜੋਂ ਇੱਕ ਉੱਚ ਅਧਿਕਾਰੀ ਨੇ ਸ਼ਿਰਕਤ ਕੀਤੀ। ਜਿਓਂ ਹੀ ਉਹ ਸਕੂਲ ਵਿੱਚ ਪਧਾਰੇ ਤਾਂ ਸਕੂਲ ਦਾ ਮੁਖੀ ਅਤੇ ਅਧਿਆਪਕ ਉਸਦੀ ਆਓ ਭਗਤ ਲਈ ਪੱਬਾਂ ਭਾਰ ਹੋ ਗਏ। ਸਕੂਲ ਦੀ ਪੀਅਨ ਰਾਣੀ ਜਦੋਂ ਪਾਣੀ ਲੈ ਕੇ ਆਈ ਤਾਂ ਉਸ ਅਧਿਕਾਰੀ ਨੇ ਪਾਣੀ ਪੀਣ ਤੋਂ ਮਨ੍ਹਾ ਕਰ ਦਿੱਤਾ। ਪ੍ਰਿੰਸੀਪਲ ਨੇ ਇੱਕ ਅਧਿਆਪਕਾ ਨੂੰ ਪਾਣੀ ਲਿਆਉਣ ਦਾ ਇਸ਼ਾਰਾ ਕੀਤਾ। ਜਦੋਂ ਉਹ ਅਧਿਆਪਕਾ ਪਾਣੀ ਲੈ ਕੇ ਆਈ ਤਾਂ ਉਸ ਅਧਿਕਾਰੀ ਨੇ ਤੁਰੰਤ ਪਾਣੀ ਪੀ ਲਿਆ। ਉਦਘਾਟਨ ਦੌਰਾਨ ਉਹੀ ਅਫ਼ਸਰ ਨੇ ਆਪਣੀ ਗੱਲ ਬਾਤ ਧਰਮ ਨਿਰਪੱਖਤਾ ਅਤੇ ਊਚ ਨੀਚ ਦੇ ਭੇਦ-ਭਾਵ ਨੂੰ ਜੜੋਂ ਮਿਟਾਉਣ ਦੀ ਗੱਲ ਤੋਂ ਸ਼ੁਰੂ ਕੀਤੀ। ਜਿਸਨੂੰ ਸੁਣ ਕੇ ਉਹ ਅਧਿਆਪਕਾ ਬੜੀ ਹੈਰਾਨ ਹੋਈ ਤੇ ਮਨ 'ਚ ਕਹਿਣ ਲੱਗੀ ਕਿੰਨਾ ਅੰਤਰ ਹੈ ਕਹਿਣੀ ਕਰਨੀ 'ਚ,ਇਹਨਾਂ ਨੂੰ ਐਨਾ ਸੰਘ ਪਾੜਨ ਦੀ ਜਰੂਰਤ ਨਾ ਪਵੇ ਜੇ ਆਪਣੇ 'ਤੇ ਹਰੇਕ ਗੱਲ ਲਾਗੂ ਕਰਕੇ ਚੱਲਣ।
ਇਸ ਘਟਨਾ ਨੂੰ ਕਈ ਮਹੀਨੇ ਬੀਤ ਗਏ। ਹੁਣ ਰਾਣੀ ਆਪ ਹੀ ਕਿਸੇ ਪ੍ਰੋਗਰਾਮ 'ਚ ਪਾਣੀ ਨਾ ਪਿਲਾਉਂਦੀ ਕਿਉਂਕਿ ਉਸਨੂੰ ਕਈ ਵਾਰ ਅਜਿਹੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ।ਕੁੱਝ ਮਹੀਨਿਆਂ ਬਾਅਦ ਸਕੂਲ ਦੀ ਚੈਕਿੰਗ 'ਤੇ ਕੁੱਝ ਅਧਿਕਾਰੀ ਆਏ। ਸਕੂਲ ਦਾ ਚੱਕਰ ਕੱਢ ਰਹੇ ਇੱਕ ਅਧਿਕਾਰੀ ਨੇ ਰਾਣੀ ਨੂੰ ਪਾਣੀ ਪਿਲਾਉਣ ਲਈ ਕਿਹਾ ਪਰ ਰਾਣੀ ਨੇ ਆਪ ਪਾਣੀ ਲਿਆਉਣ ਦੀ ਬਜਾਇ ਕਿਸੇ ਹੋਰ ਪੀਅਨ ਹੱਥ ਪਾਣੀ ਭੇਜ ਦਿੱਤਾ। ਉਸ ਅਧਿਕਾਰੀ ਨੇ ਰਾਣੀ ਨੂੰ ਕਿਹਾ," ਜਦੋਂ ਮੈਂ ਤੁਹਾਡੇ ਤੋਂ ਪਾਣੀ ਮੰਗਵਾਇਆ ਸੀ ਤਾਂ ਤੁਸੀਂ ਕਿਸੇ ਹੋਰ ਹੱਥ ਕਿਉਂ ਭੇਜਿਆ ?" ਰਾਣੀ ਨੇ ਕੰਬਦੀ ਅਵਾਜ 'ਚ ਕਿਹਾ, " ਜੀ ਮੇਰੇ ਜਿੰਮੇ ਸਕੂਲ ਦੇ ਪਖਾਨਿਆਂ ਦਾ ਕੰਮ ਹੈ ਜਿਸ ਕਰਕੇ ਕੋਈ ਵੀ ਮੇਰੇ ਹੱਥੋਂ ਪਾਣੀ ਪੀਣਾ ਪਸੰਦ ਨਹੀਂ ਕਰਦਾ।" ਉਸ ਅਧਿਕਾਰੀ ਨੇ ਕਿਹਾ," ਪਹਿਲਾਂ ਮੇਰੇ ਲਈ ਪਾਣੀ ਲਿਆਓ ਬਾਕੀ ਗੱਲ ਫਿਰ ਕਰਦੇ ਹਾਂ।" ਰਾਣੀ ਪਾਣੀ ਲੈ ਕੇ ਆਈ ਅਤੇ ਅਧਿਕਾਰੀ ਨੇ ਉਸ ਹੱਥੋਂ ਪਾਣੀ ਦੇ ਦੋ ਗਿਲਾਸ ਪੀਤੇ।ਫਿਰ ਅਧਿਕਾਰੀ ਨੇ ਕਿਹਾ," ਅਜਿਹੀ ਕੋਈ ਗੱਲ ਨਹੀਂ ਹੈ, ਤੁਸੀਂ ਮਹਾਨ ਹੋ, ਜੇਕਰ ਤੁਸੀਂ ਸਫ਼ਾਈ ਨਾ ਕਰੋਂ ਤਾਂ ਇਹ ਸਕੂਲ ਸਕੂਲ ਨਾ ਲੱਗੇ।" ਇਹ ਗੱਲਾਂ ਸੁਣ ਕੇ ਰਾਣੀ ਬੜੀ ਖੁਸ਼ ਹੋਈ। ਉਹ ਮਨ ਹੀ ਮਨ ਸੋਚ ਰਹੀ ਸੀ ਕਿ ਸਾਰੇ ਅਫ਼ਸਰ ਇੱਕੋ ਜਿਹੇ ਨਹੀਂ ਹੁੰਦੇ। ਉਸਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਉਹ ਵੀ ਸਕੂਲ ਲਈ ਕੋਈ ਵਿਸ਼ੇਸ਼ ਮਹੱਤਵ ਰੱਖਦੀ ਹੈ। ਉਸਨੂੰ ਅਜਿਹਾ ਲੱਗਿਆ ਕਿ ਜਿਵੇਂ ਅਧਿਕਾਰੀ ਦੀਆਂ ਕਹੀਆਂ ਗੱਲਾਂ ਨੇ ਉਸਨੂੰ ਵਖਰੇਵੇਂ ਦੀ ਉਸ ਕੈਦ 'ਚੋ ਅਜ਼ਾਦ ਕਰ ਦਿੱਤਾ ਹੋਵੇ ਜਿਸ ਵਿੱਚ ਉਹ ਲੰਮੇ ਸਮੇਂ ਦੀ ਬਿਨਾਂ ਕਿਸੇ ਗੁਨਾਹ ਦੇ ਸਜ਼ਾ ਭੁਗਤ ਰਹੀ ਸੀ।
ਹਰਪ੍ਰੀਤ ਕੌਰ ਘੁੰਨਸ
ਮੋ:97795-20194
Have something to say? Post your comment