Sunday, January 26, 2020
FOLLOW US ON
BREAKING NEWS

Article

ਪੰਜਾਬ ਚ ਹੜ੍ਹ ਦਾ ਕਹਿਰ/ਪ੍ਰਭਜੋਤ ਕੌਰ ਢਿੱਲੋਂ

August 25, 2019 09:11 PM
 
ਕਈ ਵਾਰ ਕੁਝ ਗੱਲਾਂ ਵਾਰ ਵਾਰ ਸੱਚ ਹੋਣ ਦੀ ਤਸਦੀਕ ਕਰਦੀਆਂ ਹਨ।ਕਹਿੰਦੇ ਨੇ,"ਪੰਜਾਬ ਦੇ ਜੰਮਿਆ ਨੂੰ ਨਿੱਤ ਮੁਸੀਬਤਾਂ"।ਪਰ ਜਿਉਣ ਦਾ ਜੇਰਾ ਵੀ ਇੰਨਾ ਵਰਗਾ ਕਿਸੇ ਦਾ ਨਹੀਂ।ਹਾਂ, ਇੰਨਾ ਨੂੰ ਮੁਸ਼ਕਲਾਂ ਅਤੇ ਮੁਸੀਬਤਾਂ ਨੇ ਇੰਨਾ ਲਤਾੜਿਆ ਕਿ ਇਸ ਬਹਾਦਰ ਕੌਮ ਦੇ ਲੋਕ ਵੀ ਖ਼ੁਦਕਸ਼ੀਆਂ ਦੇ ਰਾਹ ਪੈ ਗਏ।ਅਸਲ ਵਿੱਚ ਸਾਡੇ ਵਿਗੜੇ ਅਤੇ ਗਰਕੇ ਹੋਏ ਸਿਸਟਮ ਨੇ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ।ਜੇਕਰ ਤਾਜ਼ਾ ਖ਼ਬਰਾਂ ਅਤੇ ਹਾਲਤ ਦੀ ਗੱਲ ਕਰੀਏ ਤਾਂ ਹੜ੍ਹ ਨੇ ਲੋਕਾਂ ਦੀ ਜ਼ਿੰਦਗੀ ਲੀਹੋਂ ਲਾਹ ਦਿੱਤੀ ਹੈ।ਇਹ ਗੱਲ ਬਿਲਕੁੱਲ ਸੱਚ ਹੈ ਕਿ ਕੁਦਰਤ ਨਾਲ ਕੀਤੀ ਛੇੜਛਾੜ ਅਤੇ ਖਿਲਵਾੜ ਤਬਾਹੀ ਮਚਾਉਂਦਾ ਹੈ।ਜੰਗਲ ਕੱਟਣ ਲੱਗਿਆਂ ਅੱਗਾ ਪਿੱਛਾ ਨਹੀਂ ਵੇਖਿਆ।ਰੁੱਖ ਲਗਾਉਣ ਵਾਲੀ ਸੋਚ ਬਹੁਤ ਘੱਟ ਲੋਕਾਂ ਦੀ ਹੈ।ਪੈਸੇ ਦੀ ਦੌੜ ਨੇ ਲੋਕਾਂ ਦੀ ਜ਼ਮੀਰ ਹੀ ਮਾਰ ਦਿੱਤੀ।ਕੁਦਰਤੀ ਪਾਣੀ ਦੇ ਵਹਾਅ ਲਈ ਜ਼ਮੀਨ ਉਪਰ ਸਿਆਸਤਦਾਨਾਂ, ਅਫ਼ਸਰਾਂ ਅਤੇ ਦਬਾਅ ਰੱਖਣ ਵਾਲੇ ਲੋਕਾਂ ਨੇ ਕਬਜ਼ੇ ਕਰ ਲਏ।ਰਹਿੰਦੀ ਖੂੰਹਦੀ ਕਸਰ ਬਿਲਡਰਾਂ ਨੇ ਅਤੇ ਸੰਬੰਧਿਤ ਵਿਭਾਗਾਂ ਨੇ ਪੂਰੀ ਕਰ ਦਿੱਤੀ।ਬਿਲਡਰਾਂ ਨੇ ਕੁਦਰਤੀ ਵਹਾਅ ਵਾਲੀ ਜ਼ਮੀਨ ਤੇ ਕਬਜ਼ੇ ਕੀਤੇ ਅਤੇ ਵਿਭਾਗਾਂ ਨੇ ਉਥੇ ਵੀ ਨਕਸ਼ੇ ਪਾਸ ਕਰ ਦਿੱਤੇ।ਗੱਲ ਕੀ ਸ਼ਹਿਰਾਂ ਕਸਬਿਆਂ,ਪਿੰਡਾਂ ਸੱਭ ਜਗ੍ਹਾ ਤੇ ਪਾਣੀ ਉਥੇ ਹੀ ਘੁੰਮਦਾ ਰਹਿੰਦਾ ਹੈ।
ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੀ ਬਲੀ ਚੜ੍ਹ ਰਹੇ ਨੇ ਲੋਕ।ਲੋਕਾਂ ਨੇ ਪੋਈ ਪੋਈ ਕਰਕੇ ਘਰਾਂ ਦਾ ਸਮਾਨ ਅਤੇ ਘਰ ਬਣਾਏ ਸੀ ਜੋ ਭ੍ਰਿਸ਼ਟ ਸਿਸਟਮ ਨੇ ਤਬਾਹ ਕਰ ਦਿੱਤੇ।ਪੈਸੇ ਦੀ ਭੁੱਖ ਨੇ ਜ਼ਮੀਰਾਂ ਮਾਰ ਦਿੱਤੀਆਂ ਅਤੇ ਇਨਸਾਨੀਅਤ ਖ਼ਤਮ ਕਰ ਦਿੱਤੀ।ਸਿਆਸਤਦਾਨਾਂ ਅਤੇ ਪ੍ਰਸ਼ਾਸਨ ਦੀ ਸਿਹਤ ਤੇ ਕੋਈ ਅਸਰ ਨਹੀਂ।ਇੱਕ ਗੱਲ ਜ਼ਿਹਨ ਵਿੱਚ ਆਉਂਦੀ ਹੈ ਕਿ ਹੋਰ ਕੁਝ ਨਹੀਂ ਤਾਂ ਵੋਟਾਂ ਪਾਉਣ ਵਾਲੇ ਵੋਟਰ ਸਮਝਕੇ ਹੀ ਮਦਦ ਲਈ ਅੱਗੇ ਆ ਜਾਉ।ਇਹ ਭੁੱਲ ਜਾਂਦੇ ਹਨ ਕਿ ਵੋਟਰਾਂ ਦੀ ਬਦੌਲਤ ਹੀ ਵਿਧਾਇਕੀਆਂ ਅਤੇ ਮੰਤਰੀਆਂ ਦੀਆਂ ਕੁਰਸੀਆਂ ਹਨ।ਅੱਜ ਲੋਕ ਹੜ੍ਹਾਂ ਵਿੱਚ ਫਸੇ ਜ਼ਿੰਦਗੀ ਬਚਾਉਣ ਅਤੇ ਬਚਣ ਦੀ ਲੜਾਈ ਲੜ ਰਹੇ ਹਨ ਪਰ ਸਰਕਾਰੀ ਅਮਲਾ ਕਿਧਰੇ ਵਿਖਾਈ ਨਹੀਂ ਦਿੰਦਾ।ਸੋਸ਼ਲ ਮੀਡੀਏ ਤੇ ਸੁਣਿਆ ਕਿ ਇੱਕ ਅਧਿਕਾਰੀ ਨੇ ਟਰੈਕਟਰ ਟਰਾਲੀ ਮਿੱਟੀ ਦੇ ਭੇਜੇ।ਇੱਕ ਪਾਸੇ ਦਾ ਡੀਜ਼ਲ ਪਾ ਦਿੱਤਾ ਅਤੇ ਵਾਪਸੀ ਲਈ ਉਥੋਂ ਲੋਕਾਂ ਕੋਲੋਂ ਪਵਾਉਣ ਲਈ ਕਹਿ ਦਿੱਤਾ।ਲਾਹਨਤ ਹੈ ਅਜਿਹੇ ਪ੍ਰਸ਼ਾਸਨ ਅਤੇ ਪ੍ਰਬੰਧਾਂ ਦੇ।ਜਿੰਨਾ ਲੋਕਾਂ ਦਾ ਸੱਭ ਕੁਝ ਪਾਣੀ ਨਿਗਲ ਗਿਆ, ਉਹ ਤੁਹਾਨੂੰ ਪੈਸੇ ਦੇਣ ਡੀਜ਼ਲ ਦੇ।ਕਿਥੋਂ ਤੱਕ ਲੋਕ ਡਿੱਗ ਸਕਦੇ ਨੇ,ਸੁਣਕੇ ਤਕਲੀਫ਼ ਹੁੰਦੀ ਹੈ।ਬਰਸਾਤਾਂ ਤੋਂ ਪਹਿਲਾਂ ਬਿਆਨਬਾਜ਼ੀ ਹੁੰਦੀ ਹੈ ਕਿ ਸਾਰੇ ਪ੍ਰਬੰਧ ਕਰ ਲਏ ਗਏ ਹਨ ਕਿਸੇ ਵੀ ਤਰ੍ਹਾਂ ਦੀ ਹਾਲਤ ਨਾਲ ਨਿਬੜਨ ਲਈ।ਵੈਸੇ ਉਹ ਝੂਠ ਵੀ ਨਹੀਂ ਬੋਲਦੇ ਹੋਣਗੇ।ਵਾਤਾਵਰਣ ਅਨੁਕੂਲ ਦਫ਼ਤਰਾਂ ਵਿੱਚ ਬੈਠਕੇ ਪੇਪਰਾਂ ਉੱਤੇ ਸੱਭ ਕੀਤਾ ਜ਼ਰੂਰ ਹੋਏਗਾ।ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਵਿੱਚੋਂ ਦਿੱਤੇ ਟੈਕਸਾਂ ਦੇ ਪੈਸੇ ਨੂੰ ਹੋ ਸਕਦਾ ਹੈ ਖ਼ਜ਼ਾਨੇ ਵਿੱਚੋਂ ਕੱਢਵਾ ਵੀ ਲਿਆ ਹੋਏ।ਉਨ੍ਹਾਂ ਨੇ ਇਹ ਕਿਹਾ ਕਿ ਪੂਰੇ ਪ੍ਰਬੰਧ ਕਰ ਲਏ,ਇਹ ਜ਼ਰੂਰੀ ਤਾਂ ਨਹੀਂ ਜ਼ਮੀਨ ਤੇ ਗਰਮੀ ਵਿੱਚ ਜਾਕੇ ਕੀਤੇ ਜਾਣ।ਪੇਪਰ ਤੇ ਕੰਮ ਕਰਨ ਲਈ ਹੀ ਉਨ੍ਹਾਂ ਨੂੰ ਕੁਰਸੀਆਂ ਮੇਜ਼ ਮਿਲੇ ਲੱਗਦੇ ਹਨ।ਜਿਵੇਂ ਲੋਕ ਪਾਣੀ ਨਾਲ ਘਿਰੇ ਹੋਏ ਹਨ ਪਤਾ ਨਹੀਂ ਇੰਨਾ ਪੱਥਰ ਦਿਲ ਵਾਲੇ ਲੋਕਾਂ ਨੂੰ ਕੁਝ ਮਹਿਸੂਸ ਹੋਇਆ ਕਿ ਨਹੀਂ।ਇੰਨਾ ਨੂੰ ਆਪਣੇ ਕੰਮ ਨਾ ਕੀਤੇ ਦਾ ਜਾਂ ਜ਼ੁਮੇਵਾਰੀ ਨਾ ਨਿਭਾਈ ਦਾ ਅਫਸੋਸ ਹੋਇਆ ਕਿ ਨਹੀਂ।ਹਾਂ, ਹਰ ਕਿਸੇ ਦੀ ਜ਼ੁਬਾਨ ਅਤੇ ਜ਼ਿਹਨ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਮੁਆਵਜ਼ੇ ਦੀ ਆਈ ਰਕਮ ਅਤੇ ਮਦਦ ਦੀ ਵੀ ਹਿੱਸੇ ਪੱਤੀ ਲਈ ਸੌਦੇਬਾਜ਼ੀ ਹੋਏਗੀ।ਇਹ ਹੈ ਸਾਡੇ ਸਿਸਟਮ ਦੀ ਹਕੀਕਤ ਜੋ ਲੋਕਾਂ ਵਿੱਚ ਹੈ।ਇਹ ਹੜ੍ਹ ਲੋਕਾਂ ਨੂੰ ਘੱਟੋ ਘੱਟ ਇੱਕ ਦਹਾਕਾ ਪਿੱਛੇ ਧਕੇਲ ਗਏ।ਇਸਦਾ ਦਰਦ ਕਈ ਦਹਾਕੇ ਤਾਂ ਕੀ ਜਿੰਨੀ ਦੇਰ ਜ਼ਿੰਦਗੀ ਹੈ ਭੁੱਲਣਾ ਨਹੀਂ।ਅਜੇ ਤਾਂ ਲੋਕਾਂ ਦਾ ਧਿਆਨ ਸਿਰਫ਼ ਆਪਣੇ ਆਪ ਨੂੰ ਬਚਾਉਣ ਵੱਲ ਹੈ।ਜਦੋਂ ਜ਼ਿੰਦਗੀ ਨੂੰ ਤੋਰਨ ਦੀ ਵਾਰੀ ਆਈ ਤਾਂ ਮੁਸ਼ਕਿਲਾਂ ਦੇ ਪਹਾੜ ਸਾਹਮਣੇ ਹੋਣੇ ਨੇ।ਕਿਧਰੇ ਮਸ਼ੀਨਰੀ ਬੇਕਾਰ ਹੋ ਗਈ, ਕਿਧਰੇ ਜ਼ਮੀਨ ਵਾਹੀ ਵਾਲੀ ਨਹੀਂ ਰਹੀ,ਕਿਧਰੇ ਸਰਦੀਆਂ ਨੂੰ ਸਰੀਰ ਢੱਕਣ ਲਈ ਕਪੜਿਆਂ ਦੀ ਘਾਟ,ਕਿਧਰੇ ਬੱਚਿਆਂ ਦੇ ਸਕੂਲਾਂ ਦੀ ਚਿੰਤਾ ਅਤੇ ਪਤਾ ਨਹੀਂ ਹੋਰ ਛੋਟੀਆਂ ਛੋਟੀਆਂ ਚੀਜ਼ਾਂ ਜਿੰਨਾ ਬਗੈਰ ਜ਼ਿੰਦਗੀ ਠਹਿਰ ਜਾਂਦੀ ਹੈ ਦੀ ਘਾਟ ਸਾਹਮਣੇ ਆਏਗੀ।ਕਹਿੰਦੇ ਨੇ ਸੂਈ ਬਗੈਰ ਵੀ ਘਰ ਨਹੀਂ ਚੱਲਦਾ ਅਤੇ ਗਲੀ ਦੇ ਕੱਖਾਂ ਬਗੈਰ ਵੀ ਗੁਜ਼ਾਰਾ ਨਹੀਂ।ਬਹੁਤ ਔਖੀ ਹੈ ਜ਼ਿੰਦਗੀ ਦੁਬਾਰਾ ਲੀਹ ਤੇ ਲਿਆਉਣੀ।
ਇਸ ਨੂੰ ਕੁਦਰਤੀ ਆਫ਼ਤ ਕਹਿਣ ਦੇ ਨਾਲ ਨਾਲ ਸਵਾਰਥੀ,ਭ੍ਰਿਸ਼ਟ,ਬੇਈਮਾਨਾਂ ਅਤੇ ਰਿਸ਼ਵਤਖੋਰਾਂ ਦੀ ਦੇਣ ਵੀ ਕਹਿ ਲਈਏ ਤਾਂ ਅਤਿਕਥਨੀ ਨਹੀਂ ਹੋਏਗੀ।ਗੈਰਕਾਨੂੰਨੀ ਮਾਈਨਿੰਗ ਦਾ ਰੌਲਾ ਪਿੱਛਲੇ ਬਹੁਤ ਸਾਲਾਂ ਤੋਂ ਪੈ ਰਿਹਾ ਹੈ ਪਰ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕੀ।ਸ਼ਰੇਆਮ ਅਤੇ ਧੜੱਲੇ ਨਾਲ ਇਹ ਸੱਭ ਹੋ ਰਿਹਾ ਹੈ।ਮਾੜੇ ਬੰਦੇ ਨੂੰ ਤਾਂ ਆਪਣੀ ਜ਼ਮੀਨ ਵਿੱਚੋਂ ਮਿੱਟੀ ਕੱਢਣ ਦੀ ਵੀ ਇਜਾਜ਼ਤ ਨਹੀਂ ਹੈ।ਪਰ ਸੜਕਾਂ ਤੇ ਦੌੜਦੇ ਟਿੱਪਰ ਨਾ ਸਰਕਾਰ ਨੂੰ ਵਿਖਾਈ ਦਿੰਦੇ ਹਨ ਅਤੇ ਨਾ ਉਸ ਵਿਭਾਗ ਨੂੰ ਜਿੰਨਾ ਨੂੰ ਤਨਖਾਹਾਂ ਇਸ ਕੰਮ ਤੇ ਨਜ਼ਰ ਰੱਖਣ ਅਤੇ ਪ੍ਰਬੰਧ ਕਰਨ ਲਈ ਮਿਲਦੀਆਂ ਹਨ।ਕਿਧਰੇ ਗਾਰ ਨਹੀਂ ਕੱਢੀ ਜਾਂਦੀ।ਪਿੰਡਾਂ ਦੇ ਛੱਪੜ ਸਾਫ਼ ਨਹੀਂ ਕਰਵਾਏ ਜਾਂਦੇ।ਬੰਨ ਮਜ਼ਬੂਤ ਨਹੀਂ ਕਰਵਾਏ ਜਾਂਦੇ।ਸੱਭ ਕੁਝ ਰੱਬ ਆਸਰੇ ਛੱਡਿਆ ਹੋਇਆ ਹੈ।ਕਿਸੇ ਦੀ ਕੋਈ ਜ਼ੁਮੇਵਾਰੀ ਨਹੀਂ ਅਤੇ ਕਿਸੇ ਦੀ ਜਵਾਬ ਦੇਹੀ ਨਹੀਂ।ਹਰ ਮਹੀਨੇ ਤਨਖਾਹਾਂ ਮਿਲਣੀਆਂ ਚਾਹੀਦੀਆਂ ਹਨ ਅਤੇ ਉਪਰ ਦੀ ਕਮਾਈ ਹੋਣੀ ਚਾਹੀਦੀ ਹੈ,ਕੰਮ ਕਰਨਾ ਉਨ੍ਹਾਂ ਦੀ ਮਰਜ਼ੀ ਅਤੇ ਮੂਡ ਤੇ ਹੈ।
ਖੈਰ ਜੋ ਵੀ ਪੰਜਾਬ ਦੇ ਲੋਕ ਅੱਜ ਭੁਗਤ ਰਹੇ ਹਨ ਉਹ ਕੁਦਰਤੀ ਆਫ਼ਤ ਘੱਟ ਸਿਸਟਮ ਦੀ ਪੈਦਾ ਕੀਤੀ ਵਧੇਰੇ ਹੈ।ਲੋਕਾਂ ਨੂੰ ਸਿਆਸਤਦਾਨਾਂ ਦੀਆਂ ਗੱਲਾਂ ਤੇ ਯਕੀਨ ਕਰਨ ਨਾਲੋਂ ਆਪਣਾ ਭਾਈਚਾਰਾ ਕਾਇਮ ਰੱਖਣਾ ਵਧੇਰੇ ਜ਼ਰੂਰੀ ਹੈ।

ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਹੈ ਪਰ ਸਿਆਸਤਦਾਨ ਇੱੱਕ ਦੂਜੇ ਤੇ ਦੋਸ਼ ਮੜ ਰਹੇ ਹਨ।ਜਦ ਕਿ ਗੁਨਾਹਗਾਰ ਹਰ ਸਿਆਸੀ ਪਾਰਟੀ ਹੈ।ਇਥੇੇ ਅਸੀਂ ਆਪਣੀ ਗਲਤੀ ਮੰਨ ਲਈਏ ਕਿ ਸਾਡੀ ਪਸੰਦ ਅਤੇ ਚੋੋੋਣ ਠੀਕ ਨਹੀਂ।

ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ
Have something to say? Post your comment

More Article News

ਅਨੇਕਾਂ ਚਰਚਿਤ ਗੀਤਾਂ ਦਾ ਰਚਣਹਾਰ ਅੱਜ ਦਰ ਦਰ ਦੀਆਂ ਠੋਕਰਾਂ ਤੇ ਕੱਟ ਰਿਹਾ ਜਿੰਦਗੀ ਦੇ ਦਿਨ/ਤਰਸੇਮ ਸਿੰਘ ਫਰੰਡ  ਵੱਡਾ ਘੱਲੂਘਾਰਾ ਸਿੱਖ ਕੌਮ ਦੇ ਸੀਨੇ 'ਤੇ ਇੱਕ ਵੱਡਾ ਜ਼ਖ਼ਮ/ਗੁਰਭਿੰਦਰ ਸਿੰਘ ਗੁਰੀ ਵਾਰ ਵਾਰ ਕਿੱਥੋਂ ਨਿਕਲ ਆਉਂਦਾ ਹੈ ਟਿੱਡੀ ਦਲ?/ਬਲਰਾਜ ਸਿੰਘ ਸਿੱਧੂ ਐਸ.ਪੀ. ਗਰੀਬੀ ਦੀ ਦਲਦਲ ਚੋਂ ਉਭਰਿਆ ਮਹਿਕਦਾ ਤੇ ਟਹਿਕਦਾ ਫੁੱਲ : ਓਮਜੀਤ ਸਿੱਖਿਆ ਸਕੱਤਰ ਵੱਲੋਂ ਸਿੱਖਿਆ ਬੋਰਡ ਦੇ ਲੇਖਿਕਾਂ ਕਵੀਆਂ ਕਲਾਕਾਰਾਂ ਦੀ ਬੁਲਾਈ ਮੀਟਿੰਗ ਦੇ ਸੰਦਰਭ ਵਿੱਚ/ਬਘੇਲ ਸਿੰਘ ਧਾਲੀਵਾਲ ਕੌਰ ਸਿਸਟਰਜ਼ ਸਰੋਤਿਆ ਦੀ ਕਚਹਿਰੀ ਵਿੱਚ ਫਿਰ ਹਾਜ਼ਰ/ਬਲਤੇਜ ਸੰਧੂ ਬੁਰਜ ਆਓ ਗਿਆਨ ਦੇ ਦੀਪ ਜਗਾਈਏ !/ਸੂਬੇਦਾਰ ਮਨਜੀਤ ਸਿੰਘ ਵੜੈਚ Drink enough water to keep your kidney healthy/Dr. Sudeep Singh ਵਿਚਾਰਨਯੋਗ ਗੱਲਾਂ/ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਅਵਾਰਾ ਪਸ਼ੂ/:ਨਰਮਿੰਦਰ ਸਿੰਘ
-
-
-