Friday, February 21, 2020
FOLLOW US ON

Article

'ਮੈਨੂੰ ਕਹਿੰਦੇ ਜੱਟ ਰੰਗੀਲਾ, ਭਾਡਾਂ ਕਰਦੂੰਗਾ ਚਮਕੀਲਾ'/ਜਸਵੀਰ ਸ਼ਰਮਾਂ ਦੱਦਾਹੂਰ

October 05, 2019 08:47 PM

ਸਾਡਾ ਵਿਰਸਾ..
'ਮੈਨੂੰ ਕਹਿੰਦੇ ਜੱਟ ਰੰਗੀਲਾ, ਭਾਡਾਂ ਕਰਦੂੰਗਾ ਚਮਕੀਲਾ'
ਇਹੇ ਗੀਤ ਕੋਈ ਸਮਾਂ ਸੀ ਜਦੋਂ ਸਾਡੇ ਘਰਾਂ ਦੇ ਬਨੇਰਿਆਂ ਤੇ ਚੱਲਦਾ ਰਿਹਾ ਹੈ।ਪਰ ਅਜੋਕੇ ਸਮਿਆਂ ਵਿੱਚ ਅਸੀਂ ਇਸ ਨੂੰ ਬੀਤੇ ਸਮੇਂ ਦੀਆਂ ਯਾਦਾਂ ਤੇ ਗੱਲਾਂ ਕਹਿ ਰਹੇ ਹਾਂ। ਜੇਕਰ ਪੁਰਾਤਨ ਭਾਵ ਸੱਤਰ ਕੁ ਦੇ ਦਹਾਕੇ ਦੀ ਗੱਲ ਕਰੀਏ ਤਾਂ ਜਿਹੜੇ ਦੋਸਤਾਂ ਮਿੱਤਰਾਂ ਜਾ ਸਾਡੇ ਪੁਰਾਣੇ ਬਜੁਰਗਾਂ ਨੇ ਓਹ ਸਮੇਂ ਵੇਖੇ ਹਨ ਉਨਾਂ ਨੂੰ ਬਿਲਕੁਲ ਇਹ ਸਮੇਂ ਯਾਦ ਹੀ ਨਹੀਂ ਹੋਣਗੇ ਬਲਕਿ ਇੱਕ ਰੀਲ ਦੀ ਤਰਾਂ ਉਨਾਂ ਦੇ ਜਿਹਨ ਵਿੱਚ ਓਹ ਸਮੇਂ ਘੁੰਮ ਰਹੇ ਹੋਣਗੇ। ਤਾਂ ਫਿਰ ਦੱਸੋ ਖਾਂ ਜਰਾ ਕੁ ਦੋਸਤੋ ਓਹ ਕਿਹੋ ਜਿਹੇ ਸਮੇਂ ਸੀ? ਨਿਰਸੰਦੇਹ ਹੀ ਸਾਰੇ ਸਾਡੇ ਪੁਰਖੇ ਜਾਂ ਸਤਿਕਾਰਯੋਗ ਪੁਰਾਣੇ ਬਜੁਰਗ ਬਿਲਕੁਲ ਇਹ ਗੱਲ ਕਹਿਣਗੇ ਕਿ ਉਨਾਂ ਸਮਿਆਂ ਦੀ ਕਿਆ ਬਾਤ ਸੀ।
ਸਾਡੇ ਪੁਰਾਤਨ ਪੰਜਾਬ ਨੂੰ ਜੇਕਰ ਲਹਿਰਾਂ ਬਹਿਰਾਂ ਵਾਲਾ ਪੰਜਾਬ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਉਨਾਂ ਸਮਿਆਂ ਵਿਚ ਪੰਜਾਬ ਵਿੱਚ ਖੁਸ਼ਹਾਲੀ ਨਾਮ ਦੀ ਕੋਈ ਚੀਜ਼ ਜ਼ਰੂਰ ਹੁੰਦੀ ਸੀ,ਜੋ ਅਜੋਕੇ ਪੰਜਾਬ ਵਿਚੋਂ ਗੁੰਮ ਹੋ ਚੁੱਕੀ ਹੈ। ਰਸੋਈ ਦੇ ਸਾਰੇ ਭਾਂਡੇ ਹੀ ਪਿੱਤਲ ਜਾਂ ਕਾਂਸੀ ਦੇ ਹੋਇਆ ਕਰਦੇ ਸਨ ਸਟੀਲ ਜਾਂ ਅਲਮੀਨੀਅਮ ਦੇ ਬਰਤਨਾਂ ਦਾ ਬਿਲਕੁਲ ਹੀ ਰਿਵਾਜ ਨਹੀਂ ਸੀ। ਜਿਨਾਂ ਨੂੰ ਸਾਡੀਆਂ ਮਾਵਾਂ ਜਾਂ ਦਾਦੀ ਦੀ ਉਮਰ ਦੀਆਂ ਸਵਾਣੀਆਂ ਚੁੱਲੇ ਦੀ ਰਾਖ ਨਾਲ ਸਾਫ਼ ਭਾਵ ਮਾਂਜ ਕੇ ਪੂਰੇ ਚਮਕਾਇਆ ਕਰਦੀਆਂ ਸਨ।ਰੋਟੀ ਟੁੱਕ ਦਾ ਸਾਰਾ ਕੰਮ ਆਪਣੇ ਹੱਥੀਂ ਕਰਨ ਦਾ ਰਿਵਾਜ ਵੀ ਸਿਖਰਾਂ ਤੇ ਰਿਹਾ ਹੈ। ਕਿਸੇ ਤੋਂ ਹੁਕਮ ਦੇ ਕੇ ਕੰਮ ਕਰਵਾਉਣ ਦੇ ਸਮੇਂ ਤਾਂ ਹੁਣ ਦੋ ਕੁ ਦਹਾਕੇ ਪਹਿਲਾਂ ਤੋਂ ਹੀ ਸ਼ੁਰੂ ਹੋਇਆ ਹੈ। ਉਨਾਂ ਸਮਿਆਂ ਵਿੱਚ ਪਿੱਤਲ ਦੇ ਭਾਂਡਿਆਂ ਨੂੰ ਕਲੀ ਕਰਵਾਉਣ ਦੇ ਸਮੇਂ ਵੀ ਰਹੇ ਹਨ।ਕੋਈ ਛੇ ਕੁਝ ਮਹੀਨਿਆਂ ਬਾਅਦ ਕਲੀ ਕਰਨ ਵਾਲੇ ਭਾਈ ਪਿੰਡਾਂ ਵਿਚ ਖੁਦ ਹੀ ਗੇੜਾ ਮਾਰ ਲੈਂਦੇ ਤੇ ਉਨਾਂ ਨੇ ਪਿੰਡ ਦੇ ਵਿੱਚ ਕਿਸੇ ਇੱਕ ਸਾਂਝੀ ਜਗਾ ਵਿਚ ਬੈਠ ਜਾਣਾ, ਜੇਕਰ ਕੋਈ ਛੋਟਾ ਪਿੰਡ ਹੁੰਦਾ ਸੀ ਤਾਂ ਸਾਰੇ ਪਿੰਡ ਦੀਆਂ ਸਵਾਣੀਆਂ ਨੇ ਓਥੇ ਹੀ ਬੈਠੇ ਬਿਠਾਏ ਭਾਈ ਤੋਂ ਲੋੜ ਮੁਤਾਬਿਕ ਭਾਂਡਿਆਂ ਨੂੰ ਕਲੀ ਕਰਵਾ ਲੈਣੀ ਤੇ ਜੇਕਰ ਕੋਈ ਪਿੰਡ ਗਿਣਤੀ ਦੇ ਹਿਸਾਬ ਨਾਲ ਵੱਡਾ ਭਾਵ ਅਗਵਾੜ ਹੋਣੇ ਤਾਂ ਫਿਰ ਕਲੀ ਕਰਨ ਵਾਲੇ ਭਾਈ ਨੂੰ ਸਮੇਂ ਮੁਤਾਬਿਕ ਆਪਣਾ ਅੱਡਾ ਪੱਟਕੇ ਦੂਜੇ ਪਾਸੇ ਵੀ ਲਿਜਾਣਾ ਪੈਦਾ ਸੀ।
'ਭਾਈ ਵੇ ਕਲੀ ਵਾਲਿਆ ਮੇਰੇ ਭਾਂਡੇ ਕਲੀ ਕਰਜ਼ਾ'..  ਇਹ ਗੀਤ ਵੀ ਉਨਾਂ ਸਮਿਆਂ ਦੇ ਹੀ ਹਨ,ਜੋ ਆਪਣੇ ਸਮੇਂ ਜੋਬਨ ਤੇ ਰਹੇ ਹਨ। ਕਿਸੇ ਭਾਂਡੇ ਵਿੱਚ ਕੋਈ ਨੁਕਸ ਹੋਣਾ ਭਾਵ ਵਿੰਗਾ ਜਾਂ ਪਰਾਂਤ ਦੇ ਪੌੜ ਲਵਾਉਣੇ ਹੁੰਦੇ ਤਾਂ ਵੀ ਖੁਦ ਓਹ ਕਲੀ ਕਰਨ ਵਾਲੇ ਨੇ ਹੀ ਲਾ ਦੇਣੇ। ਤੇ ਵਿੰਗੇ ਤੜਿੰਗੇ ਭਾਂਡਿਆਂ ਨੂੰ ਸਹੀ ਕਰਕੇ ਕਲੀ ਕਰਦੇਣਾ ਤੇ ਭਾਂਡੇ ਇਉਂ ਲੱਗਦੇ ਸਨ ਜਿਵੇਂ ਹੁਣੇ ਹੁਣੇ ਹੀ ਦੁਕਾਨ ਤੋਂ ਨਵੇਂ ਲਿਆਂਦੇ ਹੋਣ। ਭਾਂਡੇ ਕਲੀ ਕਰਵਾਉਣ ਨਾਲ ਜਿਥੇ ਉਨਾਂ ਨੂੰ ਰੂਪ ਚੜ ਜਾਇਆ ਕਰਦਾ ਸੀ ਓਥੇ ਦਿਲ ਦਾ ਵਹਿਮ ਵੀ ਦੂਰ ਹੋ ਜਾਂਦਾ ਸੀ ਕਿ ਅਸੀਂ ਕਿਤੇ ਪਿੱਤਲ ਹੀ ਤਾਂ ਨਹੀਂ ਦਾਲਾਂ ਸਬਜ਼ੀਆਂ ਰਾਹੀਂ ਖਾਈ ਜਾਂਦੇ?ਭਾਂਡਿਆਂ ਨੂੰ ਕਲੀ ਕਰਾਉਣਾ ਉਨਾਂ ਸਮਿਆਂ ਵਿੱਚ ਬਹੁਤ ਜ਼ਰੂਰੀ ਤਿਉਹਾਰਾਂ ਕਰਕੇ ਵੀ ਸਮਝਿਆ ਜਾਂਦਾ ਸੀ ਜਿਵੇਂ ਆਪਾਂ ਅਜੋਕੇ ਸਮਿਆਂ ਵਿੱਚ ਵੀ ਦੀਵਾਲੀ ਦੇ ਪਵਿੱਤਰ ਤਿਉਹਾਰ ਤੇ ਘਰਾਂ ਦੀ ਸਫ਼ਾਈ ਕਰਕੇ ਘਰਾਂ ਦੀ ਸਜਾਵਟ ਕਰਦੇ ਹਾਂ ਬਿਲਕੁਲ ਓਸੇ ਤਰਾਂ ਹੀ ਦੀਵਾਲੀ ਦੇ ਨੇੜੇ ਹੀ ਭਾਂਡਿਆਂ ਨੂੰ ਕਲੀ ਕਰਾਉਣਾ ਵੀ ਇੱਕ ਮਿਥ ਰਹੀ ਹੈ।
ਪਰ ਜੇਕਰ ਅਜੋਕੇ ਸਮਿਆਂ ਦੀ ਗੱਲ ਕਰੀਏ ਤਾਂ ਇਹ ਰਿਵਾਜ ਖਤਮ ਹੀ ਹੋ ਚੁੱਕਿਆ ਹੈ ਕਿਉਂਕਿ ਹੁਣ ਪਿੱਤਲ ਤੇ ਕਾਂਸੀ ਦੇ ਭਾਂਡੇ ਰਸੋਈਆ ਵਿਚੋਂ ਗੁੰਮ ਹਨ, ਹਾਂ ਜੇਕਰ ਕਿਸੇ ਪੁਰਾਣੀ ਮਾਤਾ ਭੈਣਾਂ ਨੇ ਸਾਂਭ ਕੇ ਆਪਣੇ ਵਿਰਸੇ ਦੀ ਨਿਸ਼ਾਨੀ ਭਲਾਂ ਰੱਖੀ ਹੋਵੇ ਤਾਂ ਓਹ ਗੱਲ ਵੱਖਰੀ ਹੈ। ਸਿਰਫ਼ ਤੇ ਸਿਰਫ਼ ਸਟੀਲ ਦੇ ਭਾਂਡਿਆਂ ਦਾ ਤੇ ਅਲਮੂਨੀਅਮ ਦੇ ਭਾਂਡਿਆਂ ਦਾ ਹੀ ਰਿਵਾਜ ਸਿਖਰਾਂ ਤੇ ਹੈ। ਵਿਆਹਾਂ ਸ਼ਾਦੀਆਂ ਵਿੱਚ ਵੀ ਜਿਆਦਾ ਤਰ ਇਹੀ ਭਾਂਡੇ ਜਾਂ ਰੈਡੀਮੇਡ ਪਲਾਸਟਿਕ ਦੇ ਬਰਤਨਾਂ ਦਾ ਰਿਵਾਜ ਵੀ ਸਿਖਰਾਂ ਤੇ ਹੈ,ਜਦ ਕਿ ਪਲਾਸਟਿਕ ਦੇ ਭਾਂਡਿਆਂ ਵਿੱਚ ਖਾਣ ਪੀਣ ਨੂੰ ਸਿਹਤ ਲਈ ਬਹੁਤ ਹੀ ਘਾਤਕ ਦੱਸਿਆ ਜਾ ਰਿਹਾ ਹੈ ਜੋ ਕਿ ਸਮੇਂ ਸਮੇਂ ਤੇ ਸਾਡੇ ਸਤਿਕਾਰਤ ਡਾਕਟਰ ਸਾਹਿਬ ਅਗਾਹ ਵੀ ਕਰਦੇ ਰਹਿੰਦੇ ਹਨ,ਪਰ ਫਿਰ ਵੀ ਇਸ ਪਾਸਿਓਂ ਅਜੋਕੀ ਲੁਕਾਈ ਮੂੰਹ ਮੋੜਨ ਲਈ ਹਾਲੇ ਬਿਲਕੁਲ ਤਿਆਰ ਨਹੀਂ ਹੈ।
ਦੋਸਤੋ ਗੱਲ ਸਮੇਂ ਸਮੇਂ ਦੀ ਹੁੰਦੀ ਹੈ ਹੁਣ ਅਸੀਂ ਬਹੁਤ ਤਰੱਕੀ ਵਾਲੇ ਤੇ ਇੱਕੀਵੀਂ ਸਦੀ ਵਿਚ ਪੈਰ ਧਰਨ ਕਰਕੇ ਬਹੁਤ ਜ਼ਿਆਦਾ ਅਮੀਰੀ ਦੀ ਠਾਠ ਵਿਚ ਵਿਚਰਨ ਕਰਕੇ ਵੀ ਉਸ ਪੁਰਾਤਨ ਵਿਰਸੇ ਨੂੰ ਭੁੱਲਦੇ ਵੀ ਜਾ ਰਹੇ ਹਾਂ ਤੇ ਆਪਣੇ ਆਪ ਨੂੰ ਅਗਾਂਹਵਧੂ ਸੋਚ ਦੇ ਧਾਰਨੀ ਕਹਾਉਣ ਨੂੰ ਪਹਿਲ ਵੀ ਦੇ ਰਹੇ ਹਾਂ। ਸਮੇਂ ਨਾਲ ਤਰੱਕੀ ਕਰਨੀ ਬਹੁਤ ਵਧੀਆ ਗੱਲ ਤੇ ਸਮੇਂ ਦੀ ਮੰਗ ਵੀ ਹੈ,ਪਰ ਜੇਕਰ ਆਪਾਂ ਆਪਣੇ ਅਤੀਤ ਨੂੰ ਯਾਦ ਰੱਖੀਏ ਤਾਂ ਮਾੜੀ ਗੱਲ ਓਹ ਵੀ ਨਹੀਂ ਦੋਸਤੋ।
-ਜਸਵੀਰ ਸ਼ਰਮਾਂ ਦੱਦਾਹੂਰ / ਸਾਧੂ ਰਾਮ ਲੰਗੇਆਣਾ  95691-49556
ਸ੍ਰੀ ਮੁਕਤਸਰ ਸਾਹਿਬ

Have something to say? Post your comment