Monday, September 16, 2019
FOLLOW US ON

Article

ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ

August 20, 2019 08:53 PM

                                

ਨਾ ਬਾਤ ਕਰੂੰ ਜਬ ਕੀ ਨਾ ਤਬ ਕੀ ਬਾਤ ਕਰੂੰ ਆਜ ਕੀ। ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸੱਭ ਕੀ॥

ਅਗਰ ਮਾਤਾ ਗੁਜਰੀ ਜੀ ਨੂੰ ਸਿੱਖ ਇਤਹਾਸ ਵਿਚੋਂ ਮਨਫੀ ਕਰ ਦਿੱਤਾ ਜਾਵੇ ਤਾਂ ਮੈਂ ਸਮਝਦਾ ਹਾਂ ਕਿ ਸਾਕਾ ਸਰਹੰਦ ਵੀ ਬਦਲ ਸਕਦਾ ਸੀ ਤੇ ਸਾਕਾ ਚਮਕੌਰ ਵੀ। ਮਾਤਾ ਗੁਜਰੀ ਇਕ ਸੁਚੱਜੀ ਮਾਂ ਸੀ। ਉਹ ਆਪਣੇ ਬੱਚੇ ਨੂੰ ਆਪਣੇ ਪਿਤਾ, ਦਾਦੇ ਤੇ ਪੜ੍ਹ ਦਾਦੇ ਵਾਂਗ, ਸਿੱਖ ਲਹਿਰ ਵਾਸਤੇ ਜੋ ਗੁਰੂ ਨਾਨਕ ਪਾਤਸ਼ਾਹ ਵੇਲੇ ਤੋਂ ਚੱਲੀ ਆ ਰਹੀ ਸੀ, ਸ਼ਹੀਦ ਹੋਣ/ ਕੁਰਬਾਨ ਹੋਣ ਦੀਆਂ ਨਸੀਹਤਾਂ ਵੀ ਦਿੰਦੀ ਹੋਵੇਗੀ। ਇਸੇ ਕਰਕੇ ਹੀ ਤਾਂ ਗੁਰੂ ਗੋਬਿੰਦ ਸਿੰਘ ਜੀ ਲੱਖ ਮਸੀਬਤਾਂ ਝੱਲਣ ਲਈ ਤਿਆਰ ਹੋ ਗਏ ਪਰ ਪਹਾੜੀ ਰਾਜਿਆਂ ਨਾਲ ਸਿਧਾਂਤਕ ਸਮਝੌਤਾ ਕਰਨ ਲਈ ਤਿਆਰ ਨਹੀਂ ਹੋਏ। ਗੱਲ ਸਿਰਫ ਐਨੀ ਕੁ ਹੀ ਸੀ ਕਿ ਗੁਰੂ ਜੀ ਤੁਸੀਂ ਲੱਖਾਂ ਦਾ ਇਕੱਠ ਕਰੋ, ਖੰਡੇ-ਬਾਟੇ ਦੀ ਪਾਹੁਲ ਦੇ ਕੇ ਸਮਾਜ ਵਿਚ ਤਬਦੀਲੀ ਲਿਆਓ। ਸਾਨੂੰ ਕੋਈ ਇਤਰਾਜ਼ ਨਹੀਂ। ਅਸੀਂ ਤੁਹਾਡੇ ਨਾਲ ਹਾਂ ਪਰ ਜਦੋਂ ਪਾਹੁਲ ਦਾ ਬਾਟਾ ਤਿਆਰ ਹੋ ਜਾਏ ਸਾਨੂੰ ਇਨ੍ਹਾ ਚੂਹੜੇ-ਚਮਾਰਾਂ, ਕੰਮੀਆਂ ਤੇ ਕਾਮਿਆਂ ਦੀ ਕਤਾਰ ਵਿਚ ਖੜੇ ਕਰਕੇ ਖੰਡੇ-ਬਾਟੇ ਦੀ ਪਾਹੁਲ ਲੈਣ ਨੂੰ ਨਾ ਕਹਿਣਾ। ਸਾਡੇ ਲਈ ਇਹ ਸੰਭਵ ਨਹੀਂ। ਪਰ ਗੁਰੂ ਜੀ ਨੇ ਸਿਧਾਂਤਕ ਸਮਝੌਤਾ ਪ੍ਰਵਾਨ ਨਹੀਂ ਕੀਤਾ ਤੇ ਇਸੇ ਕਰਕੇ ਹੀ ਜਦੋਂ ਦਾਅ ਲੱਗਦਾ ਪਹਾੜੀ ਰਾਜੇ ਹੀ ਗੁਰੂ ਜੀ ਤੇ ਚੜ੍ਹਾਈ ਕਰਕੇ ਆਏ।  

ਇਹ ਤਾਂ ਜੱਗ ਜਾਹਰ ਹੈ ਕਿ ਠੰਡੇ ਬੁਰਜ਼ ਵਿਚ ਮਾਤਾ ਜੀ ਨੇ ਆਪਣੇ ਪੋਤਰਿਆਂ ਨੂੰ ਕਿਹੜਾ ਕਿਹੜਾ ਉਪਦੇਸ਼ ਦਿੱਤਾ ਹੋਵੇਗਾ ਜਿਸ ਕਰਕੇ ਉਹ ਸੂਬਾ ਸਰਹੰਦ ਦੀ ਈਨ ਮੰਨਣ ਤੋਂ ਇਨਕਾਰੀ ਹੋ ਮੌਤ ਨੂੰ ਗਲੇ ਲਗਾ ਗਏ ਨਹੀਂ ਤਾਂ ਇਸ ਉਮਰ ਵਿਚ ਮੌਤ ਤੋਂ ਡਰ ਤਾਂ ਸੱਭ ਨੂੰ ਹੀ ਲੱਗਦਾ ਹੈ। ‘ਨਿਕੀਆਂ ਜ਼ਿੰਦਾਂ ਵੱਡੇ ਸਾਕੇ’ ਇਹ ਕਹਾਵਤ ਸਾਰੇ ਸਿੱਖਾਂ ਵਿਚ ਪ੍ਰਚੱਲਤ ਹੈ। ਪਰ ਇਹ ਵਾਪਰਿਆ ਕਿਉਂ? ਮਾਤਾ ਗੁਜਰੀ ਜੀ ਤੋਂ ਵੀ ਪਹਿਲਾਂ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਨਾਨਕੀ ਜੀ, ਜਿਸ ਬਾਰੇ ਸਿੱਖ ਇਤਹਾਸ ਬਿਲਕੁੱਲ ਚੁਪ ਬੈਠਾ ਹੈ, ਨੇ ਵੀ ਛੇਵੇਂ ਪਾਤਸ਼ਾਹ ਦੇ ਪਰਲੋਕ ਸਿਧਾਰਣ ਤੋਂ ਬਾਅਦ ਸਿੱਖ ਲਹਿਰ ਦੀ ਅਗਵਾਈ ਜਿਸ ਤਰ੍ਹਾਂ ਕਾਇਮ ਮੁਕਾਮ ਕੀਤੀ, ਭੁੱਲਣ ਯੋਗ ਨਹੀਂ ਅਤੇ ਇਸੇ ਹੀ ਤਰੀਕੇ ਮਾਤਾ ਗੁਜਰੀ ਜੀ ਨੇ ਵੀ ਆਪਣੇ ਪਤੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਲਹਿਰ ਦੀ ਵਾਂਗਡੋਰ ਸੰਭਾਲੀ ਅਤੇ ਸਿੱਖ ਲਹਿਰ ਨੂੰ ਪੈਰਾਂ ਸਿਰ ਖੜਾ ਕਰਨ ਲਈ ਇਸ ਵਿਚ ਰੂਹ ਫੂਕੀ।

ਪਰ ਵਾਰੇ ਵਾਰੇ ਜਾਈਏ ਮਾਤਾ ਗੁਜਰੀ ਜੀ ਦੇ ਉਪਦੇਸ਼ ਦੇ ਕਿ ਛੋਟੀ ਉਮਰ ਦੇ ਬੱਚਿਆਂ ਨੇ ਵੀ ਉਹ ਕੁੱਝ ਕਰ ਵਿਖਾਇਆ ਜੋ ਅੱਜ ਤਕ ਕਿਸੇ ਵੀ ਮੁਲਕ ਦੇ ਇਤਹਾਸ ਵਿਚ ਦਰਜ਼ ਨਹੀਂ। ਇਸਦਾ ਮਤਲਬ ਹੈ ਕਿ ਮਾਤਾ ਜੀ ਇਕ ਸੁਚੱਜੇ ਲੀਡਰ ਜਾਂ ਫੌਜੀ ਜਰਨੈਲ ਵੀ ਸਨ। ਕੁਰਬਾਨ ਜਾਈਏ ਮਾਤਾ ਗੁਜਰੀ ਦੇ ਹੌਂਸਲੇ ਤੋਂ ਜਿਸਦਾ ਪਤੀ ਪੰਜ ਪੰਜ ਸੱਤ ਸੱਤ ਸਾਲ ਤਕ ਘਰੋਂ ਗਾਇਬ ਹੋਵੇ, ਪਤਾ ਹੀ ਨਹੀਂ ਕਿ ਉਹ ਕਿਹੜੇ ਸ਼ਹਿਰ ਵਿਚ ਹਨ ਜਾਂ ਜਿਉਦੇ ਵੀ ਹਨ। ਹੋ ਸਕਦਾ ਹੈ ਕਿ ਕਦੀ ਕਦਾਈਂ ਕੋਈ ਗੁਰੂ ਦਾ ਪਿਆਰਾ ਆ ਕੇ ਸੁਨੇਹਾ ਦਿੰਦਾ ਹੋਵੇ ਕਿ ਮਾਤਾ ਜੀ ਫਿਕਰ ਨਾ ਕਰਨਾ ਗੁਰੂ ਤੇਗ ਬਹਾਦਰ ਜੀ ਠੀਕ ਠਾਕ ਫਲਾਣੇ ਸ਼ਹਿਰ ਵਿਚ ਹਨ। ਪਰ ਇਸ ਸੱਭ ਕੁੱਝ ਦੇ ਬਾਵਜ਼ੂਦ ਵੀ ਮਾਤਾ ਜੀ ਗੁਰੂ ਘਰ ਦੀਆਂ ਗਤੀ ਵਿਧੀਆਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਨਿਪੁੰਨ ਤਰੀਕੇ ਨਾਲ ਚਲਾ ਰਹੇ ਹਨ। ਇਹ ਸਾਰਾ ਕੰਮ ਕੋਈ ਬਹਾਦਰ ਤੇ ਸੁਚੱਜੀ ਮਾਂ ਹੀ ਕਰ ਸਕਦੀ ਹੈ।

“ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ” ਦੇ ਅਨੁਸਾਰ ਮਾਤਾ ਜੀ ਨੇ ਆਪਣੇ ਆਖਰੀ ਸਮੇਂ ਤੋਂ ਬਹੁਤ ਚਿਰ ਪਹਿਲਾਂ ਹੀ ਇਹ ਭਾਂਪ ਲਿਆ ਹੋਵੇਗਾ ਕਿ ਆਉਣ ਵਾਲਾ ਸਮਾ ਕਸ਼ਟਾਂ ਭਰਿਆ ਹੋਵੇਗਾ। ਇਸ ਕਰਕੇ ਹੀ ਉਹ ਹਰ ਮਸੀਬਤ ਨਾਲ ਲੜਨ- ਭਿੜਨ ਲਈ ਤਿਆਰ ਸਨ ਅਤੇ ਇਸੇ ਹੌਸਲੇ ਦੀ ਬਦੌਲਤ ਹੀ ਉਹ ਆਪਣੇ ਪੁੱਤਰ, ਗੁਰੂ ਗੋਬਿੰਦ ਸਿੰਘ ਜੀ, ਅਤੇ ਪੋਤਰਿਆਂ ਨੂੰ ਵੀ ਸਿਖਿਆ ਦੇ ਕੇ ਸੰਪੂਰਣ ਮਨੁੱਖ, ਯੋਧੇ ਅਤੇ ਜਰਨੈਲ ਬਣਾ ਗਏ। ਹਕੀਮ ਅਲਾੱਹ ਯਾਰ ਖਾਂ ਜੋਗੀ ਦਾ ਇਕ ਨਗਮਾ ਬੱਚਿਆਂ ਦੀ ਦਲੇਰੀ ਪੇਸ਼ ਕਰਦਾ ਹੈ ਜੋ ਮਾਤਾ ਗੁਜਰੀ ਜੀ ਨੇ ਉਨ੍ਹਾ ਵਿਚ ਭਰੀ ਸੀ:

ਰੋਕਾ ਜੁ ਜ਼ੁਲਮ ਸੇ ਤੋ ਮੁਸਲਮਾਂ ਬਿਗੜ ਗਏ।

ਬੁਤ ਕੋ ਬੁਰਾ ਕਹਾ ਤੋ ਯਿ ਹਿੰਦੂ ਬਿਟਰ ਗਏ।

ਤੇਗਾ ਨਿਕਾਲਾ ਹਮਨੇ ਸੋ ਸਭ ਜੋਸ਼ ਝੜ ਗਏ।

ਚਿੜੀਓ ਸੇ ਬਾਜ਼ ਰਨ ਮੇਂ ਨਦਾਮਤ ਸੇ ਗੜ ਗਏ।

ਫੌਜ਼ੋਂ ਪਿ ਨਾਜ਼ ਇਨ੍ਹੇਂ ਉਨ੍ਹੇਂ ਦੇਵੀ ਕਾ ਮਾਨ ਹੈ।

ਆਸ਼ਕ ਹੈਂ ਹਮ ਖੁਦਾ ਕੇ, ਹਥੇਲੀ ਪਿ ਜਾਨ ਹੈ।

ਗੁਰੂ ਦੇ ਪੰਥ ਦਾ ਦਾਸ,

ਗੁਰਚਰਨ ਸੀੰਘ ਜਿਉਣ ਵਾਲਾ 

647 966 3132, 810 449 1079

Have something to say? Post your comment