Sunday, January 26, 2020
FOLLOW US ON
BREAKING NEWS

Article

ਆਸਟ੍ਰੇਲੀਆਈ ਟੈਨਿਸ 'ਚ ਉੱਭਰਦਾ ਪੰਜਾਬੀ ਟੈਨਿਸ ਸਟਾਰ ਗੁਰਕਿਰਤ ਸਿੰਘ

August 25, 2019 09:02 PM

ਆਸਟ੍ਰੇਲੀਆਈ ਟੈਨਿਸ 'ਚ ਉੱਭਰਦਾ ਪੰਜਾਬੀ ਟੈਨਿਸ ਸਟਾਰ ਗੁਰਕਿਰਤ ਸਿੰਘ

ਆਸਟ੍ਰੇਲੀਆ ਦੀਆਂ ਵੱਖ ਵੱਖ ਖੇਡਾਂ 'ਚ ਪੰਜਾਬੀ ਬੜੀ ਤੇਜੀ ਨਾਲ ਉੱਭਰ ਕੇ ਅੱਗੇ ਆ ਰਹੇ ਨੇ। ਮੈਂ ਆਪਣੀ ਆਸਟ੍ਰੇਲੀਆਈ ਫੇਰੀ ਦੌਰਾਨ ਕਾਫੀ ਪੰਜਾਬੀ ਖਿਡਾਰੀਆਂ ਨੂੰ ਮਿਲਿਆ ਜਿਹੜੇ ਆਉਣ ਵਾਲੇ ਕਿਸੇ ਵਕਤ ਵੀ ਆਸਟ੍ਰੇਲੀਆਈ ਰਾਸ਼ਟਰੀ ਤਿਰੰਗਾ ਲਹਿਰਾ ਕੇ ਪੰਜਾਬੀਆਂ ਦਾ ਨਾਮ ਦੁਨੀਆ 'ਚ ਰੌਸ਼ਨ ਕਰਨਗੇ। ਅੰਮ੍ਰਿਤਸਰ ਦੇ ਰੌਨੀ ਸਿੰਘ ਦਾ ਉਥੋਂ ਦੀ ਬਾਡੀਬਿਲਡਿੰਗ 'ਚ ਸਟ੍ਰੌਂਗ ਮੈਨ ਦਾ ਖਿਤਾਬ ਜਿੱਤਣਾ, ਗੁਰਿੰਦਰ ਸਿੰਘ ਸੰਧੂ ਅਤੇ ਜੇ.ਐੱਸ ਸੰਘਾ ਅਤੇ ਜਸਕਬੀਰ ਸਿੰਘ ਦਾ ਕ੍ਰਿਕਟ 'ਚ ਨਾਮਣਾ ਖੱਟਣਾ, ਪਹਿਲਵਾਨ ਸੰਦੀਪ ਕੁਮਾਰ ਤੇ ਰੁਪਿੰਦਰ ਕੌਰ ਦਾ ਕੁਸ਼ਤੀ 'ਚ ਅੱਗੇ ਆਉਣਾ । ਇਸ ਤੋਂ ਇਲਾਵਾ ਕਈ ਹੋਰ ਨਾਮੀ ਖਿਡਾਰੀਆਂ ਦਾ ਆਸਟ੍ਰੇ਼ਲੀਆਈ ਖੇਡਾਂ 'ਚ ਕੌਮੀ ਪੱਧਰ 'ਤੇ ਚੰਗਾ ਨਾਮ ਬਣਾਉਣਾ ਪੰਜਾਬੀ ਖਿਡਾਰੀਆਂ ਦੀਆਂ ਵੱਡੀਆਂ ਪ੍ਰਾਪਤੀਆਂ ਹਨ। ਮੇਰੀ ਆਸਟ੍ਰੇਲੀਆਈ ਫੇਰੀ ਦੌਰਾਨ ਮੈਨੂੰ ਗਲੈੱਨ ਐਰਿਸ ਵੈਲੀ ਟੈਨਿਸ ਕਲੱਬ ਜਾਣ ਦਾ ਮੌਕਾ ਮਿਲਿਆ। ਇਸ ਟੈਨਿਸ ਕਲੱਬ 'ਚ ਟੈਨਿਸ ਦੀਆਂ 12 ਗ੍ਰਾਊਂਡਾਂ ਹਨ। ਜਿਸ 'ਚ ਸਾਰੇ ਆਸਟ੍ਰੇਲੀਆਈ ਟੈਨਿਸ ਦੇ ਉੱਭਰਦੇ ਖਿਡਾਰੀ ਪ੍ਰੈਕਟਿਸ ਕਰਦੇ ਹਨ। ਵੱਡੀ ਖੁਸ਼ੀ ਦੀ ਗੱਲ ਉਦੋਂ ਹੋਈ ਜਦੋਂ ਪੰਜਾਬੀ ਮੂਲ ਦਾ ਉੱਭਰਦਾ 18 ਸਾਲ ਦਾ ਗੁਰਕਿਰਤ ਸਿੰਘ ਆਸਟ੍ਰੇਲੀਅਨ ਮੂਲ ਦੇ ਖਿਡਾਰੀਆਂ ਨਾਲ ਲੀਗ ਮੈਚਾਂ 'ਚ ਆਪਣੇ ਖੇਡ ਹੁਨਰ ਦਾ ਲੋਹਾ ਲੈ ਰਿਹਾ ਸੀ। ਜਦੋਂ ਮੈਂ ਉਸਦੀ ਖੇਡ ਪ੍ਰਤੀ ਜਾਨਣ ਦੀ ਉਤਸੁਕਤਾ ਜਗਾਈ ਮੈਨੂੰ ਪਤਾ ਚੱਲਿਆ ਕਿ ਪਿਤਾ ਜਗਦੀਪ ਸਿੰਘ, ਮਾਤਾ ਗੁਰਪ੍ਰੀਤ ਕੌਰ ਵਾਸੀ ਪਿੰਡ ਆਲਮਗੀਰ ਦਾ ਸਾਲ 2001 'ਚ ਜਨਮਿਆ ਲਾਡਲਾ ਇਕਲੌਤਾ ਗੁਰਕਿਰਤ ਸਿੰਘ ਨੂੰ ਖੇਡਾਂ ਦੀ ਗੁੜ੍ਹਤੀ ਪਰਿਵਾਰ 'ਚੋਂ ਹੀ ਮਿਲੀ। ਭਾਵੇਂ ਮਾਪੇ ਉਸਨੂੰ ਫੁਟਬਾਲ ਦਾ ਖਿਡਾਰੀ ਬਣਾਉਣਾ ਚਾਹੁੰਦੇ ਸਨ ਪਰ ਗੁਰਕਿਰਤ ਸਿੰਘ ਦਾ ਮੋਹ ਮੁੱਢ ਤੋਂ ਹੀ ਟੈਨਿਸ ਵੱਲ੍ਹ ਸੀ। ਟੈਨਿਸ ਦੇ ਖੇਤਰ 'ਚ ਆਸਟ੍ਰੇਲੀਆਈ ਓਪਨ ਟੈਨਿਸ ਦੁਨੀਆ ਦਾ ਇੱਕ ਚਰਚਿਤ ਟੂਰਨਾਮੈਂਟ ਹੈ ਜੋ ਹਰ ਸਾਲ ਜਨਵਰੀ ਮਹੀਨੇ ਖੇਡੀਆ ਜਾਂਦਾ ਹੈ। ਗੁਰਕਿਰਤ ਸਿੰਘ ਨੂੰ ਆਸਟ੍ਰੇਲੀਆਈ ਓਪਨ ਨੇ ਟੈਨਿਸ ਵੱਲ੍ਹ ਨੂੰ ਪ੍ਰੇਰਿਤ ਕੀਤਾ। ਅਜੇ ਭਾਵੇਂ ਉਹ ਸਕੂਲੀ ਵਿਦਿਆਰਥੀ ਹੈ, ਪਰ ਉਸਦੀ ਟੈਨਿਸ ਪ੍ਰਤੀ ਜਾਣਕਾਰੀ ਖੇਡ ਪ੍ਰਤੀ ਸਮਰਪਿਤ ਭਾਵਨਾ ਅਤੇ ਉਸਦਾ ਸਖਤ ਮਿਹਨਤ ਨਾਲ ਕੀਤਾ ਅਭਿਆਸ ਯਕੀਨਨ ਉਸਨੂੰ ਇੱਕ ਦਿਨ ਕਿਸੇ ਮੁਕਾਮ ਤੇ ਲੈ ਕੇ ਜਾਵੇਗਾ। ਗੁਰਕਿਰਤ ਸਿੰਘ ਇਸ ਵਕਤ ਆਸਟ੍ਰੇਲੀਅਈ ਟੈਨਿਸ ਦੀ ਰੈਂਕਿੰਗ 'ਚ 494 ਨੰਬਰ 'ਤੇ ਹੈ। ਇਸ ਤੋਂ ਪਹਿਲਾਂ ਉਹ 396 ਰੈਂਕਿੰਗ ਤੱਕ ਵੀ ਪਹੁੰਚ ਚੁੱਕਾ ਹੈ। ਉਸ ਨੇ ਹੁਣ ਤੱਕ 102 ਦੇ ਕਰੀਬ ਟੂਰਨਾਮੈਂਟ ਖੇਡੇ ਨੇ ਜਿੰਨ੍ਹਾਂ 'ਚ 450 ਦੇ ਕਰੀਬ ਮੈਚ। ਜਿੰਨ੍ਹਾਂ 'ਚੋਂ 255 ਦੇ ਕਰੀਬ ਉਹ ਮੈਚ ਜਿੱਤ ਚੁੱਕਾ ਹੈ। ਉਹ ਦੁਨੀਆ ਦੇ ਕਈ ਅੰਤਰ-ਰਾਸ਼ਟਰੀ ਟੈਨਿਸ ਖਿਡਾਰੀਆਂ ਨਾਲ ਮੈਚ ਖੇਡ ਚੁੱਕਾ ਹੈ ਤੇ ਸਿੱਖ ਆਸਟ੍ਰੇਲੀਆਈ ਖੇਡਾਂ 'ਚ ਆਪਣੇ ਖੇਡ ਹੁਨਰ ਦਾ ਲੋਹਾ ਮਨਵਾ ਚੁੱਕਾ ਹੈ। ਦੁਨੀਆ ਦੇ ਨਾਮੀ ਟੈਨਿਸ ਸਟਾਰ ਯੋਕੋਵਿਚ, ਰੈਫਲ ਨਡਾਲ, ਰੋਜਰ ਫੈਡਰਰ ਉਸਦੇ ਰੋਲ ਆਫ ਮਾਡਲ ਹਨ। ਟੈਨਿਸ ਦੇ ਨਾਲ ਨਾਲ ਗੁਰਕਿਰਤ ਪੜ੍ਹਾਈ 'ਚ ਵੀ ਸਿਖਰ 'ਤੇ ਜਾ ਰਿਹਾ ਹੈ। ਜਿਥੇ ਪੜ੍ਹਾਈ ਤੇ ਖੇਡਾਂ ਦਾ ਆਪਸੀ ਸੁਮੇਲ ਹੋ ਜਾਏ ਤਾਂ ਉਸ ਇਨਸਾਨ ਨੂੰ ਦੁਨੀਆ ਦਾ ਕੋਈ ਹੀਰੋ ਬਣਨ ਤੋਂ ਰੋਕ ਨਹੀਂ ਸਕਦਾ। ਬੱਸ ਕਿਸੇ ਭੈੜੀ ਨਜ਼ਰ ਤੋਂ ਹੀ ਬਚਾਅ ਰਹੇ। ਗੁਰਕਿਰਤ ਸਿੰਘ ਦਾ ਮੁੱਖ ਨਿਸ਼ਾਨਾ ਆਸਟ੍ਰੇਲੀਅਈ ਓਪਨ ਟੈਨਿਸ ਦਾ ਖਿਤਾਬ ਜਿੱਤਣਾ ਹੈ। ਇਹ ਵਕਤ ਦੱਸੇਗਾ ਕਿ ਉਹ ਕਿਹੜਾ ਖਿਤਾਬ ਜਿੱਤਦਾ ਜਾਂ ਨਹੀਂ ਜਿੱਤਦਾ, ਪਰ ਜੋ ਉਸ ਦੀ ਮਿਹਨਤ ਟੈਨਿਸ ਪ੍ਰਤੀ ਲਗਨ ਅਤੇ ਉਸਦੇ ਚਿਹਰੇ 'ਤੇ ਜੋ ਇਮਾਨਦਾਰੀ ਦਿਸਦੀ ਹੈ, ਉਹ ਯਕੀਨਨ ਦੁਨੀਆ ਦਾ ਇੱਕ ਦਿਨ ਵਧੀਆ ਟੈਨਿਸ ਖਿਡਾਰੀ, ਵਧੀਆ ਇਨਸਾਨ ਅਤੇ ਜ਼ਿੰਦਗੀ 'ਚ ਇੱਕ ਕਾਮਯਾਬ ਬੰਦਾ ਬਣੇਗਾ, ਕਿਉਂਕਿ ਉਸਦੇ ਮਾਪੇ ਵੀ ਉਸਦੀ ਕਾਮਯਾਬੀ 'ਚ ਹਰ ਕਦਮ ਉਸਦੇ ਨਾਲ ਭਰ ਰਹੇ ਹਨ। ਪ੍ਰਮਾਤਮਾ ਕਰੇ ਗੁਰਕਿਰਤ ਸਿੰਘ ਆਸਟ੍ਰੇਲੀਆ ਦੀ ਟੈਨਿਸ 'ਚ ਉੱਭਰ ਕੇ ਅਜਿਹਾ ਸਟਾਰ ਬਣੇ ਕਿ ਹਰ ਪੰਜਾਬੀ ਇਸ ਹੋਣਹਾਰ ਨੌਜਵਾਨ 'ਤੇ ਮਾਣ ਮਹਿਸੂਸ ਕਰ ਸਕੇ। ਪਰਮਾਤਮਾ ਗੁਰਕਿਰਤ ਸਿੰਘ ਨੂੰ ਬੁਲੰਦੀਆਂ 'ਤੇ ਪਹੁੰਚਾਏ। ਮੇਰੀ ਇਸ ਮੁਲਾਕਾਤ ਦਾ ਸਬੱਬ ਨਵਦੀਪ ਸਿੰਘ ਬੱਲ, ਜਗਦੀਪ ਸਿੰਘ, ਦਲਜੀਤ ਸਿੰਘ ਅਤੇ ਹਰਮਿੰਦਰ ਸਿੰਘ ਭੁੱਲਰ ਕਰਕੇ ਬਣਿਆ।

Have something to say? Post your comment