Sunday, January 26, 2020
FOLLOW US ON
BREAKING NEWS

Article

ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ

August 22, 2019 09:14 PM
5 ਸਤੰਬਰ ਅਧਿਆਪਕ ਦਿਵਸ ਤੇ ਵਿਸ਼ੇਸ਼ 
 
ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ 
 
 
ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਦੇਣ ਲਈ ਅਧਿਆਪਕ ਦਿਵਸ ਦਾ ਪ੍ਰਬੰਧ ਹੁੰਦਾ ਹੈ। ਕੁੱਝ ਦੇਸ਼ਾਂ ਵਿੱਚ ਉਸ ਦਿਨ ਦੀ ਛੁੱਟੀ ਹੁੰਦੀ ਹੈ ਜਦੋਂ ਕਿ ਕੁੱਝ ਦੇਸ਼ ਇਸ ਦਿਨ ਨੂੰ ਕੰਮ-ਕਾਜ ਕਰਦੇ ਹੋਏ ਮਨਾਉਂਦੇ ਹਨ। ਭਾਰਤੀ ਫਲਸਫੇ ਅਨੁਸਾਰ ਗੁਰੁ ਦਾ ਦਰਜਾ ਪ੍ਰਮਾਤਮਾ ਤੋਂ ਉੱਪਰ ਹੈ ਸੋ ਸਾਨੂੰ ਸਭ ਨੂੰ ਅਧਿਆਪਕ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਹੀ ਅਧਿਆਪਕ ਦਿਵਸ ਮਨਾਉਣ ਦੀ ਅਸਲ ਭਾਵਨਾ ਸਾਕਾਰ ਹੋ ਸਕਦੀ ਹੈ। ਭਾਰਤ ਦੇ ਭੂਤਪੂਰਵ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਦਾ ਜਨਮ ਦਿਨ (5 ਸਤੰਬਰ) ਭਾਰਤ ਵਿੱਚ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਅਧਿਆਪਕ ਦਿਵਸ, ਵਿਸ਼ਵ ਅਧਿਆਪਕ ਦਿਵਸ ਤੋਂ ਵੱਖ ਹੁੰਦੇ ਹਨ, ਜੋ ਅਧਿਕਾਰਿਕ ਤੌਰ 'ਤੇ 5 ਅਕਤੂਬਰ ਨੂੰ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ। 1962 'ਚ ਜਦੋਂ ਉਹ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਉਹਨਾਂ ਦੇ ਕੁਝ ਵਿਦਿਆਰਥੀਆਂ ਸਮੇਤ ਦੋਸਤਾਂ ਨੇ ਉਹਨਾਂ ਦਾ ਜਨਮਦਿਨ ਮਨਾਉਣ ਦੀ ਇੱਛਾ ਜ਼ਾਹਰ ਕੀਤੀ ਪਰ ਡਾ.ਰਾਧਾਕ੍ਰਿਸ਼ਨਨ ਨੇ ਸੁਝਾਅ ਦਿੱਤਾ ਕਿ ਕਿਉਂ ਨਾ ਅਸੀਂ ਇਸ ਦਿਨ ਨੂੰ ਅਧਿਆਪਕਾਂ ਨੂੰ ਸਮਰਪਿਤ ਕਰੀਏ, ਜੋ ਕਿ ਉਹਨਾਂ ਦੇ ਅਧਿਆਪਨ ਕਿੱਤੇ ਲਈ ਪਿਆਰ ਦਾ ਸਬੂਤ ਹੈ। ਸਾਲ 1967 ਤੋਂ ਇਹ ਦਿਨ ਅਧਿਆਪਕ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਡਾ. ਰਾਧਾਕ੍ਰਿਸ਼ਨਨ ਦੇ ਜਨਮ ਦਿਨ ਮੌਕੇ ਸਕੂਲਾਂ ਕਾਲਜਾਂ 'ਚ ਵਿਦਿਆਰਥੀਆਂ ਵਲ੍ਹੋਂ ਆਪਣੇ ਅਧਿਆਪਕਾਂ ਦੇ ਸਤਿਕਾਰ ਵਜੋਂ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਡਾ. ਰਾਧਾਕ੍ਰਿਸ਼ਨਨ ਅਨੁਸਾਰ ਅਧਿਆਪਕ ਸਮਾਜ ਦੇ ਸਭ ਤੋਂ ਵਧ ਰੋਸ਼ਨ ਦਿਮਾਗ ਹੁੰਦੇ ਹਨ। ਅਨਪੜ੍ਹਤਾ ਕਾਰਨ ਬਹੁਤ ਸਾਰੀ ਸਮਾਜਿਕ ਸ਼ਕਤੀ ਦਿਸ਼ਾਹੀਣ ਹੁੰਦੀ ਹੈ ਅਤੇ ਉਸ ਸ਼ਕਤੀ ਨੂੰ ਗਿਆਨ ਪ੍ਰਦਾਨ ਕਰਕੇ ਦਿਸ਼ਾਬੱਧ ਬਨਾਉਣਾ ਅਧਿਆਪਕ ਦਾ ਪ੍ਰਮੁੱਖ ਕਾਰਜ ਹੈ। ਭਟਕਦੇ ਮਨ ਨੂੰ ਸ਼ਾਂਤ ਕਰਨ ਦਾ ਇਕਮਾਤਰ ਉਪਾਅ ਗਿਆਨ ਹੈ ਜੋ ਕਿ ਅਧਿਆਪਕ ਵਲੋਂ ਪ੍ਰਾਪਤ ਹੁੰਦਾ ਹੈ। ਡਾ. ਰਾਧਾਕ੍ਰਿਸ਼ਨਨ ਨੇ ਸਿੱਖਿਆ ਨੂੰ ਸਮਾਜਿਕ ਆਰਥਿਕ ਅਤੇ ਸੱਭਿਆਚਾਰਕ ਤਬਦੀਲੀ ਦੇ ਮੁੱਖ ਤੱਤ ਵਜੋਂ ਪਰਿਭਾਸ਼ਿਤ ਕੀਤਾ ਹੈ। ਭਾਰਤ ਵਰਗੇ ਵਿਕਾਸਸ਼ੀਲ ਮੁਲਕ 'ਚ ਲੋੜੀਂਦੇ ਟੀਚੇ ਨਾਲੋਂ ਘੱਟ ਸਿੱਖਿਆ ਦਰ ਹੋਣ ਕਾਰਨ ਇਸ ਦਿਨ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ।
ਇਸ ਦੁਨੀਆਂ ਦੀ ਸੁੰਦਰਤਾ ਨੂੰ ਵਧਾਉਣ ਲਈ ਜੇਕਰ ਕੋਈ ਮਹਾਨ ਯੋਗਦਾਨ ਪਾਉਂਦਾ ਹੈ ਤਾਂ ਉਹ ਅਧਿਆਪਕ ਹੀ ਹੈ, ਇਕ ਅਧਿਆਪਕ ਹੀ ਉਸ ਪੀੜ੍ਹੀ ਨੂੰ ਤਿਆਰ ਕਰਦਾ ਹੈ ਜਿਹੜੇ ਅੱਗੇ ਵਧ ਕੇ ਮਹਾਨ ਵਿਚਾਰਧਾਰਾ ਦੇ ਨਾਲ ਇਸ ਦੁਨੀਆਂ ਨੂੰ ਰੁਸ਼ਨਾਉਂਦੇ ਹਨ। ਇਸ ਲਈ ਇਤਿਹਾਸ ਵਿੱਚ ਸਭ ਤੋਂ ਵੱਧ ਯੋਗਦਾਨ ਅਧਿਆਪਕ ਵਰਗ ਦਾ ਹੀ ਹੁੰਦਾ ਹੈ। ਅਜਿਹੇ ਕਈ ਉਦਾਹਰਣ ਹਨ ਜਿਹੜੇ ਸਿੱਖਿਅਕ ਦੇ ਪ੍ਰਤੱਖ ਰੂਪ ਨੂੰ ਵਧਾਉਂਦੇ ਹਨ। ਏਕਲਵਯਾ ਦੀ ਆਪਣੇ ਗੁਰੂ ਦਰੋਣਾਚਾਰੀਆ ਦੀ ਮੂਰਤ ਬਣਾ ਕੇ ਖ਼ੁਦ ਸਿੱਖਣ ਦੀ ਕਹਾਣੀ ਗੁਰੂ ਦੇ ਪ੍ਰਤੀ ਇੱਜ਼ਤ ਦੀ ਵੱਡੀ ਉਦਾਹਰਣ ਹੈ।
ਗੁਰੂ, ਜਿਹੜਾ ਗਿਆਨ ਦਿੰਦਾ ਹੈ, ਉਸ ਨੂੰ ਸਮਾਜ ਵਿਚ ਸਭ ਤੋਂ ਉੱਚਾ ਸਨਮਾਨ ਸਿਰ ਪੁਰਾਣੀਆਂ ਕਹਾਣੀਆਂ ) ਚੋਂ ਹੀ ਨਹੀਂ ਬਲਕਿ ਮੌਜੂਦਾ ਸਮੇਂ ਵਿੱਚ ਵੀ ਵੇਖਿਆ ਜਾ ਸਕਦਾ ਹੈ। ਇਸ ਲਈ ਤਾਂ ਸਾਡੀ ਸਿੱਖਿਆ ਵਿਵਸਥਾ ਵਿਚ ਅੱਜ ਉਨ੍ਹਾਂ ਮਹੱਤਵਪੂਰਨ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਅਕਸਰ ਹੀ ਕੀਤਾ ਜਾਂਦਾ ਹੈ ਜਿਨ੍ਹਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਣਾ ਹੈ। 
ਹੁਣ ਵੀ ਅਜਿਹੇ ਅਧਿਆਪਕ ਹਨ ਜਿਹੜੇ ਆਪਣੀ ਸਾਰੀ ਉਮਰ ਸਿੱਖਿਆ ਖੇਤਰ ਨੂੰ ਹੋਰ ਵਧੀਆ ਕਰਨ ਲਈ ਸਮਰਪਿਤ ਕਰ ਚੁੱਕੇ ਹਨ। ਪਰ ਉਸ ਦੇ ਨਾਲ ਹੀ ਅਜਿਹੇ ਅਧਿਆਪਕ ਵੀ ਹਨ ਜੋ ਸਿੱਖਿਆ ਦੀ ਅਨਮੋਲ ਦਾਤ ਹਾਸਲ ਕਰਨ ਤੋਂ ਬਾਅਦ ਸਿੱਖਿਅਕ ਵਰਗਾ ਵਿਵਹਾਰ ਨਹੀਂ ਕਰਦੇ। ਗੁਰੂ-ਸ਼ਿਸ਼ ਵਰਗੇ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰਨ ਵਾਲੀਆਂ ਕੁਝ ਘਟਨਾਵਾਂ ਸਿੱਖਿਆ ਦੇ ਖੇਤਰ ਨੂੰ ਅਪਵਿੱਤਰ ਕਰ ਰਹੀਆਂ ਹਨ। ਅਪਵਿੱਤਰਤਾ ਫੈਲਾਉਣ ਵਾਲੇ ਅਤੇ ਗਾਈਡ ਦੀ ਮਦਦ ਦੇ ਨਾਲ ਪੜ੍ਹਾਉਣ ਵਾਲੇ ਸਿੱਖਿਅਕਾਂ ਨੂੰ ਸ਼੍ਰੀ ਕ੍ਰਿਸ਼ਨਾਮੂਰਤੀ ਬਾਰੇ ਜਾਨਣ ਦੀ ਸਖ਼ਤ ਜ਼ਰੂਰਤ ਹੈ। ਕ੍ਰਿਸ਼ਨਾਮੂਰਤੀ ਇਕ ਸਰਲ ਸੁਭਾਵੀ ਮਹਾਨ ਸਿੱਖਿਅਕ ਸਨ ਜਿਨ੍ਹਾਂ ਨੇ ਦੁਨੀਆਂ ਦੇ ਅਲੱਗ ਅਲੱਗ ਹਿੱਸਿਆਂ ਵਿਚ ਚੰਗੀ ਸਿੱਖਿਆ ਬਾਰੇ ਹੋਏ ਸਮਾਗਮਾਂ ਵਿਚ ਆਪਣੇ ਵਿਚਾਰ ਦਿੱਤੇ। ਕ੍ਰਿਸ਼ਨਾਮੂਰਤੀ ਦਾ ਮੰਨਣਾ ਸੀ ਕਿ ਪਰਿਵਰਤਨ ਵਿਅਕਤੀ ਦੇ ਦਿਲ ਵਿਚ ਹੌਲੀ ਹੌਲੀ ਨਹੀਂ ਬਲਕਿ ਤੁਰੰਤ ਹੋਣਾ ਚਾਹੀਦਾ ਹੈ। 
ਮਸ਼ਹੂਰ ਸਮਾਜ ਸ਼ਾਸਤਰੀ ਇਮਾਨੀਲ ਤੁਰਾਖਾਇਨ ਅਨੁਸਾਰ ਅਧਿਆਪਕ ਸਮਾਜੀਕਰਨ ਪ੍ਰਕਿਰਿਆ ਦੀ ਨੀਂਹ ਹੈ। ਜਿਸ ਤਰ੍ਹਾਂ ਦੀ ਨੀਂਹ ਹੋਵੇਗੀ, ਉਸ ਤਰ੍ਹਾਂ ਦੀ ਹੀ ਪੀੜ੍ਹੀ ਹੋਵੇਗੀ ਅਤੇ ਜਿਸ ਤਰ੍ਹਾਂ ਦੀ ਪੀੜ੍ਹੀ ਹੋਵੇਗੀ, ਉਸ ਤਰ੍ਹਾਂ ਦੀ ਹੀ ਸੱਭਿਅਤਾ ਹੋਵੇਗੀ। ਜੇਕਰ ਅਸੀਂ ਚੰਗੀ ਸੱਭਿਅਤਾ ਸਥਾਪਤ ਕਰਨੀ ਹੈ ਤਾਂ ਸਾਨੂੰ ਅਧਿਆਪਕ ਪ੍ਰਣਾਲੀ ਚੰਗੀ ਬਨਾਉਣ ਦੀ ਲੋੜ ਹੈ।
ਇੱਕ ਚੰਗਾ ਅਧਿਆਪਕ ਹਮੇਸ਼ਾਂ ਆਪਣੇ ਵਿਦਿਆਰਥੀਆਂ ਵਿੱਚ ਹਰਮਨ ਪਿਆਰਾ ਬਣਿਆ ਰਹਿੰਦਾ ਹੈ। ਜੋ ਔਖੇ ਸੁਆਲਾਂ ਨੂੰ ਵੀ ਸੌਖੇ ਢੰਗ ਨਾਲ ਬੱਚਿਆਂ ਨੂੰ ਸਮਝਾਉਣ ਵਿੱਚ ਸਫਲ ਹੋ ਜਾਂਦਾ ਹੈ। ਇਸ ਦੇ ਨਾਲ ਹੀ ਹੁਸ਼ਿਆਰ ਬੱਚਿਆਂ ਨੂੰ ਸਮਝਾਉਣਾ/ਪੜਾਉਣਾ ਭਾਵੇਂ ਕਿ ਸੌਖਾ ਕੰਮ ਹੁੰਦਾ ਹੈ, ਪਰ ਕਮਜ਼ੋਰ ਵਿਦਿਆਰਥੀਆਂ ਵੱਲ ਉਚੇਚਾ ਧਿਆਨ ਦੇ ਕੇ, ਪਿਆਰ, ਲਗਨ, ਮਿਹਨਤ ਨਾਲ ਉਹਨਾਂ ਨੂੰ ਵੀ ਕਾਬਿਲ ਵਿਦਿਆਰਥੀਆਂ ਦੀ ਕਤਾਰ ਵਿੱਚ ਖੜ੍ਹਾ ਕਰਨ ਵਾਲਾ ਅਧਿਆਪਕ ਸਹੀ ਮਾਇਨਿਆਂ ਵਿੱਚ ਆਪਣੇ ਕਿੱਤੇ ਨਾਲ ਇਨਸਾਫ ਕਰ ਪਾਉਂਦਾ ਹੈ। ਵਿਦਿਆਰਥੀਆਂ ਦੇ ਮਨਾਂ ਅੰਦਰ ਉਤਸ਼ਾਹ, ਆਤਮ ਵਿਸ਼ਵਾਸ਼, ਦਿਲਚਸਪੀ ਪੈਦਾ ਕਰਨ ਦੀਆਂ ਅਹਿਮ ਜਿੰਮੇਵਾਰੀਆਂ ਨਿਭਾਉਣਾ ਅਧਿਆਪਕ ਦੇ ਹਿੱਸੇ ਵਿੱਚ ਆਉਂਦਾ ਹੈ ਅਤੇ ਇਹੀ ਕਾਰਣ ਹੈ ਕਿ ਅਧਿਆਪਕ ਨੂੰ ਸਮਾਜ ਸਿਰਜਕ ਕਿਹਾ ਜਾਂਦਾ ਹੈ।
ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤਾ ਮਨੁੱਖ ਜਿੰਦਗੀ ਵਿੱਚਲੇ ਅਹਿਮ ਰਿਸ਼ਤਿਆਂ ਵਿੱਚੋਂ ਹੁੰਦਾ ਹੈ। ਹਰ ਅਧਿਆਪਕ ਲਈ ਜ਼ਰੂਰੀ ਹੈ ਕਿ ਬੱਚਿਆਂ ਦੇ ਮਨਾਂ ਅੰਦਰ ਵਿੱਦਿਆ ਪ੍ਰਤੀ ਚਾਨਣ ਪੈਦਾ ਕਰਨ ਦੇ ਨਾਲ ਨਾਲ ਨੈਤਿਕ ਗੁਣ ਪੈਦਾ ਕੀਤੇ ਜਾਣ। ਕਮਜ਼ੋਰ ਵਿਦਿਆਰਥੀਆਂ ਦੀ ਮੱਦਦ ਲਈ ਹਮੇਸ਼ਾ ਤਿਆਰ ਰਿਹਾ ਜਾਵੇ। ਵਿਦਿਆਰਥੀਆਂ ਅੰਦਰ ਚੰਗੇ ਸਦਾਚਾਰਕ ਗੁਣ ਪੈਦਾ ਕਰਨ ਲਈ ਅਧਿਆਪਕ ਦਾ ਆਪਣਾ ਜੀਵਣ ਵਿਦਿਆਰਥੀ ਲਈ ਸੱਭ ਤੋਂ ਪਹਿਲਾ ਪ੍ਰੇਰਣਾ ਸਰੋਤ ਹੋਵੇ। ਅਧਿਆਪਕ ਬੱਚੇ ਅੰਦਰ ਲੁਕੀ ਪ੍ਰਤਿਭਾ ਨੂੰ ਪਹਿਚਾਣ ਕੇ ਉਸਦੇ ਅੰਦਰ ਉਸ ਅੰਦਰ ਉਤਸ਼ਾਹ ਪੈਦਾ ਕਰ ਸਕਦੇ ਹਾ ਜਿਸ ਪ੍ਰਤੀ ਸ਼ਾਇਦ ਵਿਦਿਆਰਥੀ ਸੰਵੇਦਨਸ਼ੀਲ ਨਹੀਂ ਹੁੰਦਾ  ।ਸਰਕਾਰ ਦੁਆਰਾ ਚੰਗੀ ਕਾਰਗੁਜ਼ਾਰੀ ਲਈ ਅਧਿਆਪਕਾ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਪਰ ਇੱਕ ਅਧਿਆਪਕ ਹਮੇਸ਼ਾ ਉਸ ਸਮੇਂ ਮਾਣ ਮਹਿਸੂਸ ਕਰਦਾ ਹੈ ਜਦੋਂ ਉਸ ਤੋਂ ਸਿੱਖਿਆ ਪ੍ਰਾਪਤ ਕਰ ਕੋਈ ਵਿਦਿਆਰਥੀ ਕਿਸੇ ਉੱਚ ਅਹੁਦੇ ਤੇ ਪਹੁੰਚ ਜਾਂਦਾ ਹੈ ਜਾਂ ਸਮਾਜ ਵਿੱਚ ਵਿਚਰਦਿਆ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਂਦਾ ਹੈ। ਅਸੀਂ ਸਭ ਜੋ ਆਪਣੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਸਾਨੂੰ ਇਹ ਅਹਿਸਾਸ ਹੋਵੇਗਾ ਕਿ ਅੱਜ ਅਸੀਂ ਜਿਸ ਮੁਕਾਮ ਤੇ ਵੀ ਹਾਂ ਉੱਥੇ ਪਹੁੰਚਾਉਣ ਵਿੱਚ ਸਾਡੇ ਸਤਿਕਾਰਯੋਗ ਅਧਿਆਪਕਾਂ ਦਾ ਹੀ ਹੱਥ ਹੈ। ਸੋ 5 ਸਤੰਬਰ ਦਾ ਦਿਨ ਅਜਿਹਾ ਹੈ ਜਦੋਂ ਅਸੀਂ ਆਪਣੇ ਅਧਿਆਪਕਾਂ ਨੂੰ ਤੋਹਫ਼ੇ ਅਤੇ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾ ਦੇ ਉਹਨਾਂ ਨੂੰ ਉਹ ਮਾਣ ਅਤੇ ਸਤਿਕਾਰ ਦੇ ਸਕਦੇ ਹਾਂ ਜਿਸ ਦੇ ਉਹ ਹੱਕਦਾਰ ਹਨ।ਇੱਕ ਪਾਸੇ ਤਾਂ ਇੱਥੇ ਅਧਿਆਪਕ ਦਿਵਸ ਵਰਗਾ ਦਿਨ ਬੜੀ ਸ਼ਰਧਾ ਨਾ ਮਨਾਇਆ ਜਾਂਦਾ ਹੈ ਤੇ ਦੂਜੇ ਪਾਸੇ ਟੀਚਰਾਂ ਜਾਂ ਅਧਿਆਪਕਾਂ ਨੂੰ ਅਪਮਾਨਿਤ ਕਰਨ ਦੀ ਕੋਈ ਕਸਰ ਵੀ ਨਹੀਂ ਛੱਡੀ ਜਾਂਦੀ। ਜਦ ਵੀ ਟੀਚਰ ਆਪਣੇ ਹੱਕ ਦੀ ਲੜਾਈ ਲੜਨ ਲਈ ਸਾਹਮਣੇ ਆਏ ਹਨ ਉਨ੍ਹਾਂ ਉੱਤੇ ਤਸ਼ੱਦਦ ਢਾਇਆ ਗਿਆ ਹੈ। ਪੁਲਿਸ ਵਲੋਂ ਉਨ੍ਹਾਂ ਦੇ ਸਨਮਾਨ ਲਈ ਉਨ੍ਹਾਂ ‘ਤੇ ਲਾਠੀਆਂ ਦੀ ਬੁਛਾਰ ਕੀਤੀ ਜਾਂਦੀ ਹੈ।
ਹੁਣ ਜਿਹੜੇ ਟੀਚਰਾਂ ਜਾਂ ਅਧਿਆਪਕਾਂ ‘ਤੇ ਪੁਲਿਸ ਵਾਲਿਆਂ ਵਲੋਂ ਲਾਠੀਆਂ ਦੀ ਵਰਸਾਤ ਕੀਤੀ ਜਾਂਦੀ ਹੈ ਉਨ੍ਹਾਂ ਦੇ ਬੱਚੇ ਹੀ ਉਨ੍ਹਾਂ ਟੀਚਰਾਂ ਕੋਲ ਫਿਰ ਸਿੱਖਿਆ ਗ੍ਰਹਿਣ ਕਰਨ ਲਈ ਜਾਂਦੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਟੀਚਰਾਂ ਦਾ ਇਹੋ ਜਿਹਾ ਸਨਮਾਨ ਉਨ੍ਹਾਂ ਨੂੰ ਤੁਹਾਡੇ ਬੱਚਆਂ ਨੂੰ ਸਿੱਖਿਅਤ ਕਰਨ ਦੀ ਇਵਜ਼ ਵਿੱਚ ਦਿੱਤਾ ਜਾਂਦਾ ਹੈ ।।ਅਸਲ ਵਿੱਚ ਟੀਚਰ ਜਾਂ ਅਧਿਆਪਕ ਦਾ ਰੁਤਬਾ ਪਹਿਲੇ ਵਾਲਾ ਨਹੀਂ ਰਹਿ ਗਿਆ। ਏਥੇ ਏਕਲੱਵਿਆ ਨਹੀਂ ਰਹੇ ਕਿ ਉਹ ਟੀਚਰ ਜਾਂ ਆਪਣੇ ਗੁਰੂ ਦੇ ਕਹਿਣ ‘ਤੇ ਆਪਣਾ ਅੰਗੂਠਾ ਕੱਟ ਦੇਣ। ਏਥੇ ਤਾਂ ਇਹ ਵੀ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਜੇਕਰ ਕੋਈ ਅਧਿਆਪਕ ਕਿਸੇ ਬੱਚੇ ਦੀ ਸਲਾਮਤੀ ਲਈ ਉਸਨੂੰ ਕੁਝ ਕਹਿ ਵੀ ਦੇਵੇ ਤਾਂ ਜਾਂ ਫਿਰ ਉਹ ਬੱਚਾ ਹੀ ਅਧਿਆਪਕਾਂ ਨੂੰ ਧਮਕੀਆਂ ਦੇਣ ਲੱਗ ਪਏਗਾ ਜਾਂ ਫਿਰ ਬੱਚੇ ਦੇ ਮਾਂ-ਪਿਓ ਆ ਕੇ ਟੀਚਰਾਂ ਨੂੰ ਬੁਰਾ ਭਲਾ ਕਹਿ ਕੇ ਕੋਸਣ ਲਗਦੇ ਹਨ।ਅਸਲ ਵਿੱਚ ਟੀਚਰ ਜਾਂ ਅਧਿਆਪਕ ਦਾ ਰੁਤਬਾ ਪਹਿਲੇ ਵਾਲਾ ਨਹੀਂ ਰਹਿ ਗਿਆ।
 
 
 
 
ਸੰਦੀਪ ਕੰਬੋਜ 
ਪਿੰਡ ਗੋਲੂ ਕਾ ਮੋੜ 
ਤਹਿਸੀਲ ਗੁਰੂਹਰਸਹਾਏ 
ਜਿਲ੍ਹਾ ਫਿਰੋਜ਼ਪੁਰ 
ਸੰਪਰਕ ਨੰਬਰ- 97810-00909
Have something to say? Post your comment