Sunday, January 19, 2020
FOLLOW US ON

Article

ਕਲਮ ਦੀ ਤਾਕਤ/ ਸੰਦੀਪ ਕੌਰ ਹਿਮਾਂਯੂੰਪੁਰਾ

September 12, 2019 10:12 PM
ਕਲਮ ਦੀ ਤਾਕਤ
 
ਕਲਮ ਪਾਪੀਆਂ ਨੂੰ ਭਾਜੜਾਂ ਪਾ ਸਕਦੀ ਹੈ,
ਦੁਸ਼ਮਣਾਂ ਤੇ ਜ਼ੁਲਮ ਦੀਆਂ ਜੜ੍ਹਾਂ ਉਖਾੜ ਸਕਦੀ ਹੈ।
 
ਜਦੋਂ ਮਨ ਦੀਆਂ ਭਾਵਨਾਵਾਂ ਨੂੰ ਕਲਮ ਰਾਹੀਂ ਇੱਕ ਕਾਗਜ਼ ਉੱਤੇ ਉਤਾਰਿਆਂ ਜਾਂਦਾ ਹੈ ਤਾਂ ਇਹ ਭਾਵਨਾਵਾਂ ਅੱਗੇ ਚੱਲ ਕੇ ਸਾਹਿਤ ਦਾ ਰੂਪ ਧਾਰਨ ਕਰ ਲੈਂਦੀਆਂ ਹਨ।ਜਦੋਂ ਸਮਾਜ ਵਿੱਚ ਫੈਲੀਆਂ ਅਲਾਮਤਾਂ ਦੀ ਸੋਝੀ ਹੁੰਦੀ ਹੈ ਤਾਂ ਸਾਡੇ ਹੱਥ ਕਲਮ ਵੱਲ ਵੱਧਦੇ ਹਨ।ਉਦੋਂ ਕਲਮ ਰਾਹੀਂ ਦਿਲ ਦੇ ਵਲਵਲਿਆਂ ਨੂੰ ਕਾਗਜ਼ ਉੱਤੇ ਉਤਾਰ ਕੇ ਸਮਾਜ ਸਾਹਮਣੇ ਪੇਸ਼ ਕੀਤਾ ਜਾਂਦਾ ਹੈ।ਭਗਤ ਸਿੰਘ ਦੀ ਕਲਮ ਦੀ ਤਾਕਤ ਨੌਜਵਾਨਾਂ ਨੂੰ ਹਮੇਸ਼ਾ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਹੈ।ਕਵੀ ਪਾਸ਼ ਦੀ ਕਲਮ ਕਿਰਤੀਆਂ,ਕਿਸਾਨਾਂ ਦੀ ਗੱਲ ਕਰਦੀ ਹੈ।ਅੰਮ੍ਰਿਤਾ ਪ੍ਰੀਤਮ,ਸ਼ਿਵ ਕੁਮਾਰ ਬਟਾਲਵੀ,ਭਾਈ ਵੀਰ ਸਿੰਘ ਵਰਗੇ ਅਨੇਕਾਂ ਕਵੀਆਂ ਨੇ ਆਪਣੀ ਕਲਮ ਦੇ ਜ਼ੋਰ 'ਤੇ ਦੁਨੀਆਂ 'ਚ ਨਾਮਣਾ ਖੱਟਿਆ ਤੇ ਅਸਮਾਨਾਂ 'ਚ ਸਦਾ ਲਈ ਚਮਕਦੇ ਰਹਿਣ ਵਾਲੇ ਤਾਰਿਆਂ 'ਚ ਆਪਣਾ ਨਾਮ ਦਰਜ ਕਰਵਾ ਦਿੱਤਾ।ਕਲਮ ਉਹੀ ਹੈ ਜੋ ਸਾਡੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਸਿਰਜਦੀ ਹੈ।ਜੋ ਹਾਰੇ ਹੋਏ ਨੂੰ ਹੌਸਲਾਂ ਦਿੰਦੀ ਹੈ।ਦੁਖੀ ਦੀ ਕਰੁਣਾ ਭਰੀ ਆਵਾਜ਼ ਬਣਦੀ ਹੈ।
   ਇੱਕ ਵਧੀਆਂ ਲੇਖਕ ਹਰ ਪੱਖ ਤੋਂ ਸੱਚ ਲਿਖਣ ਵਿੱਚ ਵਿਸ਼ਵਾਸ ਰੱਖਦਾ ਹੈ।ਉਸ ਲਈ ਆਪਣੀ ਕਲਮ ਨੂੰ ਜ਼ਿੰਦਾ ਲਾਉਣਾ ਆਪਣੇ ਆਪ ਨੂੰ ਗੁਲਾਮ ਕਰਨ ਬਰਾਬਰ ਹੈ।ਜਦੋਂ ਲੇਖਕ ਸੱਚ ਲਿਖਣ ਤੋਂ ਸੰਕੋਚ ਕਰਨ ਲੱਗ ਜਾਵੇ ਤਾਂ ਸਮਝੋ ਕਲਮ ਗੁਲਾਮ ਹੋ ਗਈ।ਗੁਲਾਮ ਕਲਮ ਲੋਕਾਂ ਦੀ ਨਹੀਂ ਸਗੋਂ ਹਕੂਮਤ ਕਰਨ ਵਾਲਿਆਂ ਦੀ ਗੱਲ ਕਰਦੀ ਹੈ।ਵਿਦਵਾਨ ਲਿਖਦੇ ਹਨ ਕਿ ਜੇਕਰ ਸੱਚ ਬੋਲਣ 'ਤੇ ਅਸਮਾਨ ਡਿੱਗਦਾ ਹੋਵੇ ਤਾਂ ਡਿੱਗਣ ਦਿਉ ਪਰ ਸੱਚ ਬੋਲਿਆਂ ਜਾਵੇ।ਗੁਲਾਮ ਮਨ ਵਿੱਚੋਂ ਸੱਚ ਉਡਾਰੀ ਮਾਰ ਜਾਂਦਾ ਹੈ।ਸੁਣੀਆਂ-ਸੁਣਾਈਆਂ ਗੱਲਾਂ 'ਤੇ ਯਕੀਨ ਕਰਕੇ ਕੀਤਾ ਲੜਾਈ-ਝਗੜਾ ਵੀ ਗੁਲਾਮ ਸੋਚ ਦੀ ਨਿਸ਼ਾਨੀ ਹੈ।
 
   ਜਿੱਥੇ ਹੋਰ ਹਥਿਆਰ ਕੰਮ ਨਹੀਂ ਆਉਂਦੇ,ਉੱਥੇ ਕਲਮ ਇੱਕ ਹਥਿਆਰ ਦੇ ਰੂਪ ਵਿੱਚ ਕੰਮ ਆਉਂਦੀ ਹੈ।ਇਹ ਕਲਮ ਦੀ ਤਾਕਤ ਹੀ ਵੱਡੇ-ਵੱਡੇ ਪਾਪੀਆਂ,ਦੁਸ਼ਮਣਾਂ ਦੀ ਰੂਹ ਨੂੰ ਹਿਲਾ ਕੇ ਰੱਖ ਦਿੰਦੀ ਹੈ।ਇਸ ਕਲਮ ਨੇ ਹੀ ਇਤਿਹਾਸ ਦੀਆਂ ਘਟਨਾਵਾਂ ਨੂੰ ਸੁਰੱਖਿਅਤ ਰੱਖਿਆਂ ਹੋਇਆਂ ਹੈ।ਜਿਸ ਦਿਨ ਬਾਲਕ ਹੱਥ ਵਿੱਚ ਕਲਮ ਫੜ ਕੇ ਲਿਖਣਾ ਸ਼ੁਰੂ ਕਰਦਾ ਹੈ,ਉਹ ਉਸ ਦਿਨ ਤੋਂ ਹੀ ਆਪਣੇ ਭਵਿੱਖ ਦੀ ਨੀਂਹ ਰੱਖ ਲੈਂਦਾ ਹੈ।ਕਲਮ ਹੀ ਇੱਕ ਅਜਿਹਾ ਹਥਿਆਰ ਹੈ ਜੋ ਅੰਤ ਵਿੱਚ ਫ਼ੈਸਲੇ ਲਈ ਵਰਤਿਆਂ ਜਾਂਦਾ ਹੈ।ਅੰਤ ਵਿੱਚ ਕਲਮ ਦੀ ਤਾਕਤ ਸਾਹਮਣੇ ਬਾਕੀ ਹਥਿਆਰਾਂ ਦੀ ਆਵਾਜ਼ ਖ਼ਾਮੋਸ਼ ਹੋ ਜਾਂਦੀ ਹੈ। 
 ਬਹੁਤ ਲੋਕਾਂ ਨੇ ਕਲਮ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਅੱਜ ਤੱਕ ਕਲਮ ਦੱਬ ਨਹੀਂ ਸਕੀ ਅਤੇ ਨਾ ਹੀ ਕਦੇ ਦੱਬੇਗੀ ।
 
  ਸੰਦੀਪ ਕੌਰ ਹਿਮਾਂਯੂੰਪੁਰਾ
  9781660021
Have something to say? Post your comment