Monday, September 16, 2019
FOLLOW US ON

Article

ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ

August 22, 2019 09:00 PM
ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ
 
ਪਿਛਲੇ ਦਿਨੀ ਪੰਜਾਬ ਅਤੇ ਇਸਦੇ ਨਾਲ ਲੱਗਦੇ ਪਹਾੜੀ ਸੂਬਿਆਂ ਚ ਇੰਦਰ ਦੇਵਤਾ ਦੀ ਕਰੋਪੀ ਕਾਰਣ ਬੇਤਹਾਸ਼ਾ ਬਾਰਸ਼ਾਂ ਦੇ ਪਾਣੀ ਨੇ ਪੰਜਾਬ ਚ ਤਰੱਥਲੀ ਮਚਾ ਦਿੱਤੀ ਹੈ ਅਤੇ ਪੰਜਾਬੀਆਂ ਦੀ ਜਿੰਦਗੀ ਇੱਕਦਮ ਤਹਿਸ ਨਹਿਸ ਕਰ ਦਿੱਤੀ ਹੈ।ਸਾਰੀਆਂ ਝੀਲਾਂ ਅਤੇ ਡੈਮਾਂ ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ।ਪੰਜਾਬ ਚ ਹੜ੍ਹਾਂ ਕਾਰਣ ਲੋਕ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਹਨ।ਪਰ ਸੋਚਣ ਵਾਲੀ ਗੱਲ ਇਹ ਹੈ ਕਿ ਬੀਤੇ ਦੀਆਂ ਘਟਨਾਵਾਂ ਤੋਂ ਸਰਕਾਰਾਂ ਨੇ ਕੀ ਸਿੱਖਿਆ ਹੈ? ਮੌਸਮ ਵਿਭਾਗ ਦੀਆਂ ਚੇਤਾਵਨੀਆਂ ਨਾਲ ਕਿਸੇ ਦੇ ਸਿਰ ਕੋਈ ਜੂੰ ਨਹੀਂ ਸਰਕੀ।ਚੇਤਾਵਨੀਆਂ ਤੋਂ ਅਵੇਸਲੀਆ ਸਰਕਾਰਾਂ ਨੇ ਕੋਈ ਬਦਲਵੇਂ ਪ੍ਰਬੰਧ ਨਹੀਂ ਕੀਤੇ। ਅੱਜ ਯੋਗ ਪ੍ਰਬੰਧਾਂ ਦੀ ਘਾਟ ਅਤੇ ਅਵੇਸਲੇਪਣ ਕਾਰਣ ਲੋਕ ਲੋਕ ਸਮੱਸਿਆ ਨਾਲ ਜੂਝ ਰਹੇ ਹਨ।ਅਜਿਹੇ ਚ ਪੀੜਤ ਲੋਕਾਂ ਨੂੰ ਖਾਣਾ, ਪੀਣ ਦਾ ਪਾਣੀ, ਦੁੱਧ ,ਦਵਾਈਆਂ ,ਆਵਾਸ ,ਪਸ਼ੂਆਂ ਲਈ ਚਾਰਾ ਆਦਿ ਸਹੂਲਤਾਂ ਦੀ ਤੁਰੰਤ ਲੋੜ ਹੁੰਦੀ ਹੈ।ਕੀ ਪੀੜਤਾਂ ਲਈ ਇਹ ਸਹੂਲਤਾਂ ਉੱਪਲਬਧ ਹਨ ? ਮਹਿਕਮਿਆਂ ਕੋਲ ਫੰਡਾਂ ਦੀ ਅਣਹੋਂਦ ਕਾਰਣ ਅਧਿਕਾਰੀਆਂ ਅਤੇ ਕਰਮਚਾਰੀਆਂ ਚ ਬੇਵੱਸੀ ਅਤੇ ਲਾਚਾਰੀ ਸਾਫ ਝਲਕਦੀ ਹੈ।
ਰਾਜਨੀਤਕ ਆਕਾਵਾਂ ਦੀ ਸ਼ਹਿ ਪ੍ਰਾਪਤ ਲੋਕਾਂ ਨੇ ਨਜਾਇਜ਼ ਮਾਇਨਿੰਗ ਕਰਕੇ ਦਰਿਆਵਾਂ ਦੇ ਕੰਢਿਆਂ ਨੂੰ ਕਮਜ਼ੋਰ ਕਰ ਦਿੱਤਾ ਹੈ,ਜਿਸ ਨਾਲ ਦਰਿਆਵਾਂ ਚ ਥਾਂ ਥਾਂ ਪਾੜ ਪੈਣ ਨਾਲ ਪਿੰਡਾਂ ਦੇ ਪਿੰਡ ਪਾਣੀ ਦੀ ਮਾਰ ਹੇਠ ਹਨ। ਸਿਆਸੀ ਗਲਿਆਰਿਆਂ ਦੀ ਸ਼ਹਿ ਤੇ ਸਿਸਟਮ ਦੀਆਂ ਜੜ੍ਹਾਂ ਤਕ ਫੈਲੇ ਭ੍ਰਿਸ਼ਟਾਚਾਰ ਨੇ ਸਰਕਾਰੀ ਸਹੂਲਤਾਂ ਦੇ ਖੋਖਲੇਪਣ ਨੂੰ ਜੱਗ ਜਾਹਰ ਕਰ ਦਿੱਤਾ ਹੈ।ਦਰਿਆਵਾਂ ਦੇ ਕੰਢਿਆਂ ਦੀ ਬਹਾਲੀ ਲਈ ਸਰਕਾਰੀ ਫੰਡਾਂ ਦੀ ਅਣਹੋਂਦ, ਸਿਆਸੀ ਬੇਲੋੜੀ ਦਖਲਅੰਦਾਜ਼ੀ, ਇਮਾਨਦਾਰੀ ਦੀ ਘਾਟ,ਮਹਿਕਮਿਆਂ ਦੇ ਕੰਮ ਦੀ ਖੁਦਮੁਖਤਿਆਰੀ ਦੀ ਅਣਹੋਂਦ ਆਦਿ ਆਮ ਲੋਕਾਂ ਲਈ ਗੰਭੀਰ ਸਮੱਸਿਆਵਾਂ ਦਾ ਕਾਰਣ ਬਣਦੇ ਹਨ।ਅੱਜ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਸਮੱਸਿਆਵਾਂ ਚ ਘਿਰੇ ਲੋਕਾਂ ਦੀ ਮੱਦਦ ਲਈ ਇੱਕਾ ਦੁੱਕਾ ਧਾਰਮਿਕ ਸੰਸਥਾਵਾਂ ਨੂੰ ਛੱਡ ਕੇ ਕੋਈ ਨਹੀਂ ਬਹੁੜਿਆ।ਕਿਸੇ ਹੋਰ ਸੂਬੇ ਚ ਆਫਤ ਆਉਣ ਤੇ ਪੰਜਾਬੀ ਰੱਬ ਬਣਕੇ ਬਹੁੜਦੇ ਹਨ।ਲੰਗਰ,ਦਵਾਈਆਂ, ਟੈਪਰੇਰੀ ਰਿਹਾਇਸ਼ ਆਦਿ ਹਰ ਸੰਭਵ ਮੱਦਦ ਕਰਦੇ ਹਨ,ਪਰ ਅੱਜ ਪੰਜਾਬੀਆਂ ਲਈ ਕਿਸੇ ਨੇ ਵੀ ਕੋਈ ਕੋਸ਼ਿਸ਼ ਨਹੀਂ ਕੀਤੀ।ਕੇਂਦਰ ਸਰਕਾਰ ਦਾ ਪੰਜਾਬੀਆਂ ਪ੍ਰਤੀ ਰਵੱਈਆ ਵੀ ਨਾਂਹਪੱਖੀ ਰਿਹਾ ਹੈ।ਕੇਂਦਰ ਤੋਂ ਕਿਸੇ ਰਾਹਤ ਦੀ ਉਮੀਦ ਤਾਂ ਦੂਰ ਹਾਅ ਦਾ ਨਾਅਰਾ ਵੀ ਨਹੀਂ ਸਰਿਆ।
ਭਵਿੱਖ ਚ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਚੋਂ ਹੜ੍ਹ ਪੀੜਤ ਮੱਦਦ ਚ ਯੋਗਦਾਨ ਲਈ ਕਟੌਤੀ ਦਾ ਤੁਗਲਕੀ ਫੁਰਮਾਣ ਜਾਰੀ ਹੋ ਜਾਵੇਗਾ, ਪਰ ਸਿਆਸਤਦਾਨ ਇਸ ਕਾਰਜ ਲਈ ਨਿੱਜੀ ਕੀ ਯੋਗਦਾਨ ਪਾਉਂਣਗੇ ,ਸਭ ਜਾਣੂ ਹਨ।
ਫਿਰ ਵੀ ਜਿਹੜੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਇਸ ਆਫਤ ਮੌਕੇ ਮੱਦਦ ਚ ਲੱਗੀਆਂ ਹਨ,ਪ੍ਰਸੰਸਾ ਦੀਆਂ ਪਾਤਰ ਹਨ,ਪਰ ਦੇਸ਼ ਦੀਆਂ ਸਰਕਾਰਾਂ ਨੂੰ ਅਜਿਹੀਆਂ ਆਫਤਾਂ ਦੇ ਸਮੇਂ ਪਾਰਟੀਬਾਜੀ ਅਤੇ ਵਿਤਕਰੇਬਾਜ਼ੀ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਭਲਾਈ ਨੂੰ ਮੁੱਖ ਰੱਖ ਕੇ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ।ਅਤੇ ਭਵਿੱਖ ਚ ਅਜਿਹੀਆਂ ਆਫਤਾਂ ਦੇ ਟਾਕਰੇ ਲਈ ਯੋਗ ਰਣਨੀਤੀ ਘੜਨ ਦੀ ਲੋੜ ਹੈ।
ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ
9779708257
Have something to say? Post your comment