Sunday, January 19, 2020
FOLLOW US ON

Article

ਚਲਾਣ ਤੇ ਚਲਾਣਾ ਵਿੱਚ ਮਾਮੂਲੀ ਜਿਹਾ ਫਰਕ ਸਿਰਫ ਤੇ ਸਿਰਫ ਕੰਨੇ ਦਾ ਹੈ/ਜਸਵਿੰਦਰ ਸਿੰਘ ਬਰਾੜ

September 12, 2019 10:03 PM

ਚਲਾਣ ਤੇ ਚਲਾਣਾ ਵਿੱਚ ਮਾਮੂਲੀ ਜਿਹਾ ਫਰਕ ਸਿਰਫ ਤੇ ਸਿਰਫ ਕੰਨੇ ਦਾ ਹੈ, ਭਾਰਤੀ ਸਰਕਾਰ ਵੱਲੋਂ ਟ੍ਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਅਤੇ ਲੋਕਾਈ ਦੇ ਸੁਰੱਖਿਅਤ ਜੀਵਨ ਦੇ ਨਾਮ ‘ਤੇ ਹਰ ਚਲਾਣ ਦੀ ਕੀਮਤ ਵਿੱਚ ਕੀਤਾ ਵੱਡਾ ਵਾਧਾ ਲੋਕਾਂ ਲਈ ਸੰਸਾਰ ਤੋਂ ਚਲਾਣੇ ਦਾ ਕਾਰਨ ਬਣ ਰਿਹਾ ਹੈ। ਸ਼ੋਸ਼ਲ ਮੀਡੀਆ ਅਤੇ ਟੈਲੀਵਿਜ਼ਨਾਂ ‘ਤੇ ਦਿਖਾਈਆਂ ਜਾ ਰਹੀ ਵੀਡਿਓ ਜਿਨ੍ਹਾਂ ਵਿੱਚ ਲੋਕ ਵਿਲਕ ਰਹੇ ਹਨ ਪਰ ਉਨਹਾਂ ਦੇ ਚਲਾਣ ਉਨ੍ਹਾਂ ਦੇ ਵਾਹਨਾਂ ਦੀ ਕੀਮਤ ਤੋਂ ਵੀ ਜ਼ਿਆਦਾ ਕੀਤੇ ਜਾ ਰਹੇ ਹਨ ਜਿੱਥੇ ਇੱਕ ਪਾਸੇ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ ਉੱਥੇ ਹੀ ਲੋਕਾਂ ਦੀ ਬੇਬਸੀ ਅਤੇ ਉਨ੍ਹਾਂ ਦੀ ਲਚਾਰੀ ਨੂੰ ਵੀ ਦਰਸਾਉਂਦਾ ਹੈ। ਲੋਕ ਇਨ੍ਹੇ ਮਜ਼ਬੂਰ ਹੋ ਗਏ ਹਨ ਕਿ ਉਨ੍ਹਾਂ ਦੇ ਚੁਣੇ ਹੋਏ ਨੁਮੰਇਦੇ ਅੱਜ ਉਨ੍ਹਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਤਰ੍ਹਾਂ-ਤਰ੍ਹਾਂ ਦੇ ਹੱਥ ਕੰਡੇ ਅਪਣਾ ਕੇ ਉਨ੍ਹਾਂ ਦੀਆਂ ਜੇਬਾਂ ਵਿੱਚੋਂ ਕੱਢ ਰਹੇ ਹਨ ਅਤੇ ਲੋਕ ਇੱਕ ਸਿਆਣੇ ਅਤੇ ਸੱਭਿਅਕ ਬੱਚੇ ਦਾ ਅਭਿਨੈ ਕਰਦੇ ਹੋਏ ਆਪਣੇ ਆਪ ਨੂੰ ਲੁਟਾ ਰਹੇ ਹਨ, ਸਰਕਾਰ ਦੇ ਇਨ੍ਹਾਂ ਹੱਥ ਕੰਢਿਆਂ ਵਿੱਚੋਂ ਹੀ ਇੱਕ ਇਹ ਹੈ ਟ੍ਰੈਫਿਕ ਨਿਯਮਾਂ ਦੇ ਨਾਮ ਤੇ ਵੱਡੇ ਚਲਾਣ, ਖੈਰ ਤੁਸੀ ਸਾਰੇ ਇਨ੍ਹਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹੋ ਮੇਰਾ ਮਕਸਦ ਇੱਥੇ ਸਿਰਫ ਤੇ ਸਿਰਫ ਇਹ ਦੱਸਣਾ ਹੈ ਕਿ ਇਨ੍ਹਾਂ ਚਲਾਣ ਕੀਮਤਾਂ ਦਾ ਬਦਲ ਵੀ ਹੋ ਸਕਦਾ ਹੈ ਜਾਂ ਹੈ, ਪਰ ਜੇਕਰ ਸਾਡੀ ਸਰਕਾਰ ਦੀ ਨੀਤ ਸਾਫ ਹੋਵੇ ਲੋਕ ਸਮਝਦਾਰ ਹੋ ਕੇ ਏਕਤਾ ਦਿਖਾਉਣ ਪਾਰਟੀ ਧਰਮ, ਜਾਤ, ਨਸਲੀ ਵਖਰੇਵੇਂ ਤੋਂ ਉੱਪਰ ਉੱਠ ਕੇ ਅਤੇ ਸਰਕਾਰ ਨੂੰ ਇਹ ਬਦਲ ਲਾਗੂ ਕਰਨ ਲਈ ਮਜ਼ਬੂਰ ਕਰਨ। ਹੁਣ ਜਦੋਂ ਸਰਕਾਰ ਨੂੰ ਪੁੱਛਿਆ ਜਾਂਦਾ ਹੈ ਕਿ ਚਲਾਣ ਦੀਆਂ ਕੀਮਤਾਂ ਵਿੱਚ ਇਨ੍ਹਾਂ ਭਾਰੀ ਵਾਧਾ ਕਿਉਂ ਕੀਤਾ ਗਿਆ ਹੈ ਤਾਂ ਉਨ੍ਹਾਂ ਦਾ ਜਵਾਬ ਇਹ ਹੀ ਹੁੰਦਾ ਹੈ ਕਿ ਲੋਕਾਂ ਨੂੰ ਟ੍ਰੈਫਿਕ ਨਿਯਮ ਸਿਖਾਉਣ ਵਾਸਤੇ ਅਤੇ ਉਨ੍ਹਾਂ ਦੀ ਸੜਕ ‘ਤੇ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਇਹ ਵਾਧਾ ਕੀਤਾ ਗਿਆ ਹੈ। ਪਰ ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਕੀ ਕੋਈ ਵੀ ਬੰਦਾ ਚਲਾਣ ਹੋ ਜਾਣ ਤੋਂ ਬਾਅਦ ਟ੍ਰੈਫਿਕ ਨਿਯਮ ਸਿੱਖ ਜਾਂਦਾ ਹੈ? ਕੀ ਚਲਾਣ ਹੋਣ ਤੋਂ ਬਾਅਦ ਉਸਦੀ ਦੀ ਸੁਰੱਖਿਆ ਯਕੀਨੀ ਹੋ ਜਾਂਦੀ ਹੈ? ਇਨ੍ਹਾਂ ਦਾ ਜਵਾਬ ਸ਼ਾਇਦ, ਸ਼ਾਇਦ ਜਾਂ ਨਾਂਹ ਵਿੱਚ ਹੀ ਹੋਵੇਗਾ। ਜੇਕਰ ਲੋਕ ਪਹਿਲਾਂ ਕੀਤੇ ਜਾਣ ਵਾਲੇ ਚਲਾਣ ਦੀ ਕੀਮਤ ਨਾਲ ਟ੍ਰੈਫਿਕ ਨਿਯਮ ਨਹੀਂ ਸਿੱਖੇ ਤਾਂ ਫਿਰ ਹੁਣ ਕਿਵੇਂ ਸਿੱਖ ਜਾਣਗੇ। ਸਾਨੂੰ ਸੱਚਾਈ ਨੂੰ ਸਵੀਕਾਰ ਕਰਨਾਂ ਚਾਹੀਦਾ ਹੈ ਅਤੇ ਸੱਚਾਈ ਇਹ ਹੈ ਕਿ ਸਾਡੀ ਚਲਾਣ ਕਰਕੇ ਲੋਕਾਂ ਨੂੰ ਨਿਯਮ ਸਿਖਾਉਣ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਲੀ ਨੀਤੀ ਫੇਲ ਹੋ ਚੁੱਕੀ ਹੈ, ਸਾਨੂੰ ਇਸਦਾ ਬਦਲ ਲੱਭਣ ਦੀ ਲੋੜ ਹੈ। ਪਰ ਨਹੀ, ਅਸੀ ਬਦਲ ਲੱਭਣ ਦੀ ਬਜਾਇ ਇਨ੍ਹਾਂ ਦੀਆਂ ਕੀਮਤਾਂ ਵਧਾਂ ਕੇ ਲੋਕਾਂ ਨੂੰ ਮਜ਼ਬੂਰ ਕਰ ਰਹੇ ਹਾਂ ਤੇ ਭ੍ਰਿਸ਼ਟਾਚਾਰੀ ਨੂੰ ਵੱਧਣ ਫੁੱਲਣ ਦਾ ਮੌਕਾ ਪ੍ਰਦਾਨ ਕਰ ਰਹੇ ਹਾਂ । ਭ੍ਰਿਸ਼ਟਾਚਾਰੀ ਕਿਵੇਂ ਵੱਧ-ਫੁੱਲ ਰਹੀ ਹੈ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਇਸ ਬਾਰੇ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋਵੋਂਗੇ। ਹੁਣ ਅਸੀ ਆਪਣੇ ਅਸਲ ਮੁੱਦੇ ਇਸ ਦੇ ਬਦਲ ਦੀ ਗੱਲ ਕਰਦੇ ਹਾਂ ਮੈਂ ਵੀ ਇਹ ਕਹਿੰਦਾ ਹਾਂ ਕਿ ਲੋਕਾਂ ਨੂੰ ਟ੍ਰੈਫਿਕ ਨਿਯਮ ਸਿਖਾ ਕੇ ਸੜਕੀ ਜੀਵਨ ਨੂੰ ਸੁਰੱਖਿਅਤ ਕੀਤਾ ਜਾਵੇ, ਇਹ ਮੇਰੇ ਵਿਚਾਰ ਵਿੱਚ ਸੰਭਵ ਹੈ ਅਤੇ ਇਸ ਲਈ ਸਾਨੂੰ ਇੱਕ ਨਿੱਕਾ ਜਿਹਾ ਕੰਮ ਕਰਨਾਂ ਪਵੇਗਾ ਉਹ ਕੰਮ ਹੈ ਕਿ ਲੋਕਾਂ ਦੇ ਟ੍ਰੈਫਿਕ ਨਿਯਮਾਂ ਨਾਲ ਸੰਬੰਧਿਤ ਕਾਗਜ਼ ਪੱਤਰ ਚੈੱਕ ਕੀਤੇ ਜਾਣ ਅਤੇ ਜਿਸਦੇ ਪੂਰੇ ਨਹੀਂ ਉਹ ਚਲਾਣ ਕਰਕੇ ਪੁਰੇ ਕਰਵਾਏ ਜਾਣ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਬੰਦਾ ਜਿਹੜਾ ਹੁਣ ਤੱਕ ਚਲਾਣ ਦੀ ਵਿਰੋਧਤਾ ਕਰ ਰਿਹਾ ਸੀ ਹੁਣ ਚਲਾਣ ਦੇ ਪੱਖ ਵਿੱਚ ਕਿਵੇਂ ਬੋਲ ਰਿਹਾ ਹੈ ਨਾਲੇ ਚਲਾਣ ਤਾਂ ਸਰਕਾਰ ਕਰ ਹੀ ਰਹੀ ਹੈ ਫਿਰ ਇਸ ਵਿੱਚ ਨਵਾਂ ਕੀ ਹੈ। ਜੀ ਤੁਸੀਂ ਬਿਲਕੁਲ ਸਹੀ ਸੋਚ ਰਹੇ ਹੋਂ ਦਰਅਸਲ ਮੈਂ ਚਲਾਣ ਦੇ ਨਹੀਂ ਬਲਕਿ ਚਲਾਣ ਦੇ ਢੰਗ ਅਤੇ ਨੀਤੀ ਦਾ ਵਿਰੋਧ ਕਰ ਰਿਹਾ ਸੀ। ਹੁਣ ਜੋ ਮੈਂ ਕਹਿਣ ਜਾ ਰਿਹਾ ਹਾਂ ਉਹ ਪੁਰਾਣੇ ਵਿੱਚ ਕੁਝ ਨਵਾ ਹੈ,ਮੈਂ ਕਹਿੰਦਾ ਹਾਂ ਚਲਾਣ ਕਰੋ ਪਰ ਕਰਨਾ ਕਿਵੇਂ ਹੈ ਉਹ ਵੀ ਮੈਂ ਦੱਸ ਰਿਹਾ ਹਾਂ ਉਦਾਹਰਣ ਵਜੋਂ ਕਿਸੇ ਵਿਆਕਤੀ ਕੋਲ ਹੈਲਮਟ ਨਹੀਂ ਹੈ ਉਸਦਾ ਚਲਾਣ ਕਰੋ ਉਸਤੋਂ ਫੀਸ ਵਸੂਲ ਕਰਕੇ ਉਸਨੂੰ ਰਸੀਦ ਦਿਓ ਅਤੇ ਜਿਸ ਨੂੰ ਦਿਖਾ ਕੇ ਉਹ ਸ਼ਹਿਰ ਵਿੱਚ ਸਰਕਾਰ ਵੱਲੋਂ ਚਲਾਏ ਜਾ ਰਹੇ ਅਜਿਹੇ ਸਟੋਰ ਤੋਂ ਜਿਸ ਵਿੱਚ ਟ੍ਰੈਫਿਕ ਨਿਯਮਾਂ ਨਾਲ ਸੰਬੰਧਿਤ ਵਸਤਾਂ ਮਿਲਦੀਆਂ ਹੋਣ ਉੱਥੋਂ ਹੈਲਮਟ ਲੈ ਲਵੇ ਇਸਦੀ ਕੀਮਤ ਭਾਵੇ ਆਮ ਬਜ਼ਾਰ ਨਾਲੋਂ 100 ਰੁਪਏ ਜ਼ਿਆਦਾ ਹੀ ਕਿਉਂ ਨਾ ਹੋਵੇ। ਹੁਣ ਇਹ ਚਲਾਣ ਤਾਂ ਕੀਤਾ ਗਿਆ ਪਰ ਚਲਾਣ ਦੇ ਪੈਸਿਆਂ ਵਿੱਚ ਹੀ ਬੰਦੇ ਨੂੰ ਹੈਲਮਟ ਵੀ ਦਿੱਤਾ ਗਿਆ ਹੈ। ਮੇਰੇ ਕਹਿਣ ਦਾ ਅਰਥ ਤਾਂ ਤੁਸੀ ਸਮਝ ਹੀ ਗਏ ਹੋਵੋਂਗੇ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਹਰ ਸ਼ਹਿਰ ਵਿੱਚ ਨਹੀਂ ਤਾਂ ਘੱਟੋ-ਘੱਟ ਹਰ ਜ਼ਿਲ੍ਹੇ ਵਿੱਚ ਇੱਕ ਅਜਿਹਾ ਸਟੋਰ ਅਤੇ ਵਿਭਾਗ ਸਥਾਪਿਤ ਕਰੇ ਜਿੱਥੇ ਚਲਾਣ ਹੋਣ ਤੋਂ ਬਾਅਦ ਲਏ ਗਏ ਪੈਸਿਆ ਵਿੱਚ ਸੰਬੰਧਿਤ ਵਸਤਾਂ ਦੀ ਪੂਰਤੀ ਕੀਤੀ ਜਾਵੇ ਇਸ ਲਈ ਸਮਾਂ ਵੀ ਨਿਸ਼ਚਿਤ ਹੋਵੇ ਕਿ ਚਲਾਣ ਦੀ ਰਸੀਦ ਦਿਖਾ ਕੇ ਸਿਰਫ ਤੇ ਸਿਰਫ ਅੱਜ (ਜਿੰਨ੍ਹਾਂ ਵੀ ਸਮਾਂ ਮਾਹਿਰ ਉੱਚਿਤ ਸਮਝਣ) ਹੀ ਵਸਤ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਪ੍ਰਕਾਰ ਚਲਾਣ ਕਟਵਾਉਣ ਵਾਲੇ ਨੂੰ ਵੀ ਦੁੱਖ ਨਹੀਂ ਹੋਵੇਗਾ ਅਤੇ ਉਸ ਨੂੰ ਆਪਣੀ ਸੁਰੱਖਿਆ ਲਈ ਹੈਲਮਟ ਵੀ ਮਿਲ ਜਾਵੇਗਾ ਅਤੇ ਸਾਡਾ ਉਦੇਸ਼ ਸਰੁੱਖਿਅਤ ਸੜਕੀ ਜੀਵਨ ਅਤੇ ਟ੍ਰੈਫਿਕ ਨਿਯਮ ਸਿਖਾਉਣ ਦਾ ਉਦੇਸ਼ ਵੀ ਪੂਰਾ ਹੋ ਜਾਵੇਗਾ। ਇਸੇ ਪ੍ਰਕਾਰ ਸਰਕਾਰ ਨੂੰ ਹਰ ਕਿਸਮ ਦੇ ਚਲਾਣ ਦਾ ਬਦਲ ਦੇਣਾ ਪਵੇਗਾ ਬੀਮੇ, ਪ੍ਰਦੂਸ਼ਣ ਆਦਿ ਸਭ ਕਿਸੇ ਨਾਲ ਸੰਬੰਧਿਤ ਇਸੇ ਪ੍ਰਕਾਰ ਬਦਲ ਦਿੱਤਾ ਜਾ ਸਕਦਾ ਹੈ ਇਹ ਕੇਵਲ ਸਿਧਾਤਕ ਵਿਚਾਰ ਨਹੀਂ ਹੈ ਇਸ ਨੂੰ ਬੜੇ ਸੌਖੇ ਤਰੀਕੇ ਨਾਲ ਵਿਵਹਾਰਿਕ ਰੂਪ ਵਿੱਚ ਲਾਗੂ ਵੀ ਕੀਤਾ ਜਾ ਸਕਦਾ, ਪਰ ਇਹ ਤਦ ਹੀ ਸੰਭਵ ਹੈ ਜੇਕਰ ਸਰਕਾਰ ਸੱਚਮੁੱਚ ਸਾਡਾ ਭਲਾ ਚਾਹੁੰਦੀ ਹੈ ।

ਜਸਵਿੰਦਰ ਸਿੰਘ ਬਰਾੜ

ਮੋ. 90414-61944

Have something to say? Post your comment