Article

ਲਘੂ ਕਥਾ ਖ਼ਰਚ/ਗੁਰਮੀਤ ਸਿੰਘ ਸਿੱਧੂ

September 16, 2019 05:23 PM

 
        ਅੱਜ ਦੁਪਹਿਰ ਵੇਲੇ ਕਾਂਗੜਾ ( ਹਿਮਾਚਲ ਪ੍ਰਦੇਸ਼ ) ਤੋਂ ਮੈਨੂੰ ਮੇਰੇ ਦੋਸਤ ਡਾਕਟਰ ਰੋਮਾਣਾ ਦਾ ਫੋਨ  ਆਇਆ । ਉਹ ਕੁੱਝ ਬੇਚੈਨੀ ਦੇ ਆਲਮ 'ਚ ਸੀ। ਪਿੰਡਾਂ ਦਾ ਹਾਲ ਚਾਲ ਦੱਸਣ ਤੋਂ ਬਾਅਦ ਮੈਂ  ਉਸਦੀ ਘਬਰਾਹਟ ਦੀ ਵਜ੍ਹਾ ਜਾਨਣੀ ਚਾਹੀ ਤਾਂ ਉਸ ਨੇ ਕਿਹਾ ਕਿ, 'ਮੇਰੇ ਮਨ ਨੂੰ ਬਹੁਤ ਠੇਸ ਪਹੁੰਚਾਉਣ ਵਾਲੀ ਘਟਨਾ ਯਾਦ ਆ ਗਈ, ਜੋ ਉਸਨੇ ਬਿਆਨ ਕੀਤੀ ।
  ਮੈਂ ਸੁਣ ਵੀ ਰਿਹਾ ਸੀ ਤੇ ਗਮਗੀਨ ਵੀ ਹੋ ਰਿਹਾ ਸੀ ਕਿ ਇਹ ਤਾਂ ਕਿਸੇ ਦੇ ਵੀ ਦਿਲੋਂ ਦਿਮਾਗ਼ੋਂ  ਜਾਣ ਵਾਲੀ ਨਹੀਂ । ਜਿਸਨੂੰ ਮੈਂ ਆਪਣੀ ਕਲਮ ਰਾਹੀਂ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ।
     ਭਾਗ ਸਿੰਘ ਕੋਲ ਚੰਗੀ ਪੈਲੀ ( ਜ਼ਮੀਨ ) ਸੀ। ਬਾਪੂ ਨੇ ਚੰਗੀ ਜੀਵਨ ਸਾਥਣ ਲੱਭ ਕੇ ਵਿਆਹ ਕਰ ਦਿੱਤਾ, ਧੰਨ ਕੁਰ ਦੇ ਆਉਣ ਨਾਲ ਵੇਹੜਾ ਵੀ ਧੰਨ ਧੰਨ ਕਰ ਉਠਿਆ । ਧਾਰਮਿਕ ਪਰਿਵਾਰ ਸੀ ਹਰ ਰੋਜ਼ ਨਿੱਤਨੇਮੂ, ਪੂਜਾ ਪਾਠ ਕਰਨਾ । ਪ੍ਰਮਾਤਮਾ ਨੇ ਦੋ ਲੜਕੇ ਝੋਲੀ ਪਾ ਦਿੱਤੇ । ਦੋਵਾਂ ਦੇ ਹੀ ਸ੍ਰੀ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਬਖਸ਼ਾ ਕੇ ਕੁਲਦੀਪ ਸਿੰਘ ਤੇ ਗੁਰਮੁੱਖ ਸਿੰਘ ਨਾਂਅ ਰੱਖੇ । ਘਰ ਗ੍ਰਹਿਸਥੀ ਵਧੀਆ ਢੰਗ ਨਾਲ ਚਲਦੀ ਰਹੀ ।
   ਜਦ ਇੱਕ ਦਿਨ ਕੰਨਿਆਂ  ਨੇ ਬੂਹਾ ਖੜਕਾ ਦਿੱਤਾ ਤਾਂ ਭਾਗ ਸਿੰਘ ਉਸਦਾ ਨਾਮਕਰਣ ਲਈ ਸ੍ਰੀ ਗੁਰਦੁਆਰਾ ਸਾਹਿਬ ਜਾਣ ਲੱਗਾ ਤਾਂ ਘਰਵਾਲੀ ਨੇ ਰੋਕਿਆ ਤੇ ਕਿਹਾ ਕਿ, ' ਮੈਂ ਧੀ ਲਾਡੋ ਰਾਣੀ ਦਾ ਨਾਂਅ ਸੁਖਦੀਪ ਕੌਰ ਰੱਖ ਦਿੱਤਾ ਹੈ, ਇਹਨਾਂ ਨੂੰ ਨਾਵਾਂ ਨਾਲ ਕੀ ਇਹ ਤਾਂ ਪਰਾਇਆ ਧਨ ,ਸੱਤ ਬੇਗਾਨੀਆਂ ਹੁੰਦੀਆਂ ਹਨ। ' ਨਾਲੇ ਆਪਣੇ ਕਲੇਜੇ ਦੇ ਟੁਕੜੇ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ । ਤਿੰਨੇ ਬੱਚੇ ਪੜ੍ਹ ਲਿਖ ਕੇ ਵਿਆਹੇ ਵਰੇ ਗਏ, ਧੀ ਰਾਣੀ ਆਪਣੇ ਸਹੁਰੇ ਘਰ ਖੁਸ਼ੀ ਖੁਸ਼ੀ ਵੱਸਣ ਲੱਗੀ । ਘਰ ਨੂੰਹਾਂ ਵਾਲਾ ਬਣ ਗਿਆ, ਪੋਤੇ ਪੋਤੀਆਂ ਦੇ ਵੇਹੜੇ 'ਚ ਖੇਡਣ ਨਾਲ ਘਰ ਦੀਆਂ ਰੌਣਕਾਂ ਵੱਧ ਗਈਆਂ । ਕਬੀਲਦਾਰੀ ਨੇ ਇੱਕ ਦਿਨ ਘਰ 'ਚ ਵੰਡੀਆਂ ਪੁਵਾ ਦਿੱਤੀਆਂ, ਹੁਣ ਇੱਕ ਦੀ ਥਾਂ ਦੋ ਚੁੱਲ੍ਹੇ ਬਣ ਗਏ, ਕਮਰੇ ਵੀ ਵੰਡ ਲਏ ਤੇ ਮਾਂ ਬਾਪ ਦੀ ਰੋਟੀ ਦੀ ਵੀ ਵਾਰੀ ਬੰਨ੍ਹ ਲਈ । ਬਜ਼ੁਰਗ ਜੋੜੇ ਨੂੰ ਬਾਹਰਲੀ ਸਾਂਝੀ  ਬੈਠਕ ਦੇ ਦਿੱਤੀ ਗਈ । ਪਰ ਭੈਣ ਹਮੇਸ਼ਾ ਦੋਨਾਂ ਭਰਾਵਾਂ ਦੇ ਦੁੱਖ ਸੁੱਖ 'ਚ ਸਹਾਈ ਹੁੰਦੀ , ਨਾਲੇ ਮਾਂ ਬਾਪ ਕੋਲ ਉਸ ਬੈਠਕ 'ਚ ਰਾਤ ਕੱਟ ਜਾਂਦੀ ਜਿੱਥੇ ਉਹ ਘਰ ਦੇ ਮਾਲਕ ਦਿਨ ਕਟੀ ਕਰ ਰਹੇ ਸਨ । ਓਹ ਕਿਸੇ 'ਤੇ ਕੋਈ ਗਿਲਾ ਨਾ ਕਰਦੀ । ਮਾਪੇ ਹਮੇਸ਼ਾ ਆਪਣੀ ਧੀ ਨੂੰ ਕਹਿੰਦੇ ਕਿ, ' ਪੁੱਤ ਸਾਨੂੰ ਇੱਥੋਂ ਲੈ ਚੱਲ ਸਾਡਾ ਇੱਥੇ ਰਹਿਣ ਨੂੰ ਭੋਰਾ ਵੀ ਮਨ ਨਹੀਂ ਮੰਨਦਾ । '
    ਬੇਟੀ ਇੱਕ ਦਿਨ ਦਿਲ 'ਤੇ ਪੱਥਰ ਰੱਖ ਕੇ ਆਪਣੇ ਪਿੰਡ ਲੈ ਆਈ । ਓਹ ਸੋਚਦੀ ਸੀ ਕਿ ,' ਉਸ ਘਰ ਦੇ ਮਾਲਕ ਆਪਣੀ ਸਾਰੀ਼ ਜ਼ਿੰਦਗੀ ਉਥੇ ਹੀ ਬਤੀਤ ਕਰਨ ਤੇ ਉਸੇ ਹੀ ਮਿੱਟੀ 'ਚ  ਮਿੱਟੀ  ਹੋਣ । ' ਉਸਨੇ ਉਹਨਾਂ ਦੀ ਖੂਬ ਸੇਵਾ ਸੰਭਾਲ ਕੀਤੀ । ਬੱਚੇ ਵੀ ਨਾਨਾ ਨਾਨੀ ਕਹਿੰਦੇ ਮੂੰਹੋਂ ਨਾ ਥੱਕਦੇ, ਹਮੇਸ਼ਾ ਉਹਨਾਂ ਦੀ ਗੋਦ 'ਚ ਖੇਡਦੇ ਰਹਿੰਦੇ ।
    ਇੱਕ ਦਿਨ ਭਾਗ ਸਿੰਘ ਅਚਾਨਕ ਹੀ ਵਿਛੋੜਾ ਦੇ ਗਿਆ, ਘਰ ਬੂਹ ਕੁਰਲਾਟ ਮੱਚ ਗਿਆ, ਸ਼ਰੀਕਾ ਕਬੀਲਾ ਇਕੱਠੇ ਹੋ ਗਿਆ । ਸਿਆਣੇ ਬੰਦਿਆਂ ਨੇ ਉਸਨੂੰ ਸਮਝਾਇਆ ਕਿ,' ਤੂੰ ਆਪਣੇ ਬਾਪ ਦੀ ਮਿੱਟੀ ਇਸ ਦੇ ਜ਼ੱਦੀ ਪੁਸਤੀ ਪਿੰਡ ਹੀ ਸਮੇਟ ।'
 ਓਹ ਸਾਰਿਆਂ ਦੇ ਆਖੇ ਲੱਗ ਕੇ ਅਣਮੰਨੇ ਜਿਹੇ ਮਨ ਮਾਂ ਨੂੰ ਨਾਲ ਲੈ ਕੇ ਲਾਸ਼ ਚੁੱਕ ਤੁਰ ਪਈ। ਰਿਸ਼ਤੇਦਾਰ ਵੀ ਆ ਗਏ, ਜਦੋਂ ਮ੍ਰਿਤਕ ਦੇਹ ਨੂੰ ਇਸ਼ਨਾਨ ਕਰਵਾਉਣ ਲਈ ਵੇਹੜੇ '
ਚ  ਲਿਆਂਦਾ ਗਿਆ ਤਾਂ ਉਸ ਦੇ ਦੋਨੋ ਭਰਾ ਸਮੇਤ ਪਰਿਵਾਰਾਂ ਦੇ ਘਰ ਅੰਦਰ ਵੜ ਕੇ ਘੁਸਰ ਮੁਸਰ ਕਰਕੇ ਇਹ ਫੈਸਲਾ ਕਰਕੇ ਕਿ  ਬਾਪੂ ਦਾ ਖਰਚਾ ਵੱਡਾ ਤੇ ਮਾਂ ਦਾ ਖਰਚਾੋ ਛੋਟਾ ਕਰੇਗਾ ।
  ਇਸ ਗੱਲ ਦੀ ਭਿਣਕ ਸਭ ਨੂੰ ਪੈ ਗਈ ਸੀ । ਧੰਨ ਕੌਰ ਨੂੰ ਜਦ ਪਤਾ ਲੱਗਾ ਤਾਂ ਉਸ ਨੇ ਵੀ ਸਵਾਸ ਤਿਆਗ ਦਿੱਤੇ ।  
      ਹੁਣ ਉਹਨਾਂ ਦੀ ਭੈਣ ( ਧੀ ਰਾਣੀ ) ਗੜ੍ਹਕੀ ਕਿ, ' ਕਿਸੇ ਨੂੰ ਕੋਈ ਖ਼ਰਚਾ ਕਰਨ ਦੀ ਲੋੜ ਨਹੀਂ, ਮੈਂ ਸਾਰੇ ਰਸਮੋਂ ਰਿਵਾਜ਼ ਆਪ ਨਿਭਾ ਲਵਾਂਗੀ ।ਸਿਰਫ਼ ਮੇਰੇ ਜਨਮਦਾਤਿਆਂ ਦੀਆਂ ਲਾਸ਼ਾਂ ਹੀ ਮੈਨੂੰ ਦੇ ਦੇਵੋ । ਅੰਤ੍ਰਿਮ ਅਰਦਾਸ ਵੇਲੇ ਸ੍ਰੀ ਗੁਰਦੁਆਰਾ ਸਾਹਿਬ ਵੀ ਨਾ ਹੀ ਆਉਣਾ ਕਿਉਂਕਿ ਹੁਕਮਨਾਮਾ ਕਿਤੇ ਤੁਹਾਡੇ ਨਾਂਅ ਦੇ ਅੱਖਰਾਂ ਵਾਲਾ ਹੀ ਨਾ ਬਖਸ਼ਿਸ਼ ਹੋ ਜਾਵੇ  ? ਜਿਸ ਕਰਕੇ ਮੇਰੇ ਮਾਤਾ ਪਿਤਾ ਜੀ ਦੀਆਂ ਰੂਹਾਂ ਨੂੰ ਪ੍ਰਮਾਤਮਾ ਜੀ ਦੇ ਚਰਨਾਂ 'ਚ ਨਿਵਾਸ ਨਾ ਮਿਲੇ ਤੇ ਉਹਨਾਂ ਦੀਆਂ ਰੂਹਾਂ ਭਟਕਦੀਆਂ ਫਿਰਨ ।'
ਗੁਰਮੀਤ ਸਿੰਘ ਸਿੱਧੂ ਕਾਨੂੰਗੋ ਗਲੀ ਨੰਬਰ 11ਸੱਜੇ ਡੋਗਰ ਬਸਤੀ ਫਰੀਦਕੋਟ
81465 93089

Have something to say? Post your comment