Sunday, January 26, 2020
FOLLOW US ON
BREAKING NEWS

Article

ਪਾਕਿਸਤਾਨ ਹਾਕੀ ਨੂੰ ਉੱਪਰ ਆਉਣ 'ਚ ਅਜੇ ਲੱਗੇਗਾ ਵਕਤ - ਓਲੰਪੀਅਨ ਵਸੀਮ ਅਹਿਮਦ ਰੰਧਾਵਾ

August 28, 2019 10:42 PM

 

 
ਭਾਰਤ-ਪਾਕਿ ਬਚਾਉਣ ਲਈ ਹਾਕੀ ਟੈਸਟ ਲੜੀ ਤੇ ਹਾਕੀ ਇੰਡਿਆ ਲੀਗ ਦਾ ਹੋਣਾ ਬੇਹੱਦ ਜਰੂਰੀ

ਪਾਕਿਸਤਾਨੀ ਹਾਕੀ ਫੈਡਰੇਸ਼ਨ ਨੇ ਸਾਬਕਾ ਓਲੰਪੀਅਨ ਦੇ ਹੱਥ ਹਾਕੀ ਦੀ ਵਾਗਡੋਰ ਦਿੱਤੀ ਹੈ, ਜਿਸ 'ਚ ਸਾਬਕਾ ਓਲੰਪੀਅਨ ਖਵਾਜਾ ਮੁਹੰਮਦ ਜੁਨੈਦ ਨੂੰ ਮੁੱਖ ਕੋਚ ਤੇ ਓਲੰਪੀਅਨ ਵਸੀਮ ਅਹਿਮਦ ਨੂੰ ਟੀਮ ਦਾ ਸਹਾਇਕ ਕੋਚ ਬਣਾਇਆ ਗਿਆ ਹੈ। ਓਲੰਪੀਅਨ ਵਸੀਮ ਅਹਿਮਦ ਰੰਧਾਵਾ ਦਾ ਪਰਿਵਾਰ ਦੇਸ਼ ਦੇ ਬਟਵਾਰੇ ਦੌਰਾਨ 1947 'ਚ ਗੁਰਦਾਸਪੁਰ ਤੋਂ ਉੱਜੜ ਕੇ ਪਾਕਿਸਤਾਨੀ ਪੰਜਾਬ ਦੇ ਵਿਹਾਰੀ ਜ਼ਿਲ੍ਹੇ 'ਚ ਜਾ ਕੇ ਵੱਸਿਆ। ਵਸੀਮ ਅਹਿਮਦ ਨੇ 1996 ਤੋਂ ਲੈ ਕੇ 2013 ਤੱਕ ਅੰਤਰ-ਰਾਸ਼ਟਰੀ ਪੱਧਰ 'ਤੇ ਸਰਗਰਮ ਹਾਕੀ ਖੇਡੀ। ਇਸ ਸਮੇਂ ਦੌਰਾਨ ਉਸਨੇ 4 ਵਿਸ਼ਵ ਕੱਪ, 3 ਓਲੰਪਿਕ, ੪ ਏਸ਼ੀਅਨ ਖੇਡਾਂ, ੧੨ ਚੈਂਪੀਅਨਜ਼ ਟਰਾਫੀ ਅਤੇ ਕਈ ਹੋਰ ਵੱਕਾਰੀ ਟੂਰਨਾਮੈਂਟ ਖੇਡਣ ਤੋਂ ਇਲਾਵਾ ਮਲੇਸ਼ੀਅਨ, ਆਸਟ੍ਰੇਲੀਅਨ ਹਾਕੀ ਇੰਡੀਆ ਲੀਗ ਖੇਡੀ। ਇਸ ਵਕਤ ਵਸੀਮ ਅਹਿਮਦ ਆਸਟ੍ਰੇਲੀਅਨ ਹਾਕੀ ਲੀਗ ਖੇਡ ਰਿਹਾ ਹੈ ਤੇ ਉਸਨੂੰ ਪਾਕਿਸਤਾਨੀ ਹਾਕੀ ਟੀਮ ਦੇ ਕੋਚ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੇਰੀ ਆਸਟ੍ਰੇਲੀਆ ਫੇਰੀ ਦੌਰਾਨ ਵਸੀਮ ਅਹਿਮਦ ਨਾਲ ਪਾਕਿਸਤਾਨ ਅਤੇ ਭਾਰਤੀ ਹਾਕੀ ਬਾਰੇ ਵਿਸ਼ੇਸ਼ ਗੱਲਬਾਤ ਹੋਈ। ਜਿਸਦੀ ਥੋੜ੍ਹੀ ਬਹੁਤੀ ਵਿਚਾਰ ਚਰਚਾ ਇਸ ਇੰਟਰਵੀਊ ਰਾਹੀਂ ਹਾਕੀ ਪ੍ਰੇਮੀਆਂ ਨਾਲ ਸਾਂਝੀ ਕਰ ਰਹੇ ਹਾਂ ।

ਸਵਾਲ - ਵਸੀਮ ਅਹਿਮਦ ਜੀ, ਪਾਕਿਸਤਾਨ ਹਾਕੀ ਦੇ ਭਵਿੱਖ ਬਾਰੇ ਕੀ ਸੋਚ ਰਹੇ ਹੋ ?
ਜਵਾਬ - ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਭਾਵੇਂ ਮੈਨੂੰ ਬਤੌਰ ਕੋਚ ਦੀ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਪਰ ਪਾਕਿਸਤਾਨੀ ਹਾਕੀ ਦਾ ਭਵਿੱਖ ਅਜੇ ਕਾਫੀ ਡਾਵਾਂਡੋਲ ਹਾਲਾਤਾਂ 'ਚ ਹੈ। ਪਾਕਿਸਤਾਨੀ ਹਾਕੀ ਨੂੰ ਅਜੇ ਕੌਮਾਂਤਰੀ ਪੱਧਰ 'ਤੇ ਆਉਣ ਲਈ ਸਮਾਂ ਲੱਗੇਗਾ, ਕਿਉਂਕਿ ਅਜੇ ਨਵੇਂ ਖਿਡਾਰੀਆਂ ਕੋਲ ਕੌਮਾਂਤਰੀ ਪੱਧਰ ਦਾ ਤਜ਼ਰਬਾ ਘੱਟ ਹੈ। ਜ਼ਿਆਦਾ ਖਿਡਾਰੀ ਘਰੇਲੂ ਪੱਧਰ 'ਤੇ ਖੇਡ ਰਹੇ ਹਨ, ਅੰਤਰਰਾਸ਼ਟਰੀ ਪੱਧਰ 'ਤੇ ਨਵੇਂ ਮੁੰਡਿਆਂ ਨੂੰ ਖੇਡਣ ਦਾ ਮੌਕਾ ਨਹੀਂ ਮਿਲੀਆ ਪਰ ਫੇਰ ਵੀ ਪਾਕਿਸਤਾਨ ਹਾਕੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਹੀ ਪਟੜੀ 'ਤੇ ਲਿਆਉਣ ਲਈ ਇਮਾਨਦਾਰੀ ਨਾਲ ਉਪਰਾਲੇ ਕਰਾਂਗੇ। 

ਸਵਾਲ - 2020 ਦਾ ਓਲੰਪਿਕ ਖੇਡਾਂ ਦਾ ਕੀ ਸੁਪਨਾ ਸਾਕਾਰ ਹੋਵੇਗਾ ?
ਜਵਾਬ - 2020 ਟੋਕਿਓ ਓਲੰਪਿਕ ਖੇਡਾਂ ਪਾਕਿਸਤਾਨ ਲਈ ਇੱਕ ਇਮਤਿਹਾਨ ਦੀ ਔਖੀ ਘੜੀ ਹੈ। ਕਿਉਂਕਿ ਪਾਕਿਸਤਾਨ ਦਾ ਓਲੰਪਿਕ ਕੁਆਲੀਫਾਈ ਮੈਚ ਦੁਨੀਆ ਦੀ ਤਿੰਨ ਨੰਬਰ ਟੀਮ ਹਾਲੈਂਡ ਨਾਲ ਹੈ, ਜਦਕਿ ਪਾਕਿਸਤਾਨ ਦੀ ਵਿਸ਼ਵ ਹਾਕੀ ਰੈਂਕਿੰਗ 17ਨੰਬਰ ਹੈ। ਰੈਂਕਿੰਗ ਹੇਠਾਂ ਜਾਣ ਦਾ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਦੂਸਰਾ ਪ੍ਰੋ ਹਾਕੀ ਲੀਗ ਨਾ ਖੇਡਣ ਕਰਕੇ ਖਿਡਾਰੀਆਂ ਦਾ ਮਨੋਬਲ ਕਾਫੀ ਹੇਠ ਚਲਿਆ ਗਿਆ ਹੈ ਅਤੇ ਇੱਕ ਸਾਲ ਤੋਂ ਸਾਡੇ ਕੋਲ ਅੰਤਰ-ਰਾਸ਼ਟਰੀ ਪੱਧਰ ਦਾ ਕੋਈ ਵੀ ਅਨੁਭਵ ਨਹੀਂ ਹੈ। ਜਦਕਿ ਹਾਲੈਂਡ ਇੱਕ ਇਸ ਤਰ੍ਹਾਂ ਦੀ ਟੀਮ ਹੈ ਕਿ ਪਾਕਿਸਤਾਨ ਵੱਲੋਂ ਉਸ ਨੂੰ ਹਰਾਉਣਾ ਅਸਮਾਨ ਤੋਂ ਤਾਰਾ ਤੋੜਨ ਬਰਾਬਰ ਹੈ। ਪਰ ਫੇਰ ਵੀ ਅਸੀਂ ਕੋਈ ਅਜਿਹੀ ਪਲਾਨਿੰਗ ਕਰਾਂਗੇ ਕਿ ਅਸੀਂ ਹਾਲੈਂਡ ਨੂੰ ਮਾਤ ਦੇ ਸਕੀਏ ਤੇ ਓਲੰਪਿਕ ਖੇਡਾਂ ਦਾ ਸਾਡਾ ਸੁਪਨਾ ਸਾਕਾਰ ਹੋ ਸਕੇ। ਕਿਉਂਕਿ ਇਸ ਤੋਂ ਪਹਿਲਾਂ 2016 ਬ੍ਰਾਜ਼ੀਲ ਓਲੰਪਿਕ ਲਈ ਵੀ ਪਾਕਿਸਤਾਨ ਕੁਆਲੀਫਾਈ ਨਹੀਂ ਕਰ ਸਕਿਆ ਸੀ, ਜੇਕਰ ਇਸ ਵਾਰ ਵੀ ਓਲੰਪਿਕ ਤੋਂ ਵਾਂਝੇ ਹੁੰਦੇ ਹਾਂ ਤਾਂ ਪਾਕਿਸਤਾਨ ਹਾਕੀ ਦੇ ਇਤਿਹਾਸ 'ਚ ਇੱਕ ਹੋਰ ਕਾਲਾ ਪੰਨਾ ਜੁੜ ਜਾਏਗਾ ਜੋ ਕਿ ਕਾਫੀ ਸ਼ਰਮਨਾਕ ਹੋਏਗਾ। 

ਸਵਾਲ - ਪਾਕਿਸਤਾਨ ਹਾਕੀ 'ਚ ਪਿਛਲੇ ਸਮੇਂ ਆਏ ਨਿਘਾਰ ਅਤੇ ਹੋਏ ਭ੍ਰਿਸ਼ਟਾਚਾਰ ਬਾਰੇ ਤੁਹਾਡਾ ਕੀ ਵਿਚਾਰ ਹੈ ?
ਜਵਾਬ - (ਬੜਾ ਸਹਿਜੇ 'ਚ ਬੋਲਦਿਆਂ ਆਖਿਆ) ਲੰਬੇ ਅਰਸੇ ਬਾਅਦ ਪਾਕਿਸਤਾਨ ਹਾਕੀ ਦੀ ਵਾਗਡੋਰ ਸਾਬਕਾ ਓਲੰਪੀਅਨ ਖਿਡਾਰੀਆਂ ਦੇ ਹੱਥ 'ਚ ਆਈ ਸੀ ਤੇ ਹਾਕੀ ਪ੍ਰੇਮੀਆਂ ਨੂੰ ਬੜੀਆਂ ਆਸਾਂ ਸਨ ਕਿ ਪਾਕਿਸਤਾਨ ਹਾਕੀ ਦੀ ਦੁਨੀਆ 'ਚ ਇੱਕ ਵਧੀਆ ਮੁਕਾਮ 'ਤੇ ਪੁੱਜੇਗੀ। ਪਰ ਸੀਨੀਅਰ ਸ਼ਾਹਬਾਜ ਅਹਿਮਦ ਦੀ ਅਗਵਾਈ ਵਾਲੀ ਟੀਮ ਪਾਕਿਸਤਾਨ ਹਾਕੀ ਨੂੰ ਸਹੀ ਮਾਰਗ ਨਹੀਂ ਦਿਖਾ ਸਕੀ। ਭ੍ਰਿਸ਼ਟਾਚਾਰ ਤੇ ਹੋਰ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਲੱਗਣਾ ਸਾਡੀ ਹਾਕੀ ਲਈ ਬੜਾ ਮਾੜਾ ਸਮਾਂ ਰਿਹਾ। ਪਰ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਵਿਗੜਿਆ ਨਹੀਂ। ਪਾਕਿਸਤਾਨ ਹਾਕੀ 'ਚ ਕਿਸੇ ਟੈਲੇਂਟ ਦੀ ਕਮੀ ਨਹੀਂ। ਸਿਰਫ ਕੁਝ ਪਲਾਨਿੰਗ ਤੇ ਸਿਸਟਮ 'ਚ ਸੁਧਾਰ ਦੀ ਲੋੜ ਹੈ। ਆਸ ਹੈ ਕਿ ਪਾਕਿਸਤਾਨ ਹਾਕੀ ਬੜੀ ਇਮਾਨਦਾਰੀ ਨਾਲ ਹਾਕੀ ਦੀ ਬਿਹਤਰੀ ਲਈ ਉਪਰਾਲੇ ਕਰ ਰਹੀ ਹੈ। ਅਸੀਂ ਵੀ ਬਤੌਰ ਕੋਚ ਯਤਨ ਕਰਾਂਗੇ ਕਿ ਪਾਕਿਸਤਾਨ ਹਾਕੀ ਮੁੜ ਸੁਨਹਿਰੀ ਲੀਹਾਂ 'ਤੇ ਆ ਸਕੇ।

ਸਵਾਲ - ਵਸੀਮ ਅਹਿਮਦ ਜੀ, ਭਾਰਤੀ ਹਾਕੀ ਦਾ ਭਵਿੱਖ ਤੁਹਾਨੂੰ ਕਿਵੇਂ ਦਾ ਲਗਦਾ ?
ਜਵਾਬ - ਭਾਰਤੀ ਹਾਕੀ ਇਸ ਵਕਤ ਬਹੁਤ ਵਧੀਆ ਮੁਕਾਮ 'ਤੇ ਹੈ। ਉਸਦੀ ਦੁਨੀਆ 'ਚ ੫ਵੀਂ ਰੈਂਕਿੰਗ ਹੈ। ਭਾਰਤੀ ਹਾਕੀ ਦੇ ਮੁਹਤਵਾਰ ਨਰਿੰਦਰ ਬੱਤਰਾ ਜੀ ਕੌਮਾਂਤਰੀ ਹਾਕੀ ਸੰਘ ਦੇ ਪ੍ਰਧਾਨ ਹਨ। ਦੁਨੀਆ ਦੀਆਂ ਦਿਗੱਜ਼ ਟੀਮਾਂ 'ਚ ਭਾਰਤੀ ਹਾਕੀ ਦਾ ਨਾਮ ਆਉਂਦਾ ਹੈ ਤੇ ਏਸ਼ੀਆ ਮਹਾਂਦੀਪ ਦੀ ਭਾਰਤੀ ਹਾਕੀ ਟੀਮ ਨੰਬਰ ਇੱਕ ਟੀਮ ਹੈ। ਪਰ ਜੇਕਰ ਭਾਰਤ ਪਾਕਿਸਤਾਨ ਹਾਕੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਸਰਦਾਰੀ ਕਾਇਮ ਰੱਖਣੀ ਹੈ ਤਾਂ ਦੋਹਾਂ ਮੁਲਕਾਂ ਵਿਚਕਾਰ ਹਰ ਸਾਲ ਹਾਕੀ ਟੈਸਟ ਲੜੀ ਤੇ ਹਰ ਸਾਲ ਹਾਕੀ ਇੰਡੀਆ ਲੀਗ ਦਾ ਹੋਣਾ ਬਹੁਤ ਜਰੂਰੀ ਹੈ। ਕਿਉਂਕਿ ਹਾਕੀ ਇੰਡੀਆ ਲੀਗ ਨੇ ਭਾਰਤੀ ਹਾਕੀ ਦੇ ਮੁਕਾਮ 'ਚ ਵੱਡਾ ਸੁਧਾਰ ਲਿਆਂਦਾ ਹੈ।

ਸਵਾਲ - ਆਸਟ੍ਰੇਲੀਆ-ਹਾਲੈਂਡ-ਬੈਲਜੀਅਮ ਦੇ ਮੁਕਾਬਲੇ ਭਾਰਤ-ਪਾਕਿਸਤਾਨ ਹਾਕੀ ਨੂੰ ਕਿੱਥੇ ਕੁ ਰੱਖਦੇ ਹੋ ?
ਜਵਾਬ - ਦੇਖੋ, ਮੈਂ ਪਿਛਲੇ ਲੰਬੇ ਸਮੇਂ ਤੋਂ ਆਸਟ੍ਰੇਲੀਆ ਹਾਕੀ ਲੀਗ ਖੇਡ ਰਿਹਾ ਹਾਂ। ਅਜੇ ਵੀ 46 ਸਾਲ ਦੀ ਉਮਰ 'ਚ ਇੱਥੋਂ ਹਰ ਰੋਜ਼ ਕੁਝ ਨਾ ਕੁਝ ਨਵਾਂ ਸਿੱਖਦਾ ਹਾਂ। ਜਿਸ ਤਰ੍ਹਾਂ ਸਾਡੇ ਖੂਨ 'ਚ ਹਾਕੀ ਦੌੜਦੀ ਸੀ, ਉਸੇ ਤਰ੍ਹਾਂ ਇੰਨ੍ਹਾਂ ਦੇ ਖੂਨ 'ਚ ਸਪੋਰਟਸ ਦੌੜਦੀ ਹੈ। ਇੰਨ੍ਹਾਂ ਮੁਲਕਾਂ ਦਾ ਸਪੋਰਟਸ ਦਾ ਸਕੂਲੀ ਪੱਧਰ ਤੇ ਗਰਾਸ ਰੂਟ ਬਹੁਤ ਮਜਬੂਤ ਹੈ। ਸਕੂਲ ਤੋਂ ਲੈ ਕੇ ਨੈਸ਼ਨਲ ਪੱਧਰ ਤੱਕ ਕੋਚਿੰਗ ਤੇ ਹੋਰ ਸਾਰੇ ਸਿਸਟਮ ਦੀ ਇੱਕੋ ਨੀਤੀ ਹੈ। ਅਸੀਂ ਇੰਨ੍ਹਾਂ ਮੁਲਕਾਂ ਦਾ ਕਦੇ ਮੁਕਾਬਲਾ ਨਹੀਂ ਕਰ ਸਕਦੇ। ਪਰ ਜੇਕਰ ਅਸੀਂ ਆਪਣੀ ਹਾਕੀ ਨੂੰ ਜ਼ਿੰਦਾ ਰੱਖਣਾ ਹੈ ਤਾਂ ਸਾਨੂੰ ਸਾਡੇ ਸਾਕੂਲਾਂ/ਕਾਲਜਾਂ ਦੇ ਪੱਧਰ 'ਤੇ ਹਾਕੀ ਨੂੰ ਮਜਬੂਤ ਕਰਨਾ ਪਵੇਗਾ ਤੇ ਖੇਡ ਫੈਡਰੇਸ਼ਨਾਂ ਦੀ ਸੌੜੀ ਸਿਆਸਤ ਨੂੰ ਵੀ ਦੂਰ ਕਰਨਾ ਪਵੇਗਾ। 

ਸਵਾਲ - ਵਸੀਮ ਜੀ, ਆਖ਼ਰੀ ਸਵਾਲ, ਜੇਕਰ 2024 'ਚ ਅੰਤਰਰਾਸ਼ਟਰੀ ਪੱਧਰ ਦੀ ਹਾਕੀ ਮੁੜ ਘਾਹ 'ਤੇ ਆਉਂਦੀ ਹੈ ਤਾਂ ਫਿਰ ਪਾਕਿਸਤਾਨ ਤੇ ਭਾਰਤ ਦਾ ਕੀ ਸੁਨਹਿਰੀ ਯੁੱਗ ਆਏਗਾ ?
ਜਵਾਬ - ਐਫ.ਆਈ.ਐਚ ਨੇ 2024 'ਚ ਹਾਕੀ ਨੂੰ ਮੁੜ ਗਰਾਸ 'ਤੇ ਖੇਡਣ ਦਾ ਪ੍ਰਸਤਾਵ ਜਰੂਰ ਤਿਆਰ ਕੀਤਾ ਹੈ। ਇਸ ਦਾ ਮੁੱਖ ਮਕਸਦ ਵੱਧ ਤੋਂ ਵੱਧ ਮੁਲਕਾਂ ਨੂੰ ਹਾਕੀ ਨਾਲ ਜੋੜਨਾ ਹੈ। ਪਰ ਜਿਸ ਤਰ੍ਹਾਂ ਐਸਟ੍ਰੋਟਰਫ ਦੀ ਹਾਕੀ ਬਹੁਤ ਤੇਜ਼ ਹੋ ਚੁੱਕੀ ਹੈ। ਘਾਹ ਵਾਲੀ ਹਾਕੀ 'ਤੇ ਉਹ ਗੱਲ ਨਹੀਂ ਬਣੇਗੀ। ਜੇਕਰ ਹਾਕੀ ਮੁੜ ਘਾਹ 'ਤੇ ਆ ਵੀ ਜਾਂਦੀ ਹੈ ਤਾਂ ਵੀ ਯੂਰਪੀਅਨ ਟੀਮਾਂ ਨੇ ਸਾਡੇ ਨਾਲੋਂ ਨਵੇਂ ਨਿਯਮ ਸਿਧਾਤਾਂ ਤੇ ਨਵੀਆਂ ਗ੍ਰਾਊਂਡਾਂ ਮੁਤਬਾਕ ਜਲਦੀ ਅੱਗੇ ਲੰਘ ਜਾਣਾ ਹੈ। ਕਿਉਂਕਿ ਅਸੀਂ ਕਦੇ ਵੀ ਹਾਕੀ ਦੇ ਬਦਲਦੇ ਸਰੂਪ ਦੇ ਨਾਲ ਆਪਣੇ ਆਪ ਨੂੰ ਵਕਤ ਮੁਤਾਬਕ ਨਹੀਂ ਬਦਲਿਆ। ਸਾਡੇ ਮੁਲਕਾਂ ਦੀਆਂ ਸਰਕਾਰਾਂ ਦਾ ਸਿਸਟਮ ਹੀ ਕੁਝ ਅਜਿਹਾ ਹੈ। ਜਦਕਿ ਇੰਨ੍ਹਾਂ ਮੁਲਕਾਂ ਦੀ ਹਮੇਸ਼ਾ ਹੀ ਭਾਵੇਂ ਹਾਕੀ ਜਾਂ ਕੋਈ ਹੋਰ ਖੇਡ ਹੋਵੇ, ਉਸ ਪ੍ਰਤੀ ਲੰਬੀ ਯੋਜਨਾ ਹੁੰਦੀ ਹੈ ਤੇ ਉਸੇ ਮੁਤਾਬਕ ਇੰਨ੍ਹਾਂ ਦੇ ਨਤੀਜੇ ਆ ਜਾਂਦੇ ਹਨ। ਇਸ ਕਰਕੇ ਜੇਕਰ ਸਾਡੀ ਪਲਾਨਿੰਗ ਸਹੀ ਹੋਈ ਤਾਂ ਹੀ ਅਸੀਂ ਇੰਨ੍ਹਾਂ ਦੇ ਹਾਣੀ ਹੋ ਕੇ ਚਲ ਸਕਦੇ ਹਾਂ।

ਸਵਾਲ - ਹਾਕੀ ਪ੍ਰੇਮੀਆਂ ਲਈ ਕੋਈ ਖਾਸ ਸੁਨੇਹਾ ?
ਜਵਾਬ - ਹਾਕੀ ਪ੍ਰੇਮੀਆਂ ਲਈ ਮੇਰਾ ਇਹੀ ਸੁਨੇਹਾ ਹੈ ਕਿ ਦੁਨੀਆ ਦੀ ਹਾਕੀ ਪੰਜਾਬੀਆਂ ਤੋਂ ਬਿਨਾਂ ਅਧੂਰੀ ਹੈ ਭਾਵੇਂ ਉਹ ਖਿਡਾਰੀ ਚੜ੍ਹਦੇ ਪੰਜਾਬ ਦੇ ਹੋਣ ਜਾਂ ਫੇਰ ਲਹਿੰਦੇ ਪੰਜਾਬ ਦੇ ਹੋਣ। ਇੰਨ੍ਹਾਂ ਬਿਨਾ ਨਾ ਤਾਂ ਭਾਰਤ-ਪਾਕਿਸਤਾਨ ਦੀਆਂ ਟੀਮਾਂ  ਪੁਰੀ ਤਰ੍ਹਾਂ ਬਣ ਸਕਦੀਆਂ ਹਨ ਤੇ ਨਾ ਹੀ ਦੁਨੀਆ ਦੀ ਹਾਕੀ 'ਚ ਪੰਜਾਬੀਆਂ ਦਾ ਕੋਈ ਖਲਾਅ ਪੂਰਾ ਕਰ ਸਕਦਾ ਹੈ। ਸੋ ਪੰਜਾਬੀਆਂ ਨੂੰ ਆਪਣੀ ਇਸ ਮਾਂ ਖੇਡ ਕੌਮੀ ਖੇਡ ਲਈ ਆਪਣਾ ਤਨ ਮਨ ਧਨ ਵਾਰ ਦੇਣਾ ਚਾਹੀਦਾ ਹੈ। ਇਸ ਵਿਚ ਹੀ ਪੰਜਾਬੀਆਂ ਦਾ ਭਲਾ ਹੈ ਤੇ ਪੰਜਾਬੀਆਂ ਦਾ ਨਾਮ ਪੂਰੀ ਦੁਨੀਆ 'ਚ ਹਾਕੀ ਜ਼ਰੀਏ ਰੌਸ਼ਨ ਹੁੰਦਾ ਹੈ। ਮੇਰੀ ਆਖ਼ਰੀ ਤਮੰਨਾ ਹੈ ਕਿ ਭਾਰਤ-ਪਾਕਿਸਤਾਨ ਦੋਵੇਂ ਓਲੰਪਿਕ ਲਈ ਕੁਆਲੀਫਾਈ ਕਰਨ ਤੇ ਆਪਣੇ ਪੁਰਾਣੇ ਸੁਨਹਿਰੀ ਯੁੱਗ ਵਾਂਗ 1964 ਦੇ ਟੋਕੀਓ ਓਲੰਪਿਕ ਦੇ ਫਾਈਨਲ ਵਾਂਗ 2020ਟੋਕੀਓ ਓਲੰਪਿਕ ਦਾ ਫਾਈਨਲ ਵੀ ਭਾਰਤ-ਪਾਕਿਸਤਾਨ ਹੀ ਖੇਡੇ।
Have something to say? Post your comment

More Article News

ਅਨੇਕਾਂ ਚਰਚਿਤ ਗੀਤਾਂ ਦਾ ਰਚਣਹਾਰ ਅੱਜ ਦਰ ਦਰ ਦੀਆਂ ਠੋਕਰਾਂ ਤੇ ਕੱਟ ਰਿਹਾ ਜਿੰਦਗੀ ਦੇ ਦਿਨ/ਤਰਸੇਮ ਸਿੰਘ ਫਰੰਡ  ਵੱਡਾ ਘੱਲੂਘਾਰਾ ਸਿੱਖ ਕੌਮ ਦੇ ਸੀਨੇ 'ਤੇ ਇੱਕ ਵੱਡਾ ਜ਼ਖ਼ਮ/ਗੁਰਭਿੰਦਰ ਸਿੰਘ ਗੁਰੀ ਵਾਰ ਵਾਰ ਕਿੱਥੋਂ ਨਿਕਲ ਆਉਂਦਾ ਹੈ ਟਿੱਡੀ ਦਲ?/ਬਲਰਾਜ ਸਿੰਘ ਸਿੱਧੂ ਐਸ.ਪੀ. ਗਰੀਬੀ ਦੀ ਦਲਦਲ ਚੋਂ ਉਭਰਿਆ ਮਹਿਕਦਾ ਤੇ ਟਹਿਕਦਾ ਫੁੱਲ : ਓਮਜੀਤ ਸਿੱਖਿਆ ਸਕੱਤਰ ਵੱਲੋਂ ਸਿੱਖਿਆ ਬੋਰਡ ਦੇ ਲੇਖਿਕਾਂ ਕਵੀਆਂ ਕਲਾਕਾਰਾਂ ਦੀ ਬੁਲਾਈ ਮੀਟਿੰਗ ਦੇ ਸੰਦਰਭ ਵਿੱਚ/ਬਘੇਲ ਸਿੰਘ ਧਾਲੀਵਾਲ ਕੌਰ ਸਿਸਟਰਜ਼ ਸਰੋਤਿਆ ਦੀ ਕਚਹਿਰੀ ਵਿੱਚ ਫਿਰ ਹਾਜ਼ਰ/ਬਲਤੇਜ ਸੰਧੂ ਬੁਰਜ ਆਓ ਗਿਆਨ ਦੇ ਦੀਪ ਜਗਾਈਏ !/ਸੂਬੇਦਾਰ ਮਨਜੀਤ ਸਿੰਘ ਵੜੈਚ Drink enough water to keep your kidney healthy/Dr. Sudeep Singh ਵਿਚਾਰਨਯੋਗ ਗੱਲਾਂ/ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਅਵਾਰਾ ਪਸ਼ੂ/:ਨਰਮਿੰਦਰ ਸਿੰਘ
-
-
-