Sunday, January 19, 2020
FOLLOW US ON

Article

ਬਟਾਲੇ ਦਾ ਦੁਖਾਂਤ /ਬਘੇਲ ਸਿਘ ਧਾਲੀਵਾਲ

September 08, 2019 09:57 PM
ਬਟਾਲੇ ਦਾ ਦੁਖਾਂਤ
 ਜਿਹੜੀ ਨਸਲਾਂ ਨੂੰ ਖਤਮ ਕਰੇ ਉਹ ਕਮਾਈ ਕਿਸ ਕੰਮ ਦੀ 
"ਭੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ"
ਬਟਾਲੇ ਦੇ ਪਟਾਕਿਆਂ ਵਾਲੇ ਗੁਦਾਮ ਚ ਹੋਏ ਧਮਾਕੇ ਚ 50 ਵਿਅਕਤੀਆਂ ਦੇ ਮਰਨ ਵਾਲੀ ਖਬਰ ਬੇਹੱਦ ਹੀ ਦੁੱਖ ਦੇਣ ਵਾਲੀ ਮਨਹੂਸ ਖਬਰ ਹੈ ਅਤੇ ਜੋ ਮਾਲਕ ਦੇ ਪਰਿਵਾਰ ਵਾਲੀ ਘਟਨਾ  ਹੈ,ਜਿਸ ਵਿੱਚ ਦੱਸਿਆ ਗਿਆ ਸੀ ਕਿ ਇੱਕ ਬੱਚਾ ਜੋ ਟਿਊਸਨ ਪੜਨ ਗਿਆ ਸੀ ਸਿਰੳਪ ਉਹ ਹੀ ਬਚਿਆ ਹੈ,ਬਾਕੀ ਸਾਰਾ ਪਰਿਵਾਰ ਇਸ ਹਾਦਸੇ ਦੀ ਭੈਂਟ ਚੜ ਗਿਆ,ਉਹ ਇਸ ਸਮੁੱਚੇ ਦੁਖਾਂਤ ਤੋਂ ਵੀ ਵੱਧ ਅਸਹਿ ਹੈ,ਇਸ ਅਣਹੋਣੀ ਨੇ ਦਿਲ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿਤਾ ਹੈ।ਇਸ ਦੁਖਦਾਈ ਖਬਰ ਤੋ ਪਟਾਕੇ ਵਿਕਰੇਤਾਵਾਂ ਨੂੰ ਸਬਕ ਲੈਣਾ ਚਾਹੀਦਾ ਹੈ,ਅਤੇ ਇਸ ਮਾਨਵਤਾ ਅਤੇ  ਕੁਦਰਤ ਵਿਰੋਧੀ ਕਾਰੋਬਾਰ ਤੋ ਤੋਬਾ ਕਰ ਲੈਣੀ ਚਾਹੀਦੀ ਹੈ,ਇਹ ਦੇ ਨਾਲ ਜਿੱਥੇ ਉਹਨਾਂ ਦੀ ਤੇ ਅਾਮ ਲੋਕਾਂ ਦੀ ਸੁਰਖਿਅਾ ਯਕੀਨੀ ਹੋਵੇਗੀ,ਓਥੇ ਪਹਿਲਾਂ ਹੀ ਜਹਿਰੀਲਾ ਹੋ ਚੁੱਕਿਅਾ ਪੰਜਾਬ ਦਾ ਵਾਤਾਵਰਣ ਹੋਰ ਮਲੀਣ ਹੋਣ ਤੋ ਵੀ ਬਚ ਸਕੇਗਾ,ਨਾਲੇ ਇੱਕ ਕਹਾਬਤ ਵੀ ਹੈ ਕਿ "ਭੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ",ਸੋ ਜਿਹੜਾ ਕਾਰੋਬਾਰ ਸਾਡੀਆਂ ਨਸਲਾਂ ਤੱਕ ਨੂੰ ਖਤਮ ਕਰ ਰਿਹਾ ਹੈ,ਉਹਦੀ ਚੰਦਰੀ ਕਮਾਈ ਕਿਹੜੇ ਕੰਮ ਦੀ।ਸੋ ਜਿੱਥੇ ਉਹਨਾਂ ਪੀੜਤ ਪਰਿਵਾਰਾਂ ਦੇ ਦੁਖ ਵਿੱਚ ਸ਼ਰੀਕ ਹੋਣਾ ਸਾਡਾ ਸਭਨਾਂ ਦਾ  ਫਰਜ ਹੈ,ਓਥੇ ਇਸ ਧਮਾਕੇ ਨਾਲ ਗੂੜੀ ਨੀਂਦ ਚੋ ਜਾਗਣਾ ਵੀ ਪਵੇਗਾ,ਅਤੇ ਇਹ ਸਿੱਖਣਾ ਵੀ ਪਵੇਗਾ ਕਿ ਲਾਲਚਾਂ ਬੱਸ ਅਜਿਹੇ ਖਤਰਨਾਕ ਕਾਰੋਬਾਰ ਕਰਨੇ ਕਦੇ ਵੀ ਮਨੁਖੀ ਹਿਤਾਂ ਵਿੱਚ ਨਹੀ ਹੋ ਸਕਦੇ। ਬਰੂਦ ਦੇ ਢੇਰ ਤੇ ਬੈਠ ਕੇ ਕੀਤੀ ਜਾਣ ਵਾਲੀ ਕਮਾਈ ਸਿਆਣੇ ਤੇ ਸੂਝਵਾਨ ਲੋਕਾਂ ਦਾ ਕੰਮ ਨਹੀ ਹੈ।ਪਿਛਲੇ ਕਾਫੀ ਸਮੇ ਤੋ,ਜਦੋ ਤੋ ਪੰਜਾਬ ਦਾ ਵਾਤਾਵਰਣ ਖਤਰਨਾਕ ਹੱਦ ਤੱਕ ਗੰਧਲਾ ਹੋ ਚੁੱਕਾ ਹੈ ਤਾਂ ਕੁੱਝ ਸੂਝਵਾਨ ਲੋਕਾਂ ਨੇ ਇਸ ਗੱਲ ਤੇ ਚਿੰਤਾ ਜਤਾਈ ਹੈ ਅਤੇ ਇਸ ਪਾਸੇ ਜਾਗਰੂਕਤਾ ਲਹਿਰ ਚਲਾਉਣ ਦਾ ਬੀੜਾ ਵੀ ਚੁੱਕਿਆ ਹੈ।ਵਾਤਾਵਰਣ ਦੀ ਸਾਂਭ ਸੰਭਾਲ ਲਈ ਕੰਮ ਕਰਦੀਆਂ ਸੰਸਥਾਵਾ ਨੇ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ ਹੈ ਕਿ ਉਹ ਕਿਹੜੇ ਕਾਰਨ ਹਨ,ਜਿੰਨਾਂ ਨੇ ਪੰਜਾਬ ਦੇ ਸ਼ੁੱਧ ਪੌਣ ਪਾਣੀ ਨੂੰ ਜਹਿਰੀਲਾ ਬਣਾ ਕੇ ਸਾਹ ਲੈਣ ਦੇ ਵੀ ਕਾਬੁਲ ਨਹੀ ਰਹਿਣ ਦਿੱਤਾ।ਉਹਦੇ ਲਈ ਕਾਰਖਾਨਿਆਂ ਵਿੱਚ ਵਰਤੇ ਜਾਂਦੇ ਖਤਰਨਾਕ ਰਸਾਇਣ ਜੁੰਮੇਵਾਰ ਹਨ,ਜਿਹੜੇ ਧਰਤੀ ਦੇ ਉੱਪਰ ਅਤੇ ਹੇਠਾਂ ਦੋਨੋ ਜਗ੍ਹਾ ਹੀ ਜਹਿਰਾਂ ਸੁੱਟ ਰਹੇ ਹਨ,ਜਿੰਨਾਂ ਨਾਲ ਸਾਡੇ ਧਰਤੀ ਹੇਠਲੇ ਅਮ੍ਰਿਤ ਵਰਗੇ ਸੁੱਧ ਪਾਣੀ ਵਿੱਚ ਰਸਾਇਣ ਘੁਲ ਗਏ ਤੇ ਪਾਣੀ ਪੀਣਯੋਗ ਨਹੀ ਰਿਹਾ।ਕਾਰਖਾਨਿਆਂ ਦੇ ਧੂਂਏਂ ਨੇ ਹਵਾ ਨੂੰ ਦੂਸ਼ਿਤ ਕਰਨ ਵਿੱਚ ਵੱਡੀ ਭੂਮਿਕਾ ਅਦਾ ਕੀਤੀ।ਦੂਜਾ ਕਾਰਨ ਹੈ ਕਿਸਾਨੀ ਫਸਲਾਂ ਵਿੱਚ ਵਰਤੇ ਜਾਣ ਵਾਲੇ ਜਹਿਰੀਲੇ ਕੀਟਨਾਸਕ ਅਤੇ ਰਸਾਇਣਕ ਤੱਤ,ਜਿਹੜੇ ਜਿੱਥੇ ਧਰਤੀ ਨੂੰ ਵਾਂਝ ਬਨਾਉਣ ਵਿੱਚ ਅਸਰਦਾਰ ਭੂਮਿਕਾ ਨਿਭਾ ਰਹੇ ਹਨ,ਓਥੇ ਜਹਿਰੀਲੇ ਕੀਟਨਾਸਕ ਦੀ ਲੋੜ ਤੋ ਵੱਧ ਵਰਤੋਂ ਨੇ ਸਾਡੇ ਅਨਾਜ ਨੂੰ ਵੀ ਜਹਿਰੀਲਾ ਬਣਾ ਦਿੱਤਾ ਹੈ।ਤੀਜਾ ਕਾਰਨ ਹੈ ਵਾਤਾਵਰਣ ਨੂੰ ਜਿਹੜਾ ਸਭ ਤੋ ਵੱਧ ਦੂਸ਼ਿਤ ਕਰਦਾ ਹੈ,ਉਹ ਹੈ ਬਰੂਦੀ ਪਟਾਕਿਆਂ ਦੀ ਖੇਡ,ਜਿਸ ਨੇ ਜਿੱਥੇ ਆਮ ਲੋਕਾਂ ਦੀ ਜੇਬ ਤੇ ਬੇਲੋੜਾ ਭਾਰ ਪਾਇਆ ਹੈ,ਓਥੇ ਇਸ ਬਰੂਦੀ ਖੇਡ ਨੇ ਕਿੰਨੇ ਹੀ ਘਰਾਂ ਦੇ ਚਿਰਾਗ ਬੁਝਾਏ ਹਨ।ਹਰ ਸਾਲ ਦਿਵਾਲੀ ਅਤੇ ਦੁਸਹਿਰੇ ਮੌਕੇ ਅਜਿਹੀਆਂ ਦੁਰਘਟਨਾਵਾਂ ਦਾ ਵੱਡੀ ਗਿਣਤੀ ਵਿੱਚ ਵਾਪਰਨਾ ਆਮ ਵਰਤਾਰਾ ਬਣ ਗਿਆ ਹੈ।ਪਿਛਲੇ ਸਾਲ ਅਮ੍ਰਿਤਸਰ ਵਿੱਚ ਦੁਸਹਿਰੇ ਮੌਕੇ ਵਾਪਰੀ ਘਟਨਾ ਦਾ ਦਰਦ ਅਜੇ ਘਟਿਆ ਨਹੀ ਕਿ ਬੀਤੇ ਕੱਲ੍ਹ ਬਟਾਲੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨੇ ਪੂਰੇ ਪੰਜਾਬ ਦਾ ਧਿਆਨ ਖਿੱਚਿਆ ਹੈ।ਹਰ ਇੱਕ ਮਨੁੱਖੀ ਦਿਲ ਅੰਦਰ ਜਿੱਥੇ ਮਰਨ ਵਾਲਿਆਂ ਨਾਲ ਹਮਦਰਦੀ ਦਾ ਹੋਣਾ ਸੁਭਾਵਿਕ ਹੈ,ਓਥੇ ਇਹ ਸੁਆਲ ਵੀ ਹਰ ਇੱਕ ਦੀ ਜੁਬਾਨ ਤੇ ਹੈ ਕਿ ਇਸ ਖਤਰਨਾਕ ਰਵਾਇਤ ਨੂੰ ਬੰਦ ਕਿਉਂ ਨਹੀ ਕੀਤਾ ਜਾਂਦਾ? ਜਿਉਂ ਜਿਉਂ ਮਨੁੱਖ ਸਮਝਦਾਰ ਹੋ ਰਿਹਾ ਹੈ,ਤਿਉਂ ਤਿਉਂ ਇਹ ਬਿਮਾਰੀ ਘਟਣ ਦੀ ਬਜਾਏ ਹੋਰ ਵਧ ਰਹੀ ਹੈ।ਦਿਵਾਲੀ,ਦੁਸਹਿਰੇ ਤੋ ਅੱਗੇ ਵੱਧ ਕੇ ਹੁਣ ਵਿਆਹ ਸਾਦੀਆਂ,ਨਗਰ ਕੀਰਤਨਾਂ ਸਮੇਤ ਹਰ ਖੁੱਸ਼ੀ ਦੇ ਮੌਕੇ ਤੇ ਪਟਾਕੇ ਅਤੇ ਆਤਿਸਵਾਜੀ ਸਟੇਟਸ ਸਿੰਬਲ ਬਣ ਚੁੱਕੀ ਹੈ।ਜਦੋ ਕਿ ਹਾਲਾਤਾਂ ਦੇ ਮੱਦੇਨਜਰ ਚਾਹੀਦਾ ਤਾਂ ਇਹ ਹੈ ਕਿ ਪਟਾਕਿਆਂ ਤੇ ਪੂਰਨ ਪਬੰਦੀ ਲਾਉਣ ਲਈ ਕਦਮ ਚੁੱਕੇ ਜਾਣ,ਪਰ ਅਫਸੋਸ ਕਿ ਇੱਕੀਵੀਂ ਸਦੀ ਦਾ ਵਿਗਿਆਨਿਕ ਸੋਚ ਵਾਲਾ ਮਨੁੱਖ ਇਸ ਖੇਡ ਨੂੰ ਹੋਰ ਪ੍ਰਫੁੱਲਿਤ ਕਰ ਰਿਹਾ ਹੈ।ਆਮ ਲੋਕਾਂ ਵਿੱਚ ਅਜੇ ਵੀ ਇਸ ਜਾਗਰੂਕਤਾ ਦੀ ਘਾਟ ਹੈ ਕਿ ਇਸ ਬਰੂਦੀ ਵਿਉਪਾਰ ਪਿੱਛੇ ਵੀ ਦਿੱਲੀ ਮੁੰਬਈ ਵਿੱਚ ਬੈਠੇ ਉਹ ਹੀ ਪੂੰਜੀਪਤੀਆ ਦੀ ਜਮਾਤ ਦਾ ਦਿਮਾਗ ਅਤੇ ਮੁਨਾਫਾ ਹੈ ਜਿਹੜੀ ਤੁਹਾਨੂੰ ਕਾਰਖਾਨਿਆਂ ਰਾਹੀਂ ਅਤੇ ਕੀਟਨਾਸਕ ਤੇ ਰਸਾਇਣਕ ਤੱਤਾਂ ਰਾਹੀ ਜਹਿਰਾਂ ਪਰੋਸਕੇ ਦੇ ਰਹੀ ਹੈ।ਜਿਸ ਜਮਾਤ ਦਾ ਪੂਰੇ ਭਾਰਤੀ ਸਿਸਟਮ ਤੇ ਹੀ ਕਬਜਾ ਹੋਵੇ,ਉਹਦੇ ਖਿਲਾਫ ਉਹਨਾਂ ਦੀਆਂ ਕਠਪੁਤਲੀ ਸਰਕਾਰਾਂ ਕਿਵੇਂ ਫੈਸਲੇ ਲੈ ਸਕਦੀਆਂ ਹਨ?ਇਸ ਲਈ ਅਜਿਹੇ ਕਾਰੋਬਾਰਾਂ ਨੂੰ ਬੰਦ ਕਰਵਾਉਣ ਲਈ ਸਰਕਾਰਾਂ ਤੇ ਟੇਕ ਰੱਖਣੀ ਕੋਈ ਸਿਆਣਪ ਨਹੀ ਹੋਵੇਗੀ।ਇਸ ਸਮੱਸਿਆ ਤੋ ਛੁਟਕਾਰਾ ਪਾਉਣ ਲਈ ਖੁਦ ਲੋਕਾਂ ਨੂੰ ਅਤੇ ਇਸ ਮਾਰੂ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਖੁਦ ਹੀ ਪਹਿਲਕਦਮੀ ਕਰਨੀ ਪਵੇਗੀ।ਜੇਕਰ ਅਜਿਹਾ ਨਹੀ ਹੁੰਦਾ ਤਾਂ ਅਮ੍ਰਿਤਸਰ ਦੇ ਦੁਸਹਿਰੇ ਅਤੇ ਬਟਾਲੇ ਵਰਗੇ ਹਾਦਸੇ ਵਾਪਰਦੇ ਰਹਿਣਗੇ,ਜਿੰਨਾਂ ਤੇ ਅਸੀ ਸਿਰਫ ਅਫਸੋਸ ਹੀ ਪਰਗਟ ਕਰ ਸਕਾਂਗੇ।ਇਸ ਲਈ ਜਿੱਥੇ ਇਸ ਬਰੂਦੀ ਕਾਰੋਬਾਰ ਦੇ ਖਿਲਾਫ ਲੋਕ ਲਹਿਰ ਪੈਦਾ ਕਰਨ ਦੀ ਲੋੜ ਹੈ,ਓਥੇ ਪਟਾਕੇ ਵੇਚਣ ਤੇ ਬਨਾਉਣ ਦੇ ਕਾਰੋਬਾਰ ਨਾਲ ਜੁੜੇ ਛੋਟੇ,ਵੱਡੇ ਵਪਾਰੀਆਂ ਨੂੰ ਸਨਿਮਰ ਅਪੀਲ ਵੀ ਹੈ,ਕਿ ਇਸ ਦੁਖਾਂਤ ਤੋ ਸਬਕ ਲੈਂਦੇ ਹੋਏ ਇਸ ਬਿਮਾਰੀ ਨੂੰ ਪੰਜਾਬ ਚੋ ਖਤਮ ਕਰਕੇ ਅਪਣੇ ਲਈ,ਅਪਣੇ ਪਰਿਵਾਰ ਲਈ ਅਤੇ ਅਪਣੇ ਸਮਾਜ ਲਈ ਸ਼ੁੱਧ ਵਾਤਾਵਰਣ  ਬਚਾ ਕੇ ਰੱਖਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ,ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਸੁਖ ਦਾ ਸਾਹ ਲੈ ਸਕਣਯੋਗ ਵਾਤਾਵਰਣ ਮਿਲ ਸਕੇ।
ਬਘੇਲ ਸਿਘ ਧਾਲੀਵਾਲ
99142-58142
Have something to say? Post your comment