Article

' ਮੈਂ ਪੰਜਾਬ ਬੋਲਦੈਂ '/ਜਸਪ੍ਰੀਤ ਕੌਰ ਸੰਘਾ

September 16, 2019 09:20 AM

     ' ਮੈਂ ਪੰਜਾਬ ਬੋਲਦੈਂ '
                      ਮੈਂ ਪੰਜਾਬ ਹਾਂ , ਪੰਜ ਪਾਣੀਆਂ ਦੀ ਧਰਤੀ ਪੰਜਾਬ । ਉਹ ਪੰਜਾਬ ਜੋ ਕਿਸੇ ਸਮੇਂ ਸੋਨੇ ਦੀ ਚਿੜੀ ਅਖਵਾਉਂਦਾ ਸੀ । ਖੁਸ਼ੀਆਂ ਹੀ ਖੁਸ਼ੀਆਂ ਸਨ ਮੇਰੇ ਵਿਹੜੇ ।ਮੇਰੀ ਜਵਾਨੀ ਮੌਤ ਨੂੰ ਮਖੌਲਾਂ ਕਰਦੀ ਸੀ । ਮੇਰੇ ਧੀਆਂ – ਪੁੱਤਰ ਮੇਰਾ ਅਭਿਮਾਨ ਸਨ । ਇਕ ਉਹ ਸਮਾਂ ਸੀ ਜਦ ਮੇਰੀ ਖੁਸ਼ਹਾਲੀ , ਮੇਰੀ ਬਹਾਦਰੀ ਦੀਆਂ ਗੱਲਾਂ ਸਾਰੀ ਦੁਨੀਆਂ ਵਿੱਚ ਹੁੰਦੀਆਂ ਸਨ ਤੇ ਇਕ ਅੱਜ ਦਾ ਸਮਾਂ ਹੈ ਜਦ ਮੇਰੀ ਬਰਬਾਦੀ ਦੀਆਂ ਗੱਲਾਂ ਦੁਨੀਆਂ ਵਿੱਚ ਹੁੰਦੀਆਂ ਹਨ ।ਅੱਜ ਮੈਂ ਹਰ ਪਾਸਿਓ ਹੀ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਹਾਂ । ਇਹ ਉਜਾੜਾ ਕੋਈ ਪਹਿਲੀ ਵਾਰ ਨਹੀ ਦੇਖਿਆ ਮੈਂ । ਮੈਂ ਤਾਂ ਮੁੱਢ ਤੋਂ ਹੀ ਉਜੜਦਾ ਤੇ ਆਬਾਦ ਹੰਦਾ ਆਇਆ ਹਾਂ । ਪੰਜਾਬ ਦਿਆਂ ਜੰਮਿਆਂ ਨੂੰ ਤਾਂ ਨਿੱਤ ਦਿਨ ਮੁਹਿੰਮਾਂ ਨੇ ।ਪਹਿਲਾਂ ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਵਿਦੇਸ਼ੀਆਂ ਨੇ ਮੈਨੂੰ ਲੁੱਟਿਆ ਪਰ ਰਣਜੀਤ ਸਿੰਘ , ਹਰੀ ਸਿੰਘ ਨਲੂਆ ਅਤੇ ਅਕਾਲੀ ਫੂਲਾ ਸਿੰਘ ਜਿਹੇ ਮੇਰੇ ਸ਼ੇਰ ਪੁੱਤਰਾਂ ਨੇ ਮੈਨੂੰ ਡੋਲਣ ਨਾ ਦਿੱਤਾ । ਸੰਨ ੧੯੪੭ ਵਿੱਚ ਮੈਂ ਫੇਰ ਉਜੜਿਆ । ੧੯੪੭ ਦੀ ਵੰਡ ਦਾ ਦਰਦ ਮੈਂ ਆਪਣੇ ਸੀਨੇ ਤੇ ਹੰਢਾਇਆ । ਮੇਰਾ ਘਰ ਵੰਡਿਆ ਗਿਆ । ਮੇਰੇ ਆਪਣੇ ਮੇਰੇ ਤੋਂ ਦੂਰ ਕਰ ਦਿੱਤੇ ਗਏ । ਮੈਂ ਬਹੁਤ ਤੜਫਿਆਂ ਪਰ ਡੋਲਿਆ ਨਾ । ਮੈਂ ਡਿੱਗਦਾ – ਢਹਿੰਦਾ ਫਿਰ aੁੱਠ ਆਬਾਦ ਹੋਇਆ । ਆਬਾਦ ਹੁੰਦਾ ਵੀ ਕਿਉਂ ਨਾ ਮੈਂ ਤਾਂ ਵੱਸਦਾ ਹੀ ਗੁਰਾਂ ਦੇ ਨਾਮ ਤੇ ਹਾਂ ।
                      ਮੇਰੇ ਆਪਣਿਆ ਨੇ ੧੯੬੬ ਵਿੱਚ ਮੈਨੂੰ ਫੇਰ ਵੰਡਿਆ । ਮੈਂ ਇਹ ਦਰਦ ਵੀ ਸਹਿ ਲਿਆ । ਫੇਰ ਮੈਂ ੧੯੮੪ ਦਾ ਕਾਲਾ ਦੌਰ ਦੇਖਿਆ । ਆਪਣਿਆ ਹੱਥੋਂ ਆਪਣੇ ਸੋਨੇ ਵਰਗੇ ਪੁੱਤਰ ਲਾਸ਼ਾਂ ਬਣਦੇ ਦੇਖੇ । ਘਰਾਂ ਦੇ ਘਰ ਸ਼ਮਸ਼ਾਨ ਬਣਦੇ ਦੇਖੇ । ਮੈਂ ਬਹੁਤ ਰੋਇਆ ਪਰ ਮੇਰੇ ਹੰਝੂਆਂ ਦਾ ਕਿਸੇ ਤੇ ਕੋਈ ਅਸਰ ਨਾ ਹੋਇਆ । ਮੇਰੀ ਜਵਾਨੀ ਇਸ ਕਾਲੇ ਦੌਰ ਨੇ ਖਾ ਲਈ । ਮੈਂ ਫੇਰ ਆਪਣਾ ਆਪ ਸੰਭਾਲਿਆ , ਕਿਉਂਕਿ ਢਹਿਣਾ ਤੇ ਮੁੜ ਉੱਠਣਾ ਤਾਂ ਮੁੱਢ ਤੋਂ ਹੀ ਮੇਰੇ ਹਿੱਸੇ ਆਇਆ ਹੈ । ਇਸ ਦਰਦ ਨੂੰ ਸਹਿੰਦਾ ਮੈਂ ਕਦੇ ਅੱਕਿਆ ਜਾਂ ਥੱਕਿਆ ਨਾ ਕਿਉਂਕਿ ਸੰਘਰਸ਼ ਤਾਂ ਮੇਰੀ ਰਗ – ਰਗ ਵਿੱਚ ਵੱਸਦਾ ਹੈ । ਮੈਨੂੰ ਆਪਣੇ ਹੀਰੇ ਪੁੱਤਰਾਂ ਤੇ ਹਮੇਸ਼ਾ ਮਾਣ ਰਿਹਾ ਹੈ ਜਿਨ੍ਹਾ ਨੇ ਆਪਾ ਕੁਰਬਾਨ ਕਰਕੇ ਮੈਨੂੰ ਜਿਉਂਦਾ ਰੱਖਿਆ ਹੈ ।
                       ਅੱਜ ਮੈਂ ਫੇਰ ਉੱਜੜ ਰਿਹਾ ਹਾਂ ਪਰ ਅੱਜ ਮੈਂ ਬਹੁਤ ਡਰਿਆ ਹੋਇਆ ਹਾਂ ਕਿਉਕਿ ਅੱਜ ਮੈਨੂੰ ਉਜਾੜਨ ਕੋਈ ਵਿਦੇਸ਼ੀ ਨਹੀ ਆਇਆ । ਅੱਜ ਤਾਂ ਮੈਂ ਆਪਣਿਆ ਹੱਥੋਂ ਲੁੱਟਿਆ ਜਾ ਰਿਹਾ ਹਾਂ । ਮੇਰੇ ਆਪਣੇ ਸੱਤਾ ਦੇ ਨਸ਼ੇ ਵਿੱਚ ਐਨੇ ਅੰਨ੍ਹੇ ਹੋ ਚੁੱਕੇ ਹਨ ਕਿ ਮੇਰਾ ਉਜਾੜਾ ਉਨ੍ਹਾਂ ਨੂੰ ਦਿਖਾਈ ਹੀ ਨਹੀ ਦੇ ਰਿਹਾ । ਇਨ੍ਹਾਂ ਕੁਰਸੀ ਦੇ ਚੋਰਾਂ ਨੇ ਨੰਬਰ ਇਕ ਅਖਵਾਉਣ ਵਾਲਾ ਪੰਜਾਬ ਅੱਜ ਕਰਜਾਈ ਪੰਜਾਬ ਬਣਾ ਦਿੱਤਾ ਹੈ । ਮੈਂ ਪੰਜ ਪਾਣੀਆ ਦੀ ਧਰਤੀ ਅਖਵਾਉਣ ਵਾਲਾ ਪੰਜਾਬ ਅੱਜ ਮਾਰੂਥਲ ਬਣ ਰਿਹਾ ਹਾਂ ।ਮੇਰੇ ਅੰਮ੍ਰਿਤ ਵਰਗੇ ਪਾਣੀਆ ਵਿੱਚ ਮੇਰੇ ਆਪਣਿਆ ਨੇ ਜਹਿਰ ਘੋਲ ਦਿੱਤਾ ਹੈ । ਜੋ ਪਾਣੀ ਮੇਰੇ ਵਾਰਿਸਾਂ ਲਈ ਵਰਦਾਨ ਸੀ ਉਹੀ ਪਾਣੀ ਅੱਜ ਉਨ੍ਹਾਂ ਲਈ ਮੌਤ ਦਾ ਸਮਾਨ ਬਣ ਚੁੱਕਾ ਹੈ । ਮੇਰੇ ਕਿਰਤੀ ਪੁੱਤਰ ਜੋ ਸਾਰੇ ਦੇਸ਼ ਦੇ ਅੰਨਦਾਤਾ ਸਨ ਅੱਜ ਖੁਦਕੁਸ਼ੀਆਂ ਦੇ ਰਸਤੇ ਤੇ ਤੁਰ ਪਏ ਹਨ । ਜਿਨ੍ਹਾਂ ਚਿਹਰਿਆਂ ਤੇ ਹਾਸੇ ਦੀ ਬਹਾਰ ਹੁੰਦੀ ਸੀ ਅੱਜ ਉਨ੍ਹਾਂ ਚਿਹਰਿਆਂ ਤੇ ਸਿਰਫ ਚਿੰਤਾ ਨਜਰ ਆਉਂਦੀ ਹੈ ।ਚਿੰਤਾ ਰੁਜਗਾਰ ਦੀ , ਚਿੰਤਾ ਆਪਣੇ ਭਵਿੱਖ ਦੀ , ਚਿੰਤਾ ਦੋ ਵਕਤ ਦੀ ਰੋਟੀ ਦੀ ।    
                      ਮੇਰੀ ਜਵਾਨੀ ਜਿਸ 'ਤੇ ਮੈਨੂੰ ਮਾਣ ਸੀ ਅੱਜ ਉਹ ਨਸ਼ਿਆਂ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ । ਮੇਰੇ ਹੀਰੇ ਪੁੱਤਰ ਮੇਰੀਆਂ ਅੱਖਾਂ ਸਾਹਮਣੇ ਦਮ ਤੋੜ ਰਹੇ ਹਨ ਪਰ ਮੈਂ ਕੁਝ ਨਹੀ ਕਰ ਪਾ ਰਿਹਾ ।  ਮਾਈ ਭਾਗੋ ਜਿਹੀਆਂ ਵੀਰਾਂਗਣਾ ਮੇਰੀਆਂ ਧੀਆਂ ਅੱਜ ਮੇਰੇ ਆਪਣੇ ਘਰ ਵਿੱਚ ਹੀ ਸੁਰੱਖਿਅਤ ਨਹੀ ਹਨ । ਹਵਸ ਦੇ ਪੁਜਾਰੀ ਮੇਰੀਆਂ ਧੀਆਂ ਨੂੰ ਨੋਚ – ਨੋਚ ਖਾ ਰਹੇ ਹਨ ਤੇ ਮੈਂ ਇਕ ਲਾਚਾਰ ਬਾਪ ਦੀ ਤਰ੍ਹਾਂ ਸਿਰਫ ਹੰਝੂ ਕੇਰ ਰਿਹਾ ਹਾਂ । ਮੇਰਾ ਵਾਲ – ਵਾਲ ਅੱਜ ਜਖਮਾਂ ਨਾਲ ਭਰਿਆ ਪਿਆ ਹੈ ਪਰ ਅਫਸੋਸ ਇਨ੍ਹਾਂ ਜਖਮਾਂ ਤੇ ਮਲ੍ਹਮ ਲਗਾਉਣ ਵਾਲਾ ਅੱਜ ਕੋਈ ਨਹੀ । ਮੇਰੇ ਆਪਣੇ ਧੀਆਂ – ਪੁੱਤਰ ਅੱਜ ਆਪਣੇ ਹੱਕਾਂ ਦੀ ਲੜਾਈ ਲੜਨਾ ਨਹੀ ਚਾਹੁੰਦੇ ਸਗੋਂ ਮੈਂਨੂੰ ਬੁੱਢੇ ਬਾਪ ਨੂੰ ਤੜਪਦਾ ਛੱਡ ਹਿਜਰਤ ਕਰ ਰਹੇ ਹਨ । ਉਨ੍ਹਾਂ ਨੂੰ ਆਪਣਾ ਭਵਿੱਖ ਵਿਦੇਸ਼ੀ ਧਰਤੀ ਤੇ ਸੁਰੱਖਿਅਤ ਲੱਗ ਰਿਹਾ ਹੈ ਪਰ ਉਹ ਇਹ ਨਹੀ ਸੋਚ ਰਹੇ ਕਿ ਉਨ੍ਹਾਂ ਤੋਂ ਬਿਨ੍ਹਾਂ ਉਨ੍ਹਾਂ ਦਾ ਇਹ ਬੁੱਢਾ ਹੋ ਚੁੱਕਾ  ਪੰਜਾਬ ਆਖਿਰ ਕਦੋਂ ਤੱਕ ਆਪਣੀ ਹੋਂਦ ਬਚਾ ਸਕੇਗਾ ।
                        ਮੇਰਾ ਤਾਂ ਸਾਰਾ ਇਤਿਹਾਸ ਹੀ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ । ਮੈਂ ਤਾਂ ਜੰਮਿਆ ਵੀ ਸੰਘਰਸ਼ ਵਿੱਚੋਂ ਤੇ ਮਰਨਾ ਵੀ ਸ਼ੰਘਰਸ਼ ਕਰਦੇ ਹੀ ਹੈ ਪਰ ਮੇਰੇ ਵਾਰਿਸ ਸ਼ਾਇਦ ਅੱਜ ਕੁਰਬਾਨੀ ਦੇ ਜਜਬੇ ਤੋਂ ਦੂਰ ਹੋ ਚੁੱਕੇ ਹਨ ।ਇਸੇ ਲਈ ਤਾਂ ਹਾਲਾਤਾਂ ਨਾਲ ਲੜਨ ਦੀ ਬਜਾਏ ਉਹ ਹਾਲਾਤਾਂ ਤੋਂ ਦੂਰ ਭੱਜ ਰਹੇ ਹਨ । ਅੱਜ ਮੈਨੂੰ ਫੇਰ ਤੋਂ ਜਰੂਰਤ ਹੈ ਭਗਤ ਸਿੰਘ , ਰਣਜੀਤ ਸਿੰਘ ਅਤੇ ਨਲੂਏ ਜਿਹੇ ਆਪਣੇ ਸ਼ੇਰ ਪੁੱਤਰਾਂ ਦੀ ਜੋ ਮੈਨੂੰ ਫਿਰ ਤੋਂ ਆਬਾਦ ਕਰ ਸਕਣ । ਇਹ ਕੰਮ ਭਾਵੇਂ ਆਸਾਨ ਨਹੀ ਹੈ ਪਰ ਹਿੰਮਤੇ ਮਰਦਾਂ ਤੇ ਮਦਦੇ ਖੁਦਾ । ਮੈਨੂੰ ਯਕੀਨ ਹੈ ਕਿ ਮੇਰੇ ਪੁੱਤਰ ਜੇਕਰ ਅੱਸੀ ਫੀਸਦੀ ਕੁਰਬਾਨੀਆਂ ਦੇ ਕੇ ਦੇਸ਼ ਆਜਾਦ ਕਰਵਾ ਸਕਦੇ ਹਨ , ਵਿਦੇਸ਼ੀਆਂ ਤੋ ਮੈਨੂੰ ਬਚਾ ਸਕਦੇ ਹਨ ਤਾਂ ਫਿਰ ਸਮੇ ਦੀਆਂ ਸਰਕਾਰਾਂ ਨਾਲ ਮੱਥਾ ਲਾ ਮੇਰਾ ਉਜਾੜਾ ਵੀ ਰੋਕ ਸਕਦੇ ਹਨ । ਮੈਂ ਆਪਣਾ ਉਜਾੜਾ ਦੇਖ ਡਰਿਆ ਜਰੂਰ ਹਾਂ ਪਰ ਡੋਲਿਆ ਨਹੀ ਹਾਂ ਕਿਉਕਿ ਮੈਨੂੰ ਪਤਾ ਹੈ ਕਿ ਉਜੜਨਾ ਤੇ ਆਬਾਦ ਹੋਣਾ ਤਾਂ ਮੁੱਢ ਤੋਂ ਹੀ ਮੇਰੇ ਸੁਭਾਅ ਅੰਦਰ ਹੈ । ਬਾਬੇ ਨਾਨਕ ਦਾ ਵਸਾਇਆ ਪੰਜਾਬ ਹਾਂ ਮੈਂ ਤੇ ਬਾਬੇ ਨਾਨਕ ਦੀ ਧਰਤੀ ਤੋਂ ਬਰਕਤ ਕਦੇ ਖਤਮ ਨਹੀ ਹੋ ਸਕਦੀ । ਮੈਂ ਉੱਠਾਂਗਾ ਤੇ ਫਿਰ ਖੜ੍ਹਾ ਹੋਵਾਂਗਾ ਖੁਸ਼ਹਾਲ ਪੰਜਾਬ ਬਣ ਕੇ ।
                                                      ਜਸਪ੍ਰੀਤ ਕੌਰ ਸੰਘਾ
                                                      ਪਿੰਡ – ਤਨੂੰਲੀ
                                                      ਜਿਲ੍ਹਾ – ਹੁਸ਼ਿਆਰਪੁਰ

Have something to say? Post your comment