Friday, February 21, 2020
FOLLOW US ON

Article

ਕਾਵਿ ਸੰਗ੍ਰਹਿ : ਤਰੇਲ ਤੁਪਕੇ / ਰੀਵੀਊਕਾਰ : ਪ੍ਰੋ. ਨਵ ਸੰਗੀਤ ਸਿੰਘ

August 18, 2019 09:33 PM
ਪੁਸਤਕ ਰੀਵਿਊ 
 
             ਕਾਵਿ ਸੰਗ੍ਰਹਿ :  ਤਰੇਲ ਤੁਪਕੇ 
             ਕਵੀ            :  ਸਵਰਨ ਸਿੰਘ
             ਪ੍ਰਕਾਸ਼ਕ       :  ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ 
             ਪੰਨੇ             :  128          ਮੁੱਲ :  200/-
            ISBN          :  978-93-81105-84-9
 
                        ਰੀਵੀਊਕਾਰ :   ਪ੍ਰੋ. ਨਵ ਸੰਗੀਤ ਸਿੰਘ
 
ਸਵਰਨ ਸਿੰਘ ਇੱਕ ਚਿਰ-ਪਰਿਚਿਤ ਕਵੀ ਹੈ, ਜਿਸ ਨੇ ਹੁਣ ਤੱਕ ਸੱਤ ਕਾਵਿ ਸੰਗ੍ਰਹਿ (ਹਨੇਰੇ ਦੇ ਕਣ, ਸਾਗਰ ਸਿੱਪੀਆਂ ਤੇ ਸੂਰਜ, ਉਡਾਨ ਦੀ ਉਮਰ, ਵਾਅਦਿਆਂ ਤੋਂ ਵੈਤਰਨੀ ਤੱਕ, ਅਰਧ ਨਾਰੀ, ਰੇਤ ਦਾ ਟਿੱਲਾ, ਤਰੇਲ ਤੁਪਕੇ) ਤੇ ਦੋ ਕਾਵਿ-ਨਾਟ (ਸੁੰਦਰਾਂ, ਮੋਰਾਂ ਰਣਜੀਤ ਸਿੰਘ) ਪੰਜਾਬੀ ਸਾਹਿਤ ਨੂੰ ਪ੍ਰਦਾਨ ਕੀਤੇ ਹਨ। ਉਸ ਦਾ ਪਹਿਲਾ ਕਾਵਿ ਸੰਗ੍ਰਹਿ 1968 ਵਿਚ ਪ੍ਰਕਾਸ਼ਿਤ ਹੋਇਆ ਸੀ, ਫਿਰ ਹੁਣ 49 ਸਾਲਾਂ ਪਿੱਛੋਂ (2017 ਤੋਂ) ਉਹ ਲਗਾਤਾਰ ਲਿਖ ਰਿਹਾ ਹੈ (2017 ਵਿੱਚ ਦੋ, '18 ਵਿੱਚ ਤਿੰਨ, '19 ਵਿੱਚ ਤਿੰਨ)। ਉਸ ਦੀਆਂ ਕਵਿਤਾਵਾਂ ਦਾ ਵਿਭਿੰਨ ਲੇਖਕਾਂ/ ਆਲੋਚਕਾਂ ਨੇ ਡੂੰਘਾ ਨੋਟਿਸ ਲਿਆ ਹੈ।
ਹਥਲੇ ਕਾਵਿ ਸੰਗ੍ਰਹਿ ਦਾ ਸਿਰਲੇਖ ਭਾਵੇਂ ਭਾਈ ਵੀਰ ਸਿੰਘ ਦੇ ਇੱਕ ਕਾਵਿ ਸੰਗ੍ਰਹਿ ਨਾਲ ਮੇਲ ਖਾਂਦਾ ਹੈ, ਪਰ ਇਸ ਵਿੱਚ ਪ੍ਰਸਤੁਤ ਕਾਵਿ ਅਨੁਭਵ ਸਵਰਨ ਸਿੰਘ ਦਾ ਨਿਰੋਲ ਨਿਜੀ ਤੇ ਮੌਲਿਕ ਹੈ। ਇਸ ਕਾਵਿ ਸੰਗ੍ਰਹਿ ਦੀ ਭੂਮਿਕਾ ਪ੍ਰਸਿੱਧ ਪੰਜਾਬੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਲਿਖੀ ਹੈ,ਜਿਸ ਵਿੱਚ ਕਵੀ ਦੇ ਕਾਵਿ- ਸਫਰ ਦਾ ਸੰਖੇਪ ਪਰਿਚੈ ਮਿਲਦਾ ਹੈ। ਜਦਕਿ ਸਰਵਰਕ ਉਤੇ ਡਾ. ਸਰਦੂਲ ਸਿੰਘ ਔਜਲਾ ਵੱਲੋਂ ਭਾਵਪੂਰਤ ਟਿੱਪਣੀ ਕੀਤੀ ਗਈ ਹੈ।
ਇਸ ਸੰਗ੍ਰਹਿ ਵਿੱਚ ਕੁੱਲ 44 ਕਵਿਤਾਵਾਂ ਸੰਕਲਿਤ ਹਨ। ਇਨ੍ਹਾਂ ਕਵਿਤਾਵਾਂ ਵਿੱਚ ਪ੍ਰਕਿਰਤੀ ਦਾ ਪਾਸਾਰਾ, ਆਲੇ ਦੁਆਲੇ ਦਾ ਵਾਤਾਵਰਨ, ਸਮਾਜਿਕ ਰਹਿਣੀ ਬਹਿਣੀ ਆਦਿ ਨੂੰ ਨਵੇਂ ਜ਼ਾਵੀਏ ਤੋਂ ਉਲੀਕਿਆ ਗਿਆ ਹੈ, ਜਿਨ੍ਹਾਂ ਨੂੰ ਸਮਝਣ ਲਈ ਸਹਿਜਤਾ ਤੇ ਸੂਖ਼ਮਤਾ ਦੀ ਲੋੜ ਹੈ। 
ਕਵੀ ਕੋਲ ਨਵੇਂ ਸ਼ਬਦਾਂ ਦਾ ਅਮੁੱਕ ਭੰਡਾਰ ਹੈ ਤੇ ਉਹ ਸ਼ਬਦਾਂ ਨੂੰ ਨਿਵੇਕਲੇ ਅਰਥਾਂ ਵਿੱਚ ਵਰਤਣ ਵਾਲਾ ਇੱਕ ਕਾਰਗਰ ਕਵੀ ਹੈ। ਇਸ ਸੰਗ੍ਰਹਿ ਵਿੱਚ ਵਰਤੇ ਕੁਝ ਨਵੇਂ ਸ਼ਬਦ ਇਸ ਪ੍ਰਕਾਰ ਹਨ: ਸੁਗਵਾਹਟ, ਨਾਸਿਕ ਸੂਤਰੀ, ਕਿੱਲ੍ਹਣ, ਅੰਧਵਾਦ, ਰੰਗ ਅੰਧਾਤਾ, ਚਗੌਲੇ, ਰੁਖਸ਼ਾਲਾ, ਸਰਪੀਲੇ ਆਦਿ। ਉਸ ਨੇ ਆਪਣੀਆਂ ਬਹੁਤ ਸਾਰੀਆਂ ਕਵਿਤਾਵਾਂ ਵਿੱਚ ਸਾਧਾਰਨ ਸ਼ਬਦਾਂ ਤੋਂ ਵਸ਼ਿਸ਼ਟ ਅਰਥਾਂ ਦਾ ਕਾਰਜ ਕਰਵਾਇਆ ਹੈ। 
ਇਸ ਸੰਗ੍ਰਹਿ ਦੀਆਂ ਕੁਝ ਕਵਿਤਾਵਾਂ ਉਤੇ ਗੀਤਾਂ ਦਾ ਰੰਗ ਵੀ ਵੇਖਿਆ ਜਾ ਸਕਦਾ ਹੈ, ਜਿਨ੍ਹਾਂ ਵਿੱਚ ਵਸੀਅਤ, ਕਰਾਰ ਆਹੂਤੀ, ਕਿਰਚਾਂ, ਝੁਕਦਾ ਮਹਿਲ, ਲੁਕਣਮੀਟੀ, ਸੁਜਾਖਾ ਸਫ਼ਰ, ਕੀਲੇ ਹੋਏ ਡੰਗ, ਰੁੱਸੀ ਰੁੱਤ, ਤੂਫਾਨ, ਲਹਿਰਾਂ ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ। 
ਪਿਆਰ ਦੀ ਪਰਿਭਾਸ਼ਾ ਦਿੰਦਿਆਂ ਕਵੀ ਨੇ 'ਚਾਹਤ' ਕਵਿਤਾ ਦੇ ਅੰਤਰਗਤ ਲਿਖਿਆ ਹੈ: ਪਿਆਰ ਕੋਈ ਸਰੀਰ ਨਹੀਂ..., ਪਿਆਰ ਕੋਈ ਖੁਸ਼ਬੂ ਨਹੀਂ..., ਪਿਆਰ ਕੋਈ ਰੰਗ ਨਹੀਂ..., ਪਿਆਰ ਕੋਈ ਸੰਕੇਤ ਨਹੀਂ..., ਪਿਆਰ ਕੋਈ ਦਰਿਆ ਨਹੀਂ..., ਪਿਆਰ ਤਾਂ ਹੈ ਬੱਸ ਇੱਕ ਚਾਹਤ ਦਾ ਨਾਂ (ਪੰਨਾ 57-59)।
'ਭੁਲੇਖੇ' ਕਵਿਤਾ ਵਿੱਚ ਕਵੀ ਖੁਦਕੁਸ਼ੀ ਕਰਨ ਵਾਲਿਆਂ ਨੂੰ ਆੜੇ ਹੱਥੀਂ ਲੈਂਦਾ ਹੈ। ਕਿਉਂਕਿ ਆਜਿਹੇ ਲੋਕ ਖ਼ੁਦ ਤਾਂ ਜੀਵਨ ਦੇ ਮੰਚ ਤੋਂ ਵਿਦਾਇਗੀ ਲੈ ਲੈਂਦੇ ਹਨ, ਪਰ ਪਰਿਵਾਰ ਤੇ ਹੋਰ ਬੱਚਿਆਂ ਤੇ ਕੀ ਬੀਤੇਗੀ- ਇਹ ਨਹੀਂ ਸੋਚਦੇ(ਪੰਨਾ 71-73)। ਇਵੇਂ ਹੀ ਖ਼ਤਾਂ ਨੂੰ ਪਰਿਭਾਸ਼ਿਤ ਕਰਦਾ ਹੋਇਆ ਉਹ ਇਨ੍ਹਾਂ ਨੂੰ ਬਾਰਿਸ਼ ਦੇ ਵਿਭਿੰਨ ਰੂਪਾਂ ਨਾਲ ਤਸ਼ਬੀਹ ਦਿੰਦਾ ਹੈ:
ਕੁਝ ਖ਼ਤ ਲਗਦੇ ਕਿਣਮਿਣ ਕਾਣੀ..., ਕੁਝ ਖ਼ਤ ਜਿਵੇਂ ਰਿਮਝਿਮ ਰਿਮਝਿਮ..., ਕੁਝ ਖ਼ਤ ਜਿਵੇਂ ਹੋਣ ਛਰਾਟੇ..., ਕੁਝ ਖ਼ਤ ਜਿਵੇਂ ਛਹਿਬਰ ਛਹਿਬਰ..., ਕੁਝ ਖ਼ਤ ਜਿਵੇਂ ਝੜੀ ਸੌਣ ਦੀ..., ਕੁਝ ਖ਼ਤ ਜਿਵੇਂ ਸਾਗਰ ਛੱਲਾਂ...(ਲਹਿਰਾਂ, ਪੰਨਾ 89-90)। 
ਕਵੀ ਕਲਮ ਦਾ ਰੁੱਸਣਾ ਸਹਿ ਸਕਣ ਤੋਂ ਸਪਸ਼ਟ ਇਨਕਾਰੀ ਹੈ। ਕਿਉਂਕਿ ਜੇ ਕਲਮ ਹੀ ਰੁੱਸ ਗਈ ਤਾਂ ਉਹ ਕਿਵੇਂ ਆਪਣਾ ਪੈਗ਼ਾਮ ਲੋਕਾਂ ਤੱਕ ਪਹੁੰਚਾ ਸਕੇਗਾ। ਅਜਿਹੀ ਭਾਵਨਾ ਹਰੇਕ ਲੇਖਕ ਵਿੱਚ ਹੋਣੀ ਚਾਹੀਦੀ ਹੈ:
               ਇਸ ਤੋਂ ਪਹਿਲਾਂ ਕਿ ਮੈਂ 
               ਦੇ ਦਿਆਂ ਤਲਾਕ 
               ਆਪਣੀ ਮਹਿਬੂਬ ਕਲਮ ਨੂੰ 
               ਮੇਰੇ ਸੱਜੇ ਹੱਥ ਦੀ 
               ਤਰਜਨੀ ਤੇ ਮਧਲੀ 
               ਕਰ ਦਿੰਦੀਆਂ ਨੇ ਵਿਦਰੋਹ
               ਅੰਗੂਠੇ ਨਾਲ ਮਿਲ ਕੇ 
               ਸਹਿ ਤਾਂ ਸਕਦਾ ਹਾਂ ਮੈਂ 
               ਉੰਗਲਾਂ ਦਾ ਵਿਦਰੋਹ 
               ਪਰ ਕਲਮ ਦਾ ਰੋਸਾ ਨਹੀਂ।      (ਰੋਸਾ,ਪੰਨਾ 105) 
ਉਹ ਕਵੀ ਨੂੰ ਦੂਜੇ ਦਰਜੇ ਦੀ ਚੀਜ਼ ਨਹੀਂ ਸਮਝਦਾ:
              ਕਵੀ ਕੋਈ 
              ਦੋਮ ਦਰਜੇ ਦਾ 
              ਸਾਮਾਨ ਨਹੀਂ 
              ਜੋ ਮਿਲ ਜਾਏ 
              ਬਹੁਤ ਸਸਤਾ 
              ਸੇਲ ਅੰਦਰ।         (ਹੁਬਕੀਆਂ,ਪੰਨਾ 123)
 ਨਵੇਂ ਭਾਵ ਬੋਧ ਵਾਲੀ ਇਸ ਸ਼ਾਇਰੀ ਨੂੰ ਖੁਸ਼ ਆਮਦੀਦ !
================================= 
  ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302
    (ਬਠਿੰਡਾ)  9417692015.
Have something to say? Post your comment