Poem

(ਹਿੰਦ/ਪਾਕਿ)ਜਸਵੀਰ ਸ਼ਰਮਾਂ ਦੱਦਾਹੂਰ

October 04, 2019 08:46 AM

ਬੋਲੀ ਇੱਕੋ ਵਿਰਸਾ ਇੱਕੋ, ਦਿਲਾਂ ਚ ਫਰਕ ਕਿਉਂ ਪਾਇਆ?

ਐਡੀ ਕੀ ਮਜਬੂਰੀ ਸੀ,ਜੋ ਹਿੰਦ ਤੇ ਪਾਕਿ ਬਣਾਇਆ??
 
ਮਿਲਦੇ ਜੁਲਦੇ ਰਸਮ ਰਿਵਾਜਾਂ, ਦੋਨੋਂ ਪਾਸੀਂ ਸਾਰੇ।
ਬੁੱਧੀਜੀਵੀਆਂ ਨੂੰ ਹੈ ਲੱਗਦਾ, ਐਵੇਂ ਝੱਲ ਖਿਲਾਰੇ।।
 
ਇੱਕੋ ਜਿਹੇ ਖੇਤ ਹਨ ਤੇ ਇੱਕੋ ਜਿਹੀਆਂ ਫ਼ਸਲਾਂ।
ਸਮਝ ਨਹੀਂ ਆਉਂਦੀ ਕਿਹੜੀ ਗੱਲੋਂ ਵੰਡ ਲੲੀਆਂ ਨੇ ਨਸਲਾਂ??
 
ਅਲੱਗ ਥਲੱਗ ਪੲੇ ਦੁਨੀਆਂ ਨਾਲੋਂ, ਵੰਡ ਦੀ ਖਿੱਚ ਲਕੀਰ।
ਗਹੁ ਨਾਲ ਦੇਖਿਆ ਦੋਹਾਂ ਦੇਸ਼ਾਂ ਦੀ ਇੱਕੋ ਜਿਹੀ ਤਸਵੀਰ।।
 
ਸਮੇਂ ਦੀਆਂ ਸਰਕਾਰਾਂ ਨੇ ਕਿਉਂ ਐਡਾ ਕਹਿਰ ਕਮਾਇਆ।
ਚਿਰਾਂ ਤੋਂ ਸਾਂਭਿਆ ਉੱਜੜ ਗਿਆ ਜੋ, ਕੀਮਤੀ ਸੀ ਸਰਮਾਇਆ।।
 
ਹਾਸੇ ਰੁਲਗੇ ਸਾਰੇ ਪੱਲੇ ਪੈ ਗਿਆ ਸੱਭਦੇ ਰੋਣਾਂ।
ਕਿਸੇ ਦੀ ਮਾਈ ਫੌਤ ਹੋਗੀ,ਅੱਬਾ ਰਹਿ ਗਿਆ ਓਧਰ ਹੋਣਾਂ।।
 
ਧੀਆਂ ਭੈਣਾਂ ਦੀ ਬੇ-ਪੱਤੀ ਅੱਖਾਂ ਸਾਹਮਣੇ ਹੋਈ।
ਕੂਕ ਪੁਕਾਰ ਨਾ ਸੁਣੀ ਕਿਸੇ ਨੇ, ਅੰਬਰ ਧਰਤੀ ਰੋਈ।।
 
ਆਪਣਿਆਂ ਨੂੰ ਆਪਣਿਆਂ ਨੇ ਅੱਖਾਂ ਸਾਹਵੇਂ ਵੱਢਿਆ
ਭਰੇ ਭੁਕੰਨੇ ਘਰਾਂ ਨੂੰ ਸੀ ਜਦ ਵਿਲਕਦਿਆਂ ਨੇ ਛੱਡਿਆ।।
 
ਉਜਾੜਾ ਜਿਨ੍ਹਾਂ ਨੇ ਅੱਖੀਂ ਵੇਖਿਆ ਓਹ ਅੱਜ ਵੀ ਨੇ ਕੁਰਲਾਉਂਦੇ।
ਅਣਹੋਣੀਂ ਇਹੋ ਜਿਹੀ ਹੋਵੇ ਨਾ ਕਦੇ ਰਹਿਣ ਵਾਸਤੇ ਪਾਉਂਦੇ।।
 
ਹੈਵਾਨੀਅਤ ਵਾਲਾ ਨੰਗਾ ਨਾਚ, ਕੀਤਾ ਸੀ ਸਰਕਾਰਾਂ।
ਹਸਦੀ ਵਸਦੀ ਕਾਇਨਾਤ ਦੀਆਂ ਲੁੱਟੀਆਂ ਮੌਜ ਬਹਾਰਾਂ।।
 
ਭਾਈ ਨੂੰ ਭਾਈ ਦੇ ਨਾਲ ਲੜਾਕੇ,ਖੇਡੀ ਖੂਨ ਦੀ ਹੋਲੀ।
ਦਿੰਦੇ ਰਹੇ ਸਲਾਹਾਂ ਨਾ ਸੀ, ਕਿਸੇ ਦੀ ਗੱਲ ਹੀ ਗੌਲੀ।।
 
ਦੱਦਾਹੂਰੀਆ ਓਸ ਖੁਦਾ ਦੇ ਅੱਗੇ ਕਰੇ ਦੁਆਵਾਂ।
ਕੁੱਲ ਦੁਨੀਆ ਤੋਂ ਦੂਰ ਰੱਖੀਂ ਤੂੰ ਇਹੋ ਜਿਹੀਆਂ ਬਲਾਵਾਂ।।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691 49556
Have something to say? Post your comment