Monday, September 16, 2019
FOLLOW US ON

Article

'ਦੂਰਬੀਨ' ਨੂੰ ਲੈ ਕੇ ਚਰਚਾ ਵਿੱਚ ਵਾਮਿਕਾ ਗੱਬੀ /ਸਪਨ ਮਨਚੰਦਾ

September 10, 2019 08:55 PM

'ਦੂਰਬੀਨ' ਨੂੰ ਲੈ ਕੇ  ਚਰਚਾ ਵਿੱਚ ਵਾਮਿਕਾ ਗੱਬੀ

ਵਾਮਿਕਾ ਗੱਬੀ ਪੰਜਾਬੀ ਸਿਨਮਾ ਦੀ ਉਹ ਅਦਾਕਾਰਾ ਹੈ ਜਿਸ ਨੇ ਬਾਲ ਵਰੇਸੇ ਹੀ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਉਹ ਜਨਮਜਾਤ ਅਦਾਕਾਰਾ ਹੈ। ਨਾਮਵਰ ਲੇਖਕ ਗਵਰਧਨ ਗੱਬੀ ਦੀ ਇਹ ਲਾਡਲੀ ਧੀਅ ਇਸ ਵੇਲੇ ਪੰਜਾਬੀ ਦੇ ਨਾਲ ਨਾਲ ਹਿੰਦੀ ਅਤੇ ਦੱਖਣੀ ਸਿਨਮਾ ਦੀ ਸਰਗਰਮ ਹੀਰੋਇਨ ਹੈ। ਹਿੰਦੀ ਫਿਲਮ 'ਜਬ ਵੂਈ ਮੈਟ' ਅਤੇ 'ਮੌਸਮ' ਵਿੱਚ ਬਾਲ ਅਦਾਕਾਰਾ ਵਜੋਂ ਕੰਮ ਕਰ ਚੁੱਕੀ ਵਾਮਿਕਾ ਬਾਰੇ ਉਦੋਂ ਸ਼ਾਇਦ ਕਿਸੇ ਨੇ ਇਹ ਕਿਆਸਿਆ ਵੀ ਨਹੀਂ ਹੋਵੇਗਾ ਕਿ ਉਹ ਇਕ ਦਮਦਾਰ ਅਦਾਕਾਰਾ ਵਜੋਂ ਪਰਦੇ 'ਤੇ ਅਜਿਹੀ ਦਸਤਕ ਦੇਵੇਗੀ ਕਿ ਨਿਰਮਾਤਾ, ਨਿਰਦੇਸ਼ਕ ਉਸ ਨੂੰ ਆਪਣੀ ਫ਼ਿਲਮ 'ਚ ਲੈਣ ਖ਼ਾਤਰ ਆਪਣੀਆਂ ਫ਼ਿਲਮਾਂ ਦੀਆਂ ਤਰੀਕਾਂ ਤੱਕ ਬਦਲ ਦੇਣਗੇ। ਵਾਮਿਕਾ ਦੀ ਸਹਿਜ ਭਰਪੂਰ ਅਦਾਕਾਰੀ, ਡੂੰਘੀਆਂ ਝੀਲ ਵਰਗੀਆਂ ਅੱਖਾਂ ਤੇ ਅੰਦਾਜ਼ ਏ ਪੇਸ਼ਕਾਰੀ ਨੇ ਉਸਦਾ ਸ਼ੁਮਾਰ ਪੰਜਾਬੀ ਦੀਆਂ ਚੋਟੀ ਦੀਆਂ ਹੀਰੋਇਨ ਵਿੱਚ ਕਰ ਦਿੱਤਾ ਹੈ। ਬਾਲ ਕਲਾਕਾਰ ਵਜੋਂ  ਛੋਟੇ ਛੋਟੇ ਕਿਰਦਾਰ ਕਰਦੀ ਕਰਦੀ ਵਾਮਿਕਾ ਇਸ ਵੇਲੇ ਪੰਜਾਬੀ, ਹਿੰਦੀ, ਤੇਲਗੂ, ਮਲਿਆਲਮ ਅਤੇ ਤਾਮਿਲ ਫ਼ਿਲਮ ਇੰਡਸਟਰੀ ਦੀ ਸਰਗਰਮ ਅਦਾਕਾਰਾ ਹੈ।
  ਬਤੌਰ ਅਦਾਕਾਰਾ ਉਸਦੀ ਪਹਿਲੀ ਹਿੰਦੀ ਫ਼ਿਲਮ ਸਾਲ 2013 ਵਿੱਚ 'ਸਿਕਸਟੀਨ' ਆਈ ਸੀ। ਇਸ ਫ਼ਿਲਮ ਦੀ ਫ਼ਿਲਮ ਮੇਲਿਆਂ ਵਿੱਚ ਖੂਬ ਚਰਚਾ ਹੋਈ। ਪੰਜਾਬੀ ਸਿਨੇਮੇ 'ਚ ਉਸਦਾ ਆਗਮਨ ਇਸੇ ਸਾਲ ਹੀ 'ਤੂੰ ਮੇਰਾ ਬਾਈ ਮੈਂ ਤੇਰਾ ਬਾਈ' ਫ਼ਿਲਮ ਨਾਲ ਹੋਇਆ ਸੀ। ਨਿਰਦੇਸ਼ਕ ਅੰਮਿਤ ਪ੍ਰਸ਼ਾਰ ਦੀ ਇਸ ਫ਼ਿਲਮ ਜ਼ਰੀਏ ਵਾਮਿਕਾ ਨਾਲ ਯੋ ਯੋ ਹਨੀ ਸਿੰਘ ਨੇ ਵੀ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕੀਤਾ ਸੀ। ਇਸ ਫ਼ਿਲਮ ਤੋਂ ਬਾਅਦ ਨਿਰਦੇਸ਼ਕ ਅੰਮਿਤ ਪ੍ਰਸ਼ਾਰ ਨੇ ਹੀ ਉਸਨੂੰ ਆਪਣੀ ਅਗਲੀ ਫ਼ਿਲਮ 'ਇਸ਼ਕ ਗਰਾਰੀ' ਜ਼ਰੀਏ ਮੁੜ ਵੱਡੇ ਪਰਦੇ 'ਤੇ ਲਿਆਂਦਾ। ਸਾਲ 2017 ਉਸ ਦੀ ਜ਼ਿੰਦਗੀ ਦਾ ਅਹਿਮ ਵਰਾ ਸੀ। ਇਸ ਸਾਲ ਕੌਮਾਂਤਰੀ ਪੱਧਰ 'ਤੇ ਉਸਦੀ ਚਰਚਾ ਮਲਿਆਲਮ ਫ਼ਿਲਮ 'ਗੋਧਾ' ਨਾਲ ਹੋਈ। ਇਸੇ ਵਰੇ ਆਈ ਪੰਜਾਬੀ ਫ਼ਿਲਮ 'ਨਿੱਕਾ ਜ਼ੈਲਦਾਰ 2' ਨੇ ਉਸ ਨੂੰ ਪੰਜਾਬੀ ਦੀਆਂ ਨਾਮੀਂ ਹੀਰੋਇਨਾਂ ਦੀ ਕਤਾਰ ਵਿੱਚ ਖੜਾ ਕੀਤਾ। ਲੰਘੇ ਵਰੇ ਉਸਦੀ ਫ਼ਿਲਮ 'ਪ੍ਰਹੁਣਾ' ਅਤੇ 'ਨਾਢੂ ਖਾਂ' ਨੇ ਉਸਨੂੰ ਨਵੀਂ ਚਰਚਾ ਦਿੱਤੀ। ਇਸ ਵੇਲੇ ਉਸ ਦੀਆਂ ਚਾਰ ਚਾਰ ਫ਼ਿਲਮਾਂ ਕਤਾਰ ਵਿੱਚ ਹਨ।  ਇਨਾਂ ਵਿੱਚੋਂ ਸਭ ਤੋਂ ਪਹਿਲਾਂ ਦੂਰਬੀਨ' 27 ਸਤੰਬਰ ਨੂੰ ਰਿਲੀਜ਼ ਹੋਵੇਗੀ। ਵਾਮਿਕਾ ਦੱਸਦੀ ਹੈ ਕਿ ਪੰਜਾਬੀ ਫ਼ਿਲਮ ਇੰਡਸਟਰੀ ਚ ਹੁਣ ਵੱਡੀ ਤਬਦੀਲੀ ਆਈ ਹੈ। ਇਥੇ ਹੀਰੋਇਨਾਂ ਨੂੰ ਅਹਿਮੀਅਤ ਮਿਲਣ ਲੱਗੀ ਹੈ। ਇਸ ਤਬਦੀਲੀ ਨਾਲ ਹੀਰੋਇਨਾਂ ਨੂੰ ਆਪਣੀ ਅਦਾਕਾਰੀ ਪ੍ਰਤਿਭਾ ਦਾ ਮੁਜ਼ਾਹਰਾ ਕਰਨ ਦਾ ਮੌਕਾ ਮਿਲ ਰਿਹਾ ਹੈ। ਪੰਜਾਬੀ ਫ਼ਿਲਮ 'ਗੁੱਡੀਆਂ ਪਟੌਲੇ' ਅਤੇ 'ਸੁਰਖੀ ਬਿੰਦੀ' ਇਸ ਗੱਲ ਦੀ ਉਦਾਹਰਣ ਹੈ।
ਵਾਮਿਕਾ ਮੁਤਾਬਕ ਉਹ ਹਮੇਸ਼ਾ ਚੁਣੌਤੀ ਭਰਪੂਰ ਕਿਰਦਾਰ ਨਿਭਾਉਣ ਦੀ ਇੁਛੱਕ ਰਹੀ ਹੈ। ਇਹ ਆਤਮ ਵਿਸ਼ਵਾਸ ਉਸ ਅੰਦਰ ਥੀਏਟਰ ਨੇ ਭਰਿਆ ਹੈ। ਇਸ ਸਾਲ ਰਿਲੀਜ਼ ਹੋਣ ਵਾਲੀਆਂ ਉਸਦੀਆਂ ਫ਼ਿਲਮਾਂ ਵਿੱਚ ਦਰਸ਼ਕ ਉਸ ਨੂੰ ਵੱਖੋ ਵੱਖਰੇ ਤੇ ਦਮਦਾਰ ਕਿਰਦਾਰ 'ਚ ਦੇਖਣਗੇ। ਆਪਣੀ ਫ਼ਿਲਮ 'ਦੂਰਬੀਨ' ਬਾਰੇ ਗੱਲ ਕਰਦੀ ਉਹ ਦੱਸਦੀ ਹੈ ਕਿ ਇਹ ਫ਼ਿਲਮ ਸੁਖਰਾਜ ਸਿੰਘ ਨੇ ਲਿਖੀ ਹੈ। ਨਿਰਦੇਸ਼ਕ ਇਸ਼ਾਨ ਚੋਪੜਾ ਦੀ ਇਸ ਫ਼ਿਲਮ ਦੇ ਨਿਰਮਾਤਾ ਸੁਖਰਾਜ ਰੰਧਾਵਾ, ਜੁਗਰਾਜ ਬੱਲ ਅਤੇ ਯਾਦਵਿੰਦਰ ਵਿਰਕ ਹਨ। ਇਹ ਫ਼ਿਲਮ ਮਨੋਰੰਜਨ ਦੇ ਨਾਲ ਨਾਲ ਇਕ ਸਮਾਜਿਕ ਸੁਨੇਹਾ ਵੀ ਦਿੰਦੀ ਹੈ। ਇਹ ਸੁਨੇਹਾ ਕੀ ਹੈ ਇਹ ਫ਼ਿਲਮ ਦੇਖਕੇ ਹੀ ਪਤਾ ਲੱਗੇਗਾ। ਇਸ ਫ਼ਿਲਮ ਵਿੱਚ ਉਸਨੇ ਪੰਜਾਬੀ ਗਾਇਕਾ ਨਿੰਜਾ ਨਾਲ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਵਿੱਚ ਉਸਦਾ ਕਿਰਦਾਰ ਨੂਰ ਨਾਂ ਦੀ ਪੇਂਡੂ ਕੁੜੀ ਦਾ ਹੈ ਜੋ ਆਪਣੀ ਭੂਆ ਕੋਲ ਰਹਿੰਦੀ ਹੈ। ਉਸਦੇ ਪਿੰਡ ਦੇ ਜ਼ਿਆਦਾਤਰ ਮੁੰਡੇ ਬੇਰੁਜ਼ਗਾਰ ਅਤੇ ਨਸ਼ਿਆਂ ਵਿੱਚ ਗ੍ਰਸਤ ਹਨ। ਇਸ ਲਈ ਉਸਦਾ ਕਾਮਰੇਡ ਫੁੱਫੜ ਉਸਦਾ ਵਿਆਹ ਪਿੰਡ ਤੋਂ ਕੋਹਾਂ ਦੂਰ ਕਰਨਾ ਚਾਹੁੰਦਾ ਹੈ ਪਰ ਉਹ ਪਿੰਡ ਦੇ ਹੀ ਇਕ ਨੌਜਵਾਨ ਨੂੰ ਪਿਆਰ ਕਰਦੀ ਹੈ। ਵਾਮਿਕਾ ਮੁਤਾਕਬ ਇਹ ਫ਼ਿਲਮ ਰੁਮਾਂਸ, ਡਰਾਮਾ ਅਤੇ ਕਾਮੇਡੀ ਦਾ ਸੁਮੇਲ ਹੈ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਇਸ ਫ਼ਿਲਮ ਵਿੱਚ ਉਸ ਨੁੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ। ਫ਼ਿਲਮ ਵਿੱਚ ਉਸਦੇ ਅਤੇ ਨਿੰਜਾ ਤੋਂ ਇਲਾਵਾ ਜੱਸ ਬਾਜਵਾ, ਜੈਸਮੀਨ ਬਾਜਵਾ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਹਾਰਬੀ ਸੰਘਾ, ਪ੍ਰਕਾਸ਼ ਗਾਧੂ ਅਤੇ ਰੁਪਿੰਦਰ ਰੂਪੀ ਸਮੇਤ ਕਈ ਨਾਮੀਂ ਕਲਾਕਾਰ ਨੇ ਅਹਿਮ ਭੂਮਿਕਾ ਨਿਭਾਈ ਹੈ। ਵਾਮਿਕਾ ਮੁਤਾਬਕ ਇਹ ਫ਼ਿਲਮ ਉਸਦੀ ਅਦਾਕਾਰੀ ਦਾ ਇਕ ਹੋਰ ਵੱਖਰਾ ਰੰਗ ਪੇਸ਼ ਕਰੇਗੀ।

Have something to say? Post your comment